Saturday 24 October 2015

ਜਥੇਦਾਰ

ਪਿੱਛੇ ਜੇ ਸਰਕਾਰ ਨੇ ਅੰਕੜੇ ਕੱਢੇ ਅਖੇ ਜਿਹੜਾ ਬੰਦਾ ਪਿੰਡ 'ਚ ਰਹਿਕੇ ਦਿਹਾੜੀ ਦੇ ਛੱਤੀ ਰਪਈਏ ਕਮਾਉੰਦਾ ,ਓਹ ਗਰੀਬ ਨਹੀੰ, 'ਮੀਰ ਆ। ਹੁਣ ਸਰਕਾਰ ਨੂੰ ਕਿਹੜਾ ਦੱਸੇ ਬੀ ਫੇਰੇਦੇਣਿਓੰ ਛੱਤੀ ਛੱਤੀ ਦਾ ਤਾੰ ਕਈ ਜਰਦਾ ਈ ਲਾ ਜਾੰਦੇ ਆ ਦਿਨ 'ਚ।
ਅੱਗੇ ਕਿੱਲੇ 'ਚੋੰ ਪੱਚੀ ਤੀਹ ਮਣ ਨਰਮਾ ਹੁੰਦਾ ਸੀਗਾ। ਟਰੈਲੀਆੰ ਤੇ ਵਿੱਢ ਲਾਕੇ, ਪੱਲੜ ਪਾਕੇ ਨਰਮਾ ਮੰਡੀ ਲਿਜਾੰਦੇ। ਤੇ ਐਂਰਕੀ ਕਿੱਲੇ 'ਚੋੰ ਨਰਮਾ ਐਨਾ ਕ ਝੜਿਆ ਭਾਮੇੰ ਮੋਟਰਸੈਕਲ ਤੇ ਪੰਡ ਬੰਨ੍ਹਕੇ ਬੰਦਾ ਮੰਡੀ ਬਗਜੇ।
ਪਹਿਲਾੰ ਡੇਅਰੀ ਫਾਰਮਿੰਗ ਤੇ ਹੋਰ ਕਿੱਤਿਆੰ ਤੇ ਪੱਚੀ ਪੈਸੇ ਸਬਸਿਡੀ ਦੇਦੀੰ ਸੀ ਸਰਕਾਰ। ਤੂੰ ਹੁਣ ਜਾਕੇ ਪੁੱਛਲਾ , ਸਾਰੀਆੰ ਸਕੀਮਾੰ ਤੇ ਮੋੰਦਾ ਲਾਤਾ।
ਗੋਲਡਸ਼ਟਾਰ ਦੇ ਬੂਟ ਪਾਕੇ ਚੜ੍ਹਦੀ ਜਵਾਨੀ ਫੌਜ ਦੀ ਭਰਤੀ ਖਾਤਰ ਪੰਜਾਬ ਦੀਆੰ ਲਿੰਕ ਰੋੜਾੰ ਤੇ ਤੜਕੇ ਆਥਣੇ ਭੱਜੀ ਫਿਰਦੀ ਆ। ਭਰਤੀ ਤੇ ਇੱਕ ਆਰੀ 'ਚ ਡੂਢ ਸੌ ਜਣਾ ਭਜਾ ਦੇਦੇੰ ਨੇ ਟਰੈਕ ਤੇ, ਤੇ ਮਸੀੰ ਪੰਜ ਸੱਤ ਨਿੱਤਰਦੇ ਨੇ।
ਫਰਦ ਕੇੰਦਰਾੰ 'ਚ ਲੰਮੀਆੰ ਲੈਨਾੰ ਲੱਗੀਆੰ ਨੇ। ਜਾਕੇ ਪੁੱਛਲਾ ਹਰਿੱਕ ਆਖੂ ,"ਲਿਮਟ ਬੰਨ੍ਹਾਓਣੀ ਆ"।
ਤੂੰ ਆਖੇਗਾੰ ਗੱਪ ਮਾਰਦਾ ਪਰ ਦਸਵੀੰ ਯੋਗਤਾ ਦੀ ਅਸਾਮੀ ਤੇ ਪੋਸਟ ਗਰੈਜੂਏਟ ਮੁੰਡੇ ਪਹੁੰਚਦੇ ਨੇ ਤੇ ਜਾਕੇ ਦਸਮੀੰ ਦਾ ਸਰਟੀਫਿਕੇਟ ਕੱਢਕੇ ਦਿਖਾ ਦੇਦੇੰ ਆ ਬੀ ਬੱਸ ਬਾਈ ਦਸਮੀੰ ਤੱਕ ਈ ਪੜ੍ਹੇ ਆਂ। 
ਵਿਹਲੇ ਮੁੰਡੇ ਸੱਥਾੰ 'ਚ ਖੜ੍ਹੇ ਮੁੱਛ ਮਰੋੜ ਕੇ ਇੱਕ ਦੂਜੇ ਨੂੰ ਅਈੰ ਪੁੱਛੀ ਜਾਣਗੇ ," ਜਰ ਕਿਮੇੰ ਕਰੀਏ ਮੁੱਛਾੰ ਰੱਖਲੀਏ  ਕਿ ਕਟਾਦੀਏ"। ਆਹ ਨੇ ਸਾਡੇ ਮਸਲੇ।
ਅਗਲੀ ਗੱਲ। ਪੰਥ ਦੇ ਜਥੇਦਾਰ।
ਓਹੀ ਤੇਰੇ ਆਲੀ ਗੱਲ ਪਾਕੇ ਟੈਟ ਪਜਾਮੀਆੰ ,ਟੀਨੋਪਾਲ ਨਾਲ ਧੋਤੇ ਚੰਗੇ ਸਪੈਤ ਲੀੜੇ ਪਾਕੇ ਜਥੇਦਾਰ ਅਕਾਲ ਤਖ਼ਤ ਸਾਹਬ 'ਚ ਬਗ ਜਾੰਦੇ ਨੇ। ਨੀਮੇੰ ਜੇ ਮੇਜ ਤੇ ਕਿਰਪਾਨਾੰ ਧਰਕੇ ਗੋਲਕੁੰਡਲ ਬਣਾਕੇ ਐੰ ਬਹਿ ਜਾੰਦੇ ਆ ਜਿਮੇੰ ਚਿੜੀ ਉੱਡ ਕਾੰ ਉੱਡ ਖੇਡਣਾ ਹੁੰਦਾ। 
ਕੌਮ ਨੇ ਐਡੀ ਪਦਵੀ ਦਿੱਤੀ ਆ ਥੋਨੂੰ ਜਰ ,ਕਦੇ ਤਾਂ ਕੌਮ ਦੇ ਹੱਕ 'ਚ ਫੈਸਲਾ ਕਰੋ। ਐਨੀ ਬੇਸ਼ਰਮੀ ਵੀ ਕੀ ਆਖ। ਬਾਪੂ ਕੰਵਲ ਦੀ ਆਖਤ ,"ਸਿਰ ਸਿਰਫ ਪੱਗ ਬੰਨ੍ਹਣ ਲਈ ਨਈੰ ਹੁੰਦਾ ਸੋਚਣ ਲਈ ਵੀ ਹੁੰਦਾ"।
ਪਿੱਛੇ ਜੇ ਮੈੰ ਹਰਮੰਦਰ ਸਾਹਬ ਗਿਆ ਬਾ ਸੀ। ਦੇਖਿਆ ਬੀ ਜਥੇਦਾਰ ਨਾਲ ਪੰਜ ਛੇ ਸਕੌਲਟੀ ਗਾਡ ਵਿਚਾਲੇ ਆਪ ਤੁਰਿਆ ਆਵੇ। ਬੰਦਾ ਪੁੱਛੇ ਬੀ ਵੱਡਿਆ ਜੱਸੇਦਾਰਾ ਜੇ ਪੰਜ ਛੇ ਸਟੇਨਗੰਨਾੰ ਆਲੇ ਈ ਰੱਖਣੇ ਆ ਨਾਲ ਫੇਰ ਤੂੰ ਹੱਥ 'ਚ ਸਾਢੇ ਤਿੰਨ ਫੁੱਟੀ ਕਿਰਪਾਨ ਦਾਤਣਾੰ ਵੱਢਣ ਨੂੰ ਚੱਕੀ ਫਿਰਦਾੰ ।
ਸਰਬੰਸਦਾਨੀ ਠੰਡ ਵਰਤਾੰਈ।.....ਘੁੱਦਾ

No comments:

Post a Comment