Saturday 24 October 2015

ਬਠਿੰਡੇ ਦਾ ਧਰਨਾ

 ਮਰਦੀ ਨੇ ਅੱਕ ਚੱਬਿਆ ਹਾਰਕੇ ਛੜੇ ਨਾ ਲਾਈਆਂ। ਪਤਾ ਲੋਕਾੰ ਨੂੰ ਵੀ ਆ ਕਿ ਨਰਮਾ ਅਗਲੀ ਆਰੀ ਨੂੰ ਵੀ ਅੌਖਾ ਕਰੂ। ਘੜੁੱਕਿਆਂ, ਟਰੈਟ ਟਰਾਲੀਆਂ, ਕੈੰਟਰਾੰ ਤੇ ਚੜ੍ਹੇ ਬਾਬੇ ਹੁੰਮ ਹੁੰਮਾਕੇ ਬਠਿੰਡੇ ਪਹੁੰਚ ਰਹੇ ਨੇ। ਮਨਾੰ 'ਚ ਮਰੇ ਨਰਮੇ ਦਾ ਝੋਰਾ, ਹੱਥਾੰ 'ਚ ਝੰਡੇ ਤੇ ਰੰਗ ਬਰੰਗੀਆਂ ਪੱਗਾੰ ਦਾ ਹੜ੍ਹ ਆਇਆ ਵਾ। ਭਦੌੜ ਆਲੇ ਮਾਸਟਰ ਦੇ ਸਾਊੰਡ ਦਾ ਰੋਜ਼ਾਨਾ ਦਾ ਦਸ ਹਜ਼ਾਰ ਕਿਰਾਇਆ ਜੇਹੜਾ ਲਾਇਆ ਹੋਇਆ। ਲੰਗਰ ਪਾਣੀ ਸਮੇਤ ਡੇਲੀ ਦਾ ਖਰਚਾ  ਚਾਲੀ ਪੰਤਾਲੀ ਹਜ਼ਾਰ ਨੂੰ ਉੱਪੜ ਜਾੰਦਾ। 
ਜਿਹੜੇ ਪਿੰਡ ਦੇ ਲੋਕ ਧਰਨੇ ਬੰਨੀੰ ਆਉੰਦੇ ਨੇ ਸਾਰੇ ਈ ਬਿੱਤ ਮੁਤਾਬਕ ਆਟਾ, ਖੰਡ, ਦੁੱਧ ਟਰੈਲੀਆੰ ਤੇ ਧਰੀ ਲਿਆਓਦੇ ਨੇ। ਬਾਲਣ ਖਾਤਰ ਚੀਰੀਆੰ ਖਲਪਾੜਾੰ ਦਾ ਢਿੱਗ ਲੱਗਾ ਬਾ।ਕੋਈ ਪੇੜੇ ਕਰੀ ਜਾੰਦਾ ਕੋਈ ਪੜੇਥਣ ਲਾ ਲਾ ਵੇਲੀ ਜਾੰਦਾ।  ਦੇਗੇ ਰਿੱਝੀ ਜਾੰਦੇ ਨੇ। ਚਾਹ ਆਲੀਆੰ ਕੇਤਲੀਆੰ 'ਚੋੰ ਨਿਰੀ ਦੁੱਧ ਪੱਤੀ ਡੁੱਲ੍ਹਦੀ ਆ ਬਾਟੀ 'ਚ।
ਕੋਈ ਕੜਛੀ ਤੇ ਲਿਫਾਫਾ ਚੜ੍ਹਾਕੇ ਚੌਲ ਵਰਤਾ ਰਿਹਾ ਕੋਈ ਅਚਾਰ ਤੇ ਕੋਈ ਰੋਟੀਆੰ ਦੇ ਟੋਕਰੇ ਚੱਕੀ ਫਿਰਦਾ। ਨਿਰਾ ਪੁਰਾ ਭਾਈ ਲਾਲੋ ਕਾ ਲੰਗਰ ਆ ।
ਕੱਲੇ ਬਜ਼ੁਰਗ ਈ ਨਹੀੰ ਬਥੇਰੇ ਗੱਭਰੂ ਵੀ ਅਣਘੜੇ ਜੇ ਤਲੈੰਬੜ ਮੋਢਿਆੰ ਤੇ ਧਰੀ ਫਿਰਦੇ। 
ਕੁੱਲ ਮਿਲਾਕੇ ਬਾਦਲਕਿਆੰ ਦੇ ਸੰਘ 'ਚ ਆਏ ਬਏ ਆ। 
ਸਰਬੰਸਦਾਨੀ ਲੋਕਾੰ ਨੂੰ ਹੋਰ ਬਲ ਬਖ਼ਸ਼ੇ.....ਘੁੱਦਾ

No comments:

Post a Comment