Saturday 31 March 2012

ਤੁਕਬੰਦੀ

ਕੇਸਗੜ੍ਹ ਤੋਂ ਦੂਰ ਮੈਂ ਸਰਸਾ ਤੋਂ ਪਾਰ ਵੇਖ ਰਿਹਾਂ
ਗੰਗੂ ਦੀ ਬਦਲੀ ਨੀਤ ਤੇ ਮੋਤੀ ਮਹਿਰੇ ਦਾ ਪਿਆਰ ਵੇਖ ਰਿਹਾਂ
ਭੀਮ ਚੰਦ ਦੀ ਫਿਰੀ ਜ਼ੁਬਾਨ ਤੇ ਪੀਰ ਬੁੱਧੂ ਸ਼ਾਹ ਜਿਹਾ ਯਾਰ ਵੇਖ ਰਿਹਾ
ਮੈਂ ਕੇਸਗੜ੍ਹ ਤੋਂ ਦੂਰ ਸਰਸਾ ਤੋਂ ਪਾਰ ਵੇਖ ਰਿਹਾਂ.....
------------------------------
ਚਾਲੀ ਸਿੰਘ ਤੇ ਕੱਚੀ ਗੜ੍ਹੀ ਦੀ ਕੱਚੀ ਦੀਵਾਰ ਵੇਖ ਰਿਹਾਂ,
ਅਜੀਤ ਜੁਝਾਰ ਦੇ ਖੜਕਦੇ ਹਥਿਆਰ ਵੇਖ ਰਿਹਾਂ,
ਸੰਗਤ ਸਿੰਘ ਵਰਗਾ ਹਮਸ਼ਕਲ ਮਰਜੀਵੜਾ ਦਿਲਦਾਰ ਵੇਖ ਰਿਹਾਂ
ਮੈਂ ਕੇਸਗੜ੍ਹ ਤੋਂ ਦੂਰ ਸਰਸਾ ਤੋਂ ਪਾਰ ਵੇਖ ਰਿਹਾਂ......
------------------------------
ਠੰਡੇ ਬੁਰਜ਼ 'ਚ ਤਿਆਗੇ ਜਾ ਰਹੇ ਸਵਾਸ ਵੇਖ ਰਿਹਾਂ,
ਸਿਰ ਨਾਂ ਝੁਕਾਉਣ ਲਈ ,ਪੁੱਤਰਾਂ ਦਾ ਸਾਹਸ ਵੇਖ ਰਿਹਾਂ
ਇੱਟ ਦੀ ਥਾਂ ਗੋਡਾ ਵੱਢਦਾ ਮਿਸਤਰੀ ਕਲਾਕਾਰ ਵੇਖ ਰਿਹਾਂ
ਮੈਂ ਕੇਸਗੜ੍ਹ ਤੋਂ ਦੂਰ ਸਰਸਾ ਤੋਂ ਪਾਰ ਵੇਖ ਰਿਹਾਂ........
------------------------------
ਪੰਜ ਦੀ ਥਾਂ ਸਜਦੇ ਸੱਤ ਪਿਆਰੇ ਵੇਖ ਰਿਹਾਂ
ਮੇਰੇ ਬਾਣੇ 'ਚ ਹੁੰਦੇ ਨਵੇਂ ਨਜ਼ਾਰੇ ਵੇਖ ਰਿਹਾਂ
ਨਾਦੇੜ 'ਚ ਬੱਕਰੇ ਦੀ ਧੌਣ ਤੇ ਟਿਕੀ ਤਲਵਾਰ ਦੇਖ ਰਿਹਾਂ,
ਮੈਂ ਕੇਸਗੜ੍ਹ ਤੋਂ ਦੂਰ ਸਰਸਾ ਤੋਂ ਪਾਰ ਵੇਖ ਰਿਹਾਂ........
------------------------------
ਦਮਦਮਾ ਸੈਹਬ 'ਚ ਰਚਾਏ ਗ੍ਰੰਥ ਤੇ ਉੱਠਦੇ ਸਵਾਲ ਵੇਖ ਰਿਹਾਂ,
ਢਹਿ ਢੇਰੀ ਕੀਤੇ ਤਖਤ ਅਕਾਲ ਦਾ ਮੈਂ ਹਾਲ ਵੇਖ ਰਿਹਾਂ,
ਮੁਸ਼ਕਰੀਏਂ ਹੱਸਦੀ ਲਾਂਭੇ ਹੋਈ ਮੈਂ ਪੰਥਕ ਸਰਕਾਰ ਵੇਖ ਰਿਹਾਂ
ਮੈਂ ਕੇਸਗੜ੍ਹ ਤੋਂ ਦੂਰ ਸਰਸਾ ਤੋਂ ਪਾਰ ਵੇਖ ਰਿਹਾਂ..................ਅੰਮ੍ਰਿਤ ਪਾਲ ਘੁੱਦਾ
---------------------------------------------------------------------------------------------------------------


ਸਾਹਮਣੇ ਚੁਬਾਰੇ ਆਲੀ ਕੁੜੀ ਨੂੰ ਮਸ਼ੂਕ ਲਿਖ,
ਦਾਰੂ ਦੀ ਭਰੀ ਬੋਤਲ ਤੇ ਦੋਨਾਲੀ ਬੰਦੂਕ ਲਿਖ
ਲਿਖੀਂ ਗੱਲ ਗਲੀ 'ਚ ਘੇਰ ਕੇ ਪਰਪੋਜ਼ ਲਾਉਣ ਦੀ
ਫੇਰ ਈ ਮਿਹਨਤ ਪੱਲੇ ਪਊ ਕਲਮ ਘਸਾਉਣ ਦੀ.....

ਜੱਟ ਬੁਲਟ ਸਫਾਰੀ ਤੇ ਚੜ੍ਹਿਆ ਲਿਖ
ਕਤਲ ਕਰ ਭਰਾਵਾਂ ਦਾ, ਥਾਣੇ ਵੜਿਆ ਲਿਖ,
ਲਿਖੀਂ ਗੱਲ ਮਸ਼ੂਕ ਨੂੰ ਕਮਰੇ 'ਚ ਬੁਲਾਉਣ ਦੀ
ਫੇਰ ਈ ਮਿਹਨਤ ਪੱਲੇ ਪਊ ਕਲਮ ਘਸਾਉਣ ਦੀ.....

ਭਗਤੇ ਆਲੇ ਬਾਈ ਨੂੰ ਉਸਤਾਦ ਲਿਖ,
ਓਸੇ ਤੋਂ ਈ ਗੀਤਕਾਰੀ ਦੇ ਗੁਰ ਸਿਖ
ਲਿਖੀਂ ਗੱਲ ਘਰਦਿਆਂ ਨੂੰ ਨੀਂਦ ਦੀਆਂ ਗੋਲੀਆਂ ਖਵਾਉਣ ਦੀ
ਫੇਰ ਈ ਮਿਹਨਤ ਪੱਲੇ ਪਊ ਕਲਮ ਘਸਾਉਣ ਦੀ.....

ਸੂਟਾ ਲਾਉਦਾ ਤੇਰਾ ਵੈਲੀ ਯਾਰ ਲਿਖ,
ਲੀੜਿਆਂ ਵੰਗੂ ਬਦਲਤਾ ਨਿੱਤ ਪਿਆਰ ਲਿਖ
ਲਿਖੀਂ ਗੱਲ ਭਗਤ ਸਰਾਭੇ ਦਾ ਟੈਟੂ ਖੁਣਵਾਉਣ ਦੀ
ਫੇਰ ਈ ਮਿਹਨਤ ਪੱਲੇ ਪਊ ਕਲਮ ਘਸਾਉਣ ਦੀ..... ਅੰਮ੍ਰਿਤ ਪਾਲ ਘੁੱਦਾ

--------------------------------------------------------------------------------------------------------

ਦੁਨਾਲੀਆਂ ਸੰਤਾਲੀਆਂ ਦੀ ਆਮਦ ਨਹੀਂ,
ਚਰਸ, ਹੈਰੋਇਨ ਸਾਡੇ ਤੋਂ ਹੁੰਦੀ ਬਰਾਮਦ ਨਹੀਂ,
ਤੂੜੀ ਢੋਣ ਵੇਲੇ ਭੁੱਕੀ ਦਾ ਕਾਡ ਲਾ ਲਈਦਾ,
ਆਪਾਂ ਗੀਤਾਂ ਆਲ਼ੇ ਜੱਟਾਂ ਕੋਲੋਂ ਦੂਰ ਰਹੀਦਾ.......

ਵੈਲੀਆਂ ਬਦਮਾਸ਼ਾ ਨੂੰ ਘਰੋਂ ਦੂਰ ਰੱਖੀਦਾ,
ਸੀਰੀ ਨੂੰ ਪਿਆਰ ਨਾਲ ਘੂਰ ਰੱਖੀਦਾ,
ਦਾਤੀ ਵੱਜੇ ਤਾਂ ਜ਼ਖਮ ਤੇ ਮੂਤ ਲਈਦਾ,
ਆਪਾਂ ਗੀਤਾਂ ਆਲ਼ੇ ਜੱਟਾਂ ਕੋਲੋਂ ਦੂਰ ਰਹੀਦਾ.....

ਕਾਰਾਂ ਕੋਠੀਆਂ ਦੀ ਫੜ੍ਹ ਵੇਹਲੇ ਟੈਮ ਮਾਰਾਂਗੇ,
ਹੁਣ ਗੰਢੇ 'ਚਾਰ ਨਾਲ ਰੋਟੀ ਖਾ ਡੰਗ ਸਾਰਾਂਗੇ
ਪਹਿਲਾਂ ਨਬੇੜ ਲੀਏ ਸ੍ਹਾਬ ਸ਼ਾਹਾਂ ਆਲੀ ਵਹੀ ਦਾ,
ਆਪਾਂ ਗੀਤਾਂ ਆਲ਼ੇ ਜੱਟਾਂ ਕੋਲੋ ਦੂਰ ਰਹੀਦਾ.....

ਸੱਥ 'ਚ ਲੱਗੇ ਕੁਰਕੀ ਦੇ ਨੋਟਿਸ ਪੜ੍ਹ ਆਈਦੇ,
"ਲਾਲ ਝੰਡੇ" ਆਲ਼ਿਆਂ ਨਾਲ ਰਲ ਚਾਰ ਨਾਅਰੇ ਲਾਈਦੇ,
ਨਹੀਂ, ਖੇਤ ਜਾ ਮੋਨੋ ਦਾ ਲੀਟਰ ਖਿੱਚ ਲਈਦਾ,
ਆਪਾਂ ਗੀਤਾਂ ਆਲ਼ੇ ਜੱਟਾਂ ਕੋਲੋਂ ਦੂਰ ਰਹੀਦਾ.............ਅੰਮ੍ਰਿਤ ਪਾਲ (ਘੁੱਦਾ)

No comments:

Post a Comment