Monday 5 March 2012

ਮੇਰੇ ਵਿਅੰਗ

 ਜਲੰਧਰ ਦੂਰਦਰਸ਼ਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ...
ਮੈਂ ਸੋਨੀਆ ਲੈਕੇ ਹਾਜ਼ਿਰ ਆਂ ਤੁਹਾਡਾ ਪਸੰਦੀਦਾ ਪ੍ਰੋਗਰਾਮ...."ਧੜਕਨ ਪੰਜਾਬ ਦੀ"
ਇਸ ਵਾਰ ਸਾਡੇ ਸਟੂਡਿਓ 'ਚ ਹਾਜ਼ਿਰ ਨੇ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਬੋਲੀ ਦੀ ਸੇਵਾ ਕਰ ਰਹੇ ਲੋਕ ਗਾਇਕ ,
ਜਿਨ੍ਹਾਂ ਦੀ ਪਿਛਲੇ ਦਿਨੀਂ ਐਲਬਮ ਆਈ ਸੀ..."ਸੋਲਵ੍ਹਾ ਸਾਲ"
ਗੈਕ --- ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਯਾਨਿਕਿ ਏ.ਐੱਸ ਬੁੱਟਰ ਵੱਲੋਂ ਪਿਆਰ ਭਰੀ ਸਸਰੀਕਾਲ
(ਗੈਕ ਦਾ ਨਾਮ ਤਾਂ ਸਾਲਾ ਗਰੇਜ਼ੀ 'ਚ ਆ ਊਂ ਕਹਿੰਦਾ ਮੈਂ ਲੋਕ ਗੈਕ ਆਂ, ਜੈੱਲ ਨਾਲ ਕਰੰਟ ਦੇ ਝਟਕੇ ਵਾਗੂੰ ਖੜ੍ਹੇ ਵਾਲ, ਗਲ 'ਚ ਲਮਕਦਾ ਮੰਗਵਾਂ ਖੰਡਾ, ਕੰਨ 'ਚ ਪਾਈ ਮੁੰਦਰ, ਮੇਰਾ ਸਾਲਾ ਗੋਲ ਮੇਜ਼ ਤੇ ਬੈਠਾ ਸਟੂਡਿਉ 'ਚ ਘੁਕੀ ਜਾਵੇ)
ਐਂਕਰ- ਤੁਹਾਨੂੰ ਗਾਇਕੀ ਦਾ ਸ਼ੌਕ ਕਿਵੇਂ ਪਿਆ?
ਗੈਕ - (ਬਸ ਉਹੀ ਘੜਿਆ ਘੜਾਇਆ ਜਵਾਬ) ਨਿੱਕੇ ਹੁੰਦੇ ਸਕੂਲ ਵੇਲੇ ਬਾਲ ਸਭਾ 'ਚ ਗਾਉਦੇ ਸੀ, ਫਿਰ ਕੋਲਜ ਟੈਮ ਵੀ ਗਾਉਦੇ ਰਹੇ,
ਦੋਸਤਾਂ ਨੇ ਮੈਨੂੰ ਕਾਫੀ ਇਨਕਰਜ਼ ਕੀਤਾ (ਗੈਕ ਨੂੰ ਗਰੇਜ਼ੀ ਆਉਦੀ ਨੀਂ, ਪਤੰਦਰ ਔਖਾ ਹੋ ਹੋ ਬੋਲਦਾ) ਫਿਰ ਮੈਂ ਉਸਤਾਦ (ਫਿਰ ਕੰਨਾਂ ਜਿਆਂ ਨੂੰ ਹੱਥ ਲਾਕੇ) ਜੀ.ਡੀ.ਗੁਰੀ ਜੀ ਤੋਂ ਸੰਗੀਤ ਦੀ ਵਿੱਦਿਆ ਹਾਸਲ ਕੀਤੀ (ਫਿਰ ਹਵਾ ਜੀ ਕਰਕੇ)..... ਨਤੀਜਾ ਤੁਹਾਡੇ ਸਾਹਮਣੇ ਆ...
ਐਂਕਰ --ਤੁਹਾਡੀ ਕੈਸਟ ਬਾਰੇ ਕੁਝ ਦੱਸੋਗੇ?
ਗੈਕ- ਹਾਂਜੀ , ਮੇਰੀ ਟੇਪ ਵਿੱਚ ਕੁੱਲ ਅੱਠ ਗੀਤ ਨੇ, ਜਿਨ੍ਹਾਂ ਨੂੰ ਫੋਰਨ ਰਹਿੰਦੇ ਐੱਸ. ਪੰਨੂੰ , ਸੁਨਾਮ ਤੋਂ ਮਲਕੀਤ, ਆਸਟ੍ਰੇਲੀਆ ਰਹਿੰਦੇ ਬਲੇਜ ਚਹਿਲ ਹੁਣਾਂ ਨੇ ਆਪਣੀ ਕਲਮ ਨਾਲ ਸ਼ਿੰਗਾਰਿਆ, ਤੇ ਟਾਇਟਲ ਸੌਂਗ ਟਾਂਡੇ ਤੋਂ ਰਾਜਨ ਹੁਣਾਂ ਦਾ ਲਿਖਿਆ, ਜਿਸਦੀ ਵੀਡੀਉ ਸਾਰੇ ਚੈਨਲਾਂ ਤੇ ਚੱਲੀ ਜਾਂਦੀ ਆ, "ਸੋਲਵਾਂ ਸਾਲ"
ਉਹਦੀਆਂ ਚੰਦ ਲੈਨਾਂ ਸੁਨਾਉਣਾ ਮੈਂ ਥੋਨੂੰ ......(ਧੱਕੇ ਨਾਲ ਈ)
(ਹਰਮੋਨੀਅਮ ਸੈੱਟ ਜਾ ਕਰਕੇ, ਊਂ ਵਜਾਉਣਾ ਨੀ ਆਉਦਾ)
"ਅੱਖ ਮਸਤਾਨੀ, ਚੜ੍ਹੀ ਜਵਾਨੀ,
ਪਾਵੇਂ ਟੋਪ ਜੀਨਾਂ ਨੀ,
ਬੁੜੇ ਠੇਰੇ ਵੀ ਪਿੱਛੇ ਲਾ ਲੇ,
ਉਮਰ ਤੇਰੀ ਸੋਲ੍ਹਾਂ ਸਾਲ ਇੱਕ ਮਹੀਨਾ ਨੀ"
(ਹੀਹੀਹੀਹੀਹੀਹੀ......ਲੋਕ ਗੈਕ)....
ਐਂਕਰ- ਤੁਸੀਂ ਪੰਜਾਬ ਦੀ ਜਵਾਨੀ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਓ?
ਗੈਕ - (ਫਿਰ ਹਵਾ ਜੀ ਕਰਕੇ ਨਾਲੇ ਦੰਦ ਜੇ ਕੱਢਕੇ).. ਮੈਂ ਆਪਣੇ ਆਪ ਨੂੰ ਇਸਦੇ ਕਾਬਿਲ ਨਹੀਂ ਸਮਝਦਾ, ਬਾਕੀ ਜੇ ਤੁਸੀਂ ਕਹਿਣੇ ਆਂ ਤਾਂ ਮੈਂ ਪੰਜਾਬ ਦੀ ਜਵਾਨੀ ਨੂੰ ਇਹੋ ਕਹਿਣਾ ਆਪਣਾ ਅਮੀਰ ਸੱਭਿਆਚਾਰ ਸੰਭਾਲ ਕੇ ਰੱਖੋ (ਹੀਹੀਹੀਹੀਹੀਹੀਹੀ) ਤੇ ਦੂਸਰਾ ਨਸ਼ਿਆਂ ਤੋਂ ਦੂਰ ਰਹੋ (ਆਪ ਮੇਰਾ ਸਾਲਾ ਸੀਸੀ ਪੀਕੇ ਬੈਠਾ ਸੀ ਮੇਜ਼ ਤੇ)
ਐਕਰ- ਚੰਗਾ ਦੋਸਤੋ ਅੱਜ ਲਈ ਏਨਾ ਈ ਕਾਫੀ ਆ, ਅਗਲੇ ਹਫਤੇ ਫਿਰ ਮਿਲਦੇ ਆਂ ਨਵੇਂ ਸਿਤਾਰੇ ਨਾਲ ਏਸੇ ਵੇਲੇ ਏਸੇ ਚੈਨਲ ਤੇ, ਤਦ ਤੱਕ ਲਈ ਬ..ਬਬ.....ਬਾਏ
(ਇਹੋ ਜੇ ਦੋ ਚਾਰ ਸਿਤਾਰੇ ਹੋਰ ਆਗੇ ਤਾਂ ਹੋ ਗੀ ਸੇਵਾ ਸੱਭਿਆਚਾਰ ਦੀ).......................... ਅੰਮ੍ਰਿਤ ਪਾਲ


ਵੋਟਾਂ ਆਲਾ ਕੱਟੀ ਕੱਟਾ ਨਿਕਲਣ ਆਲ਼ਾ,
ਮੰਤਰੀ ਸਾਬ੍ਹ ਟੈਸ਼ਨ ਨਾਲ ਆਵਦੇ ਰੂਮ 'ਚ ਘੁੰਮੀ ਜਾਂਦੇ ਨੇ ਤੇ ਫੂਨ ਵੱਜਦਾ
"ਹੈਲ਼ੋ"
"ਹਾਂ ਕੌਣ ਆ"
"ਮੈਂ ਅਸੰਬਲੀ 'ਚ ਬੰਬ ਸਿੱਟਣ ਆਲਾ"
"ਹੈਂ ਕੌਣ"
"ਸਕਾਟ ਨੂੰ ਮਾਰਨ ਆਲਾ"
"ਚੱਜ ਨਾਲ ਦੱਸ ਯਰ ਕੌਣ ਆ"
"ਮੈਂ ਭਗਤ ਬੋਲਦਾ"
"ਜੇ ਭਗਤ ਆ ਤਾਂ ਕਿਸੇ ਡੇਰੇ 'ਚ ਫੋਨ ਲਾ ਮੈਨੂੰ ਕਾਹਤੋਂ ਲਾਇਆ"
"ਨਹੀਂ ਮੈਂ ਬੰਬਾਂ ਆਲਾ ਭਗਤ ਸਿੰਘ ਆ"
"ਅੱਛਾ ਅੱਛਾ ,ਖੜਕੜ ਕਲਾਂ ਆਲਾ,
ਹਾਂ ਦੱਸ ਕਿਮੇਂ ਲਾਇਆ ਫੂਨ"
"ਰਿਵਾਲਵਰ 'ਚ ਦੋ ਕੁ ਗੋਲੀਆਂ ਪਈਆਂ ਸੀ ,
ਤਾਂ ਕਰਕੇ ਤੈਨੂੰ ਫੂਨ ਲਾ ਲਿਆ"
"ਨਾ ਯਰ ਹਸੈਨੀਆਲ਼ੇ ਤੇਰੀ ਸਮਾਧ ਬਣਾਤੀ,
੨੩ ਮਾਰਚ ਵੀ ਤੇਰਾ ਮੇਲੇ ਅੰਨੂ ਮਣਾਈਦਾ,
ਨਿੱਤ ਨਵੇਂ ਬੁੱਤ ਬਣਾਈਦੇ ਆ ਤੇਰੇ,
ਨੋਟਾਂ ਤੇ ਵੀ ਲਾਦਾਂਗੇ ਤੇਰੀ ਫੋਟੋ,
ਹੋਰ ਤੈਨੂੰ ਕੀ ਚਾਹੀਦਾ,
ਕੱਟਦੇ ਫੂਨ , ਖਬਰਦਾਰ ਜੇ ਹੁਣ ਲਾਇਆ,
ਬਥੇਰੀ ਅੱਗ ਪਾ ਗਿਆ ਤੂੰ ਮੰਡੀਰ 'ਚ"
ਟਰਿੰਗ ਟਰਿੰਗ.........
"ਹੈਲੋ ਹਾਂ ਕੌਣ ਆ ਹੁਣ"
"ਜੀ ਮੈਂ ਐਸ. ਐਚ. ਓ ਗੁਲਾਬ ਸਿੰਘ"
"ਹਾਂ ਤੂੰ ਕਿਓਂ ਫੂਨ ਲਾਇਆ ਪ੍ਰਾਹੁਣੇ ਨੂੰ"
"ਜੀ ਇੱਕ ਜੱਟ ਦੀ ਲਾਸ਼ ਮਿਲੀ ਆ,
ਉਹਦੇ ਈ ਖੇਤੋਂ ,
ਤੂਤ ਨਾਲ ਲਮਕੀ ਜਾਂਦੀ ਸੀ"
"ਇਹ ਕਿੱਡੀ ਕ ਗੱਲ ਆ,
ਟੋਆ ਪੱਟਕੇ ਨੱਪਦੋ ਸਾਲੇ ਨੂੰ"
"ਨਹੀਂ ਜੀ , ਲੋਕ ਧਰਨਾ ਦਈ ਜਾਂਦੇ ਆ"
" ਤੇ ਫਿਰ ਭੈਣਦੇਣਿਓ ਮੈਨੂੰ ਫੂਨ ਕਿਉਂ ਲਾਇਆ,
ਜਾਕੇ ਫੈਰਿੰਗ ਕਰਦੋ"
"ਥੋਡੀਆ ਵੋਟਾਂ ਤੇ ਅਸਰ ਪੈਜੂਗਾ ਜੀ"
"ਮੇਰਿਆ ਸਾਲਿਆ ਹੁਣ ਤਾਂ ਪੈਗੀਆਂ ਵੋਟਾਂ,
ਆਉਦੇ ਪੰਜਾਂ ਵਰ੍ਹਿਆਂ ਤੱਕ ਮਨਾਲਾਂਗੇ ਇਹਨ੍ਹਾਂ ਨੂੰ,
ਚੱਕਦੋ ਫੱਟੇ ਜਾਕੇ"
"ਜੀ ਜਨਾਬ"
ਟਰਿੰਗ ਟਰਿੰਗ..........
"ਹਾਂ ਕੌਣ ਆ ਹੁਣ"
"ਜੀ ਮੈਂ ਥੋਡਾ ਵਕੀਲ਼,
ਜੀ ਥੋਡਾ ਘੁਟਾਲੇ ਆਲਾ ਕੇਸ ਹਾਰਗੇ ਆਪਾਂ"
"ਮਾਰਤੇ ਮੇਰਿਆ ਸਾਲਿਆ,
ਕੱਟ ਫੂਨ,ਟੈਸ਼ਨ ਤਾਂ ਪਹਿਲਾਂ ਈ ਬਾਹਲੀ ਸੀ"
ਟਰਿੰਗ ਟਰਿੰਗ....
"ਹੁਣ ਕਿਹੜਾ ਯਰ"
"ਮੈਂ ਉਦੈ ਪ੍ਰਤਾਪ ਪ੍ਰੋਪਰਟੀ ਡੀਲਰ ਬੋਲ ਰਹਾਂ ਹੂੰ"
"ਹਾਂ ਬੋਲ "
"ਹਮਾਰੇ ਹਰਿਆਣਾ ਮੈਂ ਏਕ ਬੜਾ ਹੋਟਲ ਬਕਾਊ ਹੈ, ਚਹੀਏ ਆਪਕੋ"
"ਕੋਈ ਨਾ ਸਰਕਾਰ ਬਣ ਲੈਣਦੇ ਫਿਰ ਕਰਦੇ ਆਂ ਗੱਲ"
ਟਰਿੰਗ ਟਰਿੰਗ......
"ਹੁਣ ਕੌਣ ਆ ਯਰ"
"ਜੀ ਮੈਂ ਤੁਹਾਡਾ ਪਰਸਨਲ ਡਾਕਟਰ,
ਠੀਕ ਹੈਂ ਆਪ?"
"ਠੀਕ ਕਿੱਥੋ ਯਰ, ਆਜਾ ਦਵਾ ਦਵ ਟੈਸ਼ਨ ਜੀ ਹੋਈ ਪਈ ਆ"
"ਜੀ ਅਭੀ ਆਇਆ"
ਸਹੀ ਗੱਲ ਆ ਬਾਈ ਵੱਡਿਆ ਸਿਰਾਂ ਦੀਆਂ ਵੱਡੀਆਂ ਪੀੜਾ................ਅੰਮ੍ਰਿਤ (ਘੁੱਦਾ


ਪਿਛਲੇ ਮਹੀਨੇ ਦੀ ਗੱਲ ਆ। ਵਿਆਹ ਸੀ ਸਾਡੇ ਘਰੇ ਛੋਟੇ ਤਾਏ ਦੇ ਛੋਟੇ ਮੁੰਡੇ ਦਾ।
ਤੇ ਵਿਆਹ ਤੋਂ ਬਾਅਦ ਕੁੜੀ ਆਲੇ ਤੀਜੇ ਦਿਨ ਕੁੜੀ ਲੈਗੇ । ਤੇ ਦੋ ਕੁ ਦਿਨਾਂ ਬਾਅਦ ਅਸੀਂ ਚਲੇ ਗਏ ਕੁੜੀ ਲੈਣ ਅਮਲਾ ਫੈਲਾ ਲੈਕੇ।
ਤੇ ਕੁੜੀ ਆਲਿਆ ਦੇ ਘਰੇ ਜਾਕੇ ਬੰਦੇ ਅੱਡ ਬਹਿਗੇ ਕਮਰੇ 'ਚ ਤੇ ਬੀਬੀਆਂ ਨੇ ਅੱਡ ਮੰਜੇ ਜੇ ਡਾਹਲੇ ਤੇ ਉਹ ਸੂਟ ਸਾਟ ਜੇ ਦਿਖਾਉਣ ਲੱਗ ਗੀਆਂ। ਤੇ ਸਾਡੇ ਅੱਗੇ ਲਿਆਕੇ ਠੰਡੇ ਰੱਖਤੇ ਉਹਨ੍ਹਾ ਨੇ ਤੇ ਨਾਲ ਕਾਜੂ ਬਦਾਮ ਜੇ।ਮਾਜ਼ਾ, ਕੋਕ, ਤੇ ਫੈਂਟਾ ਤੇ ਇੱਕ ਜਮ੍ਹਾਂ ਈ ਪਾਣੀ ਅਰਗਾ ਲੱਗਦਾ ਹੁੰਦਾ ਸਪਰਾਈਟ । ਸ਼ਰਮੋ ਸ਼ਰਮੀ ਠੰਡੇ ਦਾ ਇੱਕੋ ਈ ਗਲਾਸ ਜਾ ਪੀਤਾ ਤੇ ਇੱਕ ਦੋ ਕਾਜੂ ਜੇ ਖਾਦੇ । ਕੋਲ ਕੁੜੀ ਆਲੇ ਵੀ ਬੈਠੇ ਸੀ ਨਹੀਂ ਉਂ ਤਾਂ ਖਲਾਰੇ ਪਾ ਦਿੰਦੇ। ਤੇ ਕੁੜੀ ਆਲੇ ਸਾਡੇ ਲਈ ਨਵੇਂ ਸੀ ,ਬੀ ਪਹਿਲਾਂ ਕਿਹੜਾ ਜਾਣ ਪਛਾਣ ਸੀ। ਤਾਂ ਕਰਕੇ ਸਾਰੇ ਇੱਕ ਦੂਜੇ ਦੇ ਮੂੰਹ ਵੰਨੀਂ ਵੇਖੀ ਜਾਣ ਬੀ ਕੋਈ ਤਾਂ ਗੱਲ ਤੋਰੇ। ਫਿਰ ਤਾਏ ਨੇ ਤੋਰਲੀ ਗੱਲ ਤੇ ਕੁੜੀ ਆਲਿਆਂ ਨੂੰ ਪੁਛਿਆ
"ਥੋਡੇ ਵੱਲ ਕਿਹੜਾ ਜਿੱਤੂ ਐਂਤਕੀ?"
ਬਸ ਫਿਰ ਬਾਦਲ ਕੈਪਟਨ ਦੀਆਂ ਗੱਲਾਂ ਚੱਲ ਪੀਆਂ । ਤੇ ਵਾਹਵਾ ਟੈਮ ਜਾ ਟੱਪ ਗਿਆ।
ਤੇ ਫਿਰ ਸਾਰੇ ਚੁੱਪ ਜੇ ਹੋਗੇ ਫਿਰ ਉਂਈ ਨਿੱਕੇ ਨਿਆਣੇ ਨੂੰ ਇੱਕ ਜਣਾ ਆਖੀ ਜਾਏ..."ਸ਼ਸ਼ਰੀਕਾਲ ਬੁਲਾਦੇ ਪ੍ਰਾਹੁਣਿਆਂ ਨੂ"
ਤੇ ਜਵਾਕ ਨੇ "ਤੱਤੀਕਾਲ" ਕਹਿਤਾ..ਤੇ ਫਿਰ ਕੋਲੇ ਬੈਠੇ ਸਾਰੇ ਜਣੇ ਧੱਕੇ ਜੇ ਨਾਲ ਹੱਸਣ ਲੱਗਪੇ।
ਤੇ ਮੈਂ ਕੋਲੇ ਬੈਠਾ ਮਬੈਲ ਤੇ ਪੰਗੇ ਜੇ ਲਈ ਗਿਆ। ਤੇ ਉਹਨ੍ਹਾਂ ਚੋਂ ਇੱਕ ਬਜ਼ੁਰਗ ਦੀ ਅੱਖ ਸੀ ਮੇਰੇ ਤੇ। ਤੇ ਮੈਨੂੰ ਉਹਦੀ ਵੇਖਣੀ ਝਾਕਣੀ ਤੋਂ ਲੱਗਦਾ ਸੀ ਭੀ ਜਦੋਂ ਵੀ ਆਹ ਬੰਦਾ ਬੋਲਿਆ ਜਮ੍ਹਾਂ ਕੱਚੇ ਲਾਹੂ।
ਲਉ ਜੀ ਨਾ ਰਿਹਾ ਗਿਆ ਤੇ ਉਹ ਬੰਦਾ ਬੋਲ ਪਿਆ ਤੇ ਮੈਨੂੰ ਕਹਿੰਦਾ "ਕਾਕਾ ਟੁੱਚ ਟੁੱਚ ਜੀ ਕਰੀ ਜਾਣਾ ਕੁਛ ਥਿਆਉਦਾ ਇਹਦੇ ਚੋਂ"
ਤੇ ਫਿਰ ਉਹਤਾ ਹੱਸਣ ਜੇ ਲੱਗਪੇ ਤੇ ਮੈਂ ਵੀ ਮਬੈਲ਼ ਜੇਬ 'ਚ ਪਾਕੇ ਕੱਚਾ ਜਾ ਹੋਕੇ ਹੱਸਣ ਲੱਗ ਪਿਆ
ਇੱਕ ਬੋਲਦਾ ਨਵੀਂ ਪਨੀਰੀ ਤਾਂ ਮਬੈਲਾਂ ਟੀਵੀਆਂ ਨੇ ਪੱਟਤੀ। ਤੇ ਫਿਰ ਹੋਣ ਲੱਗ ਪਿਆ ਨਵੇਂ ਤੇ ਪੁਰਾਣੇ ਪੰਜਾਬ ਦਾ ਕਮਪੈਰੀਸਨ।
ਬਸ ਫਿਰ ਜੇਹੜੇ ਬਾਬੇ ਚੁੱਪ ਬੈਠੇ ਸੀ ਵਧ ਵਧ ਬੋਲਣ। ਮਖ ਲਾਹੌਰ ,ਪਿਸ਼ੌਰ , ਨਾਗੌਰ, ਗੁੜ ਕੱਢਣ ਆਲੀ ਘੁਲਾੜੀ, ਕਣਕ ਕੱਡਣ ਆਲੀ ਡਰੰਮੀ,ਗੱਡੇ, ਮੁਗਦਰ ਕੁਛ ਨੀ ਛੱਡਿਆ ਤੇ ਫਿਰ ਚਾਹ ਆਗੀ।
ਫਿਰ ਨਾਲੇ ਤਾਂ ਚਾਹ ਪੀ ਜਾਣ ਨਾਲੇ ਚਾਹ ਤੇ ਤਵਾ ਧਰ ਲਿਆ । ਅਖੇ ਜੀ ਸਾਡੇ ਵੇਲੇ ਫਲਾਣਾ ਸਿਹੁੰ ਕਿਲੋ ਘਿਉ ਖੜ੍ਹਾ ਖਲੋਤਾ ਪੀ ਜਾਂਦਾ ਸੀ।
ਦੂਜਾ ਬੋਲਦਾ "ਆਹੋ ਬਾਈ ਉਦੋਂ ਕੰਮ ਵੀ ਕਰਦੇ ਸੀ ਲੋਕ ਹੁਣ ਕੰਮ ਤਾਂ ਕੋਈ ਕਰਕੇ ਨੇ ਰਾਜੀ, ਹੁਣ ਤਾਂ ਰੇਹਾਂ ਸਪਰੇਹਾਂ ਨੇ ਜੰਤਾ ਖੋਖਲੀ ਕਰਤੀ, ਆਪਣੇ ਵੇਲੇ ਸੁਣਿਆ ਸੀ ਕਦੇ ਬੀ ਬਲੱਡ ਵਧ ਗਿਆ, ਆਹ ਸਾਲੀ ਸ਼ੂਗਰ ਸ਼ਾਗਰ ਦਾ ਤਾਂ ਪਤਾ ਈ ਨੀਂ ਸੀ
ਮਖ ਜੀ ਪੁਛੋ ਨਾ ਲੰਮੀ ਲੜੀ ਤੋਰਲੀ ਤੇ ਇਹ ਤਾਂ ਜਿਮੇਂ ਭੁੱਲੇ ਈ ਬੈਠੇ ਸੀ ਬੀ ਕੁੜੀ ਵੀ ਤੋਰਨੀ ਆ।
ਤੇ ਫਿਰ ਤਾਏ ਨੇ ਕਿਹਾ ਚਲੋ ਤੋਰੋ ਭਾਈ ਕੁੜੀ
ਤੇ ਚੱਲੀਏ ਫਿਰ ਤੇ ਫਿਰ ਤੁਰੇ।...........................ਅੰਮ੍ਰਿਤ (ਘੁੱਦਾ)

ਆਹ ਚੰਨ ਤਾਰੇ ਜੇ ਵੀ ਕੈਮ ਚੀਜ਼ ਨੇ। ਇਹਨ੍ਹਾਂ ਤੇ ਬਾਹਲੇ ਗੀਤ ਬਣੇ ਨੇ। ਕੋਈ ਇਹਨ੍ਹਾਂ ਨੂੰ ਵੇਖਕੇ ਗੀਤ ਲਿਖਦਾ, ਕੋਈ ਮਿੱਤਰ ਪਿਆਰੇ ਨੂੰ ਚੇਤੇ ਕਰਦਾ , ਪੁਰਾਣੇ ਜ਼ਮਾਨੇ 'ਚ ਥਾਵਾਂ ਟਿਕਾਣਿਆ ਦਾ ਪਤਾ ਲਾਉਦੇ ਸੀ ਲੋਕ ਤਾਰਿਆਂ ਦੇ ਸ੍ਹਾਬ ਕਿਤਾਬ ਲਾਕੇ।
ਤਾਰਿਆਂ ਨਾਲ ਰਿਲੇਟਡ ਗੱਲ ਦੱਸਦਾਂ ਇੱਕ
ਨਿੱਕੇ ਹੁੰਦੇ ਬਾਹਲੇ ਘੈਂਟ ਹੁੰਦੇ ਸੀ। ਜਿਹੜੀ ਵੀ ਕੋਈ ਗੱਲ ਕਹਿ ਦਿੰਦਾ ਸੀ ਓਸੇ ਤੇ ਯਕੀਨ ਕਰ ਲੈਂਦੇ ਸੀ
ਕੇਰਾਂ ਦਿਮਾਗ 'ਚ ਸਵਾਲ ਉਠਿਆ ਵੀ ਰੱਬ ਏਨਾ ਉੱਚਾ ਕਾਹਤੋਂ ਆ ਮਤਲਬ ਬੀ ਅਸਮਾਨ ਉੱਚਾ ਕਾਹਤੋਂ ਆ? ਓਦੋਂ ਅਸਮਾਨ ਨੂੰ ਰੱਬ ਈ ਕਹਿੰਦੇ ਹੁੰਦੇ ਸੀ। ਲਉ ਜੀ ਕਿਸੇ ਯੱਕੜ ਬੰਦੇ ਕੋਲ ਸਵਾਲ ਰੱਖਤਾ ਬੀ ਰੱਬ ਏਨਾ ਉੱਚਾ ਕਾਹਤੋਂ ਆ?
ਉਹਨੇ ਦੱਸਿਆ ਬੀ ਪਹਿਲਾਂ ਰੱਬ ਬਾਹਲਾ ਨੀਵਾਂ ਹੁੰਦਾ ਸੀ ਬੀ ਤਾਰਿਆਂ ਨੂੰ ਮੌਜ ਨਾਲ ਹੱਥ ਪੈ ਜਾਂਦਾ ਸੀ ਤੇ ਓਦੋਂ ਕਿਸੇ ਦਾ ਜਵਾਕ ਜੰਗਲ ਪਾਣੀ ਬੈਠਾ ਸੀ ਤੇ ਜਦੋਂ ਜਵਾਕ ਨੇ ਕੰਮ ਨਬੇੜ ਲਿਆ ਤਾਂ ਉਹਦੀ ਮਾਂ ਨੇ ਤਾਰਾ ਤੋੜਿਆ ਤੇ ਜਵਾਕ ਦੀ ਸਾਫ ਸਫਾਈ ਕਰਤੀ। ਤੇ ਉਦੋਂ ਬਾਅਦ ਰੱਬ ਨੇ ਆਖਿਆ "ਐਂ ਤਾਂ ਭੈਣਦੇਣੇ ਮੇਰੇ ਤਾਰੇ ਈ ਮੁੱਕ ਜਾਣਗੇ" ਤੇ ਲਉ ਜੀ ਰੱਬ ਨੇ ਸਖਤ ਫੈਸਲਾ ਤੇ ਰੁੱਸ ਕੇ ਰੱਬ ਐਨਾ ਉੱਚਾ ਹੋ ਗਿਆ ਜਿੱਥੇ ਕੁ ਅੱਜ ਆ।
ਤੇ ਜਦੋਂ ਮਾੜੀ ਜੀ ਸੁਰਤ ਸੰਭਲੇ ਫਿਰ ਪਤਾ ਲੱਗਾ ਬੀ ਤਾਰੇ ਤਾਂ ਸੂਰਜ ਤੋਂ ਵੀ ਵੱਡੇ ਨੇ । ਹੁਣ ਹਾਸੀ ਆਉਦੀਂ ਆ ਆਸ਼ਕਾਂ ਤੇ ਊਂ ਤਾਂ ਖੇਤੋਂ ਕੋਈ ਕੱਦੂ ਨੀ ਤੋੜਨ ਦਿੰਦਾ ਇਹਨ੍ਹਾਂ ਨੂੰ ਊਂ ਕੁੜੀ ਨੂੰ ਇੰਮਪ੍ਰੈਸ ਕਰਨ ਲਈ ਊਂਈ ਟਰਪੱਲ ਛੱਡ ਦਿੰਦੇ ਨੇ ਬੀ ਮੈਂ ਤੇਰੇ ਲਈ ਤਾਰੇ ਤੋੜ ਲਿਆਊਗਾਂ......
.ਸੱਚੀਂ ਯਰ ਆਸ਼ਕ ਵੀ ਬਾਹਲੇ ਗੱਪੀ ਹੁੰਦੇ ਆ ਬਾਹਲੀ ਠਰਕ ਭੋਰਦੇ ਨੇ।
ਚੰਨ ਤਾਰਿਆਂ ਦਾ ਵੀ ਲਿਹਾਜ਼ ਨੀਂ ਕਰਦੇ।........................................ਅੰਮ੍ਰਿਤ ਪਾਲ (ਘੁੱਦਾ)

੨੦੧੦ 'ਚ ਸਾਡੇ ਕਾਲਜ 'ਚ ਕੈਂਪ ਸੀ 'ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ' ਆਲਿਆਂ ਦਾ। ਸਕੂਲਾਂ ਕਾਲਜਾਂ 'ਚ ਉਹ ਕੈਂਪ ਲਾਉਦੇਂ ਈ ਰਹਿੰਦੇ ਆ। ਵਧੀਆ ਕੰਮ ਆ ਉਹਨ੍ਹਾਂ ਦਾ। ਅਸੀਂ ਸਾਰਿਆਂ ਨੇ ਰਾਇ ਕਰਕੇ ਰਲਕੇ ਕੈਂਪ ਲਾ ਲਿਆ।
ਤੇ ਕੈਂਪ 'ਚ ਜਗਦੀਪ ਸਿੰਘ ਫਰੀਦਕੋਟ ਤੇ ਹੋਰ ਵੀ ਕਈ ਵਧੀਆ ਵਧੀਆ ਬੰਦੇ ਆਏ ਸੀ।
ਕਈ ਮੁੱਦਿਆਂ ਤੇ ਡਿਸਕਸ਼ਨ ਹੋਈ ਕੈਂਪ ਵੇਲੇ । ਤੇ ਫਿਰ ਗੱਲ ਛਿੜੀ ਪੱਗ ਦੀ ਮਤਲਬ ਕਿ ਪੱਗ ਦੀ ਅੱਜਕੱਲ੍ਹ ਕਿੰਨੀ ਕ ਇੱਜ਼ਤ ਆ।
ਇੱਕ ੨੨ ਨੇ ਬਹੁਤ ਦਲੀਲ ਨਾਲ ਗੱਲ ਸੁਣਾਈ ਸੀ ਕਹਿੰਦਾ , "ਜਦੋਂ ਹਿੰਦੋਸਤਾਨ ਤੇ ਅਫਗਾਨੀ ਜਾਂ ਮੁਸਲਮਾਨ ਹਮਲੇ ਕਰਦੇ ਸੀ ਤਾਂ ਉਹ ਦਿੱਲੀ ਵੰਨੀਉ ਹਿੰਦੋਸਤਾਨੀਆਂ ਦੀਆਂ ਕੁੜੀਆਂ ਨੂੰ ਚੱਕ ਚੁੱਕ ਕੇ ਨਾਲ ਲੈ ਜਾਂਦੇ ਸੀ ਤੇ ਮੁੜਦੇ ਹੋਏ ਪੰਜਾਬ ਦੇ ਰਸਤਿਓਂ ਵਾਪਸ ਆਵਦੇ ਮੁਲਕਾਂ ਨੂੰ ਜਾਂਦੇ ਸੀ, ਤੇ ਜਦੋਂ ਕੈਦੀ ਕੁੜੀਆਂ ਨੂੰ ਕੋਈ ਪੱਗ ਜਾਂ ਦੁਮਾਲੇ ਬੰਨ੍ਹੀ ਆਉਦਾਂ ਪੰਜਾਬੀਆਂ ਦਾ ਲਾਮ ਲਸ਼ਕਰ ਦਿਸਦਾ ਸੀ ਤਾਂ ਉਹ ਕਹਿੰਦੀਆਂ ਹੁੰਦੀਆਂ ਸੀ ਹੁਣ ਆਪਾਂ ਬਚ ਸਕਦੀਆਂ , ਹੁਣ ਆਪਣੇ ਵੀਰ ਆਉਦੇਂ ਨੇ, ਮਤਲਬ ਹੁਣ ਆਪਾਂ ਸੇਫ ਆਂ।
ਮਤਲਬ ਕਿ ਉਦੋਂ ਪੱਗ ਸੁਰੱਖਿਆ ਦੀ ਪ੍ਰਤੀਕ ਸੀ।
ਤੇ ਉਹ ੨੨ ਦੱਸਦਾ ਸੀ ਵੀ ਅੱਜਕੱਲ੍ਹ ਗੈਕਾਂ ਨੇ ਪੱਗ ਦੀ ਇਮੇਜ਼ ਉਲਟ ਬਣਾਤੀ।
ਹੁਣ ਗੈਕ ਕਹਿੰਦੇ ਆ.."ਆਗੇ ਪੱਗਾਂ ਪੋਚਵੀਆਂ ਵਾਲੇ ਰਹੀਂ ਬਚਕੇ ਨੀ ਰੰਗਲੇ ਦੁੱਪੱਟੇ ਆਲੀਏ"
ਮਤਲਬ ਹੁਣ ਪੱਗਾਂ ਆਲੇ ਕਿਸੇ ਦੇ ਵੀਰ ਵੂਰ ਨੀ....ਹੋਰਾਂ ਤੋਂ ਕੁੜੀ ਬੁੜੀ ਬਚਜੇ ਤਾਂ ਬਚਜੇ ਇਨ੍ਹਾਂ ਤੋਂ ਨੀਂ ਬਚਦੀ।
ਯੱਦੇ ਲੋਕ ਗੈਕੀ ਦੇ.....................
ਅੰਮ੍ਰਿਤ ਪਾਲ (ਘੁੱਦਾ)

 ਸਾਡੇ ਪੁਰਾਣੇ ਪਿੰਡ ਗੁਰਦੁਆਰੇ ਦਾ ਗ੍ਰੰਥੀ ਜਵਾਨ ਜਾ ਮੁੰਡਾ ਈ ਆ। ਉਹਦੇ ਨਾਲ ਵਾਹਵਾ ਮੱਤ ਮਿਲਦੀ ਆ ਮੇਰੀ ਬੀ ਉਹ ਹੋਰ ਗ੍ਰੰਥੀਆਂ ਵੰਗੂ ਪਾਖੰਡ ਖੇਖਣ ਨੀਂ ਕਰਦਾ। ਜਿਵੇਂ ਗੁਰੂ ਗ੍ਰੰਥ ਸਾਹਬ ਕੋਲੇ ਜੋਤ ਲਾਉਣਾ, ਖੋਪਾ ਰੱਖਣਾ , ਮੌਲੀ ਬੰਨ੍ਹਣੀ, ਤੌੜਾ ਰੱਖਣਾ ਪਾਣੀ ਆਲ਼ਾ।
ਤੇ ਐਂਤਕੀ ਉਹ ਮੁੰਡੇ ਨੇ ਮੈਨੂੰ ਇੱਕ ਹੋਰ ਗੱਲ ਦੱਸੀ। ਕਹਿੰਦਾ ਬੀ ਜਿਹੜਾ ਪੰਜਾਬੀ ਗੁਰਮੁਖੀ ਦਾ ਅੱਖਰ ਆ "ਟ" , ਇਹਨੂੰ ਆਪਾਂ ਟੈਂਕਾ ਕਹਿਣੇ ਆ। ਕਹਿੰਦਾ ਇਹ ਗਲਤ ਆ। ਇਹ ਅੱਖਰ ਦਾ ਸਹੀ ਉਚਾਰਨ ਹੋਰ ਆ, ਜਿਹੜਾ ਬੋਲਣ 'ਚ ਔੜ ਜਾ ਲੱਗਦਾ।
ਫਿਰ ਮੇਰੇ ਪੁੱਛਣ ਤੇ ਉਹਨੇ ਦੱਸਿਆ ਕਹਿੰਦਾ ਜਿਵੇਂ "ਕ" ਅੱਖਰ ਆ, ਆਪਾਂ ਇਹਨੂੰ "ਕੱਕਾ" ਲਿਖਾਂਗੇ, "ਸ" ਨੂੰ ਸੱਸਾ, "ਫ" ਨੂੰ ਫੱਫਾ, "ਹ" ਨੂੰ ਹਾਹਾ...ਮਤਲਬ ਬੀ ਸਾਰੇ ਅੱਖਰਾਂ ਨੂੰ ਲ਼ਿਖਣਾ ਹੋਵੇ ਤਾਂ ਹਰੇਕ ਅੱਖਰ ਨੂੰ ਦੋ ਆਰੀ ਲਿਖਣਾ ਪੈਦਾ। ਤਾਂ ਕਰਕੇ "ਟ" ਨੂੰ ਲਿਖਣ ਲਈ ਵੀ ਦੋ "ਟ" ਈ ਲਿਖਣੇ ਪੈਣਗੇ। ਤੇ ਫਿਰ ਉਹਨੇ ਹੋਰ ਦਲੀਲ ਦਿੱਤੀ ਕਹਿੰਦਾ ਬੀ ਜੇ ਆਪਾਂ "ਟ" ਅੱਖਰ ਨੂ ਟੈਂਕਾ ਈ ਬੋਲਣਾ ਹੋਵੇ ਤਾਂ ਆਪਾਂ "ਕੱਟੇ" ਨੂੰ ਕੱਟਾ ਨੀਂ ਕਹਿ ਸਕਦੇ ਕੈਂਟਾ ਈ ਬੋਲਾਂਗੇ...ਮਤਲਬ ਬੀ ਗੱਲ ਮੁਕਦੀ ਆ "ਟ" ਅੱਖਰ ਦਾ ਸਹੀ ਉਚਾਰਨ "ਟੈਂਕਾ" ਨੀਂ ,
ਕੁਛ ਹੋਰ ਆ....ਉਹ ਬੋਲਣ 'ਚ ਔੜ ਜਾ ਲੱਗਦਾ ..ਬਾਕੀ ਤੁਸੀਂ ਵੀ ਸਿਆਣੇ ਈ ਆ.......ਅੰਮ੍ਰਿਤ ਪਾਲ (ਘੁੱਦਾ)


 ਕੇਰਾਂ ਮੈਂ ਬੱਸ 'ਚ ਬਠਿੰਡਿਓਂ ਪਿੰਡ ਨੂੰ ਆਉਦਾਂ ਸੀ। ਉਦੋਂ ਬਠਿੰਡਾ ਡੱਬਵਾਲੀ ਰੋਡ ਤੇ ਓਵਰ ਬਰਿੱਜ ਬਣਦੇ ਸੀ ਤਾਂ ਕਰਕੇ ਸਾਡੇ ਪਿੰਡ ਨੂੰ ਬੱਸਾਂ ਲਾਲ ਸਿੰਘ ਬਸਤੀ ਵਿੱਚ ਦੀ ਹੋਕੇ ਆਉਦੀਂਆ ਰਹੀਆਂ ਵਾਹਵਾ ਟੈਮ। ਤੇ ਆਹਲੂਵਾਲੀਆਂ ਆਲ਼ਿਆਂ ਦੀ ਬੱਸ ਲਤੜ ਲਤੜ ਭਰੀ ਸੀ ਜਨਤਾ ਨਾਲ। ਮੈਂ ਵੀ ਔਖਾ ਜਾ ਹੋਕੇ ਟੰਬੇ ਜੇ ਨਾਲ ਢੋ ਲਾਕੇ ਖੜ੍ਹਾ ਸੀ।ਪਿਛਲੀ ਬਾਰੀ ਦੇ ਨਾਲ ਦੋ ਬੰਦਿਆਂ ਆਲ਼ੀ ਸੀਟ ਤੇ ਦੋ ਬਜ਼ੁਰਗ ਬੈਠੇ ਸੀ।ਬੱਸ 'ਚ ਬਾਹਲੀ ਜਨਤਾ ਮੋਡਰਨ ਲੁੱਕ ਆਲ਼ੀ ਸੀ ਮਤਲਬ ਬੀ ਹੱਥ 'ਚ ਕਾਪੀ 'ਖਬਾਰ ਵੰਗੂ ਗੋਲ ਕਰਕੇ ਫੜ੍ਹਨ ਆਲ਼ੇ ਸੀ।
ਲਉ ਜੀ ਉਹਨ੍ਹਾਂ ਬਜ਼ੁਰਗਾਂ ਨੂੰ ਚੰਗਾ ਮਸਾਲਾ ਮਿਲ ਗਿਆ ਤੇ ਉਹਨ੍ਹਾਂ ਨੇ ਮੁੱਦਾ ਚੱਕ ਲਿਆ, ਨਵੇਂ ਤੇ ਪੁਰਾਣੇ ਪੰਜਾਬ ਦਾ ਕਮਪੈਰੀਸਨ। ਮੂਹਰਲੀ ਸੀਟ ਤੇ ਅੱਧਖੜ੍ਹ ਬੰਦਾ ਬੈਠਾ ਸੀ, ਲਉ ਜੀ ਉਹਤੋਂ ਵੀ ਨਾ ਰਿਹਾ ਗਿਆ ਤੇ ਪੂਰਾ ਔਖਾ ਹੋਕੇ ਪਿੱਛੇ ਨੂੰ ਮੂੰਹ ਭੁਆ ਕੇ ਬਹਿ ਗਿਆ ਤੇ ਫਿਰ ਪੂਰੀ ਮਹਿਫਲ ਜੁੜੀ ਉਹਨ੍ਹਾਂ ਦੀ। ਚੰਗੇ ਟੋਟਕੇ ਸੁਣਾਏ ਰਲਕੇ ਉਹਨ੍ਹਾਂ ਨੇ, ਤੇ ਜਨਤਾ ਵੀ ਉਹਨ੍ਹਾਂ ਦੀ ਨਿੱਕੀ ਨਿੱਕੀ ਗੱਲ ਤੇ ਹੱਸਕੇ ਪੂਰੀ ਫੀਡਬੈਕ ਦੇਵੇ ਉਹਨ੍ਹਾਂ ਨੂੰ। ਹੁੰਦਿਆਂ ਹੁੰਦਿਆ
ਗੱਲ ਪੁਰਾਣੇ ਰਿਵਾਜ਼ਾ ਦੀ ਤੁਰਪੀ। ਇਹ ਮੁੱਦਾ ਬਹੁਤ ਵਧੀਆ ਸੀ ਤੇ ਮੇਰੇ ਅਰਗਿਆਂ ਨੂੰ ਨੌਲਜ਼ ਵੀ ਮਿਲਗੀ। ਗੱਲ ਤੁਰੀ ਬੀ ਵਿਆਹ ਵੇਲੇ ਲਾੜੇ ਦੇ ਹੱਥ ਤਲਵਾਰ ਕਾਹਤੋਂ ਫੜਾਉਦੇ ਨੇ, ਇੱਕ ਮੁੰਡੇ ਨੂੰ ਸਰਬਾਲਾ ਕਾਹਤੋਂ ਬਣਾਉਦੇ ਨੇ ਤੇ ਡੋਲੀ ਤੁਰਨ ਵੇਲੇ ਗੱਡੀ ਦੇ ਟੈਰਾਂ ਤੇ ਪਾਣੀ ਕਾਹਤੋਂ ਪਾਉਦੇ ਨੇ? ਤੇ ਅੱਧਖੜ੍ਹ ਉਮਰ ਦੇ ਬਾਈ ਨੇ ਜਵਾਬ ਦਿੱਤਾ ਬੀ ਪੁਰਾਣੇ ਜ਼ਮਾਨੇ 'ਚ ਜੰਗਲਾਂ ਰੋਹੀਆਂ ਵਿੱਚ ਦੀ ਬਰਾਤਾਂ ਲੰਘਦੀਆਂ ਸੀ ਤੇ ਉਦੋਂ ਡਾਕੂ ਲਟੇਰੇ ਬਰਾਤਾਂ ਨੂੰ ਲੁੱਟਦੇ ਸੀ ਤਾਂ ਕਰਕੇ ਲਾੜੇ ਦੇ ਹੱਥ ਤਲਵਾਰ ਫੜ੍ਹਾਉਦੇ ਸੀ ਆਤਮਰੱਖਿਆ ਲਈ। ਗੱਲਾਂ ਕੈਮ ਸੀ ਬਾਬਿਆਂ ਦੀਆਂ ਜਨਤਾ ਸ਼ੈਂ ਹੋਕੇ ਸੁਣੀ ਜਾਵੇ। ਜਿਨ੍ਹਾਂ ਭਮੱਕੜਾਂ ਦੇ ਕੰਨਾਂ 'ਚ ਹਨੀ ਸਿੰਘ ਚੱਲਦਾ ਸੀ , ਉਹਨ੍ਹਾਂ ਨੇ ਵੀ ਹੈੱਡਫੂਨ ਕੱਢਤੇ। ਤੇ ਅਗਲੀ ਗੱਲ ਦੱਸੀ ਬਾਈ ਨੇ ਬੀ ਸਰਬਾਲਾ ਲਾੜੇ ਦੇ ਹਮਉਮਰ ਭਰਾ ਨੂੰ ਬਣਾਉਦੇ ਸੀ ਬੀ ਜੇ ਲੜਾਈ ਭੜਾਈ 'ਚ ਲਾੜਾ ਮਰ ਜਾਂਦਾ ਸੀ ਤਾਂ ਕੁੜੀ ਨੂੰ ਸਰਬਾਲੇ ਨਾਲ ਤੋਰ ਦਿੰਦੇ ਸੀ। ਤੇ ਲੱਕੜ ਦੇ ਟੈਰਾਂ ਆਲ਼ੇ ਗੱਡਿਆਂ ਦੇ ਟੈਰਾਂ ਤੇ ਡੋਲੀ ਤੁਰਨ ਵੇਲੇ ਬੀਬੀਆਂ ਪਾਣੀ ਪਾਉਦੀਆਂ ਸੀ ਬੀ ਟੈਰ ਬਾਹਲੀ ਚੀਕੂਂ ਚੀਕੂ ਜੀ ਨਾ ਕਰਨ। ਤੇ ਅੱਜ ਕੱਲ੍ਹ ਬੀਬੀਆਂ ਇਨੋਵਾ ਦੇ ਟੈਰਾਂ ਕੋਲ ਵੀ ਗੜਵੀ ਲਈ ਖੜ੍ਹੀਆਂ ਹੁੰਦੀਆਂ ਨੇ। ਇੱਕ ਹੋਰ ਗੱਲ ਦੱਸੀ
ਬਾਈ ਨੇ ਬਾਹਲੀ ਘੈਂਟ ਕਹਿੰਦਾ ਤੇ ਜਨਤਾ ਨੂੰ ਪੁੱਛਿਆ, ਕਹਿੰਦਾ ਵਿਆਹ ਸ਼ਾਦੀ ਵੇਲੇ ਰਿਸ਼ਤੇਦਾਰਾਂ ਦੇ ਆਉਣ ਤੇ ਬੂਹੇ 'ਚ ਤੇਲ ਕਾਹਤੋਂ ਚੋਂਦੇ ਨੇ ਤੇ ਜਨਤਾ ਕਹਿੰਦੀ ਸ਼ਗਨ ਹੁੰਦਾ ਬਾਈ । ਇਹਦੇ ਨਾਲ ਰਾਜੇ ਨੂੰ ਵੀ ਚਾਰ ਪੈਸੇ ਬਣ ਜਾਂਦੇ ਆ। ਤੇ ਫਿਰ ਬਾਈ ਨੇ ਦੱਸਿਆ ਬੀ ਉਦੋਂ ਲੱਕੜ ਦੇ ਤਖਤੇ ਖੋਲ੍ਹਣ ਵੇਲੇ ਚੀਂਕੂ ਚੀਂਕੂ ਕਰਦੇ ਸੀ । ਤੇ ਲੋਕਾਂ ਨੂ ਹੁੰਦਾ ਸੀ ਜਦੋਂ ਨਵੇਂ ਪ੍ਰਾਹੁਣੇ ਆਉਣ ਤਾਂ ਐਂਮੇ ਤਖਤਿਆਂ ਦਾ ਖੜਕਾ ਬੇਜ਼ਤੀ ਜੀ ਆਲੀ ਗੱਲ ਆ ਤਾਂ ਕਰਕੇ ਲੋਕ ਲੱਕੜ ਦੇ ਤਖਤਿਆਂ ਤੇ ਤੇਲ ਚੋਂਦੇ ਸੀ।
ਮਤਲਬ ਕੀ ਉਹ ਬਾਈ ਨੇ ਨਿਚੋੜ ਕੱਢਤਾ ਬੀ ਜਿਹੜੀ ਚੀਜ਼ ਪੁਰਾਣੇ ਜ਼ਮਾਨੇ ਦੀ ਜ਼ਰੂਰਤ ਸੀ । ਉਹ ਅੱਜ ਲੋਕਾਂ ਦਾ ਰਿਵਾਜ ਬਣਗੀ।
ਪਿਛਲੀ ਸੀਟ ਆਲੇ ਬਜ਼ੁਰਗ ਵੀ ਉਹ ਬਾਈ ਵੱਲ ਔਖਾ ਔਖਾ ਜਾ ਝਾਕਣ ਬੀ ਅੱਜ ਤਾਂ ਸਾਰੇ ਨੰਬਰ ਆਹ ਬਾਈ ਲੈ ਗਿਆ। ਐਨੇ ਨੂੰ ਕਨੈਟਰ ਵੀ ਬੋਲ ਪਿਆ, "ਘੁੱਦੇ" ਆਲੇ ਬਾਰੀਆਂ ਨੇੜੇ ਹੋਜੋ ਬਾਈ..............
ਅੰਮ੍ਰਿਤ ਪਾਲ (ਘੁੱਦਾ)


 ਪਿੰਡਾਂ ਆਲ਼ਿਆ ਨਾਲ ਬਾਹਲੀ ਮਾੜੀ ਪਤਾ ਕਦੋਂ ਹੁੰਦੀ ਆ?
ਜਦੋਂ ਰਿਸ਼ਤੇਦਾਰ ਆਏ ਹੋਣ ,
ਤੇ ਕੋਈ ਰਿਸ਼ਤੇਦਾਰ ਪੁੱਛੇ ਬੀ "ਕਾਕਾ ਥੋਡੇ ਲੈਟ ਲੂਟ ਕਿਵੇਂ ਰਹਿੰਦੀ ਆ"
ਤੇ ਅੱਗੋਂ ਮੇਰੇ ਅਰਗਾ ਤਿੜ ਕੇ ਦੱਸਦਾ, "ਸਾਡੇ ਤਾਂ ਜੀ ਚੌਵੀ ਘੰਟੇ ਆ"
ਪਰ ਓਦੋਂ ਈ ਲੈਟ ਦਾ ਜਦੋਂ ਕੱਟ ਲੱਗ ਜਾਂਦਾ
ਫਿਰ ਮੇਰੇ ਅਰਗਾ ਕੱਚਾ ਜਾ ਹੁੰਦਾ ਕਹਿੰਦਾ,
"ਸਾਡੇ ਤਾਂ ਕਦੇ ਗਈ ਈ ਨੀਂ ਸੀ, ਅੱਜ ਪਤਾ ਨੀਂ ਕਿਮੇਂ ਕੱਟਲੀ ਸਾਲਿਆਂ ਨੇ"...ਅੰਮ੍ਰਿਤ ਘੁੱਦਾ

 ਪਿਛਲ਼ੀ ਆਰੀ ਝੋਨਾ ਵੱਢਣ ਵੇਲੇ ਦੀ ਗੱਲ ਆ। ਤਾਇਆ ਟਰੈਟ ਤੋਰਦਾ ਸੀ, ਕੰਬੈਨ ਦੇ ਨਾਲ ਨਾਲ ਤੋਰਕੇ ਟਰੈਲੀ 'ਚ ਦਾਣੇ ਪਵਾਉਦਾ ਸੀ।
ਮੈਂ ਤੇ ਨਿੱਕੇ ਤਾਏ ਦਾ ਮੁੰਡਾ ਸਾਬੂ ਖੂੰਜਿਆਂ ਚੋਂ ਦਾਤੀਆਂ ਨਾਲ ਝੋਨਾ ਲਾਪਰ ਕੇ ਜੇ ਕਟਰ ਮੂਹਰੇ ਸਿੱਟਦੇ ਸੀ।
ਲਉ ਜੀ ਕੰਬੈਨ ਆਲੇ ਦੀਆਂ ਵੀ ਡੋਜ਼ਾਂ ਫੁੱਲ ਸੀ ਤੇ ਤਾਇਆ ਕਿਹੜਾ ਘੱਟ ਸੀ। ਤਾਏ ਦਾ ਖਿਆਲ ਕਿਤੇ ਹੋਰ ਹੋ ਗਿਆ ਤੇ ਟਰੈਟ 'ਗਾਹਾਂ ਟਪਾ ਲਿਆ ਤੇ ਦਾਣੇ ਭੁੱਜੇ ਡਿੱਗਣ ਲੱਗਪੇ। ਲੈਨਮੈਂਟ ਔਟ ਹੋਗੀ । ਤੇ ਮੈਂ ਤਾਏ ਨੂੰ ਬੋਲ ਮਾਰਿਆ "ਤਾਇਆ ਜੀ ਟਰੈਟ ਹੌਲੀ ਕਰਲੋ"
ਨਾਲ ਕੰਬੈਨ ਤੇ ਚੱਲਦੇ ਅਣਖੀਲ਼ੇ ਦੀ ਵਾਜ਼ ਮੈਥੋਂ ਵੱਧ ਸੀ, ਤੇ ਤਾਏ ਨੂੰ ਕਿੱਥੋਂ ਸੁਣੇ।
ਬਥੇਰੇ ਤਿੰਘ ਤਿੰਘ ਬੋਲ ਮਾਰੇ ਪਰ ਕਿੱਥੇ। ਭੱਜ ਕੇ ਗਏ ਤੇ ਟਰੈਟ ਰੁਕਾਇਆ।
ਫਿਰ ਡੁੱਲ੍ਹੇ ਦਾਣੇ ਗੱਟਿਆਂ 'ਚ ਪਾਕੇ ਟਰੈਲੀ 'ਚ ਲੱਦੇ ਤੇ ਤਾਇਆ ਬੋਲਦਾ "ਕੰਜਰੋ ਥੋਡੇ ਤੋਂ ਬੋਲ ਨੀਂ ਸੀ ਮਾਰੀਦਾ ਬੀ ਦਾਣੇ ਡੁੱਲ੍ਹਦੇ ਆ"
ਮਖ ਤਾਇਆ ਜੀ ਬਥੇਰੇ ਬੋਲ ਮਾਰੇ ਸੀ ਬੀ ਤਾਇਆ ਜੀ ਟਰੈਟ ਹੌਲੀ ਕਰਲੋ,ਟਰੈਟ ਹੌਲੀ ਕਰਲੋ ਪਰ ਥੋਨੂੰ ਸੁਣੇ ਨੀਂ।
ਏਨੇ ਨੂੰ ਘਰੋਂ ਚਾਹ ਆਗੀ
ਚਾਰ ਪੰਜ ਬੰਦੇ ਖੜ੍ਹੇ ਸੀ , ਤਾਇਆ ਬੋਲਦਾ,"ਸਾਲਾ 'ਜੀ' 'ਜੀ' ਦਾ ਸਿੱਧਾ ਨੀਂ ਸੀ ਕਹੀਦਾ ਬੀ ਤਾਇਆ ਦਾਣੇ ਡੁੱਲ੍ਹਦੇ ਆ, ਆਹ ਤੇਰੀ 'ਜੀ' 'ਜੀ' ਨੇ ਦੋ ਮਣ ਦਾਣੇ ਡੁਲ੍ਹਾਤੇ"
ਸਾਰੇ ਜਣੇ ਹੱਸਣ ਲੱਗਪੇ , ਓਦੋਂ ਬਾਦ ਮੈਂ ਵੀ "ਜੀ" ਵਿਸ਼ੇਸ਼ਣ ਯੂਸ ਨੀਂ ਕੀਤਾ ਤਾਏ ਖਾਤਰ..........ਅੰਮ੍ਰਿਤ (ਘੁੱਦਾ)


 ਹੋਲੀ ਆਲੇ ਦਿਨ ਦੀ ਗੱਲ ਆ। ਪੁਰਾਣੇ ਪਿੰਡ ਗਿਆ ਸੀ ਮੈਂ ਦਿਆਲਪੁਰੇ ਭਾਈਕੇ। ਓਦਨ ਕੰਮ ਕਰਦੇ ਸੀ ਕੋਈ । 3 ਵਜੇ ਤੱਕ ਹੱਥੋ ਹੱਥ ਲੱਗ ਲਗਾ ਕੇ ਕੰਮ ਨਬੇੜ ਲਿਆ ਅਸੀਂ । ਫਿਰ ਨਾਲਦੇ ਪਿੰਡ ਦੀਦਾਰੇ ਆਲੇ ਨੂੰ ਮੋਟਰਸ਼ੈਕਲ ਖਿੱਚਤੇ । 5-6 ਜਣੇ ਸੀ ਅਸੀਂ। ਦੀਦਾਰੇ ਆਲੇ ਤੇ ਪੱਤੋ ਹੀਰਾ ਸਿੰਘ ਪਿੰਡਾਂ ਦੀ ਸੰਗਤ ਨੇ ਰਲ ਕੇ ਪ੍ਰੋਗਰਾਮ ਕਰਾਇਆ ਸੀ । ਓਥੇ ਦੀਵਾਨ ਸੀ ਭਾਈ ਪੰਥਪ੍ਰੀਤ ਸਿੰਘ ਖਾਲਸਾ ਦਾ।
ਮੈਂ ਬਹੁਤਾ ਧਾਰਮਿਕ ਪ੍ਰੋਗਰਾਮਾਂ ਤੇ ਕਿਤੇ ਗਿਆ ਨੀਂ ਬਾਹਲਾ । ਪਰ ਓਦੇਂ ਜਨਤਾ ਰਲੀ ਸੀ ਤਾਂ ਕਰਕੇ ਵੇਖਣ ਚਲੇ ਗਏ।
ਭਾਈ ਸਾਹਬ ਨੇ ਬਹੁਤ ਕੈਮ ਗੱਲਾਂ ਸੁਣਾਈਆਂ । ਠਰਕੀ ਬਾਬਿਆਂ ਨਾਲੋਂ ਕਿਤੇ ਉੱਤੇ ਦਾ ਦੀਵਾਨ ਸੀ।
ਫਿਰ ਉਹਨ੍ਹਾਂ ਨੇ ਗੱਲ ਤੋਰੀ ਪੰਜਾਬੀਆਂ ਦੀ ਵਧਦੀ ਮੂਰਤੀ ਪੂਜਾ ਦੇ ਰੁਝਾਨ ਦੀ।
ਉਹਨ੍ਹਾਂ ਨੇ ਦੱਸਿਆ ਕਿ ਕੇਰਾਂ ਉਹ ਕਿਸੇ ਗੁਰਮੁੱਖ ਪਿਆਰੇ ਦੇ ਘਰ ਚਲੇ ਗਏ। ਤੇ ਜਾਕੇ ਵੇਖਿਆ ਬੀ ਉਹ ਗੁਰੂ ਪਿਆਰੇ ਨੇ ਘਰੇ ਇੱਕ ਕਮਰੇ 'ਚ ਕਿਸੇ ਬਾਬੇ ਦੀ ਫੋਟੋ ਰੱਖੀ ਹੋਈ ਸੀ ਵਾਹਵਾ ਵੱਡੀ ,ਤੇ ਕੋਲੇ ਇੱਕ ਮੰਜਾ , ਬਿਸਤਰਾ ਵਿਛਾਕੇ। ਕੋਲੇ ਦਾਤਣ ਰੱਖੀ ਸੀ, ਤੇ ਗੜ੍ਹਵੀ 'ਚ ਪਾਣੀ ਰੱਖਿਆ ਸੀ
ਭਾਈ ਸਾਹਬ ਨੇ ਪੁੱਛਿਆ ,"ਸਿੰਘਾ ਇਹ ਕੀ ਜਗਾੜ ਆ"
ਉਹ ਕਹਿੰਦਾ ਜੀ ਇਹ ਮੇਰੀ ਸ਼ਰਧਾ ਆ, ਤਾਂ ਕਰਕੇ ਫੋਟੋ ਦੀ ਸੇਵਾ ਕਰਦਾ ਮੈਂ।
ਲਉ ਜੀ ਭਾਈ ਸਾਹਬ ਨੇ ਪੰਚ ਮਾਰਿਆ, "ਸਿੰਘਾ ਤੇਰੀ ਸ਼ਰਧਾ ਅਧੂਰੀ ਆ ਫਿਰ, ਪੂ੍ਰੀ ਕਰ ਇਹਨੂੰ"
ਉਹ ਕਹਿੰਦਾ ਜੀ ਦੱਸੋਂ ਕਿਮੇਂ ਅਧੂਰੀ ਆ ਸ਼ਰਧਾ?
ਭਾਈ ਸਾਹਬ ਨੇ ਪੁੱਛਿਆ ਬੀ ਤੇਰਾ ਫੋਟੋ ਆਲਾ ਬਾਬਾ ਦਾਤਣ ਤਾਂ ਕਰਦਾ, ਫਿਰ ਉਹਤੋਂ ਬਾਅਦ ਨਹਾਉਦਾ ਵੀ ਆ?
ਉਹ ਬੰਦਾ ਚੁੱਪ।
ਫਿਰ ਸਮਝਾਇਆ "ਸਿੰਘਾ ਦਾਤਣ ਤੋਂ ਬਾਅਦ ਫੋਟੋ ਨੂੰ ਟੂਟੀ ਥੱਲੇ ਕਰਕੇ ਇਸ਼ਨਾਨ ਵੀ ਕਰਾਇਆ ਕਰ ਫਿਰ ਸ਼ਰਧਾ ਪੂਰੀ ਹੋਊ"
ਉਹ ਬੰਦਾ ਸ਼ੈਂ ਵੱਟ ਗਿਆ।
ਭਾਈ ਸਾਹਬ ਨੇ ਫਿਰ ਪੰਚ ਮਾਰਿਆ ਤੇ ਪੁੱਛਿਆ,"ਸਿੰਘਾਂ ਤੇਰਾ ਫੋਟੋ ਆਲਾ ਬਾਬਾ ਗੜ੍ਹਵੀ ਆਲਾ ਪਾਣੀ ਵੀ ਪੀਂਦਾ,ਫਿਰ ਇਹ ਬਾਥਰੂਮ ਵੀ ਜਾਂਦਾ ਹੋਣਾ?"
ਉਹ ਬੰਦੇ ਦਾ ਰੰਗ ਜਾ ਉੱਡ ਗਿਆ ਬੀ ਫਸਗੇ।
ਤੇ ਫਿਰ ਭਾਈ ਸਾਹਬ ਨੇ ਕਿਹਾ ," ਭਾਈ ਸਿੰਘਾ ਜੇ ਫੋਟੋ ਆਲਾ ਬਾਬਾ ਬਾਥਰੂਮ ਨਹੀਂ ਜਾਂਦਾ, ਫਿਰ ਇਹਦੇ ਗੁਰਦੇ ਚੈੱਕ ਕਰਾ, ਪ੍ਰੋਬਲਮ ਹੋਣੀ ਆ ਪੱਕਾ ,ਤੇ ਜੇ ਤੇਰਾ ਬਾਬਾ ਨਹਾਉਦਾਂ ਨੀ, ਬਾਥਰੂਮ ਨੀਂ ਜਾਂਦਾ, ਫਿਰ ਤੇਰੀ ਸ਼ਰਧਾ ਅਧੂ੍ਰੀ ਆ।"
ਲਉ ਜੀ ਫੋਟੋ ਆਲੇ ਭਗਤ ਦੀ ਜਮ੍ਹਾਂ ਤਸੱਲੀ ਕਰਾਤੀ ਭਾਈ ਸਾਹਬ ਨੇ,ਕਹਿੰਦਾ ਠੀਕ ਆ ਜੀ ਗੱਲ , ਪੁੱਠੇ ਕੰਮ ਈ ਕਰੀ ਜਾਂਦਾ ਸੀ ਮੈਂ ਤਾ।
ਸਾਰੀਆਂ ਈ ਗੱਲਾਂ ਬਹੁਤ ਕੈਮ ਸੀ ਦੀਵਾਨ 'ਚ। ਇਹ ਵਧੀਆ ਲੱਗੀ ਤਾਂ ਸ਼ੇਅਰ ਕਰਤੀ।
ਫਿਰ ਦੇਗ ਲੈਕੇ, ਸ਼ਬਜੀ ਧਰਕੇ ਰੋਟੀਆਂ ਤੇ ਛਕ ਛਕਾ ਕੇ ਮੂੰਹ ਨੇਰੇ ਜੇ ਘਰੇ ਆਗੇ ਅਸੀਂ...............ਅੰਮ੍ਰਿਤ ਪਾਲ ਘੁੱਦਾ


 ਅੱਜ ਫੇਰ ਗਿਆ ਸੀ ਵਿਆਹ ਤੇ
ਸਾਡੇ ਪਿੰਡ ਆਲ਼ੇ ਭੋਲੇ ਬਾਈ ਕੇ ਪੈਲੇਸ 'ਚ
ਸੱਭਿਆਚਾਰਕ ਪ੍ਰੋਗਰਾਮ ਕਰਾਇਆ ਸੀ ਮੁੰਡੇ ਆਲਿਆਂ ਨੇ, ਬਠਿੰਡਿਓ
ਬੈਂਕਗਰਾਉਡ ਆਲੇ ਫਲੈਕਸ ਬੋਰਡ ਤੇ ਵੀ ਕੈਮ ਲਿਖਿਆ ਸੀ,"ਸ਼ਾਨੇ ਪੰਜਾਬ ਸੱਭਿਆਚਾਰਕ ਗਰੁੱਪ"
ਸੋਹਣੀ ਸ਼ੁਰੂਆਤ ਕੀਤੀ ਸੱਭਿਆਚਾਰਕ ਗੀਤ ਨਾਲ,
ਸੱਭਿਆਚਾਰ ਦੀਆਂ ਸੇਵਾ ਕਰਨ ਖਾਤਿਰ ਤਿੰਨ ਕੁੜੀਆ ਲਿਆਂਦੀਆਂ ਸੀ , ਗਰੁੱਪ ਆਲਿਆਂ ਨੇ
ਸੋਹਣਾ ਨੱਚਦੀਆਂ ਸੀ ਕੁੜੀਆਂ,
ਪਰ ਅੱਜ ਬਾਬੇ ਖਰਾਬ ਨਿਕਲੇ
ਸੱਭਿਆਚਾਰ ਦੇ ਚਿੰਨ੍ਹ
ਜਾ ਚੜ੍ਹੇ ਸਟੇਜ ਤੇ ਦੂਜੇ ਗੀਤ ਤੇ ਈ
ਪੋਤਰੀ ਦੀ ਉਮਰ ਦੀ ਕੁੜੀ ਤੇ ਵਾਧੂ ਪੈਹੇ ਸਿੱਟੇ
ਜੇ ਨਾ ਸਿੱਟਦਾ ਤਾਂ ਸ਼ਰੀਕੇ 'ਚ ਨੱਕ ਵੱਢੀਦਾ ਸੀ
ਖੈਰ ਸੱਭਿਆਚਾਰ ਦੀ ਸੇਵਾ ਵੀ ਕਰਨੀ ਸੀ
ਹਨੀ ਸਿੰਘ ਤੇ ਦਿਲਜੀਤ ਦਾ ਕੋਈ ਕਸੂਰ ਨੀਂ ਸੀ
ਉਹ ਤਾਂ ਵਿਚਾਰੇ ਅਜੇ ਚੁੱਪ ਈ ਸੀ
ਫਿਰ ਨੱਚੇ ਲਾੜੇ ਦੇ ਬੇਲੀ
ਕੁੜੀਆਂ ਨਾਲ ਐਕਸ਼ਨ ਕਰ ਕਰਕੇ
"ਗੁੰਦਵੇਂ ਸਰੀਰ ਉੱਤੇ ਸੂਟ ਪਾਮੇਂ ਕੱਸਵੇਂ"
ਛੋਹਲਾ ਸੀ ਪੈਸੇ ਚੁਗਣ ਆਲਾ ਨਿਆਣਾ
ਹੱਥ ਨੀਂ ਮਿੱਧਣ ਦਿੱਤਾ ਆਵਦਾ ਉਹਨੇ
ਟੈਟ ਹੋ ਹੋ ਜਨਤਾ ਸਟੇਜ ਆਈ ਜਾਵੇ
ਬਿੰਦਰਖੀਏ ਦੀ ਫੀਲਿੰਗ ਲੈ ਲੈ ਕੇ
ਸਟੇਜ ਸੈਕਟਰੀ ਮੁੜ ਮੁੜ ਫਾਨੇ ਲਾਵੇ
"ਦੁਲਹਾ ਸਾਬ੍ਹ ਦੇ ਮਾਮਾ ਜੀ ਵੱਲੋਂ ਪੰਜ ਸੌ ਰੁਪੈ ਦਾ ਸ਼ਪੈਸਲ ਇਨਾਮ"
ਫਿਰ ਬਰਾਤੀ ਸੱਜਣਾ ਨੂੰ ਚੇਤਾ ਆਇਆ ਨਸੀਬੋ ਦਾ,
ਸੱਭਿਆਚਾਰ ਆਲੇ ਦਾ ਗਲਮਾ ਫੜ੍ਹਨ ਤੱਕ ਜਾਣ
"ਅੱਲ੍ਹਾ ਕਰੇ ਦਿਨ ਨਾ ਚੜ੍ਹੇ" ਆਲ਼ਾ ਗੀਤ ਲਾ
ਫਿਰ ਮੱਛਰਦਾਨੀ ਅਰਗੇ ਲੀੜੇ ਪਾ ਆਈ ਕੁੜੀ
ਜਨਤਾ ਲੋਟ ਹੋਗੀ
ਓਤੋਂ ਦੀ ਹੋਹੋ ਨੱਚਣ ਬੀ ਕਿਤੇ ਗੱਲ ਈ ਬਣਜੇ
ਟੈਟ ਬਜ਼ੁਰਗਾਂ ਨੂੰ ਚੁੱਕ ਚੁੱਕ ਬਾਹਰ ਕੱਢਿਆ ਬਹਿਰਿਆਂ ਨੇ
ਜ਼ਹਾਜ਼ ਬਣਾ ਬਣਾ
ਸੱਭਿਆਚਾਰ ਪ੍ਰੋਗਰਾਮ ਮੁੱਕਿਆ
ਚੋ ਚਾਰ ਮੁੰਡੇ ਸਟੇਜ ਥੱਲੜੇ ਕਮਰੇ ਨੂੰ ਜਾਣ
ਸ਼ੈਦ ਮੌਕਾ ਲੱਭਦੇ ਹੋਣੇ ਆ
ਸੱਭਿਆਚਾਰ ਦੇ ਸੇਵਕਾਂ ਦੀ ਸੇਵਾ ਕਰਨ ਦਾ................ਅੰਮ੍ਰਿਤ ਪਾਲ ਘੁੱਦਾ



1 comment:

  1. This comment has been removed by a blog administrator.

    ReplyDelete