Friday 30 March 2012

ਹੁਣ ਫਰਕ ਪੈਂਦਾ

ਸਾਡਾ ਬਰਥਡੇ ਨੀਂ ਮਨਾਇਆ ਜਾਂਦਾ,
ਦਸ ਪੋਹ ਦਾ ਜਨਮ ਕਹਿੰਦੀ ਹੁੰਦੀ ਸੀ  ਬੇਬੇ ਮੇਰਾ,
ਪੰਜ ਜਮਾਤਾਂ ਕਰਕੇ ਡੈਅਰੀ ਫਰੋਲੀ
24 ਦਸੰਬਰ ਨਿਕਲਿਆ
ਜੰਮਣ ਬਾਅਦ ਇੱਕੋ ਆਰੀ ਪਾਠ ਕਰਾਇਆ ਸੀ ਮੇਰੇ ਨਾਂ ਦਾ
ਆਹੋ ਧਮਾਨ ਕੀਤਾ ਸੀ
ਆਂਢੀ ਗਵਾਂਡੀ ਚੱਕ ਚੱਕ ਵੇਂਹਦੇ ਸੀ
ਹੁਣ ਮੂੰਹ ਤੇ ਕਹਿੰਦੇ ਆ,"ਤੂੰ ਪੁੱਤ ਤਕੜੇ ਚੂਹੇ ਜਿੱਡਾ ਸੀ"
ਸਾਲਾ ਪਤਾ ਵੀ ਨੀਂ ਲੱਗਦਾ ਬੀ ਤਾਰੀਫ ਕਰਦੇ ਕਿ ਬੇਜ਼ਤੀ
ਬਥੇਰੇ ਜਲੇਬ ਖਵਾਏ ਸੀ ਰਿਸ਼ਤੇਦਾਰਾਂ ਨੂੰ
ਬੁਲਬੁਲੇ ਤੇ ਨਿੰਮ ਬੰਨ੍ਹਿਆ ਸੀ ਬਾਰ 'ਚ
ਰਾਜਿਆਂ ਦੇ ਮੁੰਡੇ ਨੇ
ਵਿੱਚ ਦੋ ਚਾਰ ਛਣਕਣੇ ਜੇ
ਬਾਧੋ ਦਾਈ ਨੇ ਗੁੜ੍ਹਤੀ ਦਿੱਤੀ ਸੀ
ਫਿਰ ਜਦੋਂ ਤੁਰਨ ਜੋਗੇ ਹੋਗੇ ਤੁਰਦੇ ਗਏ,
ਸਕੂਲ਼ ਛੱਡਣ ਗਏ ਘਰਦੇ ,ਬਥੇਰੇ ਲੱਛਣ ਕੀਤੇ
ਭੁੰਜੇ ਬਹਿ ਧਰਤੀ ਤੇ ਅੱਡੀਆਂ ਰਗੜੀਆਂ
ਚੀਕਾਂ ਮਾਰ ਮਾਰ ਕਿਹਾ,"ਮੈਂ ਨੀ, ਮੈਂ ਨੀ"
ਕੁੱਤੇ ਵੀ ਡੌਰ ਭੌਰ ਹੋਕੇ ਝਾਕਣ ਬੀ ਹੁਣ ਇਹਨੂੰ ਭੌਂਕੀਏ ਕਿ ਨਾ,
ਫਿਰ ਬਸ ਚੜ੍ਹ ਕਾਲਜ ਉੱਪੜਗੇ
ਹੁਣ ਖੇਤੋਂ ਗੇੜਾ ਮਾਰਕੇ ਆਇਆ ਤਾਇਆ ਕਹਿੰਦਾ
"ਪੁੱਤ ਤੇਲਾ ਵਾਹਵਾ ਕਣਕ ਨੂੰ, ਲੱਗ ਲਗਾ ਕੇ ਸਰਪੇਅ ਕਰਦੋ"
ਹੁਣ ਕੋਈ ਫਰਕ ਨੀਂ ਪੈਂਦਾ
ਹੁਣ ਕਹਿੰਦੇ ਕਾਲਜ ਨੂੰ ਜਾਂਦੀ ਬੱਸ ਨਵੇਂ ਬਣੇ ਓਵਰ ਬਰਿੱਜ ਓਤੋਂ ਦੀ ਟੱਪਦੀ ਆ
ਸਾਡੇ ਵਾਰੀ ਫਾਟਕ ਈ ਲੇਟ ਕਰਾ ਦਿੰਦਾ ਸੀ
ਹੁਣ ਅਰੁਣਾਚਲ ਪ੍ਰਦੇਸ਼ ਤੇ ਚੀਨ ਕਬਜ਼ਾ ਕਰਦਾ ਕਿ ਭਾਰਤ
ਸਾਨੂੰ ਕੋਈ ਫਰਕ ਨੀਂ ਪੈਂਦਾ
ਡੀ.ਏ.ਪੀ ਜ਼ਰੂਰ 467 ਤੋਂ 950 ਦੀ  ਹੋਗੀ,
ਟੈਟਰ 'ਚ ਪੈਂਦੇ ਮਹਿੰਗੇ ਡੀਜ਼ਲ ਨਾਲ ਫਰਕ ਜ਼ਰੂਰ ਪੈਂਦਾ,
ਕਸਾਬ ਨੂੰ ਫਾਂਸੀ ਹੁੰਦੀ ਕਿ ਨਹੀਂ
ਬਠਿੰਡੇ ਆਲ਼ੀ ਰਫੈਨਰੀ ਚੱਲੂ ਕਿ ਨਾ
ਲਾਦੇਨ ਮਾਰਤਾ  ਕਿ ਜਿਉਂਦਾ
ਅਸ਼ੋਕ ਨੇ 99 ਭਰਾ ਮਾਰੇ ਸੀ
ਤਾਜ ਮਹਿਲ ਮੁਹੱਬਤ ਦੀ ਨਿਸ਼ਾਨੀ ਆ
ਲੋਕ ਸਭਾ ਜਾਂ ਵਿਧਾਨ ਸਭਾ 'ਚ ਕੁਰਸੀਆਂ ਚੱਲਦੀਆਂ
ਇਹਨ੍ਹਾਂ ਗੱਲਾਂ ਨਾਲ ਹੁਣ ਸਾਨੂੰ ਕੋਈ ਫਰਕ ਨੀ
ਝੋਨਾ ਲਾਉਣ ਆਲੀ ਨਮੀਂ ਮਸ਼ੀਨ ਆਈ ਆ ਕਹਿੰਦੇ,
ਨਰਮਾ ਚੁਗਣ ਆਲੀ ਵੀ
ਕਣਕ ਦਾ ਨਮਾਂ ਬੀ ਦਿੱਤਾ ਯੂਨੀਵਰਾਸਟੀ ਨੇ
ਰੋਟਾਵੇਟਰ ਤੇ ਕੰਮੂਟਰ ਕਰਾਹਾ
ਇਹਨ੍ਹਾਂ ਗੱਲਾਂ ਨਾਲ ਜ਼ਰੂਰ ਫਰਕ ਪੈਂਦਾ ਸਾਨੂੰ
ਢੋਲੀਆਂ ਨੂੰ ਤੇਲ ਲਾ
ਮੋਨੋ ਦਾ ਗੇਲਨ ਤੇ ਕੋਨਫੀਡੋਰ ਦਾ ਲੀਟਰ ਚੁੱਕ
ਤਾਏ ਦੇ ਆਖੇ ਖੇਤ ਨੂੰ ਤੁਰ ਪਈਦਾ ਸਪਰੇਅ ਕਰਨ ........ਅੰਮ੍ਰਿਤ ਪਾਲ (ਘੁੱਦਾ)

1 comment: