Friday 30 March 2012

ਹੋਰ ਯੱਕੜਾਂ

ਸਾਡੇ ਆਲਾ ਨਿੱਕਾ ਗਰਨੈਬ ਸ਼ੁਰੂ ਤੋਂ ਈ ਬਾਹਲਾ ਤੇਜ਼ ਆ ਭਰਾਵਾ ਚੌੜ ਚੂੜ ਜੀ ਬਾਹਲੀ ਕਰਦਾ
ਏਮੇਂ ਜਿਮੇਂ ਕੇਰਾਂ ਕਿਸੇ ਕੁੜੀ ਨਾਲ ਗੱਲਬਾਤ ਹੋਗੀ ਇਹਦੀ ਕੁੜੀ ਕਹਿੰਦੀ ਬੀ ਮਿਲਣਾ ਮੈਂ ਤੈਨੂੰ
ਅੱਧੇ ਪਿੰਡ 'ਚ ਦੱਸਤਾ ਤਿੜੇ ਨੇ ਬੀ ਕੁੜੀ ਨੂੰ ਮਿਲਣ ਜਾਣਾ ...ਇਹਨੇ ਤਿਆਰ ਤਯੂਰ ਹੋਕੇ ਬਠਿੰਡੇ ਨੂੰ ਖਿੱਚਤੀ ਸ਼ਪੀਟ ਜਾਵੜਿਆ ਭਾਈ । ਕੁੜੀ ਨੂੰ ਵੇਖਕੇ ਇਹਨੇ ਸੋਚਿਆ ਬੀ ਚੱਲ ਮੂੰਹ ਹੱਥ ਧੋਕੇ ਕੋਲੇ ਜਾਣੇ ਆ।ਇਹਨੇ ਭਰਾਵਾ ਨਲਕੇ ਤੋਂ ਮੂੰਹ ਹੱਥ ਥੋਕੇ ਮੂਹਰੋਂ ਕੁੜਤਾ ਚੱਕ ਲਿਆ ਤੇ ਮੂੰਹ ਪੂੰਝਣ ਲੱਗ ਪਯਾ ਨਾਲੇ ਤਾਂ ਪਤੰਦਰ ਧੁੰਨੀ ਜੀ ਦਿਖਾਈ ਜਾਵੇ ਨਾਲੇ ਥੱਲਿਉ ਪਜਾਮੇ ਦਾ ਤਿੰਨ ਲੜਾ ਜਾ ਨਾਲਾ
ਕੁੜੀ ਨੂੰ ਐਂ ਸੀ ਬੀ ਹੈਲੋ ਹਾਏ ਕਰਨ ਆਲਾ ਘੈਂਟ ਜਾ ਮੁੰਡਾ ਆਊ
ਕੁੜੀ ਕੋਲੇ ਜਾਕੇ ਚੰਦਾ 'ਕੱਠਾ ਕਰਨ ਆਲਿਆਂ ਅੰਗੂ ਦੋਹੇਂ ਹੱਥ ਜੋੜਕੇ ਕਹਿੰਦਾ ਜੀ
ਮੇਰੇ ਵੱਲੋਂ ਥੋਡੇ ਸਾਰੇ ਪਰਵਾਰ ਨੂੰ ਬਸਾਖੀ ਦੀਆਂ ਲੱਖ ਲੱਖ ਮੁਬਾਰਕਾਂ
ਕੁੜੀ ਕਹਿੰਦੀ ਕੀ ਗੱਲ ਟੀ.ਵੀ ਤੇ ਇੰਟਰਵਿਉ ਦੇਣ ਆਇਆਂ
ਇਹ ਭਰਾਵਾ ਕੱਚਾ ਜਾ ਹੋ ਗਿਆ
ਉਹਨੇ ਆਖਿਆ ਬੀ ਚੱਲ ਕੋਈ ਰਮਾਂਟਕ ਜੀ ਗੱਲ ਕਰੂ
ਇਹਦੀ ਫਿਰ ਉਹੀ ਗੱਲ ਕਹਿੰਦਾ ਜੀ ਤੁਸੀਂ ਬਸਾਖੀ ਦਾ ਮੇਲਾ ਵੇਖਣ ਕਿੱਥੇ ਜਾਣੇ ਹੁੰਨੇ ਆਂ
ਕੁੜੀ ਨੇ ਸੋਚਿਆ ਮਰ ਭੈਂ..ਆਹ ਕਿੱਥੋਂ ਸੱਭਿਆਚਾਰ ਨਾਲ ਪੰਗਾ ਲੈ ਲਿਆ
ਫਿਰ ਕੁੜੀ ਨੇ ਸੋਚਿਆ ਬੀ ਚੱਲ ਮੈਂ ਕਰਦੀਂ ਆ ਚੱਜਦੀ ਗੱਲੱ
ਕਹਿੰਦੀ ਤੁਸੀਂ ਕੀ ਕਰਦੇ ਓ ਅੱਜ ਕੱਲ੍ਹ
ਕਹਿੰਦਾ ਜੀ ਪਹਿਲਾਂ ਤਾਂ ਵਿਹਲੇ ਈ ਸੀ ਹੁਣ ਕਣਕ ਆਜੂ ਦਸ ਕ ਦਿਨਾਂ ਤੱਕ, ਕੰਬੈਨ ਆਲ਼ੇ ਨਾਲ ਗੱਲ ਕਰਕੇ ਆਇਆ
ਕੁੜੀ ਨੇ ਚੱਕਿਆ ਪਰਸ ਤੇ ਸਕੂਟਰੀ ਲੈਕੇ ਟੱਪਗੀ ਅਗਲੀ ਛਾਂ ਨੀਂ ਪੈਣ ਦਿੱਤੀ ਮੁੜਕੇ 
ਤੇ ਸਾਡੇਆਲਾ ਸੱਭਿਆਚਾਰ ਜਾ ਟਰਾਲੀਆਂ ਮਗਰ ਲਮਕ ਲਮਕ ਕੇ ਆਥਣੇ ਘਰੇ ਆਇਆ...ਘੁੱਦਾ 
------------------------------------------------------------------------------------------------------------
  ਅੱਜ ਰਾਮਪੁਰੇ ਕੋਲ ਫੂਲ਼ ਤਸੀਲ 'ਚ ਕੰਮ ਸੀ
ਤਾਏ ਦਾ ਫੂਨ ਆਇਆ
"ਪੁੱਤ ਕਿੱਥੇਂ ਆਂ"?
ਮਖਾ ਤਾਇਆ ਜੀ ਮੈਂ ਫੂਲ ਆਂ
------------------------------------------------------------------------------------------------------------
 ਪੱਗ ਤੇ ਐਂਬੂਲੈਂਸ ਤੇ ਲਿਖੇ ਅੱਖਰਾਂ ਦਾ ਸੁਭਾਅ ਉਲਟ ਹੁੰਦਾ
ਪੱਗ ਸ਼ੀਸ਼ੇ 'ਚ ਵੇਖੋ ਪੁੱਠੀ ਨਜ਼ਰ ਆਊ
ਤੇ ਐਂਬੂਲੈਂਸ ਤੇ ਲਿਖਿਆ "AMBULANCE" ਸ਼ੀਸ਼ੇ 'ਚ ਵੇਖੋ ਸਿਧਾ ਦਿਸੂ..
------------------------------------------------------------------------------------------------------------
ਪੇਪਰਾਂ ਵੇਲੇ ਜਨਤਾ ਨਾਲੋਂ ਵੱਧ ਟੈਸ਼ਨ ਡਿਊਟੀ ਆਲੇ ਟੀਚਰ ਨੂੰ ਹੁੰਦੀ ਆ
ਉਂਈ ਕਹਿਣਗੇ, ਜੇ ਕਿਸੇ ਕੋਲੇ ਕਿਸੇ ਵੀ ਤਰ੍ਹਾਂ ਦੀ ਸਲਿੱਪ ਜਾਂ ਪਰਚੀ ਵਗੈਰਾ ਹੈਗੀ ਆ ਤਾਂ ਕੱਢਦੋ
ਹੁਣੇ ਫੂਨ ਆਇਆ ਫਲੈਂਗ ਆ ਰਹੀ ਆ
ਫਲੈਂਗ ਆਲੇ ਅਜੇ ਭੁੱਚੋ ਕੋਲੇ ਗੱਡੀ ਨੂੰ ਪੈਂਚਰ ਲਵਾਈ ਜਾਂਦੇ ਹੁੰਦੇ ਆ
ਫਿਰ ਮੁਲਖ ਨੂੰ ਡਰਾਉਣ ਖਾਤਰ ਉਂਈ ਕਹਿਣਗੇ ਨਾਲਦੇ ਰੂਮ 'ਚ ਦੋ ਮੁੰਡਿਆਂ ਤੇ UMC ਬਣਗੀ
ਮੁੜਕੇ ਐਮੇਂ ਈ ਮੁਲਖ ਦੇ ਬੂਟ ਜਰਾਬਾਂ ਲਹਾ ਲਹਾ ਕੇ ਤਲਾਸ਼ੀ ਲਈ ਜਾਣਗੇ
ਜਦੋਂ ਜਨਤਾ ਜਰਾਂਬਾ ਲਾਹੁੰਦੀ ਆ ਫਿਰ ਨੱਕ ਤੇ ਰੁਮਾਲ ਧਰਕੇ ਪਾਸੇ ਹੋ ਜਾਂਦੇ ਨੇ...ਘੁੱਦਾ
------------------------------------------------------------------------------------------------------------
  ਕੱਲ੍ਹ ਦੀ ਗੱਲ ਆ ਭਾਈ ਸਾਡੇ ਆਲਾ ਨਿੱਕਾ ਗਰਨੈਬ ਮੈਨੂੰ ਕਹਿੰਦਾ ਬਾਈ ਤੈਨੂੰ ਗੀਤ ਸੁਣੌਣਾਂ
ਮਖਾ ਸੁਣਾ
ਕਹਿੰਦਾ ਮੇਰਾ ਆਵਦਾ ਲਿਖਿਆ ਵਾ
ਮੈਨੂੰ ਚਾਅ ਚੜ੍ਹ ਗਿਆ ਬੀ ਚਲ ਸਾਡੇ ਲਾਣੇ 'ਚੋਂ ਵੀ ਕੋਈ ਰੈਟਰ ਬਣਿਆ
 ਪੱਟੂ ਦੀ ਪੂਰੀ ਮਲੱਠੀ ਮਲੁੱਠੀ ਖਾਧੀ ਵਈ..ਐਨ ਓਕੇ ਰਿਪੋਟ
ਕਹਿੰਦਾ ਬਾਈ ਪੀੜ ਆਲਾ ਗੀਤ ਆ..ਦਰਦ ਆਲਾ ਸੀਰੀਅਸ ਹੋਕੇ ਸੁਣੀਂ
ਮਖਾ ਸੌਹਰੇ ਦਾ ਦਿਲ ਦੱਪਾ ਟੁੱਟਿਆ ਹੋਊ
ਸੁਣੌਂਣ ਲੱਗ ਪਿਆ ਲੋਟ ਜਾ ਹੋਕੇ
ਕਹਿੰਦਾ ਪੀੜ ਤੇਰੇ ਜਾਣਦੀ ਕਿੱਦਾ ਜਰਾਂਗਾ ਮੈਂ, ਤੇਰੇ ਬਗੈਰ ਜਿੰਦਗੀ ਕੀ ਕਰਾਂਗਾ ਮੈਂ
ਮਖਾ ਸਾਲਿਆ ਇਹ ਤਾਂ ਗੁਰਦਾਸ ਮਾਨ ਦਾ ਗੀਤ ਆ
ਕਹਿੰਦਾ ਨਹੀਂ ਬਾਈ ਮੈਂ ਲਿਖਿਆਮਖਾ ਉਹ ਕਿਮੇਂ
ਕਹਿੰਦਾ ਬਾਈ ਗੁਰਦਾਸ ਮਾਨ ਗਾਈ ਜਾਂਦਾ ਸੀ ਮੈਂ ਦਵਾ ਦਵ ਵਰਕੇ ਤੇ ਲਿਖਤਾ 
ਦੋ ਧਰੀਆਂ ਚਿੱਤੜਾਂ 'ਤੇ ਮੁੜਕੇ ਨੀਂ ਲਿਵੇ ਆਇਆ ਵੱਡਾ ਰੈਟਰ
------------------------------------------------------------------------------------------------------------
ਐਡੀ ਖੋਲ੍ਹਣ ਸਾਰ ਨੋਟੀਫਕੈਸ਼ਨ ਆਲੀ ਬੱਤੀ ਜਗਦੀ ਆ ਸਾਲੀ ਮੈਸਜ ਤੇ ਫਰੈਂਡ ਆਲੀ ਤਾਂ ਜਿਮੇਂ ਹੈ ਈ ਨੀ
ਤੇ ਓਤੋਂ ਸਾਲੇ ਨੋਟੀਫਕੈਸ਼ਨ ਵੀ ਐਹੇ ਜੇ ਹੁੰਦੇ ਨੇ
ਫਲਾਣਾ ਪੋਸਟਡ ਇਨ ਧਿਔਂਕਾ ਗਰੁੱਪ
ਧਿਔਕਾਂ ਸਿੰਘ ਕਮੈਂਟਡ ਓਨ ਫਲਾਣਾ ਸਿੰਘ'ਸ ਫੋਟੋ ਔਫ ਯੂ
ਬੰਦਾ ਪੁੱਛੇ ਕਿਸੇ ਨੂੰ ਉਹਦੇ ਕਿਸੇ ਲਿਹਾਜ਼ੀ ਨੇ ਟੈਗ ਕਰਦਾ ਤਾਂ ਸਾਨੂੰ ਕਾਹਨੂੰ ਘਰੋਂ ਕੱਢਦੇ ਓ ਜਰ
ਫਲਾਣਾ ਐਡਡ ਯੂ ਇਨ ਗਰੁੱਪ, "ਚੱਕਦਾਂਗੇ ਫੱਟੇ-ਡਾਦਾਂਗੇ ਬੂੰਦੀਆਂ"
ਧਿਔਕਾਂ ਇਨਵਾਇਟਡ ਯੂ ਫੌਰ ਲਾਈਕ ਹਿਸ ਪੇਜ ,"ਸਟੋਪ ਗਰਲਜ਼ ਪਿਕਜ਼ ਔਨ ਪੇਜ਼ਸ"
ਪ੍ਰਧਾਨ ਥੋਡੇ ਆਖੇ ਕੋਈ ਨੀਂ ਟਲਦਾ ਫੋਟਮਾਂ ਪੌਣੋਂ..ਤੁਸੀਂ ਕੀ ਅਗਲੀ ਦੀ ਐਡੀ ਤੇ ਮੋਂਦਾ ਲਾਲੋਂਗੇ
ਜਿੰਨੀ ਕ ਸੂੰਹ ਆ ਅਗਲਾ ਵਰਤੀ ਜਾਂਦਾ...ਤੁਸੀਂ ਰੋਕੋਂਗੇ ਅਗਲਾ ਕੱਲ੍ਹ ਨੂੰ ਸਕੀ ਭੈਣ ਦੀ ਫੋਟੋ ਖਿੱਚ ਕੇ ਪਾਉ
ਜਾਂ ਐਡੀ ਖੋਲ੍ਹਣ ਸਾਰ ਨਿਰਮਲ ਬਾਬੇ ਅਰਗਿਆਂ ਦੀ ਫੋਟੋ ਮੱਥੇ ਲੱਗਦੀ ਆ
ਓਨੀ ਚੜ੍ਹਾਈ ਬਾਬੇ ਦੀ ਪਹਿਲਾਂ ਨੀਂ ਸੀ ਜਿੰਨੀ ਆਹ ਦੋ ਚਾਰ ਦਿਨਾਂ 'ਚ ਹੋਗੀ
ਜਾਂ ਕੋਈ ਅਤਿ ਘਟੀਆ ਦਰਜੇ ਦਾ ਬੰਦਾ ਡੱਬ 'ਚ ਮੰਗਵਾਂ ਪਸਤੌਲ਼ ਟੰਗਕੇ ਫੋਟੋ ਖਚਾਕੇ ਪਾਓ ਏਥੇ
ਨਾਲੇ ਪੇਂਟ 'ਚ ਜਾਕੇ ਐਡਿਡ ਕਰਕੇ ਨਾਲ ਲਿਖਿਆ ਵਾ ਹੋਊ "ਪੁੱਤ ਸਰਦਾਰਾਂ ਦੇ"
ਐਮੀਂ ਊਧਮ ਸਿੰਘ ਦੀ ਫੀਲਿੰਗ ਲਈ ਜਾਣਗੇ
ਜਦੋਂ ਨੂੰ ਏਨੇ ਕ ਨੋਟੀਫਕੈਸ਼ਨ ਵੇਖਕੇ ਹਟੀਦਾ
ਓਦੋਂ ਨੂੰ ਪਸੂਆਂ ਦੇ ਨੀਰੇ ਦਾ ਟੈਮ ਹੋ ਜਾਂਦਾ
ਕਰੋ ਲੌਗਔਟ.....ਘੁੱਦਾ

-----------------------------------------------------------------------------------------------------------
 ਕੱਲ੍ਹ ਸਾਡੇ ਨਿੱਕੇ ਗਰਨੈਬ ਨੇ ਦੱਸਿਆ ਬੀ ਡਿਸਕਵਰੀ ਚੈਨਲ ਆਲਿਆਂ ਨੇ ਹਰਮੰਦਰ ਸੈਹਬ ਦੀਆਂ ਉਹ ਚੀਜ਼ਾਂ ਵੀ ਵਿਖਾਈਆਂ ਜਿਹੜੀਆਂ ਕਦੇ ਆਪਾਂ ਵੀ ਨੀਂ ਵੇਖੀਆਂ ਨਾਲੇ ਐਨੀ ਆਰੀ ਜਾ ਆਏ ਅੰਬਰਸਰ।
ਕੇਰਾਂ ਕਿਤੇ ਪੜ੍ਹਿਆ ਸੀ ਬੀ ਚੌਰਾਸੀ ਵੇਲੇ ਹਰਮੰਦਰ ਸੈਹਬ ਵਿਚਲੀ ਸਿੱਖ ਲਾਇਬ੍ਰੇਰੀ ਦਾ ਬਾਹਲਾ ਨੁਕਸਾਨ ਕੀਤਾ ਸੀ ਬਹੁਤ ਕਿਤਾਬਾਂ ਜਾਂ ਹੋਰ ਇਤਿਹਾਸਕ ਚੀਜ਼ਾਂ ਫੂਕਤੀਆਂ ਸੀ।
2010 'ਚ ਕਾਲਜੋਂ ਛੇ-ਸੱਤ ਜਣੇ ਗਏ ਦਰਬਾਰ ਸੈਹਬ ਤਾਂ ਕਈਆਂ ਨੂੰ ਪੁੱਛਿਆ ਬੀ ਅਸੀਂ ਲਾਇਬ੍ਰੇਰੀ ਵੇਖਣੀ ਆ ਪਰ ਕਿਸੇ ਨੂੰ ਚੱਜ ਨਾਲ ਪਤਾ ਨੀਂ ਸੀ ਲਾਇਬ੍ਰੇਰੀ ਦਾ । ਧਰਮ ਨਾਲ ਸਾਨੂੰ ਡੂਢ ਘੈਂਟਾ ਲੱਗ ਗਿਆ ਮਸਾਂ ਪੁੱਛ ਪਛਾ ਕੇ ਗਏ ਲਾਇਬ੍ਰੇਰੀ 'ਚ ।
ਉੱਥੇ ਬਿੱਲੇ ਦੇ ਸਿਰ ਜਿੱਡਾ ਜਿੰਦਾ ਲੱਗਾ ਵਾ। ਕਹਿੰਦੇ ਪ੍ਰਬੰਧਕ ਕੰਮ ਗਏ ਵਏ ਆ, ਆਕੇ ਖੋਲ੍ਹਣਗੇ, ਅਸੀਂ ਖੜ੍ਹੇ ਰਹੇ
ਤੇ ਲਾਇਬ੍ਰੇਰੀ ਵੇਖੀ ਭਾਈ, ਬਹੁਤ ਕੁਛ ਯਰ , ਜੈਤੋ ਦੇ ਮੋਰਚੇ ਵੇਲੇ ਜਿਹੜੇ ਜਥੇ ਤੁਰਦੇ ਰਹੇ ਉਹਨਾਂ ਦੀਆਂ ਫੋਟਮਾਂ, ਲਿਖਤਾਂ
ਪੁਰਾਣੇ ਗ੍ਰੰਥ, ਤੇ ਹੋਰ ਵਿਦਵਾਨਾਂ ਦੀਆਂ ਹੱਥ ਲਿਖਤਾਂ।
ਸਾਨੂੰ ਪੂਰਾ ਚਾਅ ਸੀ ਬੀ ਅਸੀਂ ਉਹ ਚੀਜ਼ ਵੇਖਲੀ ਜਿਹੜੀ ਹਰੇਕ ਬੰਦਾ ਨਹੀਂ ਸੀ ਵੇਖਦਾ।
ਅਸਲ 'ਚ ਆਪਣੀ ਜੰਤਾ ਨੂੰ ਦਰਬਾਰ ਸੈਹਬ ਜਾਕੇ ਤਿੰਨ ਚਾਰ ਕੰਮ ਹੁੰਦੇ ਆ
ਇੱਕ ਤਾਂ ਫੋਟਮਾਂ ਖਚਾਉਣ ਦਾ,
ਦੂਜਾ ਜਦੋਂ ਮੱਥਾ ਟੇਕਣਾ ਹੁੰਦਾ ਘਰੇ ਫੂਨ ਕਰਨਗੇ,"ਬੀਬੀਏ ਟੀ.ਵੀ ਵੇਖ ਸਾਡੀ ਫੋਟੋ ਆਊਗੀ"
ਤੇ ਇੱਕ ਰੋਟੀਆਂ ਪਕਾਉਦੀਂ ਮਸ਼ੀਨ ਦਾ ਚਾਅ ਤੇ ਨਾਲੇ
ਰਾਮਦਾਸ ਸਰਾਂ ਆਲੇ ਪਾਸਿਓਂ ਪੰਜਾਂ ਪੰਜਾਂ ਦੇ ਬੱਤੇ ਪੀਣ ਦਾ...ਘੁੱਦਾ

------------------------------------------------------------------------------------------------------------
ਹੈਂ ਭਾਈ ਹਾਸੀ ਆਲੀ ਗੱਲ ਨੀਂ ਕੇਰਾਂ ਸਾਡੇ ਵੱਡੇ ਦਾ ਵਿਆਹ
ਤਾਏ ਨੇ ਸਾਡੇ ਆਲੇ ਨਿੱਕੇ ਗਰਨੈਬ ਦੀ ਡਿਔਟੀ ਲਾਤੀ ਬੀ ਜਿਹੜਾ ਕੋਈ ਪਿੰਡ 'ਚੋਂ ਦੁੱਧ ਫੜ੍ਹਾਉਣ ਆਏ
ਉਹਨੂੰ ਤੂੰ ਚਾਹ ਪਿਆਉਣੀ ਆ
ਇਹਨੇ ਤਾਂ ਕਿਤੇ ਕੁੱਤੇ ਨੂੰ ਸੰਗਲ਼ੀ ਨੀਂ ਪਾਈ ਸੀ, ਤਿੜ ਗਿਆ ਭਰਾਵਾ ਬੀ ਤਾਏ ਨੇ ਡਿਔਟੀ ਲਾਤੀ
ਬਾਹਾਂ ਬੂਹਾਂ ਟੰਗ, ਬੁਰੇ ਹਾਲ ,ਕਹਿੰਦਾ ਸਾਰਾ ਪਿੰਡ ਚਾਹ ਪਿਆ ਪਿਆ ਮਾਰਦੂੰ
ਓਹੀ ਗੱਲ ਭਾਈ ਜਿਹੜਾ ਕੋਈ ਆਏ
ਇਹ ਦੁੱਧ ਆਲੀ ਕੇਨੀ ਫੜ੍ਹੇ ਤੇ ਡਰੰਮ 'ਚ ਪਲਟਦੇ ਤੇ ਖੱਦਰ ਦਾ ਗਲਾਸ ਚਾਹ ਨਾਂ ਕੰਢੀਂ ਲਾਕੇ ਫੜ੍ਹਾਦੇ ਅਗਲੇ ਨੂੰ
ਦੋ ਚਾਰ ਨੇ ਤਾਂ ਡਕਾਰ ਜੇ ਲੈ ਲੂ ਕੇ ਚਾਹ ਸਿੱਟਲੀ ਅੰਦਰ
ਮੁੜਕੇ ਇੱਕ ਬਜ਼ੁਰਗ ਕਹਿੰਦਾ ਕਾਕਾ ਮੈਥੋਂ ਐਨੀ ਚਾਹ ਨੀਂ ਪੀਤੀ ਜਾਣੀ, ਸ਼ੂਗਰ ਆ
ਕਿੱਥੇ ਭਰਾਵਾ ਇਹ ਕਹਿੰਦਾ ,"ਨਾ ਬਾਬਾ ਪੀਣੀ ਪਊਂ ਤਾਏ ਨੇ ਡਿਔਟੀ ਲਾਈ ਆ"
ਇਹਨੇ ਚੱਕਿਆ ਗਲਾਸ ਤੇ ਤਾਏ ਕੋਲ ਬੱਜਿਆ ਕਹਿੰਦਾ ਤਾਇਆ ਆਹ ਬਾਬਾ ਚਾਹ ਨੀਂ ਪੀਂਦਾ
ਤਾਇਆ ਗਲਾਸ ਵੇਖਕੇ ਕਹਿੰਦਾ, ਸਾਲਿਆ ਦੁੱਧ ਤਾਂ ਅਗਲਾ ਪਾਈਆ ਮਸਾਂ ਲਿਆਉਦਾਂ ਤੂੰ ਕਿੱਲੋ ਪੱਕੀ ਚਾਹ ਚੱਕੀ ਫਿਰਦਾਂ
ਭਰਾਵਾ ਤਾਏ ਨੇ ਦੋ ਕ ਧਰੀਆਂ ਇਹਦੇ ਤੇ ਜੱਜੇ ਪੈਰ ਬਿੰਦੀ ਅਰਗਾ ਮੂੰਹ ਬਣਾਤਾ ਇਹਦਾ
ਮੁੜ ਕੇ ਨੀਂ ਆਥਣ ਤੀਕ ਉੱਠਿਆ ਵੱਡਾ ਡਿਔਟੀ ਅਪਸਰ....ਘੁੱਦਾ




-----------------------------------------------------------------------------------------------------------
ਕੇਰਾਂ ਭਰਾਵਾ ਸਾਡੇ ਆਲੇ ਪਿੰਦੂ ਨੇ ਮੋਟਰਸੈਕਲ ਕਿਸੇ ਦੇ ਮੋਟਰਸੈਕਲ ਚ ਠੋਕਿਆ
ਮੈਂ ਪਿੱਛੇ ਬੈਠਾ ਸੀ ਮੇਰੀਆਂ ਵਾਹਵਾ ਲੋਟਣੀਆਂ ਲਾਗੀਆਂ ਭਾਈ ।ਮੇਰਾ ਗੁੱਟ ਜਾ ਟੁੱਟ ਗਿਆ। ਗਾਲਾਂ ਗੂਲਾਂ ਕੱਢਕੇ ਪਲੱਸਤਰ ਲਵਾਤਾ ਘਰਦਿਆਂ ਨੇ ਬਠਿੰਡੇ ਆਲੇ ਗੁਰਦੇਵ ਡਕਟਰ ਤੋਂ । ਮਾਤਾ ਦੇ ਮੂੰਹ ਨੂੰ ਪਿੰਡ ਚੋਂ ਕਈ ਬੀਬੀਆਂ ਮੇਰਾ ਪਤਾ ਲੈਣ ਆਇਆ ਕਰਨ ਭਰਾਵਾ ਤੇ ਪੁੱਛਿਆ ਕਰਨ ਬੀ ਕਾਕਾ ਕੀ ਹੋਗਿਆ
ਮੈਂ ਕਿਹਾਂ ਕਰਾਂ ਜੀ ਗੁੱਟ ਟੁੱਟ ਗਿਆ।
ਅੱਗੋਂ ਕਿਹਾ ਕਰਨ ਨਹੀਂ ਕਰੈੱਕ ਹੋਇਆ ਹੋਊ ।ਜੇ ਮੈਂ ਆਖਾਂ ਬੀ ਕਰੈੱਕ ਆ ਫਿਰ ਆਖਿਆ ਕਰਨ ਨਾਂ ਨਾਂ ਪੱਕਾ ਟੁੱਟਿਆ ਹੋਊ
------------------------------------------------------------------------------------------------------------
 ਕਹਿੰਦੇ ਜਿਹੜਾ ਆਹਾ ਸ਼ਿਹਾਰਪੁਰ ਆਲਾ ਨਵ ਢੇਰੀ ਆ ਭਰਾਵਾ
ਕੇਰਾਂ ਏਮੇਂ ਜਿਮੇਂ ਮਿਸਤਰੀ ਇਹਨਾਂ ਦੇ ਘਰ ਦਾ ਨਿਉਂ ਪੱਥਰ ਰੱਖੇ ਭਾਈ
ਮਿਸਤਰੀ ਨੇ ਭਰਾਵਾ ਤੇਲ ਤੂਲ ਜਾ ਚੋਕੇ ਇੱਟ ਤੇ ਲੱਡੂ ਜਾ ਤੋੜਕੇ ਧਰਤਾ
ਸਣੇ ਮਿਸਤਰੀ ਇਹਨਾਂ ਦਾ ਸਾਰਾ ਟੱਬਰ ਹੱਥ ਜੋੜਕੇ ਖੜ ਗੇ ਬੀ ਅਰਦਾਸ ਹੁੰਦੀ ਆ
ਦਸ ਮਿੰਟ ਹੋਗੇ ਵੀਹ ਹੋਗੇ ਭਰਾਵਾ ਅੱਧਾ ਘੈਂਟਾ ਹੋ ਗਿਆ
ਢੇਰੀ ਤਾਂ ਡਿੱਗਣ ਆਲਾ ਹੋ ਗਿਆ ਮਿਸਤਰੀ ਨੂੰ ਪੁੱਛਦਾ
ਬਾਈ ਅਰਦਾਸ ਹੋਈ ਨੀਂ ਅਜੇ
ਮਿਸਤਰੀ ਕਹਿੰਦਾ ਮਖਾ ਕਿਤੇ ਤੁਸੀਂ ਅਰਦਾਸ ਕਰੀ ਜਾਨੇਂ ਆਂ..
------------------------------------------------------------------------------------------------------------
 ਕਹਿੰਦੇ ਜਿਹੜੇ ਆਪਾਂ 'ਗੂਠਾ ਲਾਓਣੇ ਹੁੰਨੇ ਆ
ਮਤਲਬ ਫਿੰਗਰ ਪ੍ਰਿੰਟ, ਇਹ ਦੁਨੀਆਂ 'ਚ ਕਦੇ ਕਿਸੇ ਨਾਲ ਨੀਂ ਮਿਲਦਾ
ਇਹ ਦਸ ਅਰਬ ਬੰਦਿਆਂ 'ਚੋਂ ਦੋ ਜਣਿਆਂ ਦੇ ਮਿਲਣ ਦੀ ਸੰਭਾਵਨਾ ਹੁੰਦੀ ਆ
ਪਰ ਦੁਨੀਆਂ ਦੀ ਆਬਾਦੀ ਸੱਤ ਕ ਅਰਬ ਹੋਈ ਆ ਹਲੇ
ਤਾਂ ਕਰਕੇ ਸੈਕਲ ਸੂਕਲ ਚੱਕਣ ਵੇਲੇ ਗੌਰ ਰੱਖਿਆ ਕਰੋ ਮਾੜੀ ਜੀ
------------------------------------------------------------------------------------------------------------
 ਕੇਰਾਂ ਜੇ ਬਲਦੇਵ ਸਿੰਘ ਹੁਣਾਂ ਦਾ ਲੜੀਵਾਰ ਨਾਵਲ "ਅੰਨਦਾਤਾ" ਅਜੀਤ 'ਚ ਛਪਦਾ ਹੁੰਦਾ ਸੀ।
ਇਹਨ੍ਹਾਂ ਦਾ ਇੱਕ ਹੋਰ ਨਾਵਲ "ਸਤਲੁਜ ਵਹਿੰਦਾ ਰਿਹਾ" ਛਪਿਆ ਸੀ।
ਇਹ ਭਗਤ ਸਿੰਘ ਦੀ ਐਨ ਪੂਰੀ ਜਿੰਦਗੀ ਤੇ ਅਧਾਰਿਤ ਸੀ।
ਇਹਦੇ 'ਚ ਇੱਕ ਗੱਲ ਬੜੀ ਦਿਲਟੁੰਬਵੀਂ ਸੀ, ਕਹਿੰਦੇ ਬੀ ਭਗਤ ਸਿੰਘ ਦਾ ਚਾਚਾ ਅਜੀਤ ਸਿੰਘ ਚਾਲੀ ਸਾਲਾਂ ਬਾਅਦ
ਦੇਸ਼ ਵਾਪਸ ਆਇਆ। ਤੇ ਕਹਿੰਦੇ ਜਦੋਂ ਅਜੀਤ ਸਿੰਘ ਆਪਣੇ ਘਰ ਆਇਆ ਤਾਂ ਸਾਰੇ ਪਰਿਵਾਰ ਦੇ ਨਾਲ ਅਜੀਤ ਸਿੰਘ ਦੀ ਪਤਨੀ ਵੀ
ਕੋਲ ਬੈਠੀ ਸੀ। ਤਾਂ ਕਹਿੰਦੇ ਅਜੀਤ ਸਿੰਘ ਆਪਣੀ ਪਤਨੀ ਨੂੰ ਵੀ ਨਾ ਪਛਾਣ ਸਕਿਆ।
ਅਜੀਤ ਸਿੰਘ ਆਪਣੀ ਮਾਤਾ ਨੂੰ ਆਪਣੀ ਪਤਨੀ ਬਾਰੇ ਪੁੱਛਦਾ ,"ਇਹ ਬੀਬੀ ਕੌਣ ਆ"
ਤਾਂ ਅਜੀਤ ਸਿਹੁੰ ਦੀ ਪਤਨੀ ਦੀ ਭੁੱਬ ਨਿਕਲਗੀ ...
------------------------------------------------------------------------------------------------------------
 ੨੦੧੦ 'ਚ ਕਾਲਜ ਦੇ ਅਖੀਰਲੇ ਦਿਨ ਦੀ ਗੱਲ ਭਰਾਵਾ
ਕਾਲਜੋਂ ਫੋਟਮਾਂ ਫਾਟਮਾਂ ਖਿੱਚਕੇ ਗੁਰੂਹਰਸਹਾਏ ਦੇ ਅੰਕੁਸ਼ ਝੰਡੇ ਤੇ ਸੈਦੇਕਿਆਂ ਆਲੇ ਬਲਤੇਜ ਨੂੰ ਅਸੀਂ ਓਥੋਂ ਈ ਸੀ ਔਫ ਕਰਤਾ
ਫਰੀਦਕੋਟ ਆਲੇ ਬੱਬਲ ਦੀ ਅਲਟੋ 'ਚ , ਮੈਂ, ਪੰਜਗਰਾਈਆਂ ਦਾ ਤਰਸੇਮਾ ,ਕੋਟ ਦਾ ਕਰਨ, ਤੇ ਬੁਰਜ ਹਮੀਰੇ ਦਾ ਬਲਵਿੰਦਰ ਗੱਗੂ ਫਰੀਦਕੋਟ ਸਾਡੇ ਪੀ.ਜੀ 'ਚ ਆਗੇ।
ਸਾਡੇ ਪੀ.ਜੀ ਦਾ ਮਾਲਕ ਬਜ਼ੁਰਗ ਬਾਬਾ ਸੀ ਤੇ ਨਾਲੇ ਬੇਬੇ। ਉਹ ਫੌਜ 'ਚੋਂ ਸੂਬੇਦਾਰ ਰਟੈਰ ਸੀ ਫੇਰ ਵਾਟਰ ਵਕਸ ਆਲੇ ਮਹਿਕਮੇ ਚੋਂ ਰਟੈਰ ਸੀ।
ਪਰ ਹੱਦ ਦਰਜੇ ਦਾ ਕੰਜੂਸ ਸੀ ਉਹ। ਬਾਕੀ ਟੱਬਰ ਉਹਦਾ ਅਮਰੀਕੇ ਰਹਿੰਦਾ ਸਾਰਾ।
ਪੀ,ਜੀ 'ਚ ਮੈਂ ਤੇ ਬਲਵਿੰਦਰ ਗੱਗੂ ਰਹਿੰਦੇ ਸੀ। ਗੱਗੂ ਦਾ ਚਾਚਾ ਤੇ ਡੈਡੀ ਮਰੂਤੀ ਲੈਕੇ ਆਏ ਭਰਾਵਾ।
ਮੈਂ ਤੇ ਗੱਗੂ ਕਮਲਿਆਂ ਅੰਗੂ ਇੱਕ ਦੂਜੇ ਨੂੰ ਜੱਫੀਆਂ ਪਾਈ ਜਾਈਏ
ਦੁਖੀ ਜੇ ਤਾਂ ਸਾਰੇ ਈ ਸੀ। ਪਰ ਸ਼ੋਅ ਕਿਸੇ ਨੇ ਨੀਂ ਹੋਣ ਤਾ
ਅਸੀਂ ਸਾਰੇ ਜਣੇ ਕਮਰੇ 'ਚ ਬੈਠੇ ਭਾਈ।
ਬਾਬੇ ਨੇ ਗੱਗੂ ਦੇ ਡੈਡੀ ਨੂੰ ਪੁੱਛਿਆ ,"ਚਾਹ ਬਣਾਈਏ"
ਕਹਿੰਦੇ ਨਾਂ ਜੀ ਬਸ ਪੀਕੇ ਈ ਆਏ ਆਂ, ਰਹਿਣਦੋ ਚਾਹ ਨੂੰ ਕੀ ਆ
ਸਾਰੇ ਚੁੱਪ ਭਾਈ
ਬਾਬਾ ਫੇਰ ਬੋਲਿਆ, ਬਣਾ ਲੈਣੇ ਆ ਚਾਹ ਘੁੱਟ ਘੁੱਟ"
ਸਾਰੇ ਕਹਿੰਦੇ ਨਾਂ ਜੀ ਨਾਂ ਚਾਹ ਦੀ ਕਾਹਨੂੰ ਖੇਚਲ ਕਰਦੇ ਆਂ
ਤੇ ਬਾਬਾ ਉੱਠਕੇ ਰਸੋਈ ਨੂੰ ਤੁਰਪਿਆ ਭਰਾਵਾ
ਸਾਰੇ ਕਹਿੰਦੇ ਨਾਂ ਜੀ ਛੱਡੋ ਚਾਹ ਨੂੰ ਬਹਿਜੋ
ਬਾਬਾ ਕਹਿੰਦਾ ਨਾਂ ਨਾਂ ਮੈਂ ਥੋਡੀ ਬੇਬੇ ਨੂੰ ਕਹਿ ਕੇ ਆਉਣਾ ਮਾੜਾ ਜਾ ਕਿਤੇ ਸੱਚੀਂ ਚਾਹ ਨਾ ਧਰਲੇ
ਤਰਸੇਮਾ ਪਾਣੀ ਪੀ ਜਾਂਦਾ ਸੀ..ਨਾਸਾਂ ਵਿਚਦੀ ਕੱਢਤਾ ਵਾਪਸ

------------------------------------------------------------------------------------------------------------
 ਹੱਦ ਦਰਜੇ ਦੀ ਲੰਡੂ ਜਨਤਾ ਕਿਸੇ ਕੁੜੀ ਦੀ ਫੋਟੋ ਪੋਸਟ ਕਰਕੇ ਵਿੱਚ 48-49 ਜਣਿਆਂ ਨੂੰ ਊਂਈ ਟੈਗ ਕਰਦੂ ਬੀ ਚੱਲ ਭੋਰਲੀਏ
ਨਾਲੇ ਲਿਖਣਗੇ 200 ਕੁ ਲਾਈਕ ਤਾਂ ਬਣਦੇ ਆ ਜਰ..ਐਂ ਕਹਿਣਗੇ ਜਿਮੇਂ ਹੱਕ ਹੁੰਦਾ ਏਹੇ
ਪਰਧਾਨ ਐਂ ਨੀ ਸੋਡੇ ਨਾਲ ਕੁੜੀ ਆਕੇ ਪੈਣ ਲੱਗੀ
ਨਾਲੇ ਤੁਸੀਂ ਕੁੜੀਆਂ ਦੀ ਫੋਟੋ ਪੋਸਟ ਕਰਦੇ ਆਂ ਇਹਦਾ ਮਤਲਬ ਕੁੜੀਆਂ 'ਚ ਥੋਡੇ ਮੁਕਾਬਲੇ ਕੋਈ ਨਾ ਕੋਈ ਗੁਣ ਤਾਂ ਹੈਗਾ
ਕਦੇ ਕਿਸੇ ਕੁੜੀ ਨੇ ਕਿਸੇ ਮੁੰਡੇ ਦੀ ਫੋਟੋ ਪੋਸਟ ਕੀਤੀ ਆ
ਓਂ ੨੩ ਮਾਰਚ ਨੂੰ ਭਗਤ ਸਿੰਘ ਅਰਗਿਆਂ ਦੀਆਂ ਫੋਟਮਾਂ ਪਾ ਪਾ ਕੇ ਫੇਸਬੁੱਕ ਪਾਟਣ ਆਲੀ ਕਰ ਦੇਂਦੇ ਨੇ
ਪਰਧਾਨ ਆਵਦੇ ਘਰੇ ਚੁੱਲ੍ਹੇ ਚੌਂਕੇ ਵੰਨੀਂ ਨਿਗ੍ਹਾਹ ਮਾਰਲਿਓ ਥੋਡੇ ਵੀ ਕੋਈ ਨਾ ਮਾਂ ਭੈਣ ਬੈਠੀ ਹੋਊ
------------------------------------------------------------------------------------------------------------
ਜਮਾਂ ਨਮਾਂ ਮੁੱਦਾ ਦੇਖਣ 'ਚ ਆਇਆ ਇੱਕ
ਕਿਸੇ ਰਿਸ਼ਤੇਦਾਰੀ 'ਚ ਜਾਂ ਪਿੰਡ ਗਲੀ 'ਚ ਕਿਸੇ ਬਜ਼ੁਰਗ ਦਾ ਜਦੋਂ ਭੋਗ ਪੈਣ ਆਲਾ ਹੁੰਦਾ ਤਾਂ ਐਨ ਮੌਕੇ ਤੇ
ਕਿਸੇ ਨਾ ਕਿਸੇ ਸਿਆਸੀ ਲੀਡਰ ਦਾ ਮੂਹਰਲਾ ਚਮਚਾ ਆਜੂ
ਭੋਗ ਪੈਣ ਸਾਰ ਦੇਗ ਵੀ ਨੀ ਵਰਤਣ ਦਿੰਦੇ ਜਰਕ ਦਿਨੇਂ ਮਾਈਕ ਫੜ੍ਹ ਲੈਣਗੇ
ਮੁੜਕੇ ਓਹੀ ਪੋਪਲਾ ਪਾਪਲੀ, ਹੌਲੀ ਹੌਲੀ ਬੋਲਣਗੇ ਪਰਭਾਵ ਪਾਉਣ ਖਾਤਰ ਤੇ ਕਹਿਣਗੇ
"ਅੱਜ ਖਾਸ ਰੁਝੇਵਿਆਂ ਕਾਰਨ M.L.A ਸਾਬ੍ਹ ਆਪ ਇੱਥੇ ਹਾਜ਼ਰ ਨੀਂ ਹੋ ਸਕੇ, ਸੋ ਉਹਨ੍ਹਾਂ ਨੇ ਇੱਥੇ ਆਉਣ ਲਈ ਮੇਰੀ ਡਿਔਟੀ ਲਾਤੀ"
ਮੰਤਰੀ ਨੂੰ ਭਾਮੇਂ ਜਲਾਬ ਲੱਗੇ ਹੋਣ, ਉਂਈ ਕਹਿ ਦੇਣਗੇ ਰੁਝੇਵੇਂ ਨੇ
ਫਿਰ ਬੋਲਣਗੇ ," ਸਾਨੂੰ ਜਦੋਂ ਇਹ ਖਬਰ ਮਿਲੀ ਕਿ ਸੁਖਚੈਨ ਸਿੰਘ ਜੀ ਚੱਲ ਵੱਸੇ ਤਾਂ ਮਾਨੋਂ ਧਰਤੀ ਪੈਰਾਂ ਹੇਠੋਂ ਖਿਸਕਗੀ"
ਇੱਕ ਬਹੁਤ ਵੱਡਾ ਸਾਇਆ ਸਿਰ ਤੋਂ ਉੱਠ ਗਿਆ । ਲੰਘਦੇ ਟੱਪਦੇ ਜਦੋਂ ਸੁਖਚੈਨ ਜੀ ਹੁਣਾਂ ਕੋਲ ਆਉਦੇਂ ਤਾਂ ਇਹ ਬੜਾ ਪਿਆਰ ਦੇਂਦੇ ਬੱਚਿਆਂ ਵਾਗੂੰ"
ਭੈਣਦੇਣੇ ਮੁਹਾਵਰੇ ਵਰਤਣਗੇ ਪੂਰੇ ਹੈੱਡਮਾਸਟਰ ਬਨਣਗੇ ਕਿ
ਅਸਲ 'ਚ ਇਹਨਾਂ ਮੰਤਰੀਆਂ ਨੇ ਸੁਖਚੈਨ ਸਿਹੁੰ ਨੂੰ ਵੇਖਿਆ ਵੀ ਨੀਂ ਹੁੰਦਾ। ਗੱਲਾਂ ਇਓਂ ਕਰਨਗੇ ਜਿਮੇਂ ਇੱਕੋ ਮੱਛਰਦਾਨੀ 'ਚ ਕੱਠੇ ਸੌਂਦੇ ਹੋਣ।
ਓਤੋਂ ਬੁੜ੍ਹੇ ਦੇ ਭੋਗ ਤੇ ਬਣਾਈ ਚਾਹ ਵੀ ਠਰ ਜਾਂਦੀ ਆ ਤੇ ਮੱਖੀਆਂ ਮੂਤ ਮੂਤਕੇ ਜਲੇਬੀਆਂ ਭਰ ਦੇਂਦੀਆਂ।
ਜੰਤਾ ਉਸਲਵੱਟੇ ਲਈ ਜਾਉ ,ਕੀ ਕਰੇ ਗੋਡਿਆਂ ਦਾ ਤਾਂ ਹਰੇਕ ਦਾ ਗਲੀਸ ਮੁੱਕਿਆ ਪਿਆ
ਚੌਂਕੜੀ ਮਾਰਕੇ ਬਹਿਣਾ ਸੌਖਾ ਕਿਤੇ ਜਰ
ਪੌਣਾ ਘੈਟਾ ਪੂਰਾ ਜਚਾਕੇ ਟੈਮ ਚੱਕਦੇ ਨੇ ਜੰਤਾ ਦਾ।
ਹੋਰ ਈ ਲੇਲੇ ਪੇਪੇ ਕਰੀ ਜਾਣਗੇ। ਸਿੱਧਾ ਨੀਂ ਸਾਕ ਕਰਦੇ ਬੀ ਭਾਈ ਸਾਨੂੰ ਵੋਟਾਂ ਪਾਓ ।

-----------------------------------------------------------------------------------------------------------

 "ਕਰਮ ਕਰੋ ਫਲ ਕੀ ਇੱਛਾ ਨਾ ਰੱਖੋ"

ਅਸਲ 'ਚ ਇਹ ਵਿਚਾਰ ਪਤਾ ਕੀਹਦੇ ਹੋ ਸਕਦੇ ਨੇ ਜਾਂ ਤਾਂ ਕਿਸੇ ਹਾਕਮ ਜਮਾਤ ਦੇ ਵੱਡੇ ਸਰਮਾਏਦਾਰ ਦੇ
ਜੋ ਚਾਹੁੰਦਾ ਬੀ ਲੋਕ ਕਦੇ ਬਗਾਵਤ ਨਾਂ ਕਰਨ, ਹਾਲਾਤਾਂ ਨੂੰ ਜਿਓ ਦਾ ਤਿਓ ਈ ਪ੍ਰਵਾਨ ਕਰੀ ਰੱਖਣ
ਬਸ ਕੰਮ ਕਰਨ ਤੇ ਆਵਦੇ ਢਿੱਡ ਤੇ ਰੱਸੀ ਬੰਨ੍ਹਕੇ ਹੋਰਾਂ ਦਾ ਢਿੱਡ ਭਰਨ, ਮਤਲਬ ਇਨਕਲਾਬ ਆਲੀ ਤਾਂ ਲੋਕਾਂ 'ਚੋਂ ਸਾਲੀ ਗੱਲ ਈ ਖਤਮ ਹੋਜੇ
ਤੇ ਜਾਂ ਇਹ ਵਿਚਾਰ ਉਹ ਬੰਦੇ ਦੇ ਹੋ ਸਕਦੇ ਨੇ ਜੋ ਬਹੁਤ ਹੀ ਨਿਰਾਸ਼ ਹੋ ਗਿਆ ਹੋਵੇ ਬੀ ਹੁਣ ਕੁਛ ਨੀਂ ਹੋ ਸਕਦਾ
ਬਸ ਕੰਮ ਕਰੀ ਚੱਲੋ ਬਦਲਾਵ ਦੀ ਉਮੀਦ ਨਾ ਕਰਿਓ ।
ਕਿਸੇ ਸਿਆਣੇ ਨੇ ਦੱਸੀ ਸੀ ਇਹ ਗੱਲ
------------------------------------------------------------------------------------------------------------
 ਕੱਲ੍ਹ ਸੂਰਜ ਨੂੰ ਗ੍ਰਹਿ ਲੱਗਣਾ ਬਾਈ
ਸੂਣ ਆਲੀਆਂ ਮੈਸ੍ਹਾਂ ਦੇ ਗਲੋਂ ਸੰਗਲ ਲਾਹ ਦਿਓ
ਜੇਹਨਾਂ ਕੋਲੇ ਨਿਆਣੇ ਹੋਣ ਆਲੇ ਨੇ ਗੁੱਟ ਤੇ ਕੱਚਾ ਧਾਗਾ ਬੰਨ੍ਹ ਲਿਓ
ਫੇਰ ਨਾ ਆਖਿਓ ਦੱਸਿਆ ਨੀਂ ਨਹੀਂ ਤਾਂ ਤਿੰਨ ਲੱਤਾਂ ਆਲੇ ਜਵਾਕ ਜੰਮਣਗੇ...ਲਾਲੋ ਸਾਬ੍ਹ
-----------------------------------------------------------------------------------------------------------

ਪੁਰਾਣੀ ਗੱਲ ਆ ਵਾਹਵਾ। ਕੇਰਾਂ ਕਿਸੇ ਪਿੰਡ ਦੋ ਬਜ਼ੁਰਗ ਆਵਦੀ ਕੁੜੀ ਖਾਤਰ ਰਿਸ਼ਤਾ ਵੇਖਣ ਜਾਵੜੇ।
ਮੁੰਡੇ ਆਲੇ ਆਖਣ ਜੀ ਸਾਡੇ ਕੋਲ ਜ਼ਮੀਨ ਪੂਰੀ ਫੁੱਲ ਆ ..ਓਕੇ ਰਪੋਟਾਂ ਜਮਾਂ॥
ਬਜ਼ੁਰਗ ਦਾ ਉਮਰ ਦਾ ਤਜ਼ਰਬਾ ਸੀ । ਬੈਠੇ ਰਹੇ। ਵੀਹ ਕੁ ਮਿੰਟਾਂ ਬਾਅਦ ਕਹਿੰਦੇ ਥੋਡੇ ਘਰੇ ਉਹ ਤਾਂ ਹੈਨੀ।
ਦੂਜਾ ਕਹਿੰਦਾ ਦਸ ਕੁ ਮਿੰਟ ਹੋਰ ਵੇਖਲਾ ਕੀ ਪਤਾ ਉਹ ਵੀ ਦਿਸਜੇ।
ਦਸ ਕੁ ਮਿੰਟਾਂ ਬਾਅਦ ਕਹਿੰਦੇ ਜਰ ਜਾਨੇ ਆ ਅਸੀਂ ਤਾਂ ਥੋਡੇ ਤਾਂ ਉਹ ਵੀ ਹੈਨੀ।
ਮੁੰਡੇ ਆਲੇ ਕਹਿੰਦੇ ਬਾਈ ਬਣਿਆ ਜਾ ਤਾਂ ਵੜਿਓ ਪਰ ਐਂ ਤਾਂ ਦੱਸਦੋ ਬੀ ਉਹ ਕੀ ਹੈਨੀ।
ਬਜ਼ੁਰਗ ਕਹਿੰਦੇ ਥੋਡੇ ਘਰੇ ਜਰ ਚੂਹੇ ਹੈਨੀ।
ਅਗਲਾ ਟੱਬਰ ਭੰਬਲਭੂਸੇ 'ਚ ਪਾਤਾ ਬੀ ਸਾਕ ਚੂਹਿਆਂ ਨੂੰ ਕਰਨਾ ਕਿ ਮੁੰਡੇ ਨੂੰ।
ਬਜ਼ੁਰਗ ਕਹਿੰਦੇ ਜੇ ਥੋਡੇ ਚੂਹੇ ਹੈਨੀ ਤਾਂ ਇਹਦਾ ਮਤਲਬ ਥੋਡੇ ਕਣਕ ਵੀ ਹੈਨੀ ਜੇ ਕਣਕ ਨੀਂ ਹੈਗੀ ਫਿਰ ਖੇਤ ਵੀ ਹੈਨੀ।
ਸਾਲੇ ਨੰਗ ਗੱਪੀ। ਮੋਢੇ ਮੂਕਾ ਧਰਕੇ ਬਜ਼ੁਰਗ ਮੁੜਪੇ ਛਾਂ ਨੀਂ ਪੈਣ ਦਿੱਤੀ।
ਸਬਜ਼ੀ ਚੀਰਦੀ ਬੁੜ੍ਹੀ ਹੱਥੋਂ ਕਰਦ ਡਿੱਗਪੀ ਬੁੜ੍ਹਿਆਂ ਦੀ ਸੈਂਸ ਵੇਖਕੇ..

--------------------------------------------------------------------------------------------------------------------------------
ਕੱਲ੍ਹ ਮੇਰੇ ਪੁਰਾਣੇ ਜਮਾਤੀ ਦੇ ਦਾਦੇ ਦਾ ਭੋਗ ਸੀ ਪੈਲਸ 'ਚ। ਰਾਗੀ ਸਿੰਘ ਨੇ ਵਾਹਵਾ ਰੰਗ ਬੰਨ੍ਹਿਆ।
ਗੱਲਾਂ ਚੋਂ ਗੱਲ ਤੁਰਪੀ । ਰਾਗੀ ਸਿੰਘ ਨੇ ਬਠਿੰਡਾ ਮੁਕਤਸਰ ਰੋਡ ਤੇ ਦੋਦੇ ਨੇੜਲੇ ਪਿੰਡ ਕਾਉਣੀ ਦੀ ਗੱਲ ਸੁਣਾਈ।
ਕਾਉਣੀ ਸਾਡੀ ਵੀ ਇੱਕ ਗੁੱਡੀ ਵਿਆਹੀ ਵੀ ਆ।
ਰਾਗੀ ਨੇ ਦੱਸਿਆ ਬੀ ਕਾਉਣੀ ਪਿੰਡ 'ਚ ਇੱਕ ਕੁੱਤਾ ਆ, ਜਿਹੜੇ ਵੀ ਘਰ ਮਰਗ ਹੁੰਦੀ ਆ ਉਹ ਕੁੱਤਾ ਸਸਕਾਰ ਆਲੇ ਦਿਨ ਤੋਂ ਲੈਕੇ ਭੋਗ ਆਲੇ ਦਿਨ ਤੱਕ ਤਾਂਈ ਓਸੇ ਘਰੇ ਈ ਰਹਿੰਦਾ।
ਰਾਗੀ ਸਿੰਘ ਕਹਿੰਦਾ ਬੀ ਮੈਨੂੰ ਪੰਜ ਛੇ ਸਾਲ ਹੋਗੇ ਉਹ ਪਿੰਡ 'ਚ ਕੀਰਤਨ ਕਰਨ ਜਾਂਦੇ ਨੂੰ, ਉਹ ਕੁੱਤਾ ਪਹਿਲਾਂ ਪਹੁੰਚਿਆ ਹੁੰਦਾ।
ਪਿੱਛੇ ਜੇ ਕਹਿੰਦਾ ਮੈਂ ਕੀਰਤਨ ਕਰਨ ਗਿਆ ਤਾਂ ਅਸੀਂ ਮਰਗ ਆਲੇ ਘਰੇ ਵੜਨ ਲੱਗੇ ਤਾਂ ਕਿਸੇ ਬੰਦੇ ਨੇ ਦੱਸਿਆ ਬੀ
ਇਹ ਤਾਂ ਰਾਮਦਾਸੀਆਂ ਦਾ ਘਰ ਆ ਮਤਲਬ ਚਮਿਆਰਾਂ ਦਾ ਤੇ ਤੁਹਾਨੂੰ ਜੱਟਾਂ ਨੇ ਬੁਲਾਇਆ ਕੀਰਤਨ ਖਾਤਰ।
ਰਾਗੀ ਸਿੰਘ ਕਹਿੰਦਾ ਮੈਂ ਸੋਚਣ ਲੱਗਿਆ ਬੀ ਹੁਣ ਪਿੰਡ 'ਚ ਦੋ ਮੌਤਾਂ 'ਕੱਠੀਆਂ ਹੋਈਆਂ ਵੀਆਂ,
ਹੁਣ ਕੁੱਤਾ ਕੀਹਦੇ ਘਰੇ ਜਾਂਦਾ ਹੋਊ ਜੱਟਾਂ ਦੇ ਕਿ ਚਮਿਆਰਾਂ ਦੇ। ਕਹਿੰਦਾ ਮੈਂ ਜੱਟਾਂ ਘਰ ਜਾਕੇ ਪੁੱਛਿਆ ਬੀ ਹੁਣ ਕੁੱਤਾ ਕੀਹਦੇ ਘਰੇ ਰਹਿੰਦਾ।
ਉਹ ਕਹਿੰਦੇ ਹੁਣ ਅੱਧਾ ਦਿਨ ਕੁੱਤਾ ਚਮਿਆਰਾਂ ਘਰੇ ਰਹਿੰਦਾ ਤੇ ਅੱਧਾ ਦਿਨ ਜੱਟਾਂ ਦੇ।
ਮੁੜਕੇ ਸਾਡੇ ਇੱਕ ਬੰਦੇ ਨੇ ਕਾਉਣੀ ਫੂਨ ਲਾਕੇ ਪੁੱਛਿਆ ਬੀ ਆਹ ਕੁੱਤੇ ਆਲੀ ਗੱਲ ਸੱਚੀ ਆ।
ਕਾਉਣੀ ਆਲੇ ਕਹਿੰਦੇ ਜਮਾਂ ਸੱਚੀ ਗੱਲ ਆ। ਹੁਣ ਪਤਾ ਨੀਂ ਇਹ ਕੁਦਰਤੀ ਵਰਤਾਰਾ ਜਾਂ ਕੁਛ ਹੋਰ।
ਪਰ ਕੁੱਤਾ ਸੱਚਿਓਂ ਹਰਾਨ ਕਰਨ ਆਲਾ...ਘੁੱਦਾ

------------------------------------------------------------------------------------------------------------
 ਕੇਰਾਂ ਕਾਲਜ 'ਚ ਰਫਰੈਸ਼ਰ ਪਾਰਟੀ ਸੀਗੀ। ਨਾਚ ਗਾਣਾ ਨੀਂ ਕਰਦੇ ਸੀ ਹਰੇਕ ਆਰੀ ਗੁਰੂ ਗ੍ਰੰਥ ਸਾਹਬ 'ਦੀ ਹਜ਼ੂਰੀ 'ਚ ਈ ਅਰਦਾਸ ਹੁੰਦੀ ਸੀ ਭਮਾਂ ਵੈਲਕਮ ਪਾਰਟੀ ਭਮਾਂ ਫੇਅਰਵੈੱਲ। ਬਾਬਾ ਫਰੀਦ ਟਰੱਸਟ ਦੇ ਪ੍ਰਧਾਨ ਇੰਦਰਜੀਤ ਸਿੰਘ ਆਏ ਵਏ ਸੀ ਨਾਲੇ ਅੰਮਰਤਸਰੋਂ ਪਿੰਗਲਵਾੜੇ ਦੀ ਇੱਕ ਪ੍ਰਮੁੱਖ ਸੇਵਾਦਾਰ ਬੀਬੀ।
ਡਰੈਂਗ ਹਾਲ ਪੂਰਾ ਫੁੱਲ ਭਰਿਆ ਵਾ ਸੀ। ਹਾਲ 'ਚ ਇੱਕ ਪਾਸੇ ਮੁੰਡੇ ਬੈਠੇ ਦੂਜੇ ਪਾਸੇ ਕੁੜੀਆਂ ਬੈਠੀਆਂ।
ਅਰਦਾਸ ਪਿੱਛੋਂ ਮਾਈਕ ਫੜ੍ਹਾਤਾ ਇੰਦਰਜੀਤ ਸਿੰਘ ਹੁਣਾਂ ਨੂੰ।
ਬਾਹਲਾ ਬੇਬਾਕ ਬੰਦਾ ਪੜੱਕ ਮੂੰਹ ਤੇ ਗੱਲ ਮਾਰੇ। ਜੰਤਾ ਤੇ ਰਗੜਾ ਚਾੜ੍ਹਤਾ
ਕਹਿੰਦੇ ਤੁਸੀਂ ਮੁੰਡੇ ਪਤਾ ਕੀ ਸੋਚਦੇ ਹੁੰਨੇ ਆ, ਤੁਸੀਂ ਸੋਚਦੇ ਆਂ ਬੀ ਆਹ ਦੂਜੇ ਪਾਸੇ ਜਿੰਨੀਆਂ ਕੁੜੀਆਂ ਬੈਠੀਆਂ
ਸਾਡਾ ਸਾਰੀਆਂ ਨਾਲ ਈ ਵਿਆਹ ਹੋਜੇ। ਜੰਤਾ ਮੁਸ਼ਕਰੀਏਂ ਹੱਸੇ
ਮੁੜਕੇ ਪਾਠੀ ਸਿੰਘ ਨੂੰ ਘੇਰ ਲਿਆ ਕਹਿੰਦੇ ਤੂੰ ਜਿਹੜੀ ਅਰਦਾਸ ਕੀਤੀ ਆ। ਨਿਰੇ ਲਾਲਚ ਆਲੀ ਅਰਦਾਸ ਸੀ।
ਖਿੱਚ ਪਾਉਣ ਆਲੀ ਕੋਈ ਗੱਲ ਨੀਂ ਸੀ।
ਕਹਿੰਦੇ ਮੈਂ ਨਾਸਤਕ ਸੀ । ਪਰ ਪਤਨੀ ਅੰਬਰਤਧਾਰੀ। ਇੱਕ ਦਿਨ ਕਹਿੰਦੇ ਬਾਬੇ ਫਰੀਦ ਦੇ ਗੁਰਦਆਰੇ ਕੋਲੋਂ ਲੰਘੀ ਜਾਵਾਂ ਤੇ ਅਰਦਾਸ ਮੇਰੇ ਕੰਨੀਂ ਪੈਗੀ। ਕਹਿੰਦੇ ਐਹੇ ਜੀ ਅਰਦਾਸ ਕਰੀ ਪਾਠੀ ਸਿੰਘ ਨੇ ਮੈਨੂੰ ਪਤਾ ਈ ਨੀਂ ਲੱਗਿਆ ਪੈਰੋਂ ਜੋੜੇ ਕਿਹੜੇ ਵੇਲੇ ਲਹਿਗੇ।
ਖਿੱਚ ਸੀ ਅਰਦਾਸ ਸੀ। ਗੱਲ ਜਮਾਂ ਸਹੀ ਸੀ ਉਹਨ੍ਹਾਂ ਦੀ ਬਾਬੇ ਅਰਦਾਸ ਕਰਨਗੇ ਪੜਦਾਦਿਆਂ ਤੱਕ ਬੁੜ੍ਹਿਆਂ ਦੇ ਨਾਵਾਂ ਦਾ ਵਿਰਵਾ ਪਾਈ ਜਾਣਗੇ। ਆਹਾ ਨਾਨਕਸਰ ਆਲਿਆਂ ਦੀ ਅਰਦਾਸ 'ਚ ਤਾਂ ਰੱਬ ਕਿਸੇ ਬੈਰੀ ਦੁਸ਼ਮਣ ਨੂੰ ਵੀ ਨਾ ਘੱਲੇ।
ਆਰਤੀ ਕਰ ਕਰ ਬੁਰਾ ਹਾਲ ਕਰ ਦੇਂਦੇ ਨੇ । ਦੋ-ਚਾਰ ਤਾਂ ਗਸ਼ ਖਾਕੇ ਜਾ ਪੈਂਦੇ ਆ

------------------------------------------------------------------------------------------------------------
 ਐਰਕੀਂ ਬਠਿੰਡਿਓਂ ਵਰਾਸਤ ਮੇਲੇ 'ਚੋਂ ਘਰਦੇ ਬਾਹਵਾ ਸਾਰੀਆਂ ਫੋਟਮਾਂ ਖ੍ਰੀਦ ਲਿਆਏ
ਉਹਨ੍ਹਾਂ 'ਚ ਇੱਕ ਫੋਟੋ ਪਾਤਰ ਸਾਬ੍ਹ ਦੀ ਆ। ਨਾਲ ਗਜ਼ਲ ਵੀ ਲਿਖੀ ਵੀ ਆ ਇੱਕ।
ਮੈਂ ਮੇਜ਼ ਤੇ ਕੁਰਸੀ ਡਾਹ ਕੇ ਬੋਚ ਕ ਦਿਨੇ ਚੜ੍ਹ ਚੜ੍ਹ ਕੇ ਚੇਪੀ ਨਾ ਸਾਰੀਆਂ ਫੋਟਮਾਂ ਬੈਠਕ 'ਚ ਲਾਤੀਆਂ।
ਸਾਡਾ ਗਵਾਂਢੀ ਆ ਬੰਤਾ ਢਿਲੋਂ , ਬਠਿੰਡੇ ਥਰਮਲ ਦਾ ਮੁਲਾਜ਼ਮ , ਉਹਦੀ ਸ਼ਕਲ ਰੁਪਈਏ ਚੋਂ ਪੱਚਾਸੀ ਪੈਸੇ
ਪਾਤਰ ਸਾਬ੍ਹ ਨਾ ਮਿਲਦੀ ਆ। ਪੰਜ ਕ ਦਿਨਾਂ ਦੀ ਗੱਲ ਆ ਬੰਤੇ ਦਾ ਵੱਡਾ ਭਰਾ ਘੁਰਕਾ ਆ ਗਿਆ ਬੈਠਕ 'ਚ
ਫੋਟੋ ਵੇਖਕੇ ਹਰਾਨ ਈ ਹੋ ਗਿਆ ਸਮਾਰ ਕੇ ਫੋਟੋ ਵੇਖਕੇ ਕਹਿੰਦਾ ਤੁਸੀਂ ਸਾਡੇ ਆਲੇ ਦੀ ਫੋਟੋ ਕਾਹਤੋਂ ਲਾਈ ਆ ਜਰ।
ਵੱਖੀਆਂ ਫੜ੍ਹ ਕੇ ਲਿਟਣ ਲਾਗੇ ਸਾਰੇ। ਪਰਸੋਂ ਬਾਈ ਬੰਤਾ ਆਪ ਆਇਆ ਕਹਿੰਦਾ ਜਰ ਮੇਰੀ ਫੋਟੋ ਤਾਂ ਦਖਾਦੋ
-----------------------------------------------------------------------------------------------------------

 ਜਦੋਂ ਪੜ੍ਹਨ ਜਾਂਦੇ ਤਾਂ ਫਾਟਕ ਤੇ ਬੱਸ ਖੜ੍ਹਦੀ। ਫੌਜੀਆਂ ਆਲੀ ਗੱਡੀ ਆਉਦੀਂ। ਟੈਂਕ ਟੁੰਕ ਸੌ ਕੁਸ ਲੱਦਿਆ ਵਾ ਹੁੰਦਾ ਉਹਤੇ।
ਫੌਜੀਆਂ ਨੂੰ ਬਾਏ ਬਾਏ ਜੀ ਕਰਦੇ ਅੱਗੋਂ ਉਹਵੀ ਹੱਥ ਜਾ ਹਲਾਉਦੇ।
ਨਾਣਕੇ ਮੇਰੇ ਬਾਡਰ ਏਰੀਏ 'ਚ ਨੇ ਫਿਰੋਜ਼ਪੁਰ ਨੇੜੇ। ਉਥੇ ਵੀ ਫੌਜੀ ਬਥੇਰੇ ਹੁੰਦੇ ਭਾਈ ਉਹਨ੍ਹਾ ਤੋਂ ਛੋਲੇ ਪੂਰੀਆਂ ਖਾਂਦੇ ਨਾਲੇ ਉਹਨਾਂ ਦੇ ਕੈਂਟਰ ਜੇ ਨਾ ਲਮਕੀ ਜਾਂਦੇ।
ਮੁੱਕਦੀ ਗੱਲ ਫੌਜੀਆਂ ਦਾ ਮਹਿਕਮਾ ਐਹੇ ਜਾ ਸ਼ੁਰੂ ਤੋਂ ਈ ਬੀ ਜਵਾਕ ਵੀ ਮੋਹ ਕਰਦੇ ਸੀ ਫੌਜੀਆਂ ਦਾ।
ਪੂਰੀ ਫੁੱਲ ਇੱਜ਼ਤ ਸੀ ਆਹ ਮਹਿਕਮੇ ਦੀ । ਹੁਣ ਨਿੱਤ 'ਖਬਾਰ 'ਚ ਫਰੰਟ ਪੇਜ ਤੇ ਫੌਜੀ ਅਫਸਰਾਂ ਦੀ ਖਬਰ ਲਾਜ਼ਮੀ ਹੁੰਦੀ ਆ।
ਕੋਈ ਤੋਪਾਂ 'ਚ ਘੁਟਾਲਾ ਕਿਤੇ ਕਿਮੇਂ ਕਿਤੇ ਕਿਮੇਂ। ਪਿੱਛੇ ਜੇ ਇੱਕ ਯੂਨਟ ਦੇ ਫੌਜੀ ਬਾਗੀ ਹੋਗੇ , ਅਪਸਰ ਠੋਕਤੇ।
ਫੌਜ ਦੇ ਮੁਖੀਆਂ ਦੇ ਈ ਸਿਰ ਖੇਹ ਮਿੱਟੀ ਪਈ ਜਾਂਦੀ ਆ। ਉਮਰ ਵਿਵਾਦ ਜਾ ਉਠਿਆ ਵਾ ਇੱਕ ਕਿਤੇ ਹਾਈਕੋਰਟ ਕਿਤੇ ਸੁਪਰੀਮ।
ਕਈ ਕੰਜਦੇ ਜੰਮੂ ਬੰਨੀਂ ਬਲਾਤ ਬਲੂਤਕਾਰ ਕਰਨ ਲੱਗੇ ਵੀ ਮਿੰਟ ਮਾਰਦੇ ਆ।
ਧਰਮ ਨਾ ਜਿੰਨੀ ਆਹ ਮਹਿਕਮੇ ਦੀ ਇੱਜ਼ਤ ਸੀ ਜਮੀਂ ਲੱਸੀ ਹੋਗੀ ਹੁਣਤਾ।
ਸੁਣਾਈ ਚੰਡੀ ਦੀ ਵਾਰ ਬਾਜ਼ਾ ਆਲਿਆ ਫੇਰ ਦਬਾਰੀ ਤੋਂ

------------------------------------------------------------------------------------------------------------
ਆਪਣੇ ਆਲੀ ਜੰਤਾ ਬਹੁਤ ਪੜ੍ਹ ਲਿਖਗੀ। ਸਾਰੇ ਈ ਬਿਦਬਾਨ ਨੇ। ਇੱਕ ਹੋਰ ਮੁੱਦਾ ਹੈਗਾ
ਕੇਰਾਂ ਜੇ ਅਖਬਾਰ ਦੇ ਸੰਪਾਦਕੀ ਸਫੇ ਤੇ ਖਬਰ ਛਪੀ ਸੀ ਬੀ ਜਿਵੇਂ ਬਲੱਡ ਬੈਂਕ ਹੁੰਦੇ ਨੇ ਏਮੇਂ ਜਿਮੇਂ ਫੌਜੀਆਂ ਖਾਤਰ ਵੀਰਜ ਬੈਂਕ ਹੁੰਦੇ ਨੇ।
ਬੀ ਜੇ ਨੇਜਾਣੀਏ ਫੌਜੀ ਜੰਗ ਯੁੱਧ 'ਚ ਚੱਲ ਵੱਸੇ ਤਾਂ ਮੌਤ ਮਗਰੋਂ ਵੀ ਉਹ ਪਿਤਾ ਬਣ ਸਕਦਾ। ਮਤਲਬ ਬੀ ਪੀੜ੍ਹੀ ਚੱਲਦੀ ਰਹਿ ਜਾਂਦੀ ਆ। ਵਧੀਆ ਕੰਮ ਆ ਏਹੇ ਸਾਇੰਸ ਦਾ।
ਪਿਛਲੇ ਹਫਤੇ ਏਮੇਂ ਦਾ ਲੇਖ ਆਇਆ ਸੀ ਬੀ ਜੇ ਬੇਔਲਾਦ ਜੌੜਾ ਕਿਸੇ ਦੇ ਸਪਰਮ ਨਾਲ ਨਿਆਣਾ ਪੈਦਾ ਕਰਦਾ ਤਾਂ
ਅਖੇ ਏਹੇ ਆਪਣੇ ਸਮਾਜਕ ਰਿਸ਼ਤਿਆਂ ਤੇ ਮਾੜਾ ਅਸਰ ਪਾਉਂਦਾ
ਜੇ ਕਿਸੇ ਦਾ ਘਰ ਵੱਸਦਾ ਤਾਂ ਜਰ ਏਹੇ ਕਿਹੜੀ ਮਾੜੀ ਗੱਲ ਆ।
ਆਪਣੇ ਆਲੀਆਂ ਦੇਸੀ ਗਾਈਆਂ ਨੂੰ ਬੁੜ੍ਹੇ ਵਚਾਰੇ ਨੀਰਾ ਪਾ ਪਾ ਹੰਭ ਜਾਂਦੇ ਮਸਾਂ ਦਸ ਬਾਰ੍ਹਾਂ ਲੀਟਰ ਦੁੱਧ ਦੇਂਦੀਆਂ ਸੀ।
ਅੱਜਕੱਲ੍ਹ H.F ਨਸਲ ਦੇ ਅਮਰੀਕਨ ਟੀਕੇ ਗਾਂਈਆਂ ਦੇ ਭਰਦੇ ਨੇ ਸਾਰੇ। ਹੌਲੀ ਹੌਲੀ ਨਸਲ ਬਦਲਗੀ । ਤੀਹ ਲੀਟਰ ਤੱਕ ਦੁੱਧ ਦੇਣ ਦੇਣ ਲਾਗੀਆਂ ਗਾਂਈਆਂ।
ਨਾਲੇ ਇੱਕ ਰਪੋਟ ਆਈ ਸੀ ਕੇਰਾਂ ਬੀ ਜਿਹੜੀ ਪੰਜਾਬੀ ਜੰਤਾ ਗੀਤਾਂ 'ਚ ਕੁੜੀਆਂ 'ਦਾਲੇ ਬਾਹਲੇ ਗੇੜੇ ਕੱਢਦੇ ਨੇ ਬੀ ਆਜਾ ਮੋਟਰ ਤੇ ਚੱਲੀਏ,
ਚੱਕ ਕੇ ਲੈਜਾਂਗੇ ਨਾਲੇ ਹੋਰ ਕੁਸ..ਰਪੋਟ ਮੁਤਾਬਕ ਪੰਜਾਬੀ ਜੰਤਾ ਹੋਰ ਸਟੇਟਾਂ ਦੇ ਮੁਕਾਬਲੇ ਬਾਹਲੀ ਖੱਸੀ ਹੋਗੀ ਹੁਣ।
ਤਾਂਹੀ ਤਾਂ ਜਦੋਂ ਸ਼ੈਹਰ ਜਾਈਦਾ ਬੱਸ ਅੱਡੇ ਦੀਆਂ ਕੰਧਾਂ ਤੇ ਵੀ ਏਹੀ ਲਿਖਿਆ ਹੁੰਦਾ, "ਸ਼ਾਹੀ ਦਵਾਖਾਨਾ", "ਪੱਕਾ ਇਲਾਜ ਨਹੀਂ ਤਾਂ ਪੈਸੇ ਵਾਪਸ ਲਉ" "ਚਾਹੀਏ ਜਵਾਨੀ ਕਾ ਜੋਸ਼"
ਵੱਡੇ ਸ਼ੈਹਰਾਂ ਦੇ ਸਟੂਡੈਂਟ ਮੁੰਡੇ ਇਕ ਵਾਰ ਦਾ ਸਪਰਮ ਦੋ ਹਜ਼ਾਰ, ਪੱਚੀ ਸੌ 'ਚ ਵੇਚਦੇ ਨੇ ਤੇ ਕੁੜੀਆਂ ਅੰਡਦਾਨ ਜਾ ਤਕਰੀਬਨ ਦਸ ਹਜ਼ਾਰ 'ਚ।
ਭਾਰਤੀ ਬਾਹਲੀਆਂ ਕਦਰਾਂ ਕੀਮਤਾਂ ਫਲਾਣ ਧਿਔਂਕ ਸਮਾਜਕ ਰਿਸ਼ਤੇ ,ਐਹੇ ਜੇ ਕੰਮਾਂ 'ਚ ਉਲਝੇ ਵਏ ਨੇ। ਏਹੇ ਜਾ ਕੁਝ ਵੇਚਣਾ ਤਾਂ ਬਾਹਲੀ ਘਟੀਆ ਹਰਕਤ ਜ਼ਰੂਰ ਆ ਪਰ ਕਿਸੇ ਨੂੰ ਦਾਨ ਕਰਨਾ ਕੋਈ ਮਾੜੀ ਗੱਲ ਨੀਂ ਖੂਨਦਾਨ ਵੰਗੂ। ..ਘੁੱਦਾ
------------------------------------------------------------------------------------------------------------

ਪਤਾ ਕੀ ਗੱਲ ਆ। ਪਹਿਲਾਂ ਪਿੰਡ 'ਚ ਜੇ ਇੱਕ ਜਣਾ ਦੂਜੇ ਨੂੰ ਮਿਲਦਾ ਤਾਂ ਕੈਂਹਦਾ ਬੀ
ਜਰ ਜੇ ਕੱਲ੍ਹ ਨੂੰ ਵਿਹਲਾ ਤਾਂ ਨਰਮੇ 'ਚੋਂ ਕੱਖ ਈ ਕਢਾਦੇ ਜਾਂ ਪਾਣੀ ਪੂਣੀ ਲਵਾਦੇ ।
ਜਾਂ ਹੋਰ ਗੱਲਾਬਾਤਾਂ ਹੁੰਦੀਆਂ ਬੀ ਆਜੀਂ ਜਰ ਕੱਲ੍ਹ ਨੂੰ ਸਾਡੀ ਕੁੜੀ ਕੋਲੇ ਚੱਲਾਂਗੇ ਲੋਹੜੀ ਦੇਣ।
ਹੁਣ ਹਰੇਕ ਮੋਟਰਸੈਕਲ ਤੇ ਈ ਹੁੰਦਾ ਤੇ ਅਗਲਾ ਦੂਰੋਂ ਈ ਬੋਲ ਮਾਰਕੇ ਕਹਿ ਦੇਂਦਾ
ਬਾਈ ਓਏ ਫੇਹਬੁੱਕ ਤੇ ਫੋਟੋ ਪਾਈ ਆ , ਬਾਈ ਬਣਿਆ ਕਮੈਂਟ ਕਰਦੀਂ ਜਰ..ਘੁੱਦਾ
------------------------------------------------------------------------------------------------------------
ਨਿਕਿਆ ਕਿਰ ਮੂੰਹ ਚੱਕਿਆ?
ਜਨਾਬ ਪਿੰਡ ਨੂੰ
ਪਿੰਡ ਕਿਹੜਾ?
ਜਨਾਬ ਘੁੱਦਾ
ਕਿੱਥੇ ਜੇ ਆ ਸੋਡਾ ਘਰ?
ਜਨਾਬ ਛੱਪੜ ਦੇ ਸਾਹਮਣੇ
ਛੱਪੜ ਕਿੱਥੇ ਜੇ ਆ?
ਜਨਾਬ ਸਾਡੇ ਘਰ ਦੇ ਸਾਹਮਣੇ
ਓ..ਹੋ ਮੇਰਾ ਮਲਬ ਥੋਡਾ ਘਰ ਤੇ ਛੱਪੜ ਕਿੱਥੇ ਜੇ ਆ?
ਜਨਾਬ ਆਹਮੋ- ਸਾਹਮਣੇ
ਜਾ ਕਾਕਾ ਸ਼ਾਬਾਸ਼ੇ
------------------------------------------------------------------------------------------------------------
ਰਾਤ ਕੇ ਅੰਧੇਰੇ ਮੇਂ ਗੁਜ਼ਰ ਰਹਾ ਥਾ
ਮਹਿਬੂਬ ਕੀ ਗਲੀਓਂ ਸੇ ,ਬੇਖੌਫ ਥਾ ਜ਼ਮਾਨੇ ਸੇ
ਜ਼ਰਾ ਮੁੜਕਰ ਦੇਖਾ ਤੋਂ ਦਿਲ ਸੇ ਯੇਹ ਅਵਾਜ਼ ਆਈ
"ਭੱਜਲਾ ਭੈਣਦੇਣਿਆ ਕਤੀੜ ਓਏ..ਲਗੇ ਲਗੇ ਲਗੇ ਸ਼ ਸ਼ ਸ਼ ਸ਼"
------------------------------------------------------------------------------------------------------------
ਕਹਿਣ ਨੂੰ ਜੀਅ ਤਾਂ ਨੀਂ ਕਰਦਾ ਪਰ ਮੱਲੋ-ਜੋਰੀ ਗੱਲ ਕਰਨੀ ਪੈਂਦੀ ਆ। ਜਦੋਂ ਨੂੰ ਫੇਸਬੁੱਕ ਖੋਲ੍ਹੀ ਦੀ ਆ
ਕੁਛ ਬੰਦੇ ਐਹੇ ਜੀਆਂ ਫੋਟਮਾਂ 'ਚ ਟੈਗ ਕਰੀ ਬੈਠੇ ਹੁੰਦੇ ਨੇ ਬੀ "ਕਸ਼ਮੀਰ ਹਮਾਰਾ ਹੈ, ਗੋ ਇੰਡੀਆ ਗੋ ਬੈਕ"
ਓਤੋਂ ਐਹੇ ਜੀਆਂ ਫੋਟਮਾਂ ਤੇ ਹਜ਼ਾਰਾਂ ਕਮੈਂਟ ਹੁੰਦੇ ਨੇ ਇੱਕ ਆਖੂ ਹਿੰਦੋਸਤਾਨ ਜਿੰਦਾਬਾਦ ਤੇ ਥੱਲੇ ਦੂਜੇ ਦਾ ਕਮੈਂਟ ਹੁੰਦਾ
ਹਿੰਦੋਸਤਾਨ ਮੁਰਦਾਬਾਦ । ਨਾਲੇ ਮਾਵਾਂ ਭੈਣਾਂ ਦੀਆਂ ਡਰੈਕਟ ਗਾਲ੍ਹਾਂ ਕੱਢੀਆਂ ਵੀਆਂ ਹੁੰਦੀਆਂ।
ਕੁਸ ਆਖਣਗੇ ਜੀ ਖਾਲਿਸਤਾਨ ਚਾਹੀਦਾ ਕੁਸ ਆਖਣਗੇ ਨਾ ਜੀ ਨਾ ਜਮੀਂ ਨੀ।
ਨਾ ਤਾਂ ਖਾੜਕੂ ਸ਼ਹੀਦ ਬਾਬਾ ਮਾਨੋਚਾਹਲ ਦੇ ਟੱਬਰ 'ਚੋਂ ਕੋਈ ਹੁਣ ਖਾਲਿਸਤਾਨ ਦੀ ਮੰਗ ਕਰਦਾ ਤੇ ਨਾਂ ਈ
ਜਿਹੜਾ ਪੁਲਸ ਅਪਸਰ ਠੋਕਿਆ ਸੀ ਨਾਲੇ ਕਹਿੰਦਾ ਸੀ ਤੁਸੀਂ ਗੋਬਿੰਦ ਸਿੰਘ ਨੂੰ ਭੁੱਲਜੋਗੇ ਗੋਬਿੰਦ ਰਾਮ ਨੂੰ ਚੇਤੇ ਰੱਖੋਗੇਂ
ਨਾ ਉਹਦੇ ਟੱਬਰ 'ਚੋਂ ਕੋਈ ਖਾਲਿਸਤਾਨ ਦਾ ਵਿਰੋਧ ਕਰਦਾ।
ਏਹਦਾ ਵਿਰੋਧ ਤੇ ਮੰਗ ਕਰਨ ਕਰਨ ਆਲੇ ਵੀ ਕੱਲੇ ਫੇਸਬੁੱਕੀਏ ਈ ਨੇ
ਬੱਡੇ ਬਾਈ ਲਿਖਤਾਂ ਨਾ ਨੀਂ ਕਦੇ ਇੰਕਲਾਬ ਆਉਦਾਂ ਕਈ ਕਲਮਾਂ ਨੂੰ ਹਥਿਆਰ ਸਮਝੀ ਬੈਠੇ ਨੇ।
ਧਰਨੇ ਲਾਉਣ ਆਲੇ ਬਾਬਿਆਂ ਦੇ ਝੁੱਗਿਆਂ ਨੂੰ ਧੁੱਪ ਨਾ ਸੜਕਾਂ ਤੋਂ ਪਿਘਲਕੇ ਲੁੱਕ ਲੱਗ ਜਾਂਦੀ ਆ।
ਰੇਲਾਂ ਦੀਆਂ ਤੱਤੀਆਂ ਪੱਟੜੀਆਂ ਤੇ ਬਹਿਕੇ ਪਿੱਛਿਆਂ ਤੇ ਛਾਲੇ ਹੋ ਜਾਂਦੇ ਨੇ। ਇੰਕਲਾਬ ਕੋਈ ਕੁਰਕਰਿਆਂ ਦਾ ਪੈਕਟ ਨੀਂਗਾ।
ਸਤਿਆ ਬੰਦਾ ਫੇਸਬੁੱਕ ਤੇ ਆਉਂਦਾ ਮਨਰੰਜਨ ਖਾਤਰ ਅੱਗੇ ਫੇਸਬੁੱਕ ਨੂੰ ਜੰਤਾ ਨੇ ਚੰਡੀਗੜ੍ਹ ਦਾ ਮਟਕਾ ਚੌਂਕ ਬਣਾਤਾ
ਬਾਈ ਬਣਿਆ ਦਸ ਮਿੰਟ ਚੌੜ ਚੂੜ ਕਰ ਲਿਆ ਕਰੋ ਜਰ ਡਾਂਗਾਂ ਤੂੜੀ ਆਲੇ ਰੱਖਦੋ ਲਕੋਕੇ....ਘੁੱਦਾ
------------------------------------------------------------------------------------------------------------
ਮਰਨੇ ਜਾ ਰਹਾ ਥਾ
ਲੇਕਿਨ ਕੰਬਖਤ ਦੁਨੀਆਂ ਨੇ ਰੋਕ ਲੀਆ
ਔਰ ਏਕ ਆਦਮੀ ਨਜ਼ਦੀਕ ਆਕਰ ਬੋਲਾ
"ਭੈਣ ਦਿਆ ਬੀਰਾ ਪਹਿਲਾਂ ਪੰਜਾਹ ਰਪੀਏ ਮੋੜ ਮੇਰੇ
ਫੇਰ ਭਮਾਂ ਦੀ ਛਾਲ ਮਾਰੀਂ ਢੱਠੇ ਖੂਹ 'ਚ"
------------------------------------------------------------------------------------------------------------
ਬਾਈ ਜਰ ਟਰੈਲੀ ਬੈਕ ਲਵਾਈਂ ਬਾਈ ਬਣਕੇ
ਠੀਕ ਆ ਲਿਆ ਬੈਕ
ਕੱਟੀ ਆ , ਕੱਟੀ ਆ
ਓਏ ਓਏ ਕੱਟੀ ਆ , ਕੱਟੀ ਆ
ਓਏ ਖਸਮਾ ਕੱਟੀ ਆ
ਬਸ ਓਏ ਰੋਕਲਾ ਹੁਣ ਕੱਟੀ ਮਾਰਤੀ ਤੂੰ ਤਾਂ
ਤੂੰ ਆਪ ਈ ਤਾਂ ਕਿਹਾ ਸੀ ਕੱਟੀ ਆ ਕੱਟੀ ਆ
ਭੈਣਦੇਣਿਆ ਮੈਂ ਤਾਂ ਕਹਿੰਦਾ ਸੀ ਪਿੱਛੇ ਮੱਝ ਆਲੀ ਕੱਟੀ ਆ
ਭਲੇਖੇ ਭਲੇਖੇ 'ਚ ਈ ਮਾਰਤੀ ਕੱਟੀ ਕੰਜਦਿਆਂ ਨੇ
-----------------------------------------------------------------------------------------------------------
ਚੱਲ ਉਂ ਆਪਾਂ ਤਾਂ ਕੀ ਲੈਣਾ ਅਗਲਾ ਆਖੂ ਆਹਾ ਘਲੱਕ ਬਾਹਲੀ ਠਰਕ ਭੋਰਦਾ ਬਾਹਲਾ ਬੁੱਧੀਜੀਵੀ ਬਣਦਾ ਘਰੇ ਰੋਟੀ ਖੌਣੀ ਮਿਲਦੀ ਕਿ ਨਹੀਂ ਪਰ ਗੱਲ ਕੀਤੇ ਬਿਨ੍ਹਾਂ ਰਿਹਾ ਵੀ ਨੀਂ ਜਾਂਦਾ ।
ਜੋਗੇ ਬੰਨੀਂ ਗਾਂਈਆਂ ਮਾਰਤੀਆਂ ਅਗਲਿਆਂ ਨੇ । ਸਿੱਖ ਭਾਈਚਾਰੇ ਆਲੀ ਆਪਣੀ ਦਾ ਜੰਤਾ ਟੀਕੇ ਟਿੱਪਣੀ ਤੇ ਜ਼ੋਰ ਬੀ ਅਖੇ ਏਹਨਾਂ ਦੀ ਯਾਦਗਾਰ ਕਾਹਤੋਂ ਬਣਾਉਣੇ ਆ ਤੁਸੀਂ। ਜਰ ਬਣਾਉਣਗੇ ਅਗਲੇ ਯਾਦਗਾਰ ਤੁਸੀਂ ਕੀ ਦੱਸੋ ਮੋਘੇ 'ਚ ਇੱਟ ਲਾਦੋਂਗੇ।
ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹਨ੍ਹਾਂ ਦਾ ਕਿਤੇ ਹਰਿਆਣੇ ਆਲੇ ਝੀਡੇ ਅਰਗਿਆਂ ਨਾ ਰੌਲਾ ਪਿਆ ਰਹਿੰਦਾ ਕਿਤੇ ਮੱਕੜ ਅਰਗੇ ਕਹਿਣਗੇ ਸਰਨੇ ਦਾ ਸਿਰ ਪਾੜਦਾਂਗੇ। ਬਾਕੀ ਰਹਿੰਦੀ ਜੰਤਾ ਦਸਮ ਗ੍ਰੰਥ ਦੇ ਮੁੱਦੇ ਤੇ ਜੁੰਡੋ ਜੁੰਡੀ ਹੋਈ ਜਾਂਦੀ ਆ।
ਕੇਰਾਂ ਜੇ ਪ੍ਰੋ. ਦਰਸ਼ਨ ਨੂੰ ਪੰਥ 'ਚੋਂ ਛੇਕਤਾ ਸੀ ਉਦੋਂ ਵੀ ਦੋ ਧੜੇ ਬਣਗੇ ਸੀ।
ਤਲਵੰਡੀ ਸਾਬੋ ਨਹਿੰਗਾਂ ਦੀ ਛਾਉਣੀ ਆ ਏਹਵੀ ਆਪਸ 'ਚ ਈ ਗੋਲੀ ਚਲਾ ਦੇਂਦੇ ਨੇ। ਪਿੱਛੇ ਜੇ ਵਾਹਵਾ ਮਰਗੇ ਸੀ।
ਨਾਨਕਸਰ ਆਲੇ ਨੇ ਪੂਰੇ ਰੱਜਕੇ ਖੇਖਣ ਕਰਦੇ ਆ ਅਗਲੇ ਕੀ ਕਰਲੂ ਕੋਈ।
ਹਜ਼ੂਰ ਸੈਹਬ ਕੇਰਾਂ ਪ੍ਰੋਗਰਾਮ ਸੀ ਮਾਨ ਸਿੰਘ ਪਿਹੋਵੇ ਆਲ਼ੇ ਨੇ ੩੦੦ ਤਰ੍ਹਾਂ ਦੇ ਪਕਵਾਨਾਂ ਦਾ ਲੰਗਰ ਲਾਇਆ ਸੀ। ਹੁਣ ਉਸੇ ਮਾਨ ਸਿੰਘ ਦੀ ਫੋਟੋ ਛਪੀ ਆ , ਅਗਲਾ ਲੱਤਾਂ 'ਚ ਜਨਾਨੀ ਲਈ ਬੈਠਾ। ਫੜ੍ਹਲੋ ਕੀ ਫੜ੍ਹਨਾ ।
ਕੇਰਾਂ ਇੱਕ ਗ੍ਰੰਥੀ ਫੜ੍ਹਿਆ ਗੁਰੂ ਸਾਹਬ ਦੀ ਹਜ਼ੂਰੀ 'ਚ ਮਬੈਲ ਤੇ ਦੂਜੀ ਫਿਲਮ ਦੇਖੀ ਜਾਂਦਾ ਸੀ।
ਕੇਰਾਂ ਸਾਡੇ ਘਰਦੇ ਤਲਵੰਡੀ ਗਏ ਕਹਿੰਦੇ ਜੀ ਪਾਠ ਕਰਾਉਣਾ । ਬਾਬੇ ਕਹਿੰਦੇ ਪੰਤਾਲੀ ਸੌ ਜਮਾਂ ਕਰਾਜੋ ਤੇ ਫਲਾਣੇ ਦਿਨ ਭੋਗ ਦੇ ਟੈਮ ਤੇ ਆਜਿਓ। ਵੇਚਤੀ ਬਾਣੀ।
ਢੱਡਰੀਆਂ ਆਲ਼ੇ ਅਰਗੇ ਨੇ ਅੱਡੋ ਅੱਡੀ ਗੁਰਦਆਰੇ ਏਹ ਬਣਾਈ ਬੈਠੇ ਨੇ । ਲੇਡੀ ਗਾਗਾ ਅੰਗੂ ਚੜ੍ਹਾਈ ਆ ਬਈ ਅਗਲਿਆਂ ਦੀ।
ਜਗਤਾਰ ਸਿੰਘ ਹਵਾਰਾ , ਭਿਉਰਾ, ਪ੍ਰੋਂ. ਭੁੱਲਰ ਤੇ ਰਾਜੋਆਣਾ ਏਹ ਗਰਮ ਖਿਆਲੀ ਗੱਭਰੂਆਂ ਦੇ ਰੋਲ ਮਾਡਲ ਨੇ।
ਪਰ ਕੱਲ ਪਰਸੋਂ ਪਰਮਜੀਤ ਸਿੰਘ ਭਿਉਰਾ ਦੀ ਚਿੱਠੀ ਆਈ ਆ ਕਹਿੰਦੇ ਬੀ ਜਿਹੜੇ ਰਾਜੋਆਣਾ ਸਾਹਬ ਨੇ ਇਹ ਬੰਦਾ ਟੋਟਲੀ ਗਲਤ ਆ।
ਕੋਈ ਸਮਝ ਨੀਂ ਆਉਂਦੀ ਬੀ ਏਹੇ ਗਰਾਰੀ ਕੀ ਆ ਹੁਣ।
ਸ਼ਹੀਦ ਖਾੜਕੂਆਂ ਦੇ ਬੱਚੇ ਪਾਲਣ ਖਾਤਰ ਇੱਕ ਅੰਬਰਸਰ ਨੇੜੇ ਹੋਸਟਲ ਆ , ਉਹ ਖਾਲਸਾ ਫਤਹਿਨਾਮਾ ਮੈਗਜ਼ੀਨ ਛਾਪਦੇ ਨੇ
ਇੱਕ ਹੋਰ ਗਰੁੱਪ ਸ਼ਮਸ਼ੀਰ ਏ ਦਸਤ ਮੈਗਜ਼ੀਨ ਛਾਪਦੇ ਨੇ, ਇਹ ਦੋਹੇਂ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰੀ ਜਾਂਦੇ ਨੇ।
ਹੋਰ ਵੀ ਬਾਹਲੀਆਂ ਉਦਾਹਰਨਾਂ ਨੇ।
ਹੁਣ ਤਾਂ ਪੀੜ੍ਹੀ ਹੇਠਾਂ ਸੋਟਾ ਮਾਰਨ ਦਾ ਵੀ ਕੋਈ ਫੈਦਾ ਨੀ ਵਾਣ ਤਾਂ ਉੱਧੜ ਗਿਆ ਬਾਹੀਆਂ ਤੇ ਪਾਵੇ ਈ ਰਹਿਗੇ.ਘੁੱਦਾ
------------------------------------------------------------------------------------------------------------

ਪਹਿਲਾ ਨੌਹਣ ਦਾਈ ਦਾ
ਜਦੋਂ ਦੁਨੀਆਂ ਤੇ ਆਈ ਦਾ
ਦੂਜਾ ਨੌਹਣ ਨਾਈ ਦਾ
ਜਦੋਂ ਚੋਬਰ ਵਿਆਈਦਾ
ਤੀਜਾ ਨੌਹਣ ਭਾਈ ਦਾ
ਜਦੋਂ ਦੁਨੀਆਂ ਤੋਂ ਜਾਈਦਾ
------------------------------------------------------------------------------------------------------------

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਟੈਮ ਦੀ ਗੱਲ ਆ। ਸੁਣੀ-ਸੁਣਾਈ ਆ। ਪਤਾ ਨੀਂ ਸੱਚ ਆ ਕਿ ਉਂਈ ਬਜ਼ੁਰਗਾਂ ਦਾ ਟੋਟਕਾ ਘੜਿਆ ਵਾ।
ਕੇਰਾਂ ਕਹਿੰਦੇ ਕਿਸੇ ਪਿੰਡ 'ਚ ਕੋਈ ਮਰਾਸੀ ਸੀ । ਜੰਤਾ ਨੂੰ ਬਾਹਲੀਆਂ ਝੇਹਡਾਂ ਕਰਿਆ ਕਰੇ , ਕਿਸੇ ਨੂੰ ਗੱਲ ਨਾ ਕਰਨ ਦਿਆ ਕਰੇ, ਪੜੱਕ ਦਿਨੇ ਹਜ਼ਾ ਲਾਹ ਦਿਆ ਕਰੇ ਅਗਲੇ ਦਾ। ਪਿੰਡ ਦੇ ਲੋਕ ਕਹਿੰਦੇ ਬੀ ਜਰ ਗੱਲਾਂ ਤਾਂ ਵਾਕਏ ਈ ਤੈਨੂੰ ਬਾਹਲੀਆਂ ਆਉਂਦੀਆਂ ਪਰ ਤੈਨੂੰ ਤਾਂ ਮੰਨੀਏ ਜੇ ਤੂੰ ਮਹਾਰਾਜੇ ਰਣਜੀਤ ਸਿੰਘ ਨੂੰ ਉਹਦੇ ਮੂੰਹ ਤੇ ਕਾਣਾ ਕਹਿੰਦੇ।
ਚੌੜ ਚੌੜ 'ਚ ਮਰਾਸੀ ਨੇ ਸ਼ਰਤ ਲਾਲੀ।
ਸਾਰੀ ਰਾਤ ਮਰਾਸੀ ਨੇ ਉੱਸਲਵੱਟੇ ਲੈ ਲੈ ਟਪਾਈ ਬੀ ਮਾਰਤੇ ਜੇ ਰਾਜੇ ਨੂੰ ਮੂੰਹ ਤੇ ਕਾਣਾ ਕਹਿਤਾ ਤਾਂ ਅਗਲੇ ਮਾਰ ਮਾਰ ਡਾਕੀਏ ਦੇ ਸੈਕਲ ਅਰਗਾ ਮੂੰਹ ਕਰ ਦੇਣਗੇ ਜੇ ਕਾਣਾ ਨਾ ਕਿਹਾ ਫਿਰ ਲੋਕਾਂ 'ਚ ਨੱਕ ਨੀਂ ਰੈਂਹਦਾ।
ਲਉ ਜੀ ਅਗਲੇ ਦਿਨ ਮਰਾਸੀ ਢਿੱਲਾ ਜਾ ਮੂੰਹ ਕਰਕੇ ਦਰਬਾਰ 'ਚ ਜਾਵੜਿਆ । ਮਹਾਰਾਜੇ ਨੇ ਪੁੱਛਿਆ ਬੀ ਕੀ ਗੱਲ ਹੋਗੀ ਐਂ ਮੂੰਹ ਲਮਕਾਇਆ?
ਮਰਾਸੀ ਕਹਿੰਦਾ ਜੀ ਥੋਡੇ ਸਹੁਰੇ ਘਰੇ ਗਿਆ ਸੀ ਥੋਡੀ ਸਾਲੀ ਮੈਨੂੰ ਬਿੰਦੇ ਝੱਟੇ ਆਖਿਆ ਕਰੇ ਸਾਡਾ ਜੀਜਾ ਕਾਣਾ, ਸਾਡਾ ਜੀਜਾ ਕਾਣਾ ।
ਕਹਿੰਦਾ ਮੈਨੂੰ ਬਾਹਲਾ ਗੁੱਸਾ ਆਇਆ ਥੋਡੀ ਸਾਲੀ ਤੇ
ਰਾਜਾ ਕਹਿੰਦਾ ਕੋਈ ਨਾ ਨਿੱਕੀ ਸਾਲੀ ਆ ਤਾਂ ਕਰਕੇ ਚੌੜ ਕਰਦੀ ਆ।
ਜਾ ਤੂੰ ਜਾਵੜਾ ਘਰੇ ।
ਸ਼ਰਤ ਲੈ ਗਿਆ ਮਰਾਸੀ ਬਹਿਜਾ ਬਹਿਜਾ ਹੋਗੀ ਜੰਤਾ 'ਚ।....ਘੁੱਦਾ
------------------------------------------------------------------------------------------------------------

ਆਜ ਫਿਰ ਜੁੜੀ ਥੀ ਮਹਿਫਲ , ਵੋਹੀ ਸੁਹਾਣੀ ਸ਼ਾਮ ਮੇਂ
ਹਾਥੋਂ ਮੇਂ ਜਾਮ ਥੇ ਯਾਦੋਂ ਕਾ ਸਾਇਆ ਥਾ
ਕੰਬਖਤ ਦੋਸਤੋ ਨੇ ਤੁਮਾਰਾ ਜ਼ਿਕਰ ਛੇੜ ਲੀਆ
ਪੂਛਨੇ ਲਗੇ ਕਹਾਂ ਹੈ ਤੇਰੇ ਸੁਪਨੋਂ ਕੀ ਮਲਿਕਾ
ਮੱਲੋ ਜੋਰੀ ਮੇਰੀ ਆਂਖੇ ਨਮ ਹੋ ਗਈ
ਔਰ ਦਿਲ ਪੇ ਪੱਥਰ ਰੱਖਕੇ ਮੈਨੇ ਸਭੀ ਕੋ ਬੋਲ ਦੀਆ
ਕੰਜਦਿਓ ਕਿਓਂ ਨਜੈਜ਼ ਟੈਮ ਚੱਕਿਆ ਜਰ , ਅਗਲੀ ਦੇ ਦੋ ਜਵਾਕ ਵੀ ਹੋਗੇ
------------------------------------------------------------------------------------------------------------

ਮਾਰਤੇ ਭੈਣ ਦਿਆਂ ਬੀਰਾਂ ਨੇ HARPIC ਆਲਿਆਂ ਨੇ
ਤੜਕੇ ਆਥਣੇ ਬੰਦਾ ਰੋਟੀ ਖਾਣ ਲੱਗਿਆ ਦਸ ਮਿੰਟ ਟੀ.ਵੀ ਲਾ ਲੈਂਦਾ ਨਾਲ ਬੀ ਚਲ ਕੋਈ ਗੀਤ ਗੱਪਾ ਸੁਣ ਲੀਏ
ਓਧਰੋਂ ਤਾਂ ਬੰਦਾ ਮੂੰਹ 'ਚ ਬੁਰਕੀ ਪਾਉਣ ਲੱਗਦਾ ਓਧਰੋਂ ਭੈਣਦੇਣਾ ਟੋਪੀ ਜੀ ਆਲਾ ਭਾਈ harpic ਦੀ ਲੀਲੀ ਜੀ
ਬੋਤਲ ਚਾਕੇ ਜਨਾਨੀ ਲੈਕੇ ਜੰਗਲਖਾਣੇ 'ਚ ਵੜਜੂ
ਆਪ ਬੀ ਅਜ਼ਮਾਈਏ harpic ਚੈਲਿੰਜ
ਸਿਆਣੇ ਕਹਿੰਦੇ ਜੀਹਨਾਂ ਸੁੱਥਣਾਂ ਸਵਾਈਆਂ ਉਹਨ੍ਹਾਂ ਮੂਤਣ ਨੂੰ ਵੀ ਰਾਹ ਰੱਖੇ ਹੁੰਦੇ ਨੇ
ਬੀ harpic ਤੋਂ ਪਹਿਲਾਂ ਕਾਹਨੂੰ ਲੋਕ ਸਫਾਈਆਂ ਕਰਦੇ ਸੀ
ਬੰਦਾ ਪੁੱਛੇ ਹੋਰ ਕਾਸੇ ਦੀ ਮਸ਼ੂਹਰੀ ਕਰਲੋ ਜਰ ਕੋਈ ਜੰਤਾ ਦਾ ਖਾਣਾ ਦੁੱਭਰ ਕੀਤਾ
ਯੱਦੇ ਐਡਵਰਟਾਈਜ਼ਿੰਗ ਦੇ....ਘੁੱਦਾ
------------------------------------------------------------------------------------------------------------

ਵਾਹਵਾ ਟੈਮ ਦੀ ਗੱਲ ਆ। ਕੇਰਾਂ ਏਮੇਂ ਜਿਮੇਂ ਕਾਲਜੋਂ ਮਨਾਲੀ ਜਾਵੜੇ ਹਿਮਾਚਲ ਪ੍ਰਦੇਸ਼ 'ਚ।
ਆਥਣੇ ਜੇ ਸੱਤੇ ਅੱਠੇ ਜਣੇ ਅਸੀਂ ਮਨਾਲੀ ਦੀ ਮਾਲ ਰੋਡ 'ਤੇ ਘੁੰਮੀ ਜਾਈਏ । ਓੱਥੇ ਜਾਦੂਗਰ ਦੀ ਦੁਕਾਨ ਸੀ ਇੱਕ। ਉਹਦੇ ਕੋਲ ਸਿਗਰਟਾਂ ਸੀ ਜਾਦੂ ਆਲ਼ੀਆਂ ,ਸੂਤਾ ਮਾਰੇ ਤੋਂ ਧੂੰਆਂ ਤਾਂ ਕੱਢਦੀਆਂ ਸੀ ਪਰ ਊਂ ਨਕਲੀ ਸੀ। ਨਿਕੋਟੀਨ ਹੈਨੀ ਸੀ ਉਹਨ੍ਹਾਂ 'ਚ"
ਕੋਟਕਪੂਰੇ ਆਲੇ ਕਰਨ ਬਾਈ ਨੇ ਤੇ ਗੁਰੂਗਰਸਹਾਏ ਆਲੇ ਅੰਕੁਸ਼ ਝੰਡੇ ਨੇ ਉਹੋ ਸਿਗਟਾਂ ਲੈਲੀਆਂ ਤੇ ਸੂਤੇ ਲਾਉਣ ਲਾਗੇ।
ਸੜਕ ਦੇ ਦੂਏ ਪਾਸੇ ਪੁਲਸੀਏ ਖੜ੍ਹੇ ਸੀ , ਨਾਲ ਦੀ ਨਾਲ ਆਗੇ ਚਲਾਣ ਕੱਟਣ । ਅਸੀਂ ਦੱਸਤਾ ਬੀ ਏਹਤਾਂ ਨਕਲੀ ਨੇ ਫੇਰ ਖਹਿੜਾ ਛੱਡਿਆ।
ਦੂਜੇ ਪਾਸੇ ਪੰਜਾਬ 'ਚ ਕੁੜੀ ਦਾ ਖਸਮ ਜਮਾਂ ਲੰਡੂ ਬੰਦਾ ਮੈਲੇ ਜੇ ਗੀਝੇ 'ਚੋਂ ਬੀੜੀ ਕੱਢਕੇ ਦਸ ਬੰਦਿਆਂ ਵਿਚਾਲੇ ਖੜ੍ਹਕੇ ਪੀਂਦਾ।ਸੜਾ ਧੂੰਆਂ ਨੱਕ ਥਾਣੀਂ ਹੋਕੇ ਸਿੱਧਾ ਮਗਜ਼ ਨੂੰ ਚੜ੍ਹਦਾ। ਕਈ ਨਿੱਕੇ ਤਾਂ ਕੁੜੀਆਂ ਇੰਮਪ੍ਰੈਸ ਕਰਨ ਖਾਤਰ ਸਿਗਟਾਂ ਪੀਦੇਂ ਨੇ ਬੀ ਖੌਣੀ ਸ਼ੈਹਰੂ ਖਾਨ ਆਲ਼ੀ ਫੀਲਿੰਗ ਲੈ ਕੇ ਈ ਨਿੱਕੀ ਫਸਜੇ ।
ਮਨਾਲੀ ਕੋਈ ਵੀ ਚੀਜ਼ ਖ੍ਰੀਦੀਏ ਅਖਬਾਰ ਦੇ ਬਣਾਏ ਲ਼ਫਾਫੇ 'ਚ ਪਾਕੇ ਦੇਂਦੇ ਸੀ। ਮੁੱਕਦੀ ਗੱਲ ਮੋਮੀਜਾਮੇ ਤਾਂ ਉੱਥੇ ਵੇਖਣ ਨੂੰ ਵੀ ਹੈਨੀ ਸੀ।
ਦੂਏ ਪਾਸੇ ਪੰਜਾਬ 'ਚ ਲਫਾਫਿਆਂ ਤੇ ਪਾਬੰਦੀ ਲਾਕੇ ਸਰਕਾਰ ਨੇ ਆਵਦੀ ਮੋਹਰ ਲਾਕੇ ਨਮੇਂ ਲਫਾਫੇ ਜਾਰੀ ਕਰਤੇ। ਚਾਰ ਕੁ ਦਿਨ ਤਾਂ ਰੇੜ੍ਹੀਆਂ ਆਲ਼ੇ ਬਹੁਤ ਕੁੱਟੇ ਪੁਲਸ ਨੇ ਬੀ ਸਾਲਿਓ ਲਫਾਫੇ ਰੱਖਦੋਂ ਓਂ। ਮੁੜ ਘੁੜ ਕੇ ਬੋਤੀ ਫੇਰ ਬੋਹੜ ਥੱਲੇ ਆਗੀ। ਵਾਧੂ ਲਫਾਫੇ ।
ਹੁਣ ਖਬਰ ਆਈ ਆ ਕਹਿੰਦੇ ਪੰਜਾਬ 'ਚੋਂ ਜਰਦਾ ਖਤਮ ਕਰ ਦੇਣਾ ਮਲਬ ਬੀ ਤੰਬਾਕੂ ਨੀਂ ਕਿਸੇ ਨੂੰ ਵਰਤਣ ਦੇਣਾ।
ਬੰਦਾ ਪੁੱਛੇ ਪਹਿਲਾਂ ਬੀੜੀਆਂ ਤੇ ਲਫਾਫਿਆਂ ਆਲ਼ਿਆਂ ਨੂੰ ਤਾਂ ਰੁਪਈਆ ਧਰਦੋ ਮੁੜਕੇ ਜਰਦੇ ਆਲਿਆਂ ਨੂੰ ਸ਼ਗਨ ਪਾਦਿਓ।
ਬੱਸ ਆਹੀ ਫਰਕ ਪਉਗਾ ਹੁਣ ਜਰਦਾ ਵੇਚਣ ਆਲਿਆਂ ਨੂੰ ਲਫਾਫਾ ਫੈਕਟਰੀਆਂ ਅੰਗੂ ਮਹੀਨਾ ਭਰਨਾ ਪਿਆ ਕਰੂਗਾ।
ਮੁੱਕਦੀ ਗੱਲ ਜੰਤਾ ਦਾ ਫੁੱਦੂ ਖਿੱਚਣਾ ਜਰ ਕਿਸੇ ਲੋਟ ਮਰਜ਼ੀ ਖਿੱਚੀ ਜਾਣ.....ਘੁੱਦਾ
------------------------------------------------------------------------------------------------------------

ਮੁੜ ਮੁੜ ਓਹੀ ਗੱਲਾਂ। ਸਿਆਣੇ ਕਹਿੰਦੇ ਬੀ ਕਈ ਲੋਕ ਮੱਖੀ ਅਰਗੇ ਹੁੰਦੇ ਨੇ ਸਾਰਾ ਸਰੀਰ ਛੱਡਕੇ ਜਾਕੇ ਜਖਮ ਤੇ ਬਹਿੰਦੇ ਨੇ।
ਗੱਲ ਬੀ ਜਮਾਂ ਸਹੀ ਆ। ਕੁੜੀ ਦਾ ਰਿਸ਼ਤਾ ਲੱਭਣ ਲੱਗੇ ਲੋਕੀਂ ਏਹੀ ਦੇਂਹਦੇ ਨੇ ਬੀ ਜ਼ਮੀਨ ਭਮਾਂ ਦੀ ਦੋ ਕਿੱਲੇ ਘੱਟ ਹੋਵੇ ਪਰ ਮੁੰਡੇ ਨੂੰ ਕੋਈ ਬੈਲ ਨਾ ਹੋਵੇ ਮਲਬ ਨਸ਼ਾ ਪੱਤਾ ਨਾ ਹੋਵੇ। ਬੁਲਾਰੇ ਆਖਣਗੇ ਜੀ ਪੰਜਾਬ 'ਚ ਛੇਮਾਂ ਦਰਿਆ ਵਗਦਾ ਨਸ਼ਿਆਂ ਦਾ।
---ਮੁੱਕਦੀ ਗੱਲ ਪੰਜਾਬੀਆਂ ਦੇ ਮੱਥੇ ਤੇ ਫਲੈਕਸ ਬੋਰਡ ਲਾਤਾ ਬੀ ਨਸ਼ੇ ਕਰਦੇ ਨੇ। ਮੰਨੋ ਭਾਮੇਂ ਨਾ ਮੰਨੋ ਅੱਜ ਕੱਲ੍ਹ ਨਮੀਂ ਪਨੀਰੀ ਨਸ਼ਿਆਂ ਬੰਨੀਂ ਬਹੁਤ ਘੱਟ ਜਾਂਦੀ ਆ । ਕਾਲਜ ਵੇਲੇ ਅਸੀਂ ਅੱਠ ਜਣੇ ਹੁੰਦੇ ਸੀ। ਸਿਗਟਾਂ ਦਾਰੂ ਆਲ਼ੇ ਦੇ ਕਦੇ ਲਿਵੇ ਨੀਂ ਗਏ। ਪਿੰਡ 'ਚ ਜਿੰਨੇ ਲਿਹਾਜ਼ੀ ਨੇ ਮੇਰੇ ਕੋਈ ਨਸ਼ੇ ਪੱਤੇ ਆਲਾ ਹੈਨੀ।
---ਦੂਜੀ ਗੱਲ ਮੀਡੀਆ ਆਖੂ ਬੇੜਾ ਗਰਕ ਗਿਆ ਬਾਈ ਅੱਜ ਕੱਲ੍ਹ ਮੁੰਡੇ ਕੁੜੀਆਂ ਦੇ ਨਜੈਜ਼ ਸੰਬੰਧ ਬਹੁਤ ਬਣਗੇ। 1989-90 'ਚ ਚੰਡੀਗੜ੍ਹ ਦਾ ਸਰਵੇ ਹੋਇਆ ਸੀ । ਓਦੋਂ ਓੱਥੇ 50 ਪਰਸੈਂਟ ਕਵਾਰੀਆਂ ਕੁੜੀਆਂ ਪਰੈਗਨੈਂਟ ਸੀਗੀਆਂ। ਅੱਜ ਕੱਲ੍ਹ ਐਹੇ ਜਾ ਕੇਸ ਵਿਰਲਾ ਹੁੰਦਾ।
---------ਮਿਉਜ਼ਿਕ ਡਰੈਕਟਰ ਹਨੀ ਸਿੰਘ। ਮੈਨੂੰ ਦੀਂਹਦੀ ਹਨੀ ਸਿੰਘ ਅਰਗਾ ਮਿਓਜਿਕ ਕੋਈ ਦੇ ਈ ਨਹੀਂ ਸਕਦਾ। ਘਟੀਆ ਸ਼ਬਦਾਵਲੀ ਵਰਤਣੇ ਕਰਕੇ ਬਦਨਾਮ ਹੋ ਗਿਆ। ਜੇ ਸਹੀ ਗੀਤਾਂ ਨੂੰ ਮਿਓਜਿਕ ਦੇਵੇ । ਅੱਤ ਦੀ ਕਲਾ ਆ ਉਹ ਬੰਦੇ 'ਚ
---ਇੱਕ ਆਖਣਗੇ ਜੀ ਹਰਭਜਨ ਮਾਨ ਨੂੰ ਐਕਟਿੰਗ ਨੀਂ ਆਉਂਦੀ, ਅਖੇ ਬੱਬੂ ਮਾਨ ਵੀ ਫੁੱਦੂ ਆ। ਜੇ ਪੰਜਾਬੀ ਸਿਨੇਮਾ ਪੈਰਾਂ ਸਿਰ ਹੋਇਆ ਤਾਂ ਏਹਨਾਂ ਕਲਾਕਾਰਾਂ ਨੇ ਈ ਕੀਤਾ। ਕਿਸੇ ਦੇ ਵਿਆਹ 'ਚ ਪਕੌੜੇ ਖਾਂਦੇ ਹੋਈਏ ਤੇ ਓਤੋਂ ਮੂਵੀ ਆਲ਼ਾ ਆਜੇ ਤਾਂ ਪਕੌੜਾ 'ਗਾਹਾਂ ਨੀਂ ਟੱਪਦਾ। ਨਿੱਕਿਆ ਕੈਮਰਾ ਦਾ ਸਾਹਮਣਾ ਕਰਨਾ ਬਹੁਤ ਵੱਡੀ ਗੱਲ ਆ
-----ਆਖਣਗੇ ਜੀ ਪਾਣੀ ਦਾ ਪੱਧਰ ਘੱਟ ਗਿਆ। ਸੋਕੇ ਦੇ ਹਾਲਾਤ ਹੋਗੇ। ਚੱਲ ਪਾਣੀ ਦੀ ਦੁਰਵਰਤੋਂ ਤਾਂ ਗਲਤ ਆ। ਐਮੇਂ ਨਜ਼ੈਜ਼ ਆਖੀ ਜਾਣਗੇ ਪਾਣੀ ਮੁੱਕਣ ਆਲ਼ਾ ਪੰਜਾਬ 'ਚ। ਪਿਛਲੇ ਤਿੰਨ ਕੁ ਸਾਲਾਂ 'ਚ ਐਨਾ ਕ ਮੀਂਹ ਪਿਆ ਬੀ ਮਾਲਵੇ ਦੇ ਕਈ ਪਿੰਡ ਸੇਮ 'ਚ ਪਾਤੇ। ਮਲਬ ਸੇਮ ਦਾ ਖਤਰਾ ਏਥੇ।
ਸੇਮ ਦੀ ਰਪੋਟ ਤਾਂ ਕਦੇ ਦਿੱਤੀ ਨੀ ਬਸ ਰੱਟਾ ਲਾਇਆ ਬੀ ਪਾਣੀ ਘਟ ਪਾਣੀ ਘੱਟ ਗਿਆ।
-------ਫੇਸਬੁੱਕੀਆ ਭਾਈਚਾਰਾ ਕੁੜੀਆਂ ਦੀਆਂ ਨਜ਼ੈਜ਼ ਫੋਟਮਾਂ ਪਾਕੇ ਆਵਦਾ ਝੱਸ ਪੂਰਾ ਕਰੀ ਜਾਂਦਾ । ਜਾਂ ਹੋਰ ਮੁੱਦੇ ਚੱਕੀ ਫਿਰਣਗੇ।
ਆਹਾ ਅਜੀਤ ਆਲ਼ਿਆਂ ਨੇ ਹਰਿਆਵਲ ਲਹਿਰ ਚਲਾਈ ਆ। ਕਦੇ ਕਿਸੇ ਨੇ ਏਹਦਾ ਸਮਰਥਨ ਕੀਤਾ। ਬਹੁਤ ਵਧੀਆ ਕੰਮ ਆ ਬਾਈ ਏਹਨਾਂ ਦਾ। ਜਿਓਂਦੇ ਰਹਿਣ।
ਕਿਸੇ ਦੀ ਮੂੰਹ ਤੇ ਆਲੋਚਨਾ ਕਰਨੀ ਸਹੀ ਤਰੀਕਾ ਹੁੰਦਾ ਜਰ। ਆਜੋ ਨਿੰਦਿਆ ਚੁਗਲੀ ਛੱਡਕੇ ਮਾੜੀ ਮੋਟ ਤਰੀਫ ਕਰਨੀ ਵੀ ਸਿੱਖੀਏ....ਘੁੱਦਾ

------------------------------------------------------------------------------------------------------------


ਦੇਸ਼ਾਂ ਬਦੇਸ਼ਾਂ ਦੇ ਸਫਲ ਦੌਰੇ ਤੋਂ ਹੁਣੇ ਹੁਣੇ ਬਾਪਸ ਪਰਤੇ ਪੰਜਾਬੀ ਮਾਂ ਬੋਲੀ ਦੇ ਇਕਲੌਤੇ ਮਲਬ ਇੱਕੋ ਇੱਕ ਸੇਵਾਦਾਰ ਹਰ ਦਿਲ ਅਜੀਜ਼ ਗੈਕ ਨੌਜਬਾਨਾਂ ਦੇ ਦਿਲਾਂ ਦੀ ਧੜਕਨ ਨਿੱਕੇ ਗਰਨੈਬ ਦੇ ਬੋਲਾਂ ਨਾ ਸਜੀ ਵਈ ਨਮੀਂ ਐਲਬਮ "ਠਿੱਠ"...

ਜਿਹੜਾ ਭੇਜਿਆ ਸੀ ਤੂੰ ਕਬੂਤਰ ਚਿੱਠੀ ਦੇਕੇ ਨੀਂ
ਉਹ ਬੀ ਸਿਰ ਤੇ ਮਾਰ ਗਿਆ ਬਿੱਠ ਕੁੜੇ
ਬੰਦਿਆਂ ਅੰਗੂ ਜਬਾਬ ਸਿੱਧਾ ਦੇ ਦੇ ਨੀਂ
ਕਾਹਤੋਂ ਕਰਦੀ ਜਾਰ ਨੂੰ ਠਿੱਠ ਕੁੜੇ...ਘੁੱਦਾ

------------------------------------------------------------------------------------------------------------

ਇੱਕੋ ਚੁੰਨੀ ਲਵੇ ਵਿਚਾਰੀ ਸਿਰ ਤੇ ਧੋ ਧੋ ਕੇ
ਪੁੱਤ ਅਰਗਾ ਫੋਰਡ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ

ਰਾਜ ਬਰਾੜ ਗਾਇਆ ਵਾ ਆਹ ਗੀਤ। ਚਾਰ ਕ ਦਿਨ ਹੋਗੇ ਏਸ ਅੱਤ ਗੀਤ ਦੇ ਲੇਖਕ ਸ਼ੇਰੋਂ ਆਲੇ ਵੱਡੇ ਬਾਈ ਮੱਟ ਦਾ ਫੂਨ ਆਇਆ ਸੀ । ਮੱਟ ਸਾਡੇ ਪਿੰਡ ਆਇਆ ਸੀਗਾ ਅਗਲੇ ਦਿਨ।
ਤੜਕੇ ਸੰਦੇਹਾਂ ਮੈਂ ਤੇ ਪਿੰਦੂ ਮੱਟ ਨੂੰ ਮਿਲੇ ਜਾਕੇ। ਕਾਹਲੀ ਕਰਕੇ ਬਾਹਲੀ ਗੱਲਬਾਤ ਤਾਂ ਨਹੀਂ ਹੋਈ ਸਾਡੀ। ਭਰਮੇਂ ਜੁੱਸੇ ਤੇ ਮਲਾਪੜੇ ਸੁਭਾਅ ਦਾ ਮਾਲਕ ਮੱਟ ਆਵਦੇ ਗੀਤ ਜਿੰਨਾ ਈ ਸੋਹਣਾ ਤੇ ਵਧੀਆ ਮਿਲਣਸਾਰ ਬੰਦਾ। ਜਿਉਦਾਂ ਰਹਿ ਬਾਈ ਮੱਟ ਏਮੇਂ ਈ ਲਿਖੀ ਚੱਲ ਚੜਦੀ ਕਲਾ ਚ। ਤੇਰਾ ਛੋਟਾ ਬਾਈ ...ਘੁੱਦਾ
------------------------------------------------------------------------------------------------------------

ਜਦੋਂ ਜੈਤੋ ਵਾਇਆ ਹੋਕੇ ਬਠਿੰਡਿਓਂ ਫਰੀਦਕੋਟ ਨੂੰ ਜਾਈਦਾ ਤਾਂ ਗੋਨੇਆਣੇ ਦਾ ਪੈਲੇ ਪਾਸੇ ਪਿੰਡ ਆਉਂਦਾ "ਬਲਾਹੜ ਵਿੰਝੂ"।
ਪਿਛੇ ਜੇ ਵਾਹਵਾ ਸੁਰਖੀਆਂ 'ਚ ਰਿਹਾ ਏਹੇ ਪਿੰਡ ਓਹ ਤਾਂ ਕਰਕੇ ਕਿਓਂਕੇ ਏਥੋਂ ਦੀਆਂ ਦੋ ਕੁੜੀਆਂ ਨੇ ਆਪਸ 'ਚ ਵਿਆਹ ਕਰਾ ਲਿਆ ਸੀਗਾ।
ਲੋਕਾਂ ਦਾ ਥੂ ਥੂ ਕਰਦਿਆਂ ਦਾ ਥੁੱਕ ਮੁੱਕ ਗਿਆ। ਸਰਕਾਰ ਨੇ ਪੂਰੀ ਸ਼ਹਿ ਦਿੱਤੀ ਕੁੜੀਆਂ ਨੂੰ ਸਕੌਲਟੀਗਾਰਡ ਬੀ ਮਿਲੇ ਰੱਖਿਆ ਖਾਤਰ।
ਹਾਰਕੇ ਘਰਦਿਆਂ ਨੇ ਕੁੜੀਆਂ ਬੇਦਖਲ ਕਰਤੀਆਂ। ਆਹੋ ਭਾਈ ਆਹੀ ਤਾਂ ਸਾਲੀ ਅਜ਼ਾਦੀ ਆ।
ਏਮੇਂ ਜਿਮੇਂ ਦੀਆਂ ਖਬਰਾਂ ਆਉਂਦੀਆਂ ਪ੍ਰੇਮੀ ਜੋੜੇ ਦਾ ਕਤਲ। ਸਰਕਾਰ ਆਖੂ ਗਲਤ ਕੰਮ ਆ, ਅਖੇ ਕੇਸ ਬਣਦਾ ਔਨਰ ਕਿਲਿੰਗ ਦਾ।
ਹੀਰ ਰਾਂਝੇ ਦਾ ਕਿੱਸਾ ਤਾਂ ਸਾਰਿਆਂ ਨੂੰ ਵਧੀਆ ਲੱਗਦਾ, ਪਰ ਕੋਈ ਨੀਂ ਚਾਹੁੰਦਾ ਬੀ ਹੀਰ ਉਹਦੇ ਘਰੇ ਜੰਮੇ।
ਬਾਈ ਜੀਹਦੀ ਕੁੜੀ ਲੈਕੇ ਭੱਜੂ ਕੋਈ ਅਗਲਾ ਮੂੰਹ 'ਚ ਸ਼ਬਾਰਾ ਤਾਂ ਪਾਉਣ ਨੀਂ ਲੱਗਾ ਵੱਢਕੇ ਰਾ'ਸਥਾਨ ਆਲ਼ੀਆਂ ਜੁੜਮੀਆਂ ਨਹਿਰਾਂ 'ਚ ਈ ਸਿੱਟੂ। ਭੈਣਦੇਣਾ ਪੰਜ ਪੀੜ੍ਹੀਆਂ ਤੀਕ ਕਲੰਕ ਲੱਗ ਜਾਂਦਾ। ਜੀਹਦੇ ਝੁੱਗੇ ਦੇ ਪੂਰੇ ਗੁਦਾਮ ਨੀਂ ਲੱਗੇ ਹੁੰਦੇ ਉਹਬੀ ਮਿਹਣਾ ਮਾਰਕੇ ਲੰਘੂ, "ਸੋਡੀ ਤਾ ਨਿਕਲੀ ਸੀ ਓਏ"
ਐਹੇ ਜਾ ਪ੍ਰੇਮੀ ਜੋੜਾ ਕਿਰਾਏ ਤੇ ਕਮਰਾ ਲੈਕੇ ਵਿੱਢ ਲਾਈ ਬੈਠਾ ਹੁੰਦਾ ਤੇ ਬਾਹਰ ਪੁਲਸ ਗਾਰਦ ਖੜ੍ਹੀ ਹੁੰਦੀ ਆ ਸੁਰੱਖਿਆ ਖਾਤਰ।
ਦੂਜੇ ਪਾਸੇ ਲੰਬੀ ਧਰਨਾ ਲਾਉਂਦੇ ਸੀ ਬੇਰੁਜ਼ਗਾਰ ਟੀਚਰ, ਡਾਗਾਂ ਮਾਰ ਮਾਰ ਮੌਰਾਂ ਤੇ ਸੱਪ ਛਾਪਤੇ ਪੁਲਸ ਨੇ, ਲੀਰਾਂ ਆਲੀ ਖਿੱਦੋ ਅੰਗੂ 'ਦੇੜ੍ਹਤੇ।
ਬੱਲੂਆਣੇ ਧਰਨਾ ਲਾਉਂਦੇ ਸੀ ਇੱਕ ਟੀਚਰ ਕੁੜੀ ਦੇ ਸਰਪੈਂਚ ਨੇ ਲਫੇੜਾ ਮਾਰਿਆ। ਫਰੀਦਕੋਟ ਦੀ ਟੀਚਰ ਕੁੜੀ ਟੈਂਕੀ ਤੇ ਮੱਚਗੀ।
ਜੇ ਏਹੀ ਕੁੜੀਆਂ ਪ੍ਰੇਮੀਆਂ ਨਾ ਨਿੱਕਲ ਨੁੱਕਲ ਜਾਂਦੀਆ ਤਾਂ ਏਹੀ ਕੁੜੀ ਦੇ ਖਸਮ ਏਹਨਾਂ ਨੂੰ ਸਕੌਲਟੀਗਾਰਡ ਦੇਂਦੇ ਪਰ ਏਹਤਾਂ ਜੱਬਲਾਂ ਹੱਕ ਮੰਗਦੀਆਂ ਸੀ। ਤਾਂਹੀ ਕੁਟੀਆਂ ਬਾਰੀ ਬਾਰੀ।
ਸੌ ਹੱਥ ਸਿਰੇ ਤੇ ਗੰਢ ਅਗਲੇ ਏਹੇ ਚਾਹੁੰਦੇ ਈ ਨੀਂ ਬੀ ਜੰਤਾ ਹੱਕ ਹੁੱਕ ਨਾ ਮੰਗੇ ਨਾਮਰਦ ਕਰਦੋ ਕੁੱਟ ਕੁੱਟ ਕੇ ਜੰਤਾ ਦੀ ਸੋਚ।
ਤਾਂਹੀ ਤਾਂ ਪੁੱਠੇ ਪਾਸੇ ਲੋਕਾਂ ਨੂੰ ਸ਼ਹਿ ਦੇਂਦੀਆਂ ਸਰਕਾਰਾਂ ਬੀ ਕੁੜੀਆਂ ਕੱਢ ਕੇ ਲਿਆਓਂ ਸੁਰੱਖਿਆ ਦੀ ਗਰੰਟੀ ਅਸੀਂ ਦੇਣੇ ਆਂ।
ਬਾਕੀ ਪਤਾ ਨੀਂ ਬੀ ਲੋਕ ਈ ਤਰੱਕੀ ਕਰਗੇ ਖੌਣੀ ਮੇਰੇ ਅਰਗਿਆਂ ਦੀ ਈ ਸੋਚ ਆ ਓਹੀ ਰੂੜੀਬਾਦੀ....ਘੁੱਦਾ
------------------------------------------------------------------------------------------------------------



ਦਾਰਾ ਭਲਵਾਨ ਚੱਲ ਵਸਿਆ
ਫਿਲਮਾਂ ਆਲੇ ਐਕਟਰਾਂ ਨੇ ਬਿਆਨ ਦਿੱਤੇ
" ਨਾ ਪੂਰਾ ਹੋਣ ਆਲਾ ਘਾਟਾ ਪੈ ਗਿਆ"
"ਸੁਪਰਮੈਨ ਚਲਾ ਗਿਆ"
" ਸਾਡੇ ਦਿਲਾਂ 'ਚ ਰਹਿਣਗੇ ਦਾਰਾ ਜੀ"
ਮੀਡੀਏ ਆਲੇ ਐਕਟਰਾਂ ਨੂੰ ਪੁੱਛਦੇ ਨੇ ਬੀ ਦਾਰੇ ਦੇ ਜਾਣ ਦਾ ਕਿੰਨਾ ਕੁ ਦੁੱਖ ਆ
ਸਾਲੇ ਜਾਅਲੀ ਜੇ ਦਰਦ ਨਾ ਬਿਆਨ ਦੇਂਦੇ ਨੇ ਮੀਡੀਏ ਨੂੰ । ਦੁੱਖ ਟੱਟੂ ਹੋਣਾ ਸੀ ਅਖੇ ਇੱਲ ਦਾ ਨਨਾਣਵੱਈਆ ਟੋਡੂ ਕਾਂ
ਮਾਮਾ ਆਇਆ ਵਾ ਸਾਡਾ ਘੁੱਦੇ। ਮਾਮਾ ਵੱਡੀ ਉਮਰ ਦਾ । ਦਾਰੇ ਨੂੰ ਘੁਲਦੇ ਵੀ ਵੇਖਿਆ ਕਈ ਆਰੀ। ਮੈਂ ਦੱਸਿਆ ਮਾਮਾ ਦਾਰਾ ਚੱਲ ਗਿਆ।
ਮਾਮੇ ਮੂੰਹੋਂ ਬੋਲ ਨੀਂ ਨਿੱਕਲਿਆ।
ਆਪਣੀ ਜੰਤਾ ਕਿਤੇ ਨੀਰੇ ਦੀ ਪੰਡ ਚੱਕਣ ਲੱਗਦੀ ਦੂਜਾ ਓਦੋਂ ਈ ਕਹਿ ਦੇਂਦਾ ,"ਕਿਮੇਂ ਸਾਲਿਆ ਦਾਰਾ ਭਲਵਾਨ ਆ"
ਜੇ ਕੋਈ ਆਖਦਾ ਬੀ ਮੈਂ ਤਾਂ ਬੋਰੀ ਤਾਂ ਬਾਲਾ ਕੱਢਦੂੰ ਦੂਜਾ ਧੌਲ ਮਾਰਕੇ ਕਹਿੰਦਾ," ਕਿਮੇਂ ਸਾਲਿਆ ਦਾਰਾ ਭਲਵਾਨ ਆਂ"
ਜੇ ਕਿਸੇ ਦੇ ਕਾਣਿਆਂ ਅਰਗੇ ਪੱਟ ਹੁੰਦੇ ਤਾਂ ਅਗਲਾ ਜਰਕ ਦਿਨੇਂ ਕਹਿੰਦਾ ,"ਪੱਟ ਵੇਖ ਬੱਡੇ ਦਾਰੇ ਭਲਵਾਨ ਦੇ"
ਰੈਂਹਦੀ ਦੁਨੀਆਂ ਤੀਕ ਆਪਣੇ ਲੋਕ ਜਦੋਂ ਵੀ ਜ਼ੋਰ ਦਾ ਕੰਮ ਕਰਿਆ ਕਰਨਗੇ ਓਦੋਂ ਈ ਕਿਹਾ ਕਰਨਗੇ, "ਕਿਮੇਂ ਸਾਲਿਆ ਦਾਰਾ ਭਲਵਾਨ ਆ"
ਦਿਲਾਂ 'ਚ ਈ ਨਹੀਂ ਜੁਬਾਨ ਤੇ ਪਹਿਲਾਂ ਰੱਖਣਗੇ ਦਾਰੇ ਨੂੰ।
ਚਰਨਾਂ ਲਾਗੇ ਰੱਖੀਂ ਬਾਜ਼ਾਂ ਆਲਿਆ ਦਾਰੇ ਭਲਵਾਨ ਨੂੰ...ਘੁੱਦਾ
------------------------------------------------------------------------------------------------------------



ਬਹੁਤ ਸੁਣਾ ਥਾ ਮੁਹੱਬਤੋਂ ਕੇ ਬਾਰੇ ਮੇਂ
ਪੜ੍ਹੇ ਥੇ ਕਿੱਸੇ ਇਸ਼ਕ- ਦਿਲਲਗੀ ਕੇ
ਅਬ ਮੈਨੇ ਬੀ ਇਸ਼ਕ ਕੀਆ ਤੋ ਪਤਾ ਚਲਾ

"ਸਾਲਾ ਕੁਸ ਨੀਂ ਪਿਆ ਕੁੱਤੇ ਕੰਮਾਂ 'ਚ"....ਘੁੱਦਾ
------------------------------------------------------------------------------------------------------------


ਬਾਹਲੇ ਭੇਤ ਨਾ ਖੋਲ੍ਹਿਆ ਕਰ ਭੋਰਾ ਭਰੋਸਾ ਨਹੀਂ ਜਹਾਨ ਦਾ
ਕੱਲ੍ਹ ਜਿੰਦਾ ਟੁੱਟਾ ਵੇਖਿਆ ਮੈਂ ਜਿੰਦਿਆਂ ਦੀ ਦੁਕਾਨ ਦਾ...ਘੁੱਦਾ
------------------------------------------------------------------------------------------------------------




ਕੇਰਾਂ ਏਮੇਂ ਜਿਮੇਂ ਮੈਂ ਤੇ ਨਿੱਕਾ ਗਰਨੈਬ ਬਠਿੰਡੇ ਜਾਵੜੇ ਭਰਾਵਾ ਪੈਲਸ 'ਚ ਵਿਆਹ ਸੀਗਾ। ਐਮੇਂ ਆਖੀਏ ਮੈਂ ਤਾਂ ਦੋ-ਚਾਰ ਆਰੀ ਗਿਆ ਸੀ ਪੈਲਸਾਂ 'ਚ ਪਰ ਏਹਨੇ ਤਾਂ ਕੱਲੇ ਪਿੰਡਾਂ ਆਲੇ ਵਿਆਹ ਈ ਵੇਖੇ ਸੀ ਜੀਹ'ਚ ਗਲੀ 'ਚ ਟੈਂਟ ਲੱਗਾ ਵਾ ਹੁੰਦਾ ਸੀ ਤੇ ਅੱਡੋਂ ਤੋਂ ਲੈਕੇ ਘਰ ਤਾਂਈ ਕਲੀ ਪਾ ਪਾ ਬੈੱਲਕਮ ਲਿਖਿਆ ਹੁੰਦਾ ਸੀ।
ਜਾਵੜੇ ਭਰਾਵਾ ਪੈਲਸ 'ਚ। ਹਾਈ ਫਾਈ ਪੜ੍ਹੀ ਲਿਖੀ ਜੰਤਾ । ਇਹ ਭੈਣ ਦਾ ਬੀਰ ਜਮੀਂ ਭਮੱਤਰ ਗਿਆ। ਵੇਟਰ ਜਾ ਕੋਫੀ ਲੈਕੇ ਆ ਗਿਆ ਏਹਨੂੰ ਕਹਿੰਦਾ "ਲੀਜੀਏ ਸਰਦਾਰ ਜੀ"। ਇਹ ਅੱਗੋਂ ਬੋਲਦਾ ਕਹਿੰਦਾ, ਬਾਟੀ 'ਚ ਪਾਕੇ ਲਿਆ।
ਮੁੜਕੇ ਅੰਦਰ ਵੜਗੇ ਹਾਲ ਜੇ 'ਚ।
ਡੀ.ਜੇ ਡੂਜੇ ,ਕੁਰਸੀਆਂ, ਏ.ਸੀ, ਲੈਟਾਂ ਲੂਟਾਂ ਬੁਰੇ ਹਾਲ ।
ਅੰਦਰ ਜੰਤਾ ਹੱਥ ਹੁਥ ਮਲਾਵੇ। ਬਿਜ਼ਨਸਮੈਨ ਜੇ ਬੰਦੇ ਸਾਰੇ। ਪਲਾਟਾਂ ਗੱਡੀਆਂ ਦੀਆਂ ਗੱਲਾਂ ਕਰਨ।
ਏਹਤਾ ਭਰਾਵਾ ਹਾਲ ਦੀਆਂ ਕੰਧਾਂ ਕੁੰਧਾਂ ਦੇਖੀ ਜਾਬੇ ਤੇ ਉੱਚੀ ਦਿਣੇ ਮੈਨੂੰ ਕਹਿੰਦਾ ਬਾਈ ਓਏ
ਮਖਾ ਹੋ
ਕਹਿੰਦਾ ਜਰ ਐਸ ਛੱਤੜੇ ਜੇ 'ਚ ਤੂੜੀ ਤਾਂ ਬਹੁਤ ਪੈਜੇ...ਘੁੱਦਾ
------------------------------------------------------------------------------------------------------------



ਮੇਰੇ ਅਰਗਾ ਨੰਗ ਬੰਦਾ ਗੱਲ ਕਰਦਾ ਚੰਗਾ ਤਾਂ ਨੀਂ ਲੱਗਦਾ ਜੀਹਦੀ ਜੇਬ 'ਚ ਦਸਾਂ ਦਾ ਚੇਪੀ ਲੱਗਾ ਨੋਟ ਬੀਹ- ਬੀਹ ਦਿਨ ਪਿਆ ਰੈਂਹਦਾ।
ਪਰ ਗੱਲ ਕਰਨੀ ਪੈਂਦੀ ਆ। ਬਾਹਲੇ ਲੋਕ ਦੇਸ਼ ਬਦਲਣ ਦੀ ਗੱਲ ਕਰਨਗੇ ਬੀ ਹਮ ਦੇਸ਼ ਬਦਲ ਡਾਲੇਂਗੇ।
ਪੰਜ ਕ ਦਿਨ ਹੋਗੇ ਤਹਿਸੀਲ ਦਫਤਰ 'ਚ ਕੰਮ ਸੀ। ਇਕ ਮੁੰਡਾ ਗੱਭਰੂ ਕੰਮੂਟਰ ਤੇ ਕੰਮ ਕਰਦਾ ਸੀ ਭੈਣ ਦਾ ਬੀਰ ਪੜਦੇ ਜੇ ਨਾਲ ਹਰੇਕ ਤੋਂ ਸੌ ਦਾ ਨੋਟ ਫੜ੍ਹ ਲਿਆ ਕਰੇ। ਇੱਕ ਨਾਲ ਦੇ ਕਾਉਂਟਰ 'ਚ ਚਪੜਾਸੀ ਜਾ ਸੀ ਪੰਜਾਹ ਰੁਪਏ ਹਰੇਕ ਤੋਂ ਉਹ ਲੈ ਲਿਆ ਕਰੇ।
ਉਤਲੀ ਮੰਜ਼ਲ ਤੇ ਵਿਜ਼ੀਲੈਂਸ ਵਿਭਾਗ ਦੇ ਦਫਤਰ ਨੇ। ਤੇ ਹੇਠਲੀ ਮੰਜ਼ਲ ਤੇ ਰਿਸ਼ਵਤ ਚੱਲੀ ਜਾਂਦੀ ਆ। ਬਾਹਲੀ ਗੱਲ ਕੀ ਆ ਤਹਿਸੀਲਦਾਰ ਇੱਕ ਤਰ੍ਹਾਂ ਜਿਲ੍ਹੇ ਦਾ ਮੁੱਖ ਅਫਸਰ ਹੁੰਦਾ ਤੇ ਏਹੀ ਹਰੇਕ ਰਜਿਸਟਰੀ 'ਚੋਂ ਪੰਜ -ਦਸ ਹਜ਼ਾਰ ਦਾ ਠੋਕੂ ਲਾ ਜਾਂਦੇ ਨੇ। ਆਥਣ ਨੂੰ ਲੱਖ ਤੋਂ ਉੱਤੇ ਦਿਹਾੜੀ ਪਾਕੇ ਉੱਠਦੇ ਨੇ।
ਓਤੋਂ ਬਾਦਲ ਅਰਗੇ ਕਹਿਣਗੇ ਮਾਲਵੇ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਏਹਨਾਂ ਨੂੰ ਉਹ ਨੀਂ ਦੀਂਹਦਾ ਜਿਹੜਾ ਫੈਕਟਰੀਆਂ ਦਾ ਗੰਦਾ ਪਾਣੀ ਡਰੈਗਟ ਈ ਨਹਿਰਾਂ 'ਚ ਪਈ ਜਾਂਦਾਂ। ਬਠਿੰਡੇ ਵਿੱਚ ਦੀ ਜਿਹੜੀ ਨਹਿਰ ਟੱਪਦੀ ਆ ਇਹਦਾ ਪਾਣੀ ਸਾਡੇ ਪਿੰਡਾਂ ਬੰਨੀਂ ਆਉਦਾਂ । ਬਠਿੰਡੇ ਦੇ ਸਾਰੇ ਭਈਏ ਐਸ ਨਹਿਰ 'ਚ ਨਹਾਉਂਦੇ ਨੇ ਨਾਲੇ ਲੀੜੇ ਧੋਂਦੇ ਨੇ ਨਾਲੇ ਸ਼ਰੇਆਮ ਸ਼ਹਿਰ ਦਾ ਗੂੰਹ- ਮੂਤ ਏਹਦੇ 'ਚ ਪੈਂਦਾ। ਘੱਗਰ ਤੇ ਸਤਲੁਜ ਦਰਿਆਵਾਂ ਦਾ ਉਦਯੋਗੀਕਰਨ ਨੇ ਜਲੂਸ ਕੱਢਤਾ।
ਨਿੱਤ ਖਬਰਾਂ ਆਉਂਦੀਆਂ ਨੇ ਕਰੋੜਾਂ ਦੀਆਂ ਹੈਰੋਇਨ, ਸਮੈਕਾਂ ਫੜ੍ਹਦੇ ਨੇ । ਕਦੇ ਕਿਸੇ ਸਮੱਗਲਰ ਨੂੰ ਸਜ਼ਾ ਹੋਣ ਦੀ ਖਬਰ ਆਈ ਆ ਜਾਂ ਕਦੇ ਦੱਸਿਆ ਬੀ ਏਹਨ੍ਹਾਂ ਹੈਰੋਇਨਾਂ ਦੇ ਪੈਕਟਾਂ ਨੂੰ ਕਿਮੇਂ ਤਬਾਹ ਕਰਦੇ ਨੇ।
ਕੋਈ ਮਲੰਗ ਜੀਹਦੇ ਘਰੇ ਇੱਕ ਸਟੂਲ ਆਲਾ ਪੱਖਾ ਤੇ ਦੋ ਬਲਬ ਜਗਦੇ ਹੁੰਦੇ ਨੇ, ਉਹਦੀ ਤਾਂ ਕੁੰਡੀ ਫੜ੍ਹ ਲੈਣਗੇ।
ਜਿਹੜੇ ਪੰਜਾਹ ਪੰਜਾਹ ਹਾਰਸ ਪਾਵਰ ਦੀਆਂ ਮੋਟਰਾਂ ਸਿੱਧੀਆਂ ਈ ਚਲਾਉਂਦੇ ਨੇ ਉਹ ਕਿਮੇਂ ਚੰਦਭਾਨ ਆਲ਼ੀ ਭੂਆ ਦੇ ਪੁੱਤ ਲੱਗਦੇ ਆ।
ਦੇਸ਼ ਬਦਲੂਗਾ ਨਾਲੇ ਬਾਬੇ ਬਖਤੌਰੇ ਦਾ ਹੋਰ ਕੁਸ ਬਦਲੂਗਾ...ਘੁੱਦਾ
------------------------------------------------------------------------------------------------------------



ਹੈਂ ਬਈ ਜਦੋਂ ਕਿਤੇ ਮੀਂਹ ਬਿਨ੍ਹਾਂ ਝੋਨਾ ਸੁੱਕਦਾ, ਨਰਮੇ ਨੂੰ ਮਿਲੀਬੱਗ ਪੈਦਾਂ ਜਾਂ
ਹੋਰ ਦੁੱਖ ਸੁੱਖ ਹੁੰਦਾ ਤਾਂ ਆਪਣੇ ਆਲ਼ੀ ਜੰਤਾ 'ਤਾਂਹਾਂ ਨੂੰ ਮੂੰਹ ਚਾਕੇ ਹੱਥ ਜੋੜਕੇ ਆਖਿਆ
ਕਰੇ ਲੀਲੀ ਛੱਤ ਆਲਿਆ ਤੂੰਹੀ ਆ। ਮਲਬ ਬੀ ਆਪਾਂ ਤਾਂ ਐਂਈ ਸਮਝਦੇ ਸੀ ਬੀ ਜਿਹੜਾ ਕੁਸ ਲੀਲਾ ਕਾਲਾ ਜਾ 'ਤਾਂਹਾ ਦੀਂਹਦਾ ਏਹੀ ਰੱਬ ਆ। ਰੱਬ ਤਾਂ ਕੱਲ੍ਹ ਵਿਗਿਆਨੀਆਂ ਨੇ ਲੱਭਿਆ ਭਰਾਵਾ ਮਸ਼ੀਨਾਂ ਨਾ ਸਵਿਟਜ਼ਰਲੈਂਡ ਕੋਲੇ ਲੁਕਿਆ ਬੈਠਾ ਸੀ
ਸੱਚਿਓਂ ਸਦੀ ਦੀ ਵੱਡੀ ਖਬਰ ਆ ਆਹਤਾ..ਐਸ ਸਾਬ੍ਹ ਨਾ ਆਉਦੇਂ ਸਮੇਂ 'ਚ ਐਹੋ ਜੀਆਂ ਖਬਰਾਂ ਆਉਣਗੀਆਂ

--ਚੀਨੀ ਲੋਕਾਂ ਦੀਆਂ ਅੱਖਾਂ ਚੱਜ ਨਾਲ ਖੋਲ੍ਹਣ ਦਾ ਸਫਲ ਅਪ੍ਰੇਸ਼ਨ
---ਮਾਉਂਟ ਐਬਰੈਸਟ ਤੇ ਗੁੱਲੀ ਡੰਡਾ ਖੇਡਦੇ ਜਵਾਕਾਂ 'ਚੋਂ ਇੱਕ ਜਖ਼ਮੀ
---ਤਾਜ ਮੈਹਲ 'ਚ ਸ਼ਾਹ ਜਹਾਂ ਦੀ ਬੇਗਮ ਮੁਮਤਾਜ ਦੇ ਜਿੰਦਾ ਹੋਣ ਦੇ ਸਬੂਤ ਮਿਲੇ
----ਔਰਤਾਂ ਦੀ ਥਾਂ ਬੰਦੇ ਤੋਂ ਜਵਾਕ ਪੈਦਾ ਕਰਾਉਣ 'ਚ ਵਿਗਿਆਨੀ ਸਫਲ
----ਸ੍ਰੀ ਰਾਮੂ ਜੀ ਪੰਜਾਬ ਦੇ ਅਗਲੇ ਮੁੱਖ ਮੰਤਰੀ ( ਝੋਨਾ ਲਾਉਣ ਤੋਂ ਮੁੱਖ ਮੰਤਰੀ ਬਨਣ ਤੱਕ ਦਾ ਸਫਰ)
----ਆਈਫਲ ਟਾਵਰ ਤੇ ਡੰਡਾ ਟੁੱਕ ਖੇਡਣ ਤੇ ਪਾਬੰਦੀ
----ਨੜਿੱਨਵੇਂ ਭਰਾਵਾਂ ਦਾ ਕਤਲ ਕਰਕੇ ਗੱਦੀ ਤੇ ਬੈਠੇ ਰਾਜੇ ਅਸ਼ੋਕ ਦੀ ਗ੍ਰਿਫਤਾਰੀ ਦੇ ਵਰੰਟ ਜਾਰੀ
----ਪਿੰਡ ਘੁੱਦਾ 'ਚ ਜਵਾਕਾਂ ਨੇ ਗਾਟੀ ਪਾਕੇ ਮਿਗ-125 ਜ਼ਹਾਜ਼ ਛੱਪੜ 'ਚ ਸੁੱਟਿਆ
----ਲਾਲ ਕਿਲ੍ਹੇ ਦੀ ਇਮਾਰਤ ਬਣਾਉਣ ਵੇਲੇ ਵੀ ਹੋਇਆ ਸੀ ਬੱਡਾ ਘਪਲਾ..ਮਹਿਮੂਦ ਗਜ਼ਨਵੀ ਤੇ ਮੁਹੰਮਦ ਗੌਰੀ
ਅਰਗਿਆਂ ਖਲਾਫ ਦੋਸ਼ ਆਇਦ ਪੰਜ ਦਿਨਾਂ ਪੁਲਸ ਰਿਮਾਂਡ ਤੇ ਜੇਲ਼੍ਹ 'ਚ ਬੰਦ
-----ਐਬਟਾਬਾਦ 'ਚ ਮਾਰਿਆ ਗਿਆ ਲਾਦੇਨ ਨਕਲੀ ਸੀ--ਬਰਾਕ ਓਬਾਮਾ
ਬਾਕੀ ਦੀਆਂ ਖਬਰਾਂ ਕਮੱਰਸ਼ੀਅਲ ਬਰੇਕ ਤੋਂ ਬਾਅਦ..ਘੁੱਦਾ
------------------------------------------------------------------------------------------------------------


ਉਲੰਪਿਕ ਖੇਡਾਂ ਚੱਲਪੀਆਂ। ਅਗਲਿਆਂ ਨੇ ਛੇ ਸਾਲ ਲਾਕੇ ਲੰਡਨ ਨੂੰ ਤਿਆਰ ਕੀਤਾ ਖੇਡਾਂ ਖਾਤਰ।
ਜਿੰਨੇ ਕੁ ਪੈਹੇ ਉਹਨ੍ਹਾਂ ਨੇ ਖੇਡਾਂ ਤੇ ਖਰਚਤੇ ਉਹਨੂੰ ਪੰਜਾਹ ਕ ਨਾਲ ਗੁਣਾਂ ਕਰਲਿਓ ਪਤਾ ਲੱਗਜੂ ਉਹਨ੍ਹਾਂ ਖੇਡਾਂ ਤੇ ਕਿੰਨਾ ਕ ਖਰਚ ਆਉਂਦਾ।
ਹਜ਼ਾਰਾਂ ਐਥਲੀਟ , ਜਿਹੜੇ ਜਮਾਂ ਲੱਸੀ ਤੇ ਤਰਕੇ ਆਏ ਮੱਖਣ ਅਰਗੇ । ਪਾਣੀਆਂ 'ਚ ਉਦਘਾਟਨ, ਸ਼ੁਰਲੀਆਂ , ਕੁੱਕੜ ਭੜਾਕੇ 'ਕੱਠੇ ਈ ਚਲਾਤੇ, ਆਪਣੇ ਅੰਗੂ ਕੱਲਾ ਕੱਲਾ ਕਰਕੇ ਨੀਂ ਚਲਾਇਆ।
ਤੈਰਾਕੀਆਂ, ਤੀਰ-ਅੰਦਾਜ਼ੀਆਂ, ਟੈਨਿਸਾਂ, ਬੈਡਮੈਂਟਨ ਹੋਰ ਈ ਨਮੀਆਂ ਨਮੀਆਂ ਖੇਡਾਂ ਜੇਹਨਾਂ ਦੇ ਕਦੇ ਨੌਂ ਵੀ ਸੁਣੇ ਦੇਖਣੀਆਂ ਤਾਂ ਕੀ ਸੀ।
ਆਪਣੇ ਆਲੇ ਮੀਡੀਏ ਨੇ ਸਿਰੋਪਾ ਪਾਤਾ ਓਲੰਪਿਕ ਆਲਿਆਂ ਤੇ ਕਹਿੰਦੇ ਸਕਿਊਰਟੀ ਹੈਨੀ ਅਖੇ। ਓਪਰੀ ਕੁੜੀ ਫਿਰਦੀ ਸੀ ਸਾਡੇ ਮੁੰਡਿਆਂ ਨਾ। ਬਸ ਆਹ ਮੁੱਦਾ ਐਨਾ ਕੁ ਚੱਕਿਆ ਬੀ ਹਾਰ ਜਿੱਤ ਨੀਂ ਦੱਸਦੇ ਕਿਸੇ ਦੀ, ਬੱਸ ਉਹੀ ਲਾਲ ਕਮੀਜ਼ ਤੇ ਲੀਲੀ ਸੁੱਥਣ ਆਲੀ ਕੁੜੀ 'ਦਾਲੇ ਗੋਲ ਘਤੇਰਾ ਜਾ ਵਾਹ ਕੇ ਫੋਟੂ ਦਿਖਾਈ ਜਾਂਦੇ ਨੇ।
ਅਗਲੇ ਆਖਣਗੇ ਕੁੜੀ ਦੇ ਖਸਮੋਂ ਦਿੱਲ਼ੀ ਆਲੀਆਂ ਕਾਮਨਵੈਲਥ ਖੇਡਾਂ ਦਾ ਕਰਜ਼ਾ ਲਾਹ ਲੋ ਪਹਿਲਾਂ ਸਾਨੂੰ ਗੱਲਾਂ ਫੇਰ ਕਰਲਿਓ।
ਆਵਦੀ ਨਲੀ ਨੀਂ ਸਭਦੀ ਓਤੋਂ ਅੱਗੋਂ ਝੱਗਾ ਚਾਕੇ ਦੂਜਿਆਂ ਦਾ ਨੱਕ ਪੂੰਝਦੇ ਨੇ । ਆਪਣੇ ਆਲ਼ਿਆਂ ਨੇ ਚਾਦਰੋਂ ਬਾਹਰ ਪੈਰ ਪਸਾਰਕੇ ਕਾਮਨਵੈਲਥ ਖੇਡਾਂ ਕਰਾਈਆਂ ਸੀ ਪਿੱਛੇ ਜੇ। ਕਲਮਾਡੀ ਅਰਗੇ ਚਾਦਰ ਈ 'ਕੱਠੀ ਕਰਕੇ ਲੈਗੇ ਪਤਿਓਹਰੇ।
ਵਿਹਲੇ ਹੋਕੇ ਹਯਾ ਲੌਹਣਗੇ ਅਗਲੇ ਹਲੇ ਖੇਡਾਂ 'ਚ ਬਿਜ਼ੀ ਨੇ। ਮੈਡਲਾਂ ਦਾ ਤਾਂ ਪਤਾ ਨੀਂ ਸਿਰੋਪੇ ਜ਼ਰੂਰ ਪਾਉਣਗੇ।
ਫੇਰ ਆਖਣਗੇ ਸਾਡੇ ਇੰਡੀਅਨਾਂ ਤੇ ਚੁਟਕਲੇ ਕਾਹਤੋਂ ਬਣਦੇ ਆ ਹਾਅ ਕਰਤੂਤਾਂ ਕਰਕੇ ਬਣਦੇ ਨੇ...ਘੁੱਦਾ
------------------------------------------------------------------------------------------------------


ਸੁਨਾਮ ਆਲੇ ਦਾ ਸ਼ਹੀਦੀ ਦਿਨ ਆ ਅੱਜ। ਬੜੀਆਂ ਫੋਟਮਾਂ ਟੈਗ ਕਰੀਆਂ ਜੰਤਾ ਨੇ । ਹੱਕ ਵੀ ਬਣਦਾ।
ਕਿਸੇ ਨੇ ਕਿਹਾ ਸੀ ਜਿਹੜੇ ਆਪ ਨੀਂ ਵਿਕਦੇ ਪਿੱਛੋਂ ਉਹਨ੍ਹਾਂ ਦੀਆਂ ਫੋਟਮਾਂ ਵਿਕਦੀਆਂ ਹੁੰਦੀਆਂ।
ਕਣ-ਕੰਡਾ ਸੀ ਅਗਲਿਆਂ 'ਚ। ਨਿਡਰ, ਦਲੇਰ, ਵੈਲੀ, ਆਹਾ ਗੁਣ ਤਾਂ ਹਰੇਕ ਸੂਰਮੇ 'ਚ ਈ ਹੁੰਦੇ ਨੇ।
ਭਮਾਂ ਦੀ ਖੜਕੜ ਕਲਾਂ ਆਲ਼ਾ ਹੋਵੇ ਭਮਾਂ ਸਰਾਭੇ ਆਲ਼ਾ ਪਰ ਪੈਲਿਆਂ 'ਚ ਨੀਂ ਹੁੰਦੇ ਚਰਖਾ ਸਸੈਟੀ 'ਚ।
ਊਧਮ ਸਿੰਘ 'ਚ ਇੱਕ ਗੁਣ ਹੋਰ ਸੀ ਸਭ ਤੋਂ ਵੱਡਾ "ਸਬਰ"।
ਏਥੇ ਕਿਸੇ ਨਾ ਕਿਸੇ ਗੱਲੋਂ ਤਲਖੀ ਹੋਜੇ ਅਗਲਾ ਆਥਣ ਨੂੰ ਭੁੱਲ ਜਾਂਦਾ ਬੀ ਚੱਲ ਕੋਈ ਨਾ ਜਰ, ਘਰਦੀ ਗੱਲ ਆ।
ਰਾਂਝੇ ਦੀ ਬੜੀ ਚਰਚਾ ਹੁੰਦੀ ਆ ਬੀ 12 ਸਾਲ ਮੱਝਾਂ ਚਾਰੀਆਂ ਸੀਗੀਆਂ। ਤੇ ਸੁਨਾਮ ਆਲ਼ੇ ਨੀ ਏਸ ਗਿਣਤੀ ਦਾ ਉਲਟਫੇਰ 21 ਸਾਲ ਸਬਰ ਕਰਿਆ ਸੀ। ਜਮਾਂ ਕਾਹਲੀ ਨੀਂ ਕਰੀ ਕਿਤੇ। ਐਨੇ ਸਾਲਾਂ 'ਚ ਜਵਾਕ ਜੰਮਕੇ ਗੱਭਰੂ ਹੋ ਜਾਂਦਾ । ਬਹੁਤ ਕੁਛ ਬਦਲ ਜਾਂਦਾ ਸਰਕਾਰਾਂ ,ਪਯਾਰ ਮਹੱਬਤ। ਪੁੱਤ ਪਿਓ ਬਣ ਜਾਂਦੇ ਨੇ ਤੇ ਦਾਦੇ 'ਤਾਹਾਂ ਤੁਰ ਜਾਂਦੇ ਨੇ 21 ਸਾਲਾਂ 'ਚ।ਐਨੇ ਦੇਸ਼ ਘੁੰਮੇ ਪਹਿਲਾਂ ਲੰਡਨ ਤਾਂਈ ਜਾਣ ਖਾਤਰ। ਬਥੇਰੇ ਧੱਕੇ ਖਾਧੇ। ਪਰ ਏਹਨਾਂ ਸਾਲਾਂ 'ਚ ਸੁਨਾਮ ਆਲ਼ੇ ਦੀ ਇੱਕ ਚੀਜ਼ ਨੀਂ ਬਦਲੀ
"ਇਰਾਦਾ"
ਸੱਚਿਓਂ ਅਣਖ ਤੇ ਸਬਰ ਦੋਹੇਂ ਚੀਜ਼ਾਂ ਦੀ ਉਦਾਹਰਣ ਆ ਊਧਮ ਸਿਹੁੰ।
ਏਹ ਨੇ ਕਦੇ ਮਰਦੇ ਜਿਓਂ ਜਿਓਂ ਦੁਨੀਆਂ ਪੁਰਾਣੀ ਹੋਊ ਏਹਨਾਂ ਨੇ ਨਮੇਂ ਈ ਹੁੰਦੇ ਜਾਣਾ।..ਘੁੱਦਾ
------------------------------------------------------------------------------------------------------------

ਗੋਲ ਦਸਤਾਰਾਂ ਤੇ ਲਿਸ਼ਕਮੇਂ ਚੋਲੇ ਪਾਈ ਚਮਟੇ ਖੜਕਾਉਦਾ

ਧਰਮਕੀ ਦੀਵਾਨਾਂ ਆਲ਼ਾ ਬਾਬਾ ਕਹਿੰਦਾ
ਮਨੁੱਖਾ ਜਨਮ ਮਸਾਂ ਮਿਲਦਾ ਚੌਰਾਸੀ ਲੱਖ ਜੂਨਾਂ ਭੋਗਕੇ
ਨਿੱਕਾ ਕਹਿੰਦਾ ਬਾਬਾ ਜਰ ਠਰਕ ਨਾ ਭੋਰ
ਢੂਈ ਮਾਰ ਮਨੁੱਖਾ ਜਨਮ ਦੀ
ਕਾਲਾ ਕੁੱਤਾ ਈ ਬਣਾਦੇ
ਕਿਸੇ ਜੋਤਸ਼ੀ ਦਾ ਚੱਕਿਆ ਵਾ ਕੋਈ ਪਾਹੜ੍ਹਾ
ਘੱਟੋ ਘੱਟ ਸ਼ਨੀਆਰ ਨੂੰ ਰੋਟੀ ਤਾਂ ਖਵਾ ਦਿਆ ਕਰੂ...ਘੁੱਦਾ
--------------------------------------------------------------------------------------------------------

ਸਿੱਖ ਜੰਤਾ 'ਚ ਬੜੀ ਚਰਚਾ ਹੁੰਦੀ ਆ ਹਮਾਚਲ ਪ੍ਰਦੇਸ਼ ਦੇ ਗੁਰਦੁਆਰੇ "ਮਨੀਕਰਣ" ਦੀ ਬੀ ਓਥੇ ਤੱਤੇ ਪਾਣੀ 'ਚ ਚੌਲ ਰਿੱਝਦੇ ਨੇ , ਦਾਲਾਂ ਬਣਦੀਆਂ ਨੇ। ਕਹਿੰਦੇ ਬਾਬੇ ਨਾਨਕ ਨੇ ਧਰਤੀ 'ਤੇ ਪੈਰ ਮਾਰਕੇ ਪਾਣੀ ਕੱਢਤਾ ਸੀ।
ਕੇਰਾਂ ਕਾਲਜੋਂ ਮਨੀਕਰਣ ਜਾਵੜੇ ਬੱਸ ਭਰਕੇ ਟੂਰ ਤੇ। ਥੱਕੇ ਵਏ ਸੀ, ਜਾਣ ਸਾਰ ਲੰਗਰ 'ਚ ਵੜਗੇ ਤੇ ਬਾਟੀਆਂ ਚਾਕੇ ਚਾਹ 'ਦਾਲੇ ਹੋਗੇ।
ਚਾਹ ਚੂਹ ਪੀਕੇ ਸਾਨੂੰ ਚਾਅ ਸੀ ਤੱਤੇ ਪਾਣੀ ਨਾ ਨੌਹਣ ਦਾ, ਸਰੋਵਰ 'ਚ ਵਾਹਵਾ ਹੁਲੋ ਮਚਾਈ ਜੰਤਾ ਨੇ।
ਬਾਬਿਆਂ ਨੇ ਆਖਿਆ ਬੀ ਮੰਡੀਰ ਮੱਛਰੀ ਆ , ਕੰਮ ਲਾਓ ਏਹਨਾਂ ਨੂੰ। ਬਰਨਾਲੇ ਬੰਨੀਂ ਤੇ ਜੱਸੇ ਤੇ ਸਰਬੇ ਹੋਣਾਂ ਨੂੰ ਬਰੇਤੀ ਦੇ ਗੱਟੇ ਭਰਨ ਲਾਤਾ।
ਇੱਕ ਕੁੜੀ ਆਈ ਭਰਾਵਾ , ਮੈਨੂੰ, ਪੰਜਗਰਾਂਈਆਂ ਦੇ ਤਰਸੇਮ ਨੂੰ ਤੇ ਕੋਟ ਆਲੇ ਕਰਨ ਨੂੰ ਆਵਦੇ ਨਾ ਲੈਗੀ। ਸਾਨੂੰ ਤਿੰਨਾਂ ਨੂੰ ਵੱਡੇ ਸਾਰੇ ਕਮਰੇ 'ਚ ਵਾੜਤਾ । ਸਾਰਾ ਕਮਰਾ ਨਮੇਂ ਨਮੇਂ ਅਣਲੱਗ ਬਿਸਤਰਿਆਂ ਨਾ ਭਰਿਆ ਵਾ ਸੀ।
ਸਾਨੂੰ ਕਹਿੰਦੀ ਸਿਰ੍ਹਾਣੇ ਚੱਕ ਲਿਆਓ। ਅਸੀਂ ਸਿਰਾਣੇ ਚੱਕਕੇ ਦੱਸੀ ਵਈ ਥਾਂ ਤੇ ਰੱਖਤੇ। ਕੁੜੀ ਸਾਨੂੰ ਕਹਿੰਦੀ ਆਜੋ। ਥੱਲੇ ਭੋਰਾ ਸੀ । ਤਿੰਨ ਚਾਰ ਮੰਜ਼ਿਲਾਂ ਥੱਲੇ ਨੂੰ ਉੱਤਰੀ ਗਏ ਹਨੇਰੇ ਜੇ 'ਚ। ਕੋਟ ਆਲੇ ਕਰਨ ਨੇ ਮੈਨੂੰ ਅੱਖ ਦੱਬਤੀ ਬੀ "ਭੈਂ" ਆਪੇ ਈ"। ਥੱਲੇ ਜਾਵੜੇ ਕੁੜੀ ਸਾਨੂੰ ਖਾਸੇ ਵੱਡੇ ਹਾਲ ਕਮਰੇ 'ਚ ਲੈਗੀ। ਓੱਥੇ ਸਾਡੇ ਤਾਂ ਮੂੰਹ ਅੱਡੇ ਰਹਿਗੇ, ਦੁਨੀਆਂ ਦੀ ਕਿਹੜੀ ਘਰੇਲੂ ਵਰਤੋਂ ਦੀ ਚੀਜ਼ ਸੀ ਜਿਹੜੀ ਉੱਥੇ ਹੈਨੀ ਸੀ। ਡੱਬਾਬੰਦ, ਫਰਿੱਜ਼ਾਂ, ਬਾਸ਼ਿੰਗ ਮਸ਼ੀਨਾਂ, ਜੂਸਰ, ਲੱਲ ਪੱਲ ਮੁੱਕਦੀ ਗੱਲ ਅਸੀਂ ਤਾਂ ਇੱਕ ਦੂਜੇ ਬੰਨੀਂ ਈ ਝਾਕੀ ਜਾਈਏ।
ਮੁੜਕੇ ਕੁੜੀ ਦੇ ਇਸ਼ਾਰੇ ਤੇ ਅਸੀਂ ਬਹੁਤ ਵੱਡਾ ਪਰਦਿਆਂ ਆਲੇ ਕੱਪੜੇ ਦਾ ਇੱਕ ਬੰਡਲ ਜਾ ਚੱਕ ਲਿਆ। ਵਾਹਵਾ ਭਾਰਾ ਸੀ , ਤਿੰਨਾ ਨੇ ਤਿੰਘ ਕੇ ਚੱਕਿਆ ਸੀ। ਅਸੀਂ ਪੁੱਛਿਆ ਕਿੱਥੇ ਲਿਜਾਣਾ?
ਕਹਿੰਦੀ ਮਹਾਰਾਜ ਆਲੇ ਕਮਰੇ 'ਚ ਲੈਜੋ। ਸਾਨੂੰ ਐਂ ਸੀ ਬੀ ਗੁਰੂ ਗ੍ਰੰਥ ਸਾਹਬ ਨੂੰ ਮਹਾਰਾਜ ਕਹਿੰਦੀ ਆ। ਮਗਰੇ ਤੁਰੇ ਗਏ। ਬਾਰ ਖੁੱਲਿਆ।
ਸਾਹਮਣੇ ਜ਼ਨਾਨੀ ਭਗਵੇਂ ਕੱਪੜੇ ਪਾਈ , ਗੱਦੀ ਲਾਈ ਬੈਠੀ ਸੀ, ਸਾਹਮਣੇ ਉਹਦੇ ਗੰਜੇ ਜੇ ਬੰਦੇ ਬੈਠੇ ਸੀ ਬਿਮਾਰ ਜੀ ਕੁੜੀ ਲੈਕੇ।
ਕੂੜੀ ਨੇ ਬੰਡਲ ਜਾ ਚੈੱਕ ਕਰਾਇਆ ਮਹਾਰਾਜ ਨੂੰ । ਓਹੀ ਜ਼ਨਾਨੀ ਮਹਾਰਾਜ ਸੀ। ਉਹਨੇ ਬੰਡਲ ਰਜੈਕਟ ਕਰਤਾ, ਕਹਿੰਦੀ ਹੋਰ ਲਿਆਓ।
ਸਾਨੂੰ ਸਾਲੀ ਤ੍ਰੇਲੀ ਆਗੀ ਬੀ ਚੱਕੋ ਫੇਰ ਸਿਆਪੇ ਨੂੰ। ਮੁੜਕੇ ਫੇਰ ਕਮਰੇ 'ਚ ਰੱਖਤਾ ਤੇ ਓਥੋਂ ਹੋਰ ਬੰਡਲ ਚੱਕ ਲਿਆ।
ਕੁੜੀ ਸਾਨੂੰ ਕਹਿੰਦੀ ਏਹਨੂੰ ਦਰਬਾਰ 'ਚ ਲੈਕੇ ਜਾਣਾ। ਤੁਰਪੇ ਮਗਰੇ ਮਗਰ।
ਦਰਬਾਰ 'ਚ ਜਾਵੜੇ, ਬਾਬੇ ਨਾਨਕ ਦੀ ਕੰਧ ਜਿੱਡੀ ਬੱਡੀ ਫੋਟੂ ਲੱਗੀ ਪਈ। ਉਹਦੇ ਨਾਲ ਸਾਰੇ ਦੇਵੀ ਦੇਵਤਿਆਂ ਦੀਆਂ। ਸੱਤ-ਅੱਠ ਕੁੜੀਆਂ ਵਾਲ ਖੋਲ੍ਹੀ ਫਿਰਨ ਸਾਡੇ ਬਿਨਾਂ ਹੋਰ ਕੋਈ ਨਾ ਓੱਥੇ, ਦਬਾਰੇ ਦੱਸਦਾਂ ਏਹੇ ਸਾਰਾ ਕੁਛ ਥੱਲੇ ਭੋਰੇ 'ਚ ਸੀ। ਸਾਨੂੰ ਸੱਚਿਓਂ ਡਰ ਲੱਗਣ ਲਾਗਿਆ ਬੀ ਮਾਰਨ ਗੇ ਏਹਤਾਂ। ਬੰਡਲ ਜਾ ਰੱਖਤਾ ਕਹਿੰਦੀਆਂ ਜਾਓ ਤੁਸੀਂ। ਅਸੀਂ ਮੁੜਪੇ। 'ਤਾਹਾਂ ਆਉਣ ਦਾ ਰਸਤਾ ਐਨਾ ਗੁੰਝਲਦਾਰ ਸੀ ਬੀ ਅਸੀਂ ਗਮਾਚ ਗੇ ਬੀ ਕਿੱਧਰ ਦੀ ਜਾਈਏ। ਕੁੜੀ ਜੀ ਆਗੀ ਵਾਹਵਾ , ਸਾਨੂੰ ਕਹਿੰਦੀ ਐਧਰ ਦੀ ਹੋਕੇ ਐਧਰ ਜਾਵੜੋ। 'ਤਾਂਹਾ ਆਗੇ , ਸਾਡੇ ਰੰਗ ਉੱਡੇ ਵਏ ਤਿੰਨਾਂ ਦੇ। 'ਤਾਹਾਂ ਆਕੇ ਵੇਖਿਆ ਭਰਾਵਾ ਫਰੀਦਕੋਟੀਆ ਬੱਬਲ, ਬਲਤੇਜ ਤੇ ਝੰਡਾ ਮੁੜਕੋ ਮੁੜ੍ਹਕੀ ਹੋਏ ਗੰਢੇ ਜੇ ਸੂਤ ਕਰੀ ਜਾਣ।
ਨਾਲੇ ਸਭ ਤੋਂ ਵੱਡੀ ਗੱਲ ਬਾਬਾ ਨਾਨਕ ਤਰਕਸ਼ੀਲ਼ੀ ਬੰਦਾ ਸੀ ਐਂ ਪਾਣੀ ਕੱਢਣ ਆਲੇ ਫੁੱਦੂ ਕੰਮਾਂ ਦੀ ਢੂਈ ਨੀਂ ਮਾਰਦਾ ਸੀ।
ਮੁੜਕੇ ਵੇਖਿਆ ਉਹ ਥਾਂ ਜਿੱਥੇ ਤੱਤਾ ਪਾਣੀ ਨਿੱਕਲਦਾ, ਉੱਥੇ ਸੱਪਾਂ ਆਲੇ ਪਰਧਾਨ ਸ਼ਿਵ ਜੀ ਦਾ ਬਹੁਤ ਵੱਡਾ ਬੁੱਤ ਬਣਿਆ ਵਾ ਬੀ ਜੇ ਧਰਤੀ 'ਚੋਂ ਤੱਤਾ ਪਾਣੀ ਨਿੱਕਲਿਆ ਤਾਂ ਏਹੇ ਪਾਣੀ ਸ਼ਿਵ ਜੀ ਨੇ ਈ ਕੱਢਿਆ।

ਜਿੱਥੇ ਗੁਰੂ ਗ੍ਰੰਥ ਸਾਹਬ ਦਾ ਪ੍ਰਕਾਸ਼ ਸੀ , ਉੱਥੇ ਬਾਬੇ ਨਾਨਕ ਤੇ ਬਾਜ਼ਾਂ ਆਲੇ ਦੇ ਨਾਲ ਮਿਥਿਹਾਸਕ ਕਹਾਣੀ ਦੇ ਟੋਟਲੀ ਪਾਤਰਾਂ ਦੀਆਂ ਫੋਟਮਾਂ ਵੀ ਲੱਗੀਆ ਵੀਆਂ ਸੀ।
ਮੁੱਕਦੀ ਗੱਲ , ਮਨੀਕਰਣ ਐਹੇ ਜੀ ਥਾਂ ਆ ਜਿੱਥੇ ਗੁਰੂ ਗ੍ਰੰਥ ਸਾਬ ਤੇ ਬਾਬੇ ਨਾਨਕ ਹੋਣਾਂ ਦਾ ਵੱਧ ਤੋਂ ਵੱਧ ਲੰਡੂ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਤੇ ਅਗਲੇ ਐਸ ਕੋਸ਼ਿਸ਼ 'ਚ ਪੂਰੇ ਸਫਲ ਵੀ ਹੋਏ ਨੇ। ....ਘੁੱਦਾ
---------------------------------------------------------------------------------------------------------

ਆਪਣੇ ਲੋਕਾਂ ਨਾ ਬਾਹਲੀ ਵੱਡੀ ਝੇਡ ਪਤਾ ਕਦੋਂ ਹੁੰਦੀ ਆ?
ਜਦੋਂ ਕੋਟਕਪੂਰੇ ਆਲਾ ਫਾਟਕ ਲੱਗਾ ਹੋਵੇ ਤੇ
ਉਧਰੋਂ ਤਾਂ ਟ੍ਰੈਫਿਕ ਕੋਟਕਪੂਰੇ ਦੇ ਬੱਤੀਆਂ ਆਲੇ ਚੌਂਕ ਤਾਂਈ ਜਾਮ ਹੋਜੇ
ਤੇ ਦੂਏ ਪਾਸੇ ਕਾਰਾਂ,ਜੀਪਾਂ ਦੀ ਲੰਬੀ ਲੈਨ ਸਿੱਧਵਾਂ ਤਾਂਈ ਲੱਗਜੇ
ਜੰਤਾ ਮੁੜ੍ਹਕੋ ਮੁੜ੍ਹਕੀ ਹੋਜੇ , ਦੇ ਹਾਰਨ ਤੇ ਹਾਰਨ , ਲੜੋ-ਲੜਾਈ, ਧੱਕੇ ਨਾ ਸੈਡਾਂ ਤੋਂ ਓਵਰਟੇਕਿੰਗ
ਜਦੋਂ ਪੂਰਾ ਸਸਪੈਂਸ ਬਣ ਜਾਂਦਾ ਤਾਂ ਐਨੇ ਨੂੰ ਚੂਹਾ ਟੈਪ ਮੁੱਛਾਂ ਆਲਾ ਡਰੈਵਰ ਲਿੱਬੜਿਆ ਜਾ ਇੰਜਣ ਲੈਕੇ ਪਾਂ ਪਾਂ ਕਰਕੇ 'ਕੱਲਾ ਈ ਟੱਪ ਜਾਂਦਾ ਤਾਂ ਜੰਤਾ ਮੂੰਹੋ ਆਹਾ ਚੰਦ ਸ਼ਬਦ ਨਿੱਕਲਦੇ ਨੇ," ਹੀ... ਭੈਂ"...ਘੁੱ
----------------------------------------------------------------------------------------------------------

ਬਜ਼ੁਰਗ ਕਹਿੰਦੇ ਬੀ ਦੁਨੀਆਂ ਤੇ ਦੋ ਤਰ੍ਹਾਂ ਦੇ ਬੰਦੇ ਹੁੰਦੇ ਨੇ । ਇੱਕ ਤਾਂ ਸਿਆਣੇ, ਤੇ ਦੂਜੇ ਜਿਹੜੇ ਬਲੈਣ ਵੀ ਥੱਲੇ ਦੀ ਪੁੱਠੀ ਪਾਉਦੇਂ ਨੇ ਪਰ ਸਿਆਣੇ ਬਨਣ ਦੀ ਕੋਸ਼ਸ਼ ਕਰਦੇ ਨੇ । ਮੇਰੇ ਅਰਗੇ ਬੰਦੇ ਦੂਜੀ ਕੈਟਾਗਰੀ 'ਚ ਆਉਂਦੇ ਨੇ।
ਪਰਸੋਂ ਚੌਥ ਦੀ ਗੱਲ ਆ ਮਨੀਕਰਣ ਗੁਰਦਆਰੇ ਤੇ ਲਿਖਕੇ ਸਟੇਟਸ ਜਾ ਪਾਇਆ ਸੀ। ਜਿਹੜਾ ਕੁਸ ਓੱਥੇ ਵੇਖਿਆ ਸੀ ਓਹੀ ਕੁਸ ਇੰਨ ਬਿੰਨ ਲਿਖ ਕੇ ਪੋਸਟ ਕੀਤਾ ਸੀ। ਦੋ ਤਿੰਨ ਬੰਦੇ ਬਾਹਲੇ ਪੰਥ ਦਰਦੀ ਬਣਦੇ ਸੀ ਮਲਬ ਬੀ ਖਰੀ ਕਰਦੇ ਸੀ ਮੇਰੇ ਤੇ।
ਜ਼ਿਦਣ ਜ਼ਿਦਾਉਣ ਦੀ ਕੋਈ ਲੋੜ ਨੀਂ ਕਿਧਰੇ ਨੀ ਕੁੰਡੇ ਆਲਾ ਕੱਪ ਮਿਲਣਾ ਆਪਾਂ ਨੂੰ।
ਜੇਹੜੇ ਇਤਿਹਾਸਕਾਰ ਸੀਗੇ ਸਾਰਿਆਂ ਨੇ ਜਮਾਂ ਸਹੀ ਇਤਿਹਾਸ ਨੀਂ ਲਿਖਿਆ ਸੀ। ਪਾਣੀ ਦੀ ਢਾਲ ਵੇਖਕੇ ਲਿਖਦੇ ਰਹੇ ਨੇ। ਅੰਗਰੇਜ਼ਾਂ ਨੇ ਆਵਦੇ ਪੱਖ ਦਾ , ਮੁਗਲਾਂ ਨੇ ਆਵਦੇ ਪੱਖ ਦਾ ਤੇ ਹੋਰਾਂ ਨੇ ਆਪੋ ਆਪਣੇ ਰਾਜਿਆਂ ਨੂੰ ਖੁਸ਼ ਕਰਨ ਖਾਤਰ ਲਿਖਿਆ।
ਜੇ ਬਾਬੇ ਨਾਨਕ ਨੇ ਪੈਰ ਮਾਰਕੇ ਧਰਤੀ 'ਚੋਂ ਪਾਣੀ ਕੱਢਿਆ ਹੁੰਦਾ, ਮੱਕਾ ਮਦੀਨਾ ਸੱਚਿਓਂ ਘੁਕਾਇਆ ਹੁੰਦਾ, ਅੱਖਾਂ ਮੀਟ ਕੇ ਘਰ ਤਾਂਈ ਦਾ ਸਫਰ ਤੈਅ ਕੀਤਾ ਹੁੰਦਾ ਤਾਂ ਬਾਬੇ ਨਾਨਕ ਨੂੰ ਹਰਦੁਆਰ 'ਚ ਪੁੱਠੇ ਪਾਸੇ ਪਾਣੀ ਸਿੱਟਣ ਦੀ ਲੋੜ ਨੀਂ ਸੀ ਉੱਥੇ ਬਾਬਾ ਨਾਨਕ ਨੇ ਵੀ ਸੂਰਜ ਨੂੰ ਈ ਪਾਣੀ ਦੇਣਾ ਸੀ। ਆਸਾ ਦੀ ਵਾਰ ਐਨੀ ਖੁੱਲ੍ਹ ਕੇ ਲਿਖਣ ਦੀ ਲੋੜ ਨਹੀਂ ਸੀ ਫਿਰ ਗੁਰੂ ਨਾਨਕ ਸਾਬ੍ਹ ਨੂੰ।
ਦੂਜੀ ਗੱਲ ਬਾਬੇ ਨਾਨਕ ਦੀ ਗੱਲ ਤਾਂ ਪੁਰਾਣੀ ਆ , ਇਤਿਹਾਸਕਾਰਾਂ ਨੇ ਤਾਂ ਗੁਰੂ ਗੋਬਿੰਦ ਸਿੰਘ ਤੇ ਵੀ ਬਥੇਰੀਆਂ ਤੋਹਮਤਾਂ ਲਾਈਆਂ ਬੀ ਬਾਜ਼ਾਂ ਆਲੇ ਨੇ ਦੁਰਗਾ ਦੇਵੀ ਪੂਜੀ ਸੀ, ਤੇ ਦੇਵੀ ਨੇ ਸਾਹਿਬਜ਼ਾਦੇ ਅਜੀਤ ਸਿੰਘ ਦੀ ਬਲੀ ਮੰਗਲੀ ਸੀ, ਤੇ ਫਿਰ ਬਾਜ਼ਾਂ ਆਲ਼ਾ ਵਾਅਦੇ ਤੋਂ ਮੁੱਕਰ ਗਿਆ ਸੀ।
ਕਈ ਕਹਿੰਦੇ ਅਜੀਤ ਸਿੰਘ ਵਿਆਹਿਆ ਵੀ ਸੀ, ਗੁਰੂ ਸਾਹਿਬ ਦੇ ਪੋਤਰੇ ਦਾ ਨੌਂ ਹਠੀ ਸਿੰਘ ਸੀ।
ਪਰਧਾਨ ਲੰਡੂ ਇਤਿਹਾਸਕਾਰ ਵੀ ਬਥੇਰੇ ਸੀਗੇ। ਮੁੜਕੇ 1905 'ਚ ਕਰਤਾਰ ਸਿੰਘ ਨੇ ਗੁਰੂ ਗੋਬਿੰਦ ਸਿੰਘ ਤੇ ਕਿਤਾਬ ਲਿਖਕੇ ਜੰਤਾ ਦੇ ਸ਼ੰਕੇ ਦੂਰ ਕੀਤੇ ਸੀ।
ਅਸੀਂ ਬੀ ਸਿੱਖ ਪਰਿਵਾਰਾਂ 'ਚੋਂ ਈ ਆਂ , ਅੰਡੇਮਾਨ ਨਿਕੋਬਾਰ ਤੋਂ ਨੀ ਆਏ ਕਿਤੇ। ਖਰੀ ਨਾ ਕਰਿਆ ਕਰੋ 'ਗਾਹਾਂ ਤੋਂ ਗੱਲ ਸਮਝ ਲਿਆ ਕਰੋ ਬਾਈ ਅਣਿਆ...ਘੁੱਦਾ
---------------------------------------------------------------------------------------------------------

ਕਹਿੰਦਾ
ਛੱਲਾ ਸਾਂਦਲਬਾਰ ਦੇ ਬਹੁਤ ਪੁਰਾਣੇ ਢੋਲਿਆਂ ਦੀ ਇੱਕ ਯਾਦਗਾਰ
ਛੱਲਾ ਮਾਮੂਲੀ ਜਾ ਗਹਿਣਾ ਪਰ ਮੁਹੱਬਤ ਬਣਕੇ ਕਿਸੇ ਦੀ ਉਂਗਲ ਵਿੱਚ ਪੈ ਜਾਵੇ ਤਾਂ ਬੇਸ਼ੁਮਾਰ ਕੀਮਤੀ
ਛੱਲਾ ਸੋਨੇ ਦਾ ਹੋਵੇ ਜਾਂ ਚਾਂਦੀ ਦਾ ਪਿੱਤਲ ਦਾ ਹੋਵੇ ਜਾਂ ਲੋਹੇ ਦਾ
ਛੱਲਾ ਦੇਣ ਵਾਲੇ ਦੀ ਨੀਤ ,ਪ੍ਰੀਤ ਤੇ ਉਸਦੀ ਪ੍ਰਤੀਤ ਦੀ ਯਾਦ ਦਵਾਉਂਦਾ ਹੈ
ਸੁਣਦੇਂ ਸਾਂ ਢਾਕੇ ਦੀ ਮਲਮਲ ਬਹੁਤ ਬਾਰੀਕ ਤੇ ਮਹੀਨ ਹੋਇਆ ਕਰਦੀ ਸੀ
ਕਿ ਉਸਦਾ ਪੂਰੇ ਦਾ ਪੂਰਾ ਥਾਨ ਇੱਕ ਛੱਲੇ ਵਿੱਚ ਦੀ ਨਿੱਕਲ ਜਾਂਦਾ ਸੀ
ਪਰ ਕੁਰਬਾਨ ਜਾਈਏ ਉਸ ਸ਼ਾਇਰ ਦੇ ਜਿਸਨੇ ਨੇ ਪੰਜਾਬ ਦੇ ਸੱਭਿਆਚਾਰ ਨੂੰ , ਪੰਜਾਬੀ ਅਦਬ ਨੂੰ
ਪੰਜਾਬੀ ਮਾਂ ਬੋਲੀ ਦੀ ਮਿਠਾਸ ਨੂੰ ਛੱਲੇ ਵਿੱਚਦੀ ਪਰੋਇਆ ਹੈ
ਪੰਜਾਬ ਦੇ ਜ਼ਰਖੇਜ ਮਿੱਟੀ ਦੇ ਉਹਨ੍ਹਾਂ ਸਾਰੇ ਆਸ਼ਕਾਂ ਦੇ ਨਾਂ
ਜੇਹਨ੍ਹਾਂ ਨੇ ਛੱਲੇ ਵਿੱਚ ਆਪਣਾ ਦਿਲ ਜੜਕੇ ਦਿੱਤਾ
ਪਾਕ ਮੁਹੱਬਤ ਦੀ ਪਾਕ ਨਿਸ਼ਾਨੀ ..."ਛੱਲਾ"

ਨਮੇਂ ਜੇ ਰੈਟਰ ਨੇ ਛੱਲਾ ਲਿਖਿਆ ਰੀਸੋ ਰੀਸ
ਕਹਿੰਦਾ ਛੱਲੇ ਨੇ ਬਾਰ੍ਹਾਂ ਕਰਲੀਆਂ, ਚੰਡੀਗੜ੍ਹ ਜਾਵੜਿਆ,
ਨਿੱਕੀ ਫਸਾਲੀ, ਨਿੱਕੀ ਜਵਾਬ ਦੇਗੀ, ਛੱਲਾ ਸੈਡ ਹੋਗਿਆ ਬੀ ਆਹ ਕੀ , ਘਰੇ ਫੂਨ ਕਰਤਾ ਬੀ ਆਗਿਆ ਮੈਂ ਤਾਂ,
ਛੱਲਾ ਆਕੇ ਖੇਤੀ ਕਰਨ ਲਾਗਿਆ
ਕੰਜਦਿਓ ਘੱਟੋ ਘੱਟ ਕਿਸੇ ਦੀ ਸ਼ਾਹਕਾਰ ਰਚਨਾ ਦੀ ਤਾਂ ਕਦਰ ਕਰਲੋ..ਯੱਦੇ ਛੱਲਿਆਂ ਦੇ
ਦੱਸਦਿਓ ਜਿੱਦੇਂ ਕਿਸੇ ਨੇ ਗਿੱਦੜਬਾਹੇ ਆਲੇ ਮਾਨ ਅਰਗਾ ਛੱਲਾ ਲਿਖਕੇ ਗਾਤਾ
ਅਸੀਂ ਵੀ ਸੁਣਲਾਂਗੇ....ਘੁੱਦਾ
------------------------------------------------------------------------------------------------------------

ਘਟਨਾਸਥਲ ਚਮਕੌਰ ਦੀ ਗੜ੍ਹੀ
ਲਹੂ ਨਾ ਲੱਥ ਪੱਥ ਹੋਈ ਚੰਨ ਦੀ ਚਾਨਣੀ
ਅਜੀਤ , ਜੁਝਾਰ ਲਾਗੇ ਡਿੱਗੀਆਂ ਤਲਵਾਰਾਂ ਤੇ ਵੱਜੇ
ਬਾਕੀ ਢਾਲ ਨਾ ਵੱਜਕੇ ਮੁੜਜੇ
ਆਹ ਹਾਲ ਵੇਖਕੇ ਇੱਕ ਸਿੰਘ ਨੇ ਆਵਦੇ ਗਲ
ਪਾਏ ਪੱਲੇ ਨੂੰ ਹੱਥਾਂ 'ਚ ਘੁੱਟ ਹੱਥ ਜੋੜੇ
ਤੇ ਕੋਲੇ ਜਾ ਖਲੋਤਾ ਤੇ
ਕਹਿੰਦਾ ਜੀ ਥੋਡੇ ਵੱਡੇ ਪੁੱਤਾਂ ਦੇ ਸਰੀਰ ਮੈਦਾਨ 'ਚ ਪਏ ਨੇ
ਕਿਮੇਂ ਕਰੀਏ ?
ਜੇ ਆਖੋਂ ਤਾਂ ਉੱਤੇ ਕੱਪੜਾ ਤਾਣ ਆਈਏ?
ਸੁਡੌਲ ਸਰੀਰ
ਦੂਰ-ਅੰਦੇਸ਼ੀ ਸੋਚ
ਮਲਕੜੇ ਜੇ ਧੌਣ ਘੁਮਾਕੇ ਸਿੰਘ ਬੰਨੀਂ ਝਾਕੇ
ਤੇ ਹੱਸਕੇ ਆਖਿਆ
"ਸਿੰਘਾਂ ਕੀਹਤੇ ਕੀਹਤੇ ਕੱਪੜਾ ਤਾਣੇਂਗਾਂ , ਸਾਰੇ ਈ ਮੇਰੇ ਪੁੱਤ ਨੇ"
ਸਿੰਘ ਦੇ ਗਲ ਪਾਏ ਪੱਲੇ ਤੋਂ ਹੱਥ ਛੁੱਟ ਗਏ
ਫੇਰ ਕਿਸੇ ਨੇ ਪੁੱਛਣ ਦਾ ਹੀਆ ਨਾ ਕੀਤਾ
ਤੇ ਫੇਰ ਸੰਨਾਟਾ ਪਸਰ ਗਿਆ...ਘੁੱਦਾ
---------------------------------------------------------------------------------------------------------


ਉੱਚਾ ਲੰਮਾ ਕੱਦ, ਸ਼ਤੀਰ ਅਰਗਾ ਗੁੰਦਮਾਂ ਸਰੀਰ, ਹੇਠਾਂ ਬੱਕੀ
ਖਬਰਾਂ ਉੱਡਗੀਆਂ ਬੀ ਮਿਰਜ਼ਾ ਸਾਹਿਬਾਂ ਨੂੰ ਕੱਢ ਕੇ ਲੈ ਗਿਆ
ਆਹ ਖਬਰ ਸਾਹਿਬਾ ਦੇ ਭਾਈਆਂ ਕੋਲ ਪੁੱਜੀ
ਜੱਟ ਸ਼ਮੀਰਾ, ਸਾਹਿਬਾ ਦਾ ਬੱਡਾ ਭਾਈ , ਫਰਕਦੇ ਡੌਲੇ, ਅੱਖਾਂ 'ਚ ਲਾਲੀ, ਗੁੱਸੇ ਨਾ ਮੁੱਠੀਆਂ ਮਿਚਗੀਆਂ
ਮੁੱਛਾਂ ਫਰਕੀਆਂ ਤੇ ਭਰਾਵਾਂ ਨੂੰ ਹੁਕਮ ਕੀਤਾ ,
"ਪਾਓ ਓਏ ਘੋੜਿਆਂ ਤੇ ਕਾਠੀਆਂ, ਟੋਟੇ ਟੋਟੇ ਕਰਦੋ ਬੱਡੇ ਮਿਰਜ਼ੇ ਦੇ"
ਸਾਹਿਬਾ ਦਾ ਨਿੱਕਾ ਭਾਈ , ਜੋ ਕਿ ਅਜੇ ਤੱਕ ਚੁੱਪ ਸੀ
ਇੱਕਦਮ ਸ਼ਮੀਰੇ ਨੂੰ ਸੰਬੋਧਿਤ ਕਰਕੇ ਬੋਲਿਆ
" ਬਾਈ ਦਸ ਮਿੰਟ ਖੜ੍ਹਜਾ , ਹੁਣੇ ਸਲੈਂਡਰ ਲਾਇਆ ਨਮਾਂ ਤੇ ਚਾਹ ਬਣੀ ਜਾਂਦੀ ਆ, ਹੁਣ ਪੀਕੇ ਈ ਚੱਲਾਂਗੇ"
ਤੇ ਸ਼ਮੀਰੇ ਮੂੰਹੋ ਆਹ ਚਾਰ ਕੁ ਬੋਲ ਨਿਕਲੇ," ਭੈਣ ਦੇ ਬਦਲੇ ਈ ਯਹਾਵਾ , ਕਦੇ ਤਾਂ ਸੀਰੀਅਸ ਹੋਜਿਆ ਕਰ"...ਘੁੱਦਾ
----------------------------------------------------------------------------------------------------------



ਅੱਜ ਇੱਕ ਥਾਂ ਬੜੀ ਕੈਮ ਗੱਲ ਲਿਖੀ ਵਈ ਪੜ੍ਹੀ

ਕਹਿੰਦਾ ਇੰਤਜ਼ਾਰ ਕਰਨ ਆਲਿਆਂ ਨੂੰ ਬਸ ਉਨ੍ਹਾਂ ਕੁ ਈ ਮਿਲਦਾ ਹੁੰਦਾ
ਜਿੰਨ੍ਹਾਂ ਕ ਕੋਸ਼ਿਸ਼ ਕਰਨ ਆਲ਼ੇ ਛੱਡ ਜਾਂਦੇ ਨੇ
------------------------------------------------------------------------------------------------------------
ਕੇਰਾਂ ਦਿਵਾਲੀ ਦੇ ਦਿਨ ਜੇ ਸੀਗੇ ਤੇ ਮੰਡੀ 'ਚ ਝੋਨਾ ਤੁਲਦਾ ਸੀ।
ਨਿੱਕਾ ਗਰਨੈਬ ਹਿੰਡ ਪੈ ਗਿਆ ਕਹਿੰਦਾ ਟੀ.ਵੀ ਲੈਣਾ ਨਮਾਂ ਤੇ ਏਹਤਾ ਭਰਾਵਾ ਮੰਡਿਓਂ ਡਰੈਗਟ ਈ ਬਜ਼ਾਰ 'ਚ ਜਾਵੜਿਆ। ਪੈਂਰੀ ਰਲੈਕਸੋ ਦੀਆਂ ਚੱਪਲਾਂ,ਤੇ ਮੂਕੇ ਨਾ ਨੱਕ ਜਾ ਪੂੰਝਦਾ ਪੂੰਝਦਾ ਸ਼ੋ-ਰੂਮ ਜੇ 'ਚ ਵੜਗਿਆ
ਜਾਕੇ ਸੇਠ ਨੂੰ ਕਹਿੰਦਾ , "ਬਾਈ ਆਹਾ ਟੀਵੀ ਕਿੰਨੇ ਦਾ"?
ਸੇਠ ਕੌਂਟਰ ਤੇ ਬੈਠਾ ਸੀ ਕਹਿੰਦਾ ਭੱਜਜਾ ਅਸੀਂ ਪੇਡੂਆਂ ਨੂੰ ਟੀ.ਵੀ ਨੀ ਵੇਚਦੇ
ਨਿੱਕਾ ਕਹਿੰਦਾ ਬੀ ਬੇਜ਼ਤੀ ਹੋਗੀ ਆਹ ਤਾਂ
ਦੂਏ ਦਿਨ ਫੌਰਮਲ ਜੇ ਲੀੜੇ ਪਾਕੇ ਜਾਵੜਿਆ ਬੀ ਹੁਣ ਨੀਂ ਸੇਠ ਮੋੜਦਾ
ਫੇਰ ਜਾਣ ਸਾਰ ਗੇਟ ਜਾ ਖੋਲ਼੍ਹਕੇ ਕਹਿੰਦਾ, "ਅੰਕਲ ਜੀ ਆਹਾ ਟੀ.ਵੀ ਕਿੰਨੇ ਦਾ"
ਸੇਠ ਕਹਿੰਦਾ ਨਿੱਕਿਆ ਫੇਰ ਆਗਿਆ ਤੈਨੂੰ ਕਹਿਤਾ ਅਸੀਂ ਪੇਡੂਆਂ ਨੂੰ ਟੀ.ਵੀ ਨੀਂ ਬੇਚਦੇ
ਨਿੱਕੇ ਦੀ ਫੇਰ ਲਹਿਗੀ ਕਹਿੰਦਾ ਮਰਗੇ ਆਹਤਾ ਕੁੱਤੇਖਾਣੀ ਹੋਗੀ
ਤੀਏ ਦਿਨ ਕੋਟ ਪੈਂਟ ਪਾਕੇ , ਟਾਈ ਟੂਈ, ਜਮਾਂ ਓਕੇ ਰਪੋਟ ਕਰਕੇ ਫੇਰ ਜਾਵੜਿਆ
ਜਾਣ ਸਾਰ ਫੇਰ ਕਹਿੰਦਾ, "ਅੰਕਲ ਜੀ ਯਹ ਟੀ.ਵੀ ਕਿਤਨੇ ਆ ਹੈ"
ਸੇਠ ਕਹਿੰਦਾ, "ਭੱਜ ਜਾ ਭੱਜ ਤੈਨੂੰ ਕੈ ਆਰੀ ਕਹਿਤਾ ਅਸੀ ਪੇਡੂਆਂ ਨੂੰ ਟੀ.ਵੀ ਨਹੀਂ ਵੇਚਦੇ
ਨਿੱਕਾ ਜਮਾਂ ਕੱਚਾ ਹੋਗਿਆ ਬੀ ਭੈਣ ਦੇ ਬੀਰ ਦਾ ਕੋਟ ਪੈਂਟ ਦਾ ਵੀ ਕੋਈ ਇੰਮਪ੍ਰੈਸ਼ਨ ਨੀਂ ਪਿਆ
ਕਹਿੰਦਾ ਬਾਈ ਜਰ ਟੀ.ਵੀ ਨਾ ਵੇਚ ਪਰ ਜਰ ਐਂ ਤਾਂ ਦੱਸਦੇ ਬੀ ਤੈਨੂੰ ਕਿਮੇਂ ਪਤਾ ਲੱਗਦਾ ਬੀ ਮੈਂ ਪੇਂਡੂ ਆਂ
ਸੇਠ ਬੋਲਦਾ ਕਹਿੰਦਾ ,"ਨਿੱਕਿਆ ਏਹੇ ਟੀ ਵੀ ਨੀਂ Microwave ਆ"
ਪਿੱਛੇ ਮੈਂ ਖੜ੍ਹਾ ਸੀ ਮਖਾ ਕਿਮੇਂ ਨਿੱਕਿਆ ਵੇਖ ਲਿਆ ਸਟਾਰ ਪਲੱਸ
ਤੇ ਨਿੱਕੇ ਨੇ ਟਾਈ ਲਾਹਕੇ ਜੇਬ 'ਚ ਪਾਲੀ.

------------------------------------------------------------------------------------------------------------

ਅੱਜ ਅਜ਼ਾਦੀ ਦੇ ਦਿਹਾੜੇ ਤੇ ਮੇਰੇ ਬੰਨੀਂਓ ਜਾਣਿ ਕਿ ਪ੍ਰਸ਼ੋਤਮ ਰਾਮ "ਰਾਹੀ" ਬੰਨੋਂ "ਮਾਲਵਾ ਇਕਾਈ ਲੇਖਕ ਵਿੰਗ" ਦੇ ਸੱਦੇ ਤੇ ਆਪਣੇ ਰੁਝੇਵਿਆਂ ਨੂੰ ਲਾਂਭੇ ਕਰਕੇ ਦੂਰ ਦੁਰਾਡਿਓਂ ਪੁੱਜੇ ਸਾਰੇ ਲੇਖਕ ਬੀਰਾਂ ਦਾ ਨਿੱਘਾ ਸਵਾਗਤ ਹੈ।
ਪਹਿਲੀ ਗੱਲ ਮੈਂ ਇੰਨਕਲਾਬੀ ਲੇਖਕਾਂ ਨੂੰ ਮੱਥਾ ਟੇਕਦਾਂ
ਜੇਹਨਾਂ ਨੇ ਕਲਮਾਂ ਨੂੰ ਹਥਿਆਰ ਬਣਾਕੇ ਇੰਕਲਾਬ ਲਿਆਉਣ ਦੇ ਪੁਰਜ਼ੋਰ ਯਤਨ ਕੀਤੇ
ਖੜਕੜ ਕਲਾਂ ਆਲਾ, ਸਰਾਭਿਆ ਆਲਾ ਤੇ ਉਧਮ ਸਿਹੁੰ ਤੇ ਹੋਰ ਸਾਰੇ ਚੰਦਰ ਸ਼ੇਖਰ ਹੋਣੀਂ ਏਹਨਾਂ ਸਾਰਿਆਂ ਨੂੰ ਅਸੀਂ ਆਪਣੀ ਕਲਮ ਦੇ ਬਾਹੂ ਬਲ ਤੇ ਏਹਨਾਂ ਨੂੰ ਝੂਠਾ ਸਾਬਤ ਕਰਕੇ ਛੱਡਾਂਗੇ ਬੀ ਗੋਲੀਆਂ, ਬੰਬ ਬੰਦੂਕਾਂ ਸਿਰਫ ਹਵਾ ਤੇ ਧੁਨੀ ਪ੍ਰਦੂਸ਼ਣ ਪੈਦਾ ਕਰਦੇ ਹਨ।
ਲੇਖਕ ਬੀਰੋ ਸਿੱਖਾਂ ਦੇ ਦਸਮੇਂ ਗੁਰੂ ਗੋਬਿੰਦ ਸਿੰਘ ਵੀ ਹਿੰਸਕ ਸਨ। ਉਦੋਂ ਵੀ ਔਰੰਗਜ਼ੇਬ ਨਾ ਸੁਲਾ ਹੋ ਸਕਦੀ ਸੀ।
ਲੋਕਾਂ ਦੇ ਦਮਾਗਾਂ 'ਚ ਇਹ ਗੱਲ ਬਿਠਾ ਦੋ ਬੀ ਇੰਨਲਾਬ ਤੇ ਸਮਾਜਵਾਦ ਦਾ ਇੱਕੋ ਇੱਕ ਰਾਹ ਹੈ ਬੀਰੋ..."ਕਲਮਾਂ"
ਪੜਦੇ ਜੇ ਨਾ ਕਵਿਤਾਵਾਂ ਲਿਖੋ ਤੇ ਛਪਵਾਕੇ ਕੇ ਦੱਸੇ ਬੀ ਦੇਸ਼ ਅੰਦਰ ਬੇਰੁਜ਼ਗਾਰੀ, ਬਲਾਤਕਾਰੀ, ਭ੍ਰਿਸ਼ਟਾਚਾਰ ਦੀ ਦਰ ਕਿੰਨੀ ਕੁ ਵੱਧ ਹੈ।
ਕਲਮਾਂ ਰਾਂਹੀ "ਅੱਗ ਲਾਕੇ ਡੱਬੂ ਕੰਧ ਤੇ" ਵਾਲਾ ਰੋਲ ਅਦਾ ਕਰੋ।
ਘਰੇ ਬਹਿਕੇ ਇੰਕਲਾਬੀ ਗਜ਼ਲਾਂ , ਸ਼ੇਅਰ , ਨਜ਼ਮਾਂ ਤੇ ਕਵਿਤਾਵਾਂ ਲਿਖੋ।
ਬਾਹਰ ਨਹੀਂ ਜਾਣਾ। ਨਹੀਂ ਪੁਲਸ ਦੁਆਰਾ ਤੁਹਾਡਾ ਪਿੱਛਾ ਕੁੱਟਿਆ ਜਾ ਸਕਦਾ ਹੈ।
ਇਸ ਤਰ੍ਹਾਂ ਲੇਖਕ ਵੀਰੋ ਤੁਹਾਡੀਆਂ ਕਿਤਾਬਾਂ ਵੀ ਛਪਦੀਆਂ ਰਹਿਣਗੀਆਂ , ਦੋ ਟੈਮ ਦੀ ਰੋਟੀ ਪੱਕਦੀ ਰਹੇਗੀ ਤੇ ਬਹੂ ਦੇ ਸੁਰਖੀ ਪੌਡਰ ਜੋਗੇ ਪੈਸੇ ਵੀ ਆਉਂਦੇ ਰਹਿਣਗੇ।
ਲੇਖਕ ਵੀਰੋ ਇੰਨਕਲਾਬ ਦੀ ਗੈਰ ਮੌਜੂਦਗੀ , ਤੇ ਭਵਿੱਖ ਵਿੱਚ ਇੰਕਲਾਬ ਦੀ ਕੁੱਤੇਝਾਕ ਨੂੰ ਆਪਣਾ ਰੁਜ਼ਗਾਰ ਬਣਾਓ।
ਐਨਾ ਕੁ ਕਹਿੰਦਾ ਹੋਇਆ ਖਿਮਾ ਦਾ ਜਾਚਕ । ਆਪ ਜੀ ਦਾ ਨਿਮਾਣਾ ਜਾ ਲੇਖਕ ਪ੍ਰਸ਼ੋਤਮ ਸਿੰਘ ਰਾਹੀ ..ਘੁੱਦਾ
------------------------------------------------------------------------------------------------------------
ਕਹਿੰਦੇ ਦਾਤੀ ਨੂੰ ਇੱਕ ਪਾਸੇ ਦੰਦੇ ਹੁੰਦੇ ਨੇ ਤੇ ਦੁਨੀਆਂ ਨੂੰ ਦੋਹੀਂ ਪਾਸੀਂ । ਸੁਣੀ ਸੁਣਾਈ ਗੱਲ ਆ।
ਪੁਰਾਣੀ ਗੱਲ ਆ ਜਦੋਂ ਲੋਕੀਂ ਘੋੜਿਆਂ ਤੇ ਸਫਰ ਕਰਦੇ ਸੀ। ਕੇਰਾਂ ਕਹਿੰਦੇ ਇੱਕ ਕੁੜੀ ਘੋੜੇ ਤੇ ਬੈਠੀ ਤੇ ਘੋੜੇ ਦੇ ਨਾਲ ਨਾਲ ਉਹਦਾ ਪਿਓ ਤੁਰਿਆ ਜਾਵੇ, ਜੰਤਾ ਨੇ ਵੇਖਣਸਾਰ ਕੁਮੈਂਟ ਕਰਤਾ। ਕਹਿੰਦੇ ਵੇਖ ਜਰ ਜਵਾਨ ਕੁੜੀ ਘੋੜੇ ਤੇ ਬੈਠੀ ਆ ਤੇ ਬੁੜ੍ਹਾ ਪਿਓ ਨਾ ਨਾ ਤੁਰਿਆ ਜਾਂਦਾ ।
ਪਿਓ ਨੇ ਆਖਿਆ ਬੀ ਆਹ ਤਾ ਪਰਧਾਨ ਬੇਜ਼ਤੀ ਆਲੀ ਗੱਲ ਆ। ਕੁੜੀ ਨੂੰ ਕਹਿੰਦਾ ਤੂੰ ਥੱਲੇ ਆ ਮੈਂ ਬਹਿਣਾ ਹੁਣ ਘੋੜੇ ਤੇ।
ਓਹੀ ਗੱਲ ਭਰਾਵਾ ਅੱਗੇ ਫਿਰ ਜੰਤਾ ਨੇ ਕੁਮੈਂਟ ਕਰਤਾ ,"ਆਪ ਚੌਰਾ ਘੋੜੇ ਤੇ ਬੈਠਾ ਕੁੜੀ ਵਿਚਾਰੀ ਤੁਰੀ ਜਾਂਦੀ ਆ"
ਪਿਓ ਕਹਿੰਦਾ ਬੀ ਮਾਰਤੇ ਜੰਤਾ ਕਿਸੇ ਪਾਸੇ ਨੀਂ ਛੱਡਦੀ ਤੇ ਕੁੜੀ ਨੂੰ ਕਹਿੰਦਾ ਆਜਾ ਪੁੱਤ ਆਪਾਂ ਦੋਹੇਂ ਈ ਘੋੜੇ ਤੇ ਬਹਿ ਜਾਣੇ ਆ।
ਅੱਗੋਂ ਫਿਰ ਇੱਕ ਨੇ ਕੁਮੈਂਟ ਮਾਰਤਾ ਕਹਿੰਦਾ ,"ਹਾਏ ਓਏ ਵਚਾਰਾ ਘੋੜਾ ਕਿਮੇਂ ਲਿਫਦਾ ਜਾਂਦਾ , ਆਪ ਵੇਖ ਦੋਹੇਂ ਜਣੇ ਕਿਮੇਂ ਚੌੜੇ ਹੋਏ ਬੈਠੇ ਆ"
ਬਜ਼ੁਰਗ ਕਹਿੰਦਾ ਬੀ ਆਹਤਾ ਫੇ ਲੱਸੀ ਕਰ ਗਿਆ।
ਕੁੜੀ ਨੂੰ ਕਹਿੰਦਾ ਚੱਲ ਪੁੱਤ ਆਪਾਂ ਘੋੜੇ ਦੇ ਨਾਲ ਨਾਲ ਤੁਰੇ ਜਾਣੇ ਆਂ। ਐਂ ਨੀਂ ਜੰਤਾ ਚੁੱਪ ਕਰਦੀ।
ਦੋਹੇਂ ਜਣੇ ਉੱਤਰ ਕੇ ਤੁਰਪੇ । ਅੱਗੋਂ ਇੱਕ ਫੇਰ ਬੋਲਦਾ ," ਹੈ ਮੂਰਖ ਜਮਾਂ ਈ , ਘੋੜਾ ਵਿਹਲਾ ਤੁਰਿਆ ਜਾਂਦਾ ਆਪ ਐਮੇਂ ਈ ਲੱਤਾਂ ਘੜੀਸਦੇ ਜਾਂਦੇ ਨੇ"
ਅੱਕ ਕੇ ਬਜ਼ੁਰਗ ਨੇ ਕੁਮੈਂਟ ਕਰਤਾ ਨੂੰ ਇਹ ਕਹਿਕੇ ਸੰਬੋਧਨ ਕੀਤਾ ,"ਕਿਮੇਂ ਨਿੱਕਿਆ ਤੂੰ ਸਾਕ ਕਰਨਾ"...ਘੁੱਦਾ
------------------------------------------------------------------------------------------------------------

ਆਥਣੇ ਜੇ ਘਰੇ ਵੜੀ ਦਾ
ਕਈ ਆਰੀ ਰੋਟੀ ਮਿਲ ਜਾਂਦੀ ਆ, ਕਈ ਆਰੀ ਕੜਛੀ ਆਉਂਦੀ ਆ ਬੁੱਲ੍ਹਾਂ ਨੂੰ ਫੇਰ ਕਿਸੇ ਲਿਹਾਜ਼ੀ ਨੂੰ ਜਾਕੇ ਰੋਡੇ ਲੱਗੀਦਾ ਅੱਧੀ ਰਾਤ ਬੀ ਬਾਈ ਜਰ ਬਾਈ ਅਣਿਆ ਰੋਟੀ ਖਵਾਦੇ ਜਰ, ਅਗਲਾ ਨਲਕੇ ਕੋਲ ਬਹਾ ਕੇ ਦੋ ਰੋਟੀਆਂ ਤੇ ਤੇ 'ਚਾਰ ਦੀ ਫਾੜੀ ਧਰਕੇ ਰੋਟੀ ਖਵਾ ਦੇਂਦਾ
ਪਰ ਫਿਰ ਵੀ ਮੇਰੇ ਅਰਗੇ ਬੰਦੇ ਸੱਭਿਆਚਾਰ ਦੇ ਬਾਹਲੇ ਹਮਦਰਦੀ ਬਣਦੇ ਆ ਬੀ ਖੌਣੀ ਜਿਮੇਂ ਸਾਡੇ ਬਿਨ੍ਹਾਂ ਤਾਂ ਸੱਭਿਆਚਾਰ ਡੁੱਬਜੂ
ਪਰ ਗੱਲ ਕਰੇ ਬਿਨ੍ਹਾਂ ਰਿਹਾ ਨੀ ਜਾਂਦਾ, ਗੀਤਾਂ , ਗਜ਼ਲਾਂ ਆਲਿਆਂ ਨੇ ਮਾਰਤੇ ਜਮਾਂ
ਕਹਿੰਦੇ ਕੁੜੀ ਨੂੰ ਸੋਲਵ੍ਹਾਂ ਸਾਲ ਚੜ੍ਹ ਗਿਆ, ਭੜਾਕੇ ਪੈਣਗੇ ਹੁਣਤਾ, ਲਾਟ ਬਣਗੀ ਬੱਸ, ਸਵਾਦ ਆਜੂ ,
ਕੁੜੀ ਦਿਓ ਜਾਰੋ ਕਿਤੇ ਸਮਾਰ ਕੇ ਵੇਖਿਓ ਸੋਲਾਂ ਸਾਲਾਂ ਦੀ ਕੁੜੀ ਤਾਂ ਜਮਾਂ ਨਿਆਣੀ ਹੁੰਦੀ ਆ
ਆਪਣੇ ਤੇ ਵੀ ਸੋਲ੍ਹਵਾਂ ਸਾਲ ਆਇਆ ਸੀ ਕੇਰਾਂ ਜੇ ਆਪਾਂ ਕਿਹੜਾ ਗਾਟੀ ਪਾਕੇ ਜ਼ਹਾਜ਼ ਸਿੱਟ ਲਿਆ
ਸਾਰੇ ਲੇਖਕ ਬੀਰਾਂ ਨੂੰ ਬੇਨਤੀ ਪੱਤਰ ਆ ਬੀ ਏਹੇ ਸੋਲ੍ਹਾਂ ਸਾਲਾਂ ਦੀ ਉਮਰ ਹੱਦ ਵਧਾਕੇ ਘੱਟੋ-ਘੱਟ ਬੀਹ ਸਾਲ ਤਾਂ ਕਰਦੋ ਜਰ..ਮੁੜਕੇ 'ਡਾਈ ਚੱਲਿਓ ਕੁੱਕੜ ਖੇਹ
ਅਗਲਿਆਂ ਨੂੰ ਪਤਾ ਬੀ ਘੁੱਦੇ ਅਰਗੇ ਕੇਹੜਾ ਛੁਣਛੁਣਾ ਫੜ੍ਹ ਲੈਣਗੇ
ਨਾਲੇ ਐਹੇ ਜੀ ਗੀਤ ਲਿਖਦੇ ਬੀ ਉਹੀ ਨੇ ਜੇਹਨਾਂ ਦੀ ਦਸਮੀਂ 'ਚੋਂ ਕੰਪਾਟਮੈਂਟ ਆਈ ਹੁੰਦੀ ਆ....ਘੁੱਦਾ
------------------------------------------------------------------------------------------------------------

ਜਿੱਥੇ ਉੜੇ ਨੂੰ ਬਿਹਾਰੀ ਸਿਹਾਰੀ ਤੇ ਆੜੇ ਨੂੰ ਟਿੱਪੀ ਤੇ ਦੁਲੈਂਕੜ ਲਾਉਣ ਆਲ਼ੇ ਨਿੱਕੇ ਗਰਨੈਬ ਅਰਗਿਆਂ ਦੀ ਪੰਜਾਬ ਅੰਦਰ ਭਰਮਾਰ ਆ
ਉੱਥੇ ਅੱਤ ਦਰਜ਼ੇ ਦੇ ਦਮਾਕੀ ਬੰਦੇ ਵੀ ਬਥੇਰੇ ਨੇ
ਕਹਿੰਦੇ ਬੀ ਪੰਜਾਬੀ ਬੋਲੀ ਦਾ ਕੋਈ ਤੋੜ ਨੀਂ ਹੈਗਾ
ਕਿਸੇ ਨੇ ਲਿਖਿਆ ਬੀ ਅੰਗਰੇਜ਼ੀ ਤੇ ਹਿੰਦੀ ਦੇ ਕਿਸੇ ਵੀ ਵਾਕ ਨੂੰ ਪੰਜਾਬੀ 'ਚ ਟਰਾਂਸਲੇਟ ਕੀਤਾ ਜਾ ਸਕਦਾ
ਪਰ ਪੰਜਾਬੀ ਦੇ ਹੇਠ ਲਿਖੇ ਵਾਕ ਨੂੰ ਕੋਈ ਭੱਦਰਪੁਰਸ਼ ਅੰਗਰੇਜ਼ੀ ਜਾਂ ਹਿੰਦੀ 'ਚ ਟਰਾਂਸਲੇਟ ਨੀਂ ਕਰ ਸਕਦਾ

"ਇਹ ਤੁਹਾਡਾ ਕਿੰਨਵਾਂ ਬੱਚਾ ਹੈ?"
-----------------------------------------------------------------------------------------------------------

ਕੇਰਾਂ ਨਿੱਕੇ ਗਰਨੈਬ ਨੇ ਕਾਲਜੋਂ ਬੰਕ ਮਾਰ ਲਿਆ ਭਰਾਵਾ
ਪਿੰਡ ਝੁੰਬੇ ਦੀ ਨਿੱਕੀ ਨਾ ਵਾਹਵਾ ਚਿਰ ਦੀ ਗੱਲ ਆ ਏਹਦੀ, ਉਹਦੇ ਨਾ ਫਿਲਮ ਦੇਖਣ ਜਾਵੜਿਆ
ਅਗਲੇ ਦਿਨ ਪਹਿਲੇ ਲੈਕਚਰ 'ਚ ਮੈਡਮਾਂ ਨੇ ਘੇਰ ਲਿਆ
"ਕਿਮੇਂ ਨਿੱਕਿਆ ਕੱਲ੍ਹ ਆਇਆ ਨੀਂ"?
ਕਹਿੰਦਾ ਜੀ ਪਿੰਡ 'ਚ ਕੋਈ ਬਜ਼ੁਰਗ ਚੱਲ ਗਿਆ ਸੀ ਤਾਂ ਕਰਕੇ ਨੀਂ ਆਇਆ ਗਿਆ
ਮੈਡਮ ਨੇ ਪੁੱਛਿਆ ," ਕੀ ਗੱਲ ਹੋਗੀ ਸੀ ਬਜ਼ੁਰਗਾਂ ਨੂੰ"
ਕਹਿੰਦਾ ਜੀ ਪਰਸੋਂ ਤਾਂ ਚੰਗੇ ਭਲੇ ਸੀ ਪਰ ਕੱਲ੍ਹ ਰਾਤੀਂ ਚਾਣਚੱਕ ਜੇ ਹਰਟ 'ਟੈਕ ਨਾਲ ਦਿਲ ਦਾ ਦੌਰਾ ਪੈ ਗਿਆ
ਬਸ ਸੁੱਤੇ ਈ ਰਹਿਗੇ। ਜੰਤਾ ਲਿਟਣ ਲਾਗੀ। ਭੈਣ ਦੇ ਬਹਾਨਿਆਂ ਈ ਯਾਹਵੇ
------------------------------------------------------------------------------------------------------------

ਨਾਕਾਮ ਡਾਕੇ ਤੋਂ ਵਾਪਸ ਪਰਤੇ
ਗੱਬਰ ਦੇ ਤਿੰਨ ਭਰੋਸੇਮੰਦ ਸੂਤਰ
ਹਾਸੇ ਭਰੇ ਗੁੱਸੇ 'ਚ ਗੱਬਰ ਦਾ ਪੁਰਾਣਾ ਅੰਦਾਜ਼
ਹੱਥ 'ਚ ਪਸਤੌਲ, ਘੁੰਗਰਾਲੇ ਵਾਲ
ਖੜ੍ਹੇ ਕਾਲਰ ਤੇ ਕਫਾਂ ਦੇ ਖੁੱਲ੍ਹੇ ਗੁਦਾਮ
ਸ਼ੈਤਾਨਮਈ ਹਾਸਾ
ਉਹੀ ਭਾਰੀ ਗਰਜ਼ਮੀਂ 'ਵਾਜ਼
ਤੇ ਵਰ੍ਹਿਆਂ ਪੁਰਾਣਾ ਵਿਸ਼ਵ ਪ੍ਰਸਿੱਧ ਡਾਇਲੋਗ
"ਕਿਤਨੇ ਆਦਮੀ ਥੇ ਕਾਲੀਆ?"
ਨੀਮੀਂ ਪਾਈ ਖੜ੍ਹਾ ਕਾਲੀਆ
ਥਿਰਕਦੇ ਬੋਲ, ਕੰਬਦੀਆਂ ਲੱਤਾਂ
ਡਰ ਨਾਲ ਗਲੇ 'ਚ ਅਟਕਿਆ ਥੁੱਕ
ਤੇ ਅਖੀਰ ਕਾਲੀਆ ਜਿਗਰਾ ਕਰਕੇ ਹੇਠ ਲਿਖੇ ਸ਼ਬਦ ਗੱਬਰ ਨੂੰ ਬੋਲਦਾ ਹੈ

"ਤੂੰ ਪਰਧਾਨ ਰੁਪਈਆ ਫੜਾਉਣਾ ਉਹਨ੍ਹਾਂ ਨੂੰ ਨਾਲੇ ਖਬਰਦਾਰ ਜੇ ਆਹਾ ਗੁੜਰੰਗੇ ਜੇ ਦੰਦ ਬਾਹਰ ਕੱਢੇ ਤਾਂ"....ਘੁੱਦਾ
------------------------------------------------------------------------------------------------------------


ਧਰਮ ਸਾਰੇ ਈ ਕੈਮ ਹੁੰਦੇ ਨੇ, ਸਿਧਾਂਤ, ਉਪਦੇਸ਼ ਸਾਰੀ ਗੱਲਬਾਤ ਵਧੀਆ ਈ ਹੁੰਦੀ ਆ
ਮੁਸਲਮਾਨ ਧਰਮ 'ਚ ਜੇ ਕੁਛ ਵੱਖਰਾ ਦੂਜਿਆਂ ਨਾਲੋ ਤਾਂ ਉਹ ਹੈਗਾ "ਅਨੁਸ਼ਾਸ਼ਨ"
ਸੱਚੀਂ ਮੁੱਚੀਂ ਤਾਂ ਨੀਂ ਵੇਖਿਆ ਪਰ ਜਦੋਂ ਟੀ.ਵੀ ਤੇ ਨਮਾਜ਼ ਅਦਾ ਕਰਦੇ ਨੇ, ਇੱਕੋ ਵੇਲੇ ਝੁਕਦੇ ਆ, ਖੜ੍ਹੇ ਹੁੰਦੇ ਨੇ ਤੇ ਹੱਥ ਖੋਲ੍ਹਦੇ ਨੇ ਜਿਮੇਂ ਪਹਿਲਾਂ ਰਹੈਸਲ ਕੀਤੀ ਹੋਵੇ, ਇਉਂ ਲੱਗਦਾ ਜਿਮੇਂ ਸਾਹ ਵੀ 'ਕੱਠੇ ਈ ਲੈਂਦੇ ਤੇ ਛੱਡਦੇ ਹੋਣ
ਤੇ ਐਧਰ ਆਪਣੇ ਆਲੇ
ਜਦੋਂ ਅਰਦਾਸ ਹੁੰਦੀ ਆਂ ਹੱਥਾਂ ਦੀ ਕਲਿੰਗੜੀ ਜੀ ਪਾਕੇ ਢਿੱਡ ਉਤੋਂ ਦੀ ਰੱਖਣਗੇ .ਜਿਮੇਂ ਢਿੱਡ ਡਿੱਗਦਾ ਹੋਵੇ
ਕਈ ਉਂਗਲ ਨਾ ਪੱਗ ਥੱਲਿਓਂ ਦੀ ਗਿੱਚੀ ਜੀ ਖੁਰਕੀ ਜਾਣਗੇ ਨਾਲੇ ਕੂਹਣੀ ਜੀ ਮਾਰਕੇ ਨਾਲਦੇ ਨੂੰ ਆਖਣਗੇ,
"ਮੱਖਣਾ ਵੱਟ ਕੱਢਤੇ ਜਰ ਗਰਮੀ ਨੇ ਤਾਂ"
ਕਈ ਛੱਤ ਬੰਨੀਂ ਝਾਕੀ ਜਾਣਗੇ ਤੇ ਪੱਖਿਆਂ ਤੇ ਲਿਖੇ ਸਵਰਗੀ ਲੋਕਾਂ ਦੇ ਨੌਂ ਪੜ੍ਹੀ ਜਾਣਗੇ ,"ਭੇਂਟ ਕਰਤਾ- ਫੁੰਮਣ ਸਿਹੁੰ ਦੀ ਯਾਦ ਵਿੱਚ ਸਮੂਹ ਢਿੱਲੋਂ ਪਰਿਵਾਰ ਵੱਲੋਂ ਸੇਵਾ ਕਰਵਾਈ ਗਈ"
ਕਈਆਂ ਦੀ ਨਿਗ੍ਹਾ ਦੇਗ ਬੰਨੀਂ ਹੁੰਦੀ ਆ ਤੇ ਦੇਗ ਦੀਆਂ ਲਪਟਾਂ ਵੀ ਨੱਕ ਦੇ ਵਾਲਾਂ ਨੂੰ ਜੱਫੀ ਪਾਕੇ ਫਿਫਰਿਆਂ ਤਾਂਈ ਜਾਂਦੀਆਂ ਡਰੈਗਟ
ਜੇ ਇੱਕ ਜਣਾ ਉਬਾਸੀ ਲੈਲੈ ਤਾਂ ਦੋ ਤਿੰਨ ਜਣੇ ਕਮੈਂਟ ਕਰਨਗੇ ,"ਕਿਮੇ ਚਾਹ ਨੀਂ ਪੀਤੀ ਓਏ"
ਸੱਚਿਓਂ ਐਂ ਤਾਂ ਭੁੱਲ ਈ ਜਾਂਦੇ ਆ ਬੀ ਅਰਦਾਸ ਹੋਈ ਜਾਂਦੀ ਆ , ਰੀਸੋ ਰੀਸ ਈ ਪਿੱਛੇ ਜੇ ਖੜ੍ਹੇ ਵੇਖਦੇ "ਨਾਨਕ ਨਾਮ ਚੜ੍ਹਦੀ ਕਲਾ" ਕਹਿਕੇ ਭੁੰਜੇ ਹੱਥ ਲਾ ਫਰਜ਼ੀ ਜਾ ਮੱਥਾ ਟੇਕਦੇ ਨੇ
ਫੇਰ ਦੜ ਦਿਨੇਂ ਬੈਠਣ ਗੇ ਨਾਲੇ ਆਖਣਗੇ ,"ਬਾਬੇ ਵੀ ਅਰਦਾਸ ਬਾਹਲੀ ਲਮਕਾਉਂਦੇ ਆ ਜਰ"
ਵਿਆਹ ਵੇਲੇ ਜਦੋਂ ਬਰਾਤ ਢੁੱਕਦੀ ਦੀ ਆ ਤੇ ਜਦੋਂ ਮਿਲਣੀ ਹੁੰਦੀ ਆ ਓਦੋਂ ਬਾਹਲੀ ਹਾਸੀ ਆਉਂਦੀ ਆ, ਜਦੋਂ ਬਾਬਾ ਅਰਦਾਸ ਕਰਦਾ ਓਦੋਂ ਪਤਾ ਕੀ ਕਰਨਗੇ ,ਓਦੋਂ ਜੋੜੇ ਲਾਹਕੇ ਪਾਸੇ ਨੀ ਧਰਦੇ ਸਮਾਂ ਦੀ ਉੱਤੇ ਈ ਖੜ੍ਹ ਜਾਂਦੇ ਨੇ। ਨਾਲੇ ਤਾਂ ਬਾਬੇ ਦੀ ਰਹਿ ਜਾਂਦੀ ਆ ਨਾਲੇ ਆਵਦੀ। ...ਘੁੱਦਾ
------------------------------------------------------------------------------------------------------------
ਕਿਸੇ ਨੇ ਇੱਕ ਬੜੀ ਅੱਤ ਚੀਜ਼ ਲਿਖੀ ਆ







ਕਹਿੰਦਾ ਇੱਕ ਐਹੋ ਜੀ ਲਾਈਨ ਲਿਖ ਬੀ ਜੀਹਨੂੰ ਦੁੱਖ 'ਚ ਪੜ੍ਹਕੇ ਖੁਸ਼ੀ ਹੋਵੇ ਤੇ ਖੁਸ਼ੀ 'ਚ ਪੜ੍ਹਕੇ ਦੁੱਖ

"ਇਹ ਵਕਤ ਗੁਜ਼ਰ ਜਾਵੇਗਾ"

------------------------------------------------------------------------------------------------------------

ਮਲਕਾਂ ਹਾਂਸ ਦੀ ਮਸੀਤ
ਕੋਰੇ ਘਸਮੈਲੇ ਜੇ ਪੰਨਿਆਂ ਤੇ ਹੀਰ ਲਿਖਦਾ ਵਾਰਿਸ
ਕਾਗਜ਼ ਦਵਾਤ ਤੇ ਆਕੇ ਦਮ ਤੋੜਦੀ
ਰੋਸ਼ਨਦਾਨਾਂ 'ਚੋਂ ਡਿੱਗਦੀ ਰੌਸ਼ਨੀ
ਪੱਗੋਂ ਬਾਹਰ ਪਲਮਦੇ ਵਾਲ
ਮਲਕੜੇ ਜੇ ਫੜ੍ਹੇ ਸ਼ਾਹੀ ਨਾ ਲਿੱਬੜੀ ਕਲਮ
ਦੂਰ ਤਾਂਈ ਝਾਕਦਾ
ਤੇ ਫਿਰ ਲਹਿ ਜਾਂਦਾ ਕਾਗਜ਼ ਦੀ ਹਿੱਕ 'ਚ
ਤਖਤ ਹਜ਼ਾਰੇ, ਬੇਲੇ, ਮੱਝਾਂ, ਚੂਚਕ, ਲੁੱਡਣ
ਤੇ ਫਿਰ ਲਿਖਦਾ ਰਾਂਝੇ ਨੂੰ ਦੇਖ ਹੀਰ ਮੂੰਹੋਂ ਨਿਕਲਿਆ ਸ਼ਬਦ
"ਵਾਹ"
ਬੂਹੇ ਖਲੋਤੀ ਖੇੜਿਆਂ ਦੀ ਜੰਨ
ਡੋਲੀ ਬਹਿੰਦਿਆਂ ਲੋਕਾਂ ਨੂੰ ਚੀਰ ਦੂਰ ਤਾਂਈ
ਰਾਂਝੇ ਨੂੰ ਭਾਲਦੀ ਹੀਰ ਦੀ ਨਿਗਾਹ
ਕਸੀਸ ਵੱਟ ਜ਼ਮੀਨੋਂ ਪੈਰ ਚੁੱਕ ਡੋਲੀ ਬਹਿੰਦੀ ਹੀਰ
ਤੇ ਵਾਰਿਸ ਨੂੰ ਅੱਖਰ ਧੁੰਦਲੇ ਦਿਸਣ ਲੱਗੇ
ਅੱਖ 'ਚੋਂ ਡਿੱਗਿਆ ਲਰਜ਼ਦਾ ਅੱਥਰੂ
ਤੇ ਕਾਗਜ਼ ਤੇ ਸਿਆਹੀ ਫੈਲ ਗਈ..ਘੁੱਦਾ
------------------------------------------------------------------------------------------------------------


No comments:

Post a Comment