Monday 5 March 2012

ਨਵਾਂ ਸਵੇਰਾ

ਹਮੇਸ਼ਾ ਅਖਬਾਰ ਦੀ 'ਆਮ ਖਬਰ' ਜਾਂ ਮਹਿਜ਼
'ਮੌਤ' ਕਹਿਣਗੇ ਉਹ,
ਇੱਕ ਜਮਾਤ ਲਈ 'ਸ਼ਹੀਦ' ਦਾ ਰੁਤਬਾ ਰੱਖਣ ਵਾਲੇ ਲੋਕਾਂ ਨੂੰ,
ਇਹ ਭਾਵੇਂ 'ਤਖਤੂਪੁਰੀਆ ਸਾਧੂ' ਜਾਂ
ਟੈਂਕੀ ਤੇ ਮੱਚੀ 'ਕਿਰਨਜੀਤ' ਕੌਰ ਹੋਵੇ,
ਉਹ ਨਜ਼ਰਅੰਦਾਜ਼ ਕਰਨਗੇ ਇਹ 'ਆਮ ਖਬਰ'
ਤੇ ਚਾਹ ਦੀ ਚੁਸਕੀ ਲੈਂਦਿਆਂ
ਪਲਟ ਲੈਣਗੇ ਅਖਬਾਰ ਦਾ ਸਫਾ,
ਤੇ ਟਿਕ ਜਾਏਗੀ ਉਹਨ੍ਹਾਂ ਦੀ ਨਿਗ੍ਹਾ,
'ਵਿਸ਼ਵ 'ਦਰਪਣ ਸਫੇ' ਦੇ ਇੱਕ ਤਿਹਾਈ ਨੰਗੇ ਜਿਸਮਾਂ ਤੇ.....

ਬਾਹਰ ਨੂੰ ਪਲਮਿਆ ਹੋਇਆ ਅੱਖ ਦਾ ਡੇਲਾ,
ਗਾਇਬ ਹੋਇਆ ਜਬਾੜਾ ਤੇ ਖੋਪੜੀ ਦਾ ਪਿਛਲਾ ਹਿੱਸਾ,
ਤੇ ਟੁੱਟੇ ਹੋਏ ਦੋਵੇਂ ਗਿੱਟੇ ਤੇ ਇੱਕ ਬਾਂਹ,
ਤੇ ਸਰੀਰ ਵਿੱਚ ਖੁੱਭੇ ਹੋਏ ਸੰਗੀਨ
ਇਉਂ ਹੋਇਆ ਕਤਲ 'ਮਾਓ' ਨੇਤਾ 'ਕਿਸ਼ਨ' ਦਾ,
ਪਰ ਬੜੀ ਢੀਠਤਾਈ ਨਾਲ ਉਹਨ੍ਹਾਂ ਨੇ ਬਿਆਨ ਦਿੱਤਾ,
"ਪੁਲਿਸ ਮੁਕਾਬਲੇ 'ਚ ਮਾਓ ਨੇਤਾ ਦੀ ਮੌਤ'
ਉਹਨ੍ਹਾਂ ਨੂੰ ਦੱਸ ਦੇਵੋ ਗੋਲੀਆਂ ਨਾਲ ਜਖਮ
 ਵੀ ਹੁੰਦੇ ਨੇ ਸਿਰਫ ਹੱਡ ਹੀ ਨਹੀਂ ਟੁੱਟਦੇ,
ਤੇ ਉਹ ਹਰ ਵਾਰ ਸੁਰਖਰੂ ਹੋ ਜਾਂਦੇ ਨੇ,
'ਖਾੜਕੂ', 'ਮਾਓਵਾਦੀ,ਜਾਂ ਨਕਸਲੀ ਹੋਣ ਦਾ ਠੱਪਾ ਲਾਕੇ  ,
ਸੰਘਰਸ਼ੀ ਲੋਕਾਂ ਦੇ ਪਿੰਡਿਆਂ ਤੇ...........

ਐਂਤਕੀ ਉਹਨ੍ਹਾਂ ਦੇ ਸਿਰ ਵਰ੍ਹੇਗੀ,
ਪੈਨਸ਼ਨ ਲੈਣ ਗਈ ਪਰ ਨਿਰਾਸ਼ ਪਰਤੀ ਬਜ਼ੁਰਗ ਸੋਟੀ,
ਹੁਣ ਹੋਰ 'ਪ੍ਰਭਾਕਰਣ' ਨਹੀਂ
ਸਗੋਂ ਹੋਰ 'ਗੱਦਾਫੀ' ਦਾ ਕਤਲ ਹੋਵੇਗਾ
ਐਂਤਕੀ ਅੰਨਦਾਤੇ ਦੇ ਹਿੱਸੇ ਨਹੀਂ ਆਏਗੀ,
'ਸਲਫਾਸ' ਜਾਂ 'ਮੋਨੋ,
ਐਂਤਕੀ ਬਗਾਵਤ ਕਰੇਗਾ 'ਸਤਲੁਜ'
ਤੇ ਨਹੀਂ ਰੁੜਨ ਦੇਵੇਗਾ 'ਅੱਧ ਸੜੀ' ਲਾਸ਼,
ਐਂਤਕੀ ਹਰ ਘਰ ਦੇ ਵਿਹੜੇ ਪੁੱਜ ਗਿਆ ਏ,
'ਭਾਅ ਜੀ ਮੰਨੇ' ਦਾ ਨਾਟਕ ,
ਸਟੇਜ ਤੋਂ ਉਤਰਕੇ........

ਹੁਣ ਸੁਨਣਾ ਪਵੇਗਾ ਉਹਨ੍ਹਾਂ ਨੂੰ,
ਤੂਫਾਨ ਤੋਂ ਪਹਿਲਾਂ ਦਾ ਸੰਨਾਟਾ,
ਕਿਉਕਿਂ ਹੁਣ ਬਦਲ ਗਈ ਏ ਜੱਟ ਦੀ ਸੋਚ
ਵਿਹੜੇ ਵਾਲਿਆਂ ਦੀ 'ਦੀਪੋ' ਨੂੰ,
ਪੱਠਿਆਂ ਦੀ ਪੰਡ ਚਕਾ ਕੇ
ਸੁਰਗ ਨੂੰ ਪੌੜੀ ਲਾਉਣ ਦੀ,
ਤੇ ਜੱਟਾਂ, ਕੰਮੀਆਂ ਦੇ ਏਕੇ ਨਾਲ ਬਚ ਗਿਆ
ਏ 'ਗੋਬਿੰਦੋਪੁਰਾ' 'ਕੁਰਕ' ਹੋਣੋਂ
ਤੇ ਐਂਤਕੀਂ ਅਸਫਲ ਨਹੀਂ ਹੋਇਆ 1857  ਦਾ ਵਿਦਰੋਹ
ਤੇ ਹੋ ਗਿਆ ਏ ਆਗਾਜ਼ 'ਤੀਜੇ ਵਿਸ਼ਵ ਯੁੱਧ ਦਾ'
ਪਰ ਨਹੀਂ....
ਇਹ ਤਾਂ ਸ਼ੁਰੂ ਹੋਇਆ ਸੀ
ਪਹਿਲੇ ਵਿਸ਼ਵ ਯੁੱਧ ਤੋਂ ਵੀ ਪਹਿਲਾਂ........................ਅੰਮ੍ਰਿਤ ਪਾਲ ਸਿੰਘ

No comments:

Post a Comment