Saturday 24 October 2015

ਲਾਭ ਹੀਰਾ

ਪੰਜਾਬ ਦਾ ਹੀਰਾ ਕਲਾਕਾਰ ਆ ਲਾਭ ਹੀਰਾ। ਆਪਣੇ ਲੋਕਾੰ ਦਾ ਸੁਭਾਅ ਬੀ ਅਗਲੇ ਦੀ ਜਾਤ ਗੋਤ ਨੂੰ ਬਾਹਲਾ ਪਰਖਦੇ ਨੇ। ਤਾੰ ਕਰਕੇ ਲਾਭ ਹੀਰੇ ਅਰਗਿਆੰ ਨੂੰ ਮੁਲਖ ਟਿੱਚ ਜਾਣਦਾ ਤੇ ਲਾਭ ਹੀਰੇ ਦਾ ਨਾੰ ਸੁਣ ਕੇ ਅਗਲਾ ਹੱਸ ਜੇ ਪੈੰਦਾ।
ਆਮ ਸਿੱਧ ਪੱਧਰੇ ਲੋਕਾੰ ਦੀਆੰ ਭਾਵਨਾਵਾੰ ਨੂੰ ਏਸ ਕਲਾਕਾਰ ਨੇ ਬਹੁਤ ਜਚਾ ਕੇ ਲਿਖਿਆ ਤੇ ਗਾਇਆ। ਅਖੌਤਾੰ ਮੁਹਾਵਰਿਆੰ ਨੂੰ ਬੜੇ ਢੰਗ ਨਾਲ ਗੀਤਾੰ 'ਚ ਫਿੱਟ ਕਰਿਆ। ਜਿਵੇੰ ,"ਮੈੰ ਮਨ ਮਾਰਕੇ ਜਿਓਣ ਲਈ ਸੋਚਦਾ ਹਾਂ ਲੰਮੀ ਸੋਚ ਕੁੜੇ, ਰੰਡੀ ਤਾੰ ਰੰਡ ਕੱਟ ਲਵੇ ਪਰ ਕੱਟਣ ਨਹੀੰ ਦੇੰਦੇ ਲੋਕ ਕੁੜੇ"। ਲਾਭ ਹੀਰਾ ਖੁਰਨੀ ਤੇ ਪੈਰ ਧਰਕੇ ਤਖ਼ਤਪੋਸ਼ਾੰ ਦੀ ਸਟੇਜ ਤੇ ਚੜ੍ਹ ਕੇ ਹਿੱਕ ਦੇ ਜ਼ੋਰ ਨਾ ਲੋਕ ਤੱਥ ਗਾਉੰਦਾ। ਮੁੜ੍ਹਕਾ ਪੂੰਝਣ ਖਾਤਰ ਮਾਈਕ ਦੇ ਸਟੈੰਡ ਨਾਲ ਮੂਕਾ ਟੰਗਿਆ ਬਾ ਹੁੰਦਾ।
ਓਦੋੰ ਕਿਹੜਾ ਪਤਾ ਹੁੰਦਾ ਸੀ ਬੀ ਕੈਸ਼ਟ ਕਦੋੰ ਰਿਲੀਜ਼ ਹੋਣੀ ਆ। ਜੀਹਦੀ ਨਵੀੰ ਟੇਪ ਆ ਜਾੰਦੀ ਓਹਦਾ ਪੋਸਟਰ ਪਿੰਡ ਦੇ ਨਾਈ ਦੀ ਦੁਕਾਨ 'ਚ ਲੱਗਾ ਹੁੰਦਾ। ਮੰਡੀ ਗਿਆ ਬੰਦਾ ਬੀਹਾੰ ਪੱਚੀ ਰੁਪਇਆਂ ਦੀ ਕੈਸਟ ਚੱਕ ਲਿਆਓੰਦਾ। ਚਾਰ ਗੀਤ ਸਾਈਡ 'ਏ' ਤੇ ਚਾਰ ਈ 'ਬੀ' ਤੇ ਹੁੰਦੇ।
ਰੂਪੋਵਾਲੀਆ ਮਨਜੀਤ, ਮਾਹੀਨੰਗਲ ਦਾ ਹਰਦੇਵ ਤੇ ਚੱਕ ਆਲੇ ਗੋਰੇ ਅਰਗੇ ਕਲਾਕਾਰਾੰ ਨੇ ਜਿੰਨਾ ਸਮਾੰ ਗਾਇਆ ਕਦੇ ਲੱਚਰ ਨਈੰ ਗਾਇਆ.....ਘੁੱਦਾ

ਬਠਿੰਡੇ ਦਾ ਧਰਨਾ

 ਮਰਦੀ ਨੇ ਅੱਕ ਚੱਬਿਆ ਹਾਰਕੇ ਛੜੇ ਨਾ ਲਾਈਆਂ। ਪਤਾ ਲੋਕਾੰ ਨੂੰ ਵੀ ਆ ਕਿ ਨਰਮਾ ਅਗਲੀ ਆਰੀ ਨੂੰ ਵੀ ਅੌਖਾ ਕਰੂ। ਘੜੁੱਕਿਆਂ, ਟਰੈਟ ਟਰਾਲੀਆਂ, ਕੈੰਟਰਾੰ ਤੇ ਚੜ੍ਹੇ ਬਾਬੇ ਹੁੰਮ ਹੁੰਮਾਕੇ ਬਠਿੰਡੇ ਪਹੁੰਚ ਰਹੇ ਨੇ। ਮਨਾੰ 'ਚ ਮਰੇ ਨਰਮੇ ਦਾ ਝੋਰਾ, ਹੱਥਾੰ 'ਚ ਝੰਡੇ ਤੇ ਰੰਗ ਬਰੰਗੀਆਂ ਪੱਗਾੰ ਦਾ ਹੜ੍ਹ ਆਇਆ ਵਾ। ਭਦੌੜ ਆਲੇ ਮਾਸਟਰ ਦੇ ਸਾਊੰਡ ਦਾ ਰੋਜ਼ਾਨਾ ਦਾ ਦਸ ਹਜ਼ਾਰ ਕਿਰਾਇਆ ਜੇਹੜਾ ਲਾਇਆ ਹੋਇਆ। ਲੰਗਰ ਪਾਣੀ ਸਮੇਤ ਡੇਲੀ ਦਾ ਖਰਚਾ  ਚਾਲੀ ਪੰਤਾਲੀ ਹਜ਼ਾਰ ਨੂੰ ਉੱਪੜ ਜਾੰਦਾ। 
ਜਿਹੜੇ ਪਿੰਡ ਦੇ ਲੋਕ ਧਰਨੇ ਬੰਨੀੰ ਆਉੰਦੇ ਨੇ ਸਾਰੇ ਈ ਬਿੱਤ ਮੁਤਾਬਕ ਆਟਾ, ਖੰਡ, ਦੁੱਧ ਟਰੈਲੀਆੰ ਤੇ ਧਰੀ ਲਿਆਓਦੇ ਨੇ। ਬਾਲਣ ਖਾਤਰ ਚੀਰੀਆੰ ਖਲਪਾੜਾੰ ਦਾ ਢਿੱਗ ਲੱਗਾ ਬਾ।ਕੋਈ ਪੇੜੇ ਕਰੀ ਜਾੰਦਾ ਕੋਈ ਪੜੇਥਣ ਲਾ ਲਾ ਵੇਲੀ ਜਾੰਦਾ।  ਦੇਗੇ ਰਿੱਝੀ ਜਾੰਦੇ ਨੇ। ਚਾਹ ਆਲੀਆੰ ਕੇਤਲੀਆੰ 'ਚੋੰ ਨਿਰੀ ਦੁੱਧ ਪੱਤੀ ਡੁੱਲ੍ਹਦੀ ਆ ਬਾਟੀ 'ਚ।
ਕੋਈ ਕੜਛੀ ਤੇ ਲਿਫਾਫਾ ਚੜ੍ਹਾਕੇ ਚੌਲ ਵਰਤਾ ਰਿਹਾ ਕੋਈ ਅਚਾਰ ਤੇ ਕੋਈ ਰੋਟੀਆੰ ਦੇ ਟੋਕਰੇ ਚੱਕੀ ਫਿਰਦਾ। ਨਿਰਾ ਪੁਰਾ ਭਾਈ ਲਾਲੋ ਕਾ ਲੰਗਰ ਆ ।
ਕੱਲੇ ਬਜ਼ੁਰਗ ਈ ਨਹੀੰ ਬਥੇਰੇ ਗੱਭਰੂ ਵੀ ਅਣਘੜੇ ਜੇ ਤਲੈੰਬੜ ਮੋਢਿਆੰ ਤੇ ਧਰੀ ਫਿਰਦੇ। 
ਕੁੱਲ ਮਿਲਾਕੇ ਬਾਦਲਕਿਆੰ ਦੇ ਸੰਘ 'ਚ ਆਏ ਬਏ ਆ। 
ਸਰਬੰਸਦਾਨੀ ਲੋਕਾੰ ਨੂੰ ਹੋਰ ਬਲ ਬਖ਼ਸ਼ੇ.....ਘੁੱਦਾ

ਨਰਮਾ

ਮਾਲਵੇ ਦੀ , ਖਾਸ ਕਰ ਬਠਿੰਡਾ ਤੇ ਮਾਨਸਾ ਬੈਲਟ ਦੀ ਮੁੱਖ ਫਸਲ ਆ ਨਰਮਾ। ਅੱਗੇ ਇਨ੍ਹਾੰ ਦਿਨਾੰ 'ਚ ਨਰਮਾ ਚੁਗਣ ਖਾਤਰ ਰਾਜਸਥਾਨ ਦੇ ਅਲਵਰੀਏ ਨਾਏ ਹੋਰ ਪਿੰਡਾੰ ਤੋੰ ਚੋਣੇ ਆਕੇ ਲੋਕਾੰ ਦੇ ਨੌਹਰਿਆੰ 'ਚ ਡੇਰੇ ਲਾ ਲੈੰਦੇ। ਸੰਦੇਹਾੰ ਈ ਝੋਲੀਆੰ ਬੰਨ੍ਹ ਲੈੰਦੇ ਤੇ ਸਾਰਾ ਦਿਨ ਤਵੇੰ ਨਾਲ ਕੰਮ ਕਰਦੇ। ਆਥਣੇ ਚੂਹੇ ਕੰਡੇ ਨਾ ਪੰਡਾੰ ਜੋਖ਼ਕੇ ਅੱਡੋ ਅੱਡੀ ਲਿਖ ਲਿਆ ਜਾੰਦਾ। 
ਨਰਮਾ ਚੁਗਕੇ ਟੀੰਡੇ ਤੋੜਕੇ ਦੀਵਾਲੀ ਤੋੰ ਬਾਅਦ ਚੋਣੇ ਆਵਦੇ ਘਰਾੰ ਨੂੰ ਮੁੜ ਜਾੰਦੇ ਸੀ। ਲੋਕਾਂ ਦੇ ਕੋਠੇ ਟੀਡੇਆੰ ਨਾਲ ਭਰੇ ਜਾੰਦੇ ਤੇ ਚੜ੍ਹਦੇ ਸਿਆਲ ਦੀ ਕੋਸੀ ਧੁੱਪ ਟੀਡਿਆੰ ਨੂੰ ਨਰਮਾ ਬਣਾ ਦਿੰਦੀ।
ਟੋਕਿਆੰ ਨਾਲ ਛਿਟੀਆੰ ਪੱਟਕੇ ਜੱਫੇ ਭਰ ਭਰ ਟਰੈਲੀਆੰ ਭਰੀਆੰ ਜਾੰਦੀਆੰ। ਲੋਕਾੰ ਦੇ ਬਾਰਾੰ ਮੂਹਰੇ ਬਾਲਣ ਖਾਤਰ ਛੌਰ੍ਹ ਲਾਹੇ ਜਾੰਦੇ। ਵਿਹੜੇ ਆਲਿਆੰ ਦੇ ਨਿਆਣੇ ਲਿਫਾਫੇ ਫੜ੍ਹਕੇ ਛੌਰਾੰ 'ਚੋੰ ਨਰਮਾ ਚੁਗਦੇ ਤੇ ਹੱਟੀ ਤੇ ਵੇਚਕੇ ਰੂੰਗਾ ਖਾ ਲੈੰਦੇ। 
ਸਿਆਲ ਦੀਆੰ ਧੂੰਈਆੰ ਤੇ ਬੈਠੇ ਬਾਬੇ ਟੀੰਡੇ ਕੱਢੀ ਜਾੰਦੇ। ਨਰਮਾ ਇੱਕ ਪਾਸੇ ਰੱਖਦੇ ਤੇ ਸਿੱਕਰੀਆੰ ਸੁੰਭਰਕੇ ਧੂੰਈ ਤੇ ਸਿੱਟ ਦੇਦੇਂ। ਮਾਘ ਫੱਗਣ ਤੀਕ ਲੋਕ ਨਰਮੇ ਦੇ ਆਹਰੇ ਲੱਗੇ ਰਹਿੰਦੇ। ਮਿਹਨਤ ਸਗਾਰ ਤੇ ਲੱਗ ਜਾੰਦੀ।
ਕੁਦਰਤ ਦੇ ਕਹਿਰ ਨੇ ਨਰਮੇ ਈ ਨਹੀੰ ਸਗਮਾੰ ਲੋਕਾੰ ਦੇ ਕਾਲਜੇ ਵੀ ਫੂਕੇ ਨੇ। ਜਾਅਲੀ ਬੀਅ ਤੇ ਸਰਪੇਹਾੰ ਆਲਿਆੰ ਨੇ ਕਿਰਸਾਨਾੰ ਨੂੰ ਮੱਲੋਜੋਰੀ ਨਿੱਕੀ ਦਾ ਰੁਪਈਆ ਫੜ੍ਹਾਤਾ ਤੇ ਹੁਣ ਪ੍ਰਾਹੁਣੇ ਬਠਿੰਡੇ ਬੈਠੇ ਨੇ। ਸੱਚਾ ਪਾ'ਸ਼ਾ ਫਤਹਿ ਬਖ਼ਸ਼ੇ....ਘੁੱਦਾ

ਮੱਘਰ ਮਹੀਨੇ

ਮੱਘਰ ਮਹੀਨੇ ਦੀ ਕੋਈ ਬੱਝਗੀ ਤਰੀਕ
ਤੇਰਾ ਚੜ੍ਹਦੇ ਈ ਸਿਆਲ ਦਾ ਵਿਆਹ ਨੀੰ
ਚਾੰਈ ਚਾੰਈ ਹੱਟੀਆੰ ਤੋੰ ਸੂਟ ਪੜਵਾਉੰਦੀ ਫਿਰੇੰ
ਉੱਤੇ ਜ਼ਰੀ ਦੀ ਕਢਾਈ ਲਈ ਕਰਾ ਨੀੰ
ਬਹਿ ਸੁਨਿਆਰੇ ਕੋਲੋੰ ਭਾਅ ਪੁੱਛੇ ਗਹਿਣਿਆੰ ਦੇ
ਸਿਓਨੇ ਦੀਆੰ ਵੰਗਾੰ ਲਈਆੰ ਪਾ ਨੀੰ
ਕੱਢਕੇ ਸਿਰਹਾਣੇ ਕੀਤਾ ਕੰਨੀੰ ਤੇ ਕਰੋਸ਼ੀਆ
ਰਜਾਈਆੰ ਦੇ ਗਿਲਾਫ ਲਏ ਚੜ੍ਹਾ ਨੀੰ
ਖਿੰਘਰ ਨਾ ਕੂਚ ਅੱਡੀ ਪਾਕੇ ਵੇਖੇ ਝਾੰਜਰਾੰ
ਲਈਆੰ ਕੂਹਣੀ ਤੀਕ ਮਹਿੰਦੀਆੰ ਤੂੰ ਲਾ ਨੀੰ
ਪੇਕਿਆੰ ਦੇ ਘਰ ਸਦਾ ਮਾਪਿਆੰ ਦੇ ਝੇਪ ਮੰਨੇੰ
ਤੇਰਾ ਸਦੀਆੰ ਤੋਂ ਕੁੜੀਏ ਸੁਭਾਅ ਨੀੰ
ਇੱਕੀਵੀੰ ਸਦੀ ਯੁੱਗ ਏ. ਸੀਆੰ ਦਾ ਚੱਲੇ
ਪਰ ਪੱਖੀਆੰ ਨੂੰ ਝਾਲਰਾੰ ਤੂੰ ਲਾ ਨੀੰ
ਦੇਦੀੰ ਸੀ ਉਲਾੰਭੇ ਮੇਰੀ ਲਿਖਦਾ ਨਈੰ ਗੱਲ
ਦਿੱਤਾ ਤੇਰਾ ਵੀ ਗੀਤ ਲੈ ਬਣਾ ਨੀ.....ਘੁੱਦਾ

ਜਥੇਦਾਰ

ਪਿੱਛੇ ਜੇ ਸਰਕਾਰ ਨੇ ਅੰਕੜੇ ਕੱਢੇ ਅਖੇ ਜਿਹੜਾ ਬੰਦਾ ਪਿੰਡ 'ਚ ਰਹਿਕੇ ਦਿਹਾੜੀ ਦੇ ਛੱਤੀ ਰਪਈਏ ਕਮਾਉੰਦਾ ,ਓਹ ਗਰੀਬ ਨਹੀੰ, 'ਮੀਰ ਆ। ਹੁਣ ਸਰਕਾਰ ਨੂੰ ਕਿਹੜਾ ਦੱਸੇ ਬੀ ਫੇਰੇਦੇਣਿਓੰ ਛੱਤੀ ਛੱਤੀ ਦਾ ਤਾੰ ਕਈ ਜਰਦਾ ਈ ਲਾ ਜਾੰਦੇ ਆ ਦਿਨ 'ਚ।
ਅੱਗੇ ਕਿੱਲੇ 'ਚੋੰ ਪੱਚੀ ਤੀਹ ਮਣ ਨਰਮਾ ਹੁੰਦਾ ਸੀਗਾ। ਟਰੈਲੀਆੰ ਤੇ ਵਿੱਢ ਲਾਕੇ, ਪੱਲੜ ਪਾਕੇ ਨਰਮਾ ਮੰਡੀ ਲਿਜਾੰਦੇ। ਤੇ ਐਂਰਕੀ ਕਿੱਲੇ 'ਚੋੰ ਨਰਮਾ ਐਨਾ ਕ ਝੜਿਆ ਭਾਮੇੰ ਮੋਟਰਸੈਕਲ ਤੇ ਪੰਡ ਬੰਨ੍ਹਕੇ ਬੰਦਾ ਮੰਡੀ ਬਗਜੇ।
ਪਹਿਲਾੰ ਡੇਅਰੀ ਫਾਰਮਿੰਗ ਤੇ ਹੋਰ ਕਿੱਤਿਆੰ ਤੇ ਪੱਚੀ ਪੈਸੇ ਸਬਸਿਡੀ ਦੇਦੀੰ ਸੀ ਸਰਕਾਰ। ਤੂੰ ਹੁਣ ਜਾਕੇ ਪੁੱਛਲਾ , ਸਾਰੀਆੰ ਸਕੀਮਾੰ ਤੇ ਮੋੰਦਾ ਲਾਤਾ।
ਗੋਲਡਸ਼ਟਾਰ ਦੇ ਬੂਟ ਪਾਕੇ ਚੜ੍ਹਦੀ ਜਵਾਨੀ ਫੌਜ ਦੀ ਭਰਤੀ ਖਾਤਰ ਪੰਜਾਬ ਦੀਆੰ ਲਿੰਕ ਰੋੜਾੰ ਤੇ ਤੜਕੇ ਆਥਣੇ ਭੱਜੀ ਫਿਰਦੀ ਆ। ਭਰਤੀ ਤੇ ਇੱਕ ਆਰੀ 'ਚ ਡੂਢ ਸੌ ਜਣਾ ਭਜਾ ਦੇਦੇੰ ਨੇ ਟਰੈਕ ਤੇ, ਤੇ ਮਸੀੰ ਪੰਜ ਸੱਤ ਨਿੱਤਰਦੇ ਨੇ।
ਫਰਦ ਕੇੰਦਰਾੰ 'ਚ ਲੰਮੀਆੰ ਲੈਨਾੰ ਲੱਗੀਆੰ ਨੇ। ਜਾਕੇ ਪੁੱਛਲਾ ਹਰਿੱਕ ਆਖੂ ,"ਲਿਮਟ ਬੰਨ੍ਹਾਓਣੀ ਆ"।
ਤੂੰ ਆਖੇਗਾੰ ਗੱਪ ਮਾਰਦਾ ਪਰ ਦਸਵੀੰ ਯੋਗਤਾ ਦੀ ਅਸਾਮੀ ਤੇ ਪੋਸਟ ਗਰੈਜੂਏਟ ਮੁੰਡੇ ਪਹੁੰਚਦੇ ਨੇ ਤੇ ਜਾਕੇ ਦਸਮੀੰ ਦਾ ਸਰਟੀਫਿਕੇਟ ਕੱਢਕੇ ਦਿਖਾ ਦੇਦੇੰ ਆ ਬੀ ਬੱਸ ਬਾਈ ਦਸਮੀੰ ਤੱਕ ਈ ਪੜ੍ਹੇ ਆਂ। 
ਵਿਹਲੇ ਮੁੰਡੇ ਸੱਥਾੰ 'ਚ ਖੜ੍ਹੇ ਮੁੱਛ ਮਰੋੜ ਕੇ ਇੱਕ ਦੂਜੇ ਨੂੰ ਅਈੰ ਪੁੱਛੀ ਜਾਣਗੇ ," ਜਰ ਕਿਮੇੰ ਕਰੀਏ ਮੁੱਛਾੰ ਰੱਖਲੀਏ  ਕਿ ਕਟਾਦੀਏ"। ਆਹ ਨੇ ਸਾਡੇ ਮਸਲੇ।
ਅਗਲੀ ਗੱਲ। ਪੰਥ ਦੇ ਜਥੇਦਾਰ।
ਓਹੀ ਤੇਰੇ ਆਲੀ ਗੱਲ ਪਾਕੇ ਟੈਟ ਪਜਾਮੀਆੰ ,ਟੀਨੋਪਾਲ ਨਾਲ ਧੋਤੇ ਚੰਗੇ ਸਪੈਤ ਲੀੜੇ ਪਾਕੇ ਜਥੇਦਾਰ ਅਕਾਲ ਤਖ਼ਤ ਸਾਹਬ 'ਚ ਬਗ ਜਾੰਦੇ ਨੇ। ਨੀਮੇੰ ਜੇ ਮੇਜ ਤੇ ਕਿਰਪਾਨਾੰ ਧਰਕੇ ਗੋਲਕੁੰਡਲ ਬਣਾਕੇ ਐੰ ਬਹਿ ਜਾੰਦੇ ਆ ਜਿਮੇੰ ਚਿੜੀ ਉੱਡ ਕਾੰ ਉੱਡ ਖੇਡਣਾ ਹੁੰਦਾ। 
ਕੌਮ ਨੇ ਐਡੀ ਪਦਵੀ ਦਿੱਤੀ ਆ ਥੋਨੂੰ ਜਰ ,ਕਦੇ ਤਾਂ ਕੌਮ ਦੇ ਹੱਕ 'ਚ ਫੈਸਲਾ ਕਰੋ। ਐਨੀ ਬੇਸ਼ਰਮੀ ਵੀ ਕੀ ਆਖ। ਬਾਪੂ ਕੰਵਲ ਦੀ ਆਖਤ ,"ਸਿਰ ਸਿਰਫ ਪੱਗ ਬੰਨ੍ਹਣ ਲਈ ਨਈੰ ਹੁੰਦਾ ਸੋਚਣ ਲਈ ਵੀ ਹੁੰਦਾ"।
ਪਿੱਛੇ ਜੇ ਮੈੰ ਹਰਮੰਦਰ ਸਾਹਬ ਗਿਆ ਬਾ ਸੀ। ਦੇਖਿਆ ਬੀ ਜਥੇਦਾਰ ਨਾਲ ਪੰਜ ਛੇ ਸਕੌਲਟੀ ਗਾਡ ਵਿਚਾਲੇ ਆਪ ਤੁਰਿਆ ਆਵੇ। ਬੰਦਾ ਪੁੱਛੇ ਬੀ ਵੱਡਿਆ ਜੱਸੇਦਾਰਾ ਜੇ ਪੰਜ ਛੇ ਸਟੇਨਗੰਨਾੰ ਆਲੇ ਈ ਰੱਖਣੇ ਆ ਨਾਲ ਫੇਰ ਤੂੰ ਹੱਥ 'ਚ ਸਾਢੇ ਤਿੰਨ ਫੁੱਟੀ ਕਿਰਪਾਨ ਦਾਤਣਾੰ ਵੱਢਣ ਨੂੰ ਚੱਕੀ ਫਿਰਦਾੰ ।
ਸਰਬੰਸਦਾਨੀ ਠੰਡ ਵਰਤਾੰਈ।.....ਘੁੱਦਾ