Saturday 24 October 2015

ਨਰਮਾ

ਮਾਲਵੇ ਦੀ , ਖਾਸ ਕਰ ਬਠਿੰਡਾ ਤੇ ਮਾਨਸਾ ਬੈਲਟ ਦੀ ਮੁੱਖ ਫਸਲ ਆ ਨਰਮਾ। ਅੱਗੇ ਇਨ੍ਹਾੰ ਦਿਨਾੰ 'ਚ ਨਰਮਾ ਚੁਗਣ ਖਾਤਰ ਰਾਜਸਥਾਨ ਦੇ ਅਲਵਰੀਏ ਨਾਏ ਹੋਰ ਪਿੰਡਾੰ ਤੋੰ ਚੋਣੇ ਆਕੇ ਲੋਕਾੰ ਦੇ ਨੌਹਰਿਆੰ 'ਚ ਡੇਰੇ ਲਾ ਲੈੰਦੇ। ਸੰਦੇਹਾੰ ਈ ਝੋਲੀਆੰ ਬੰਨ੍ਹ ਲੈੰਦੇ ਤੇ ਸਾਰਾ ਦਿਨ ਤਵੇੰ ਨਾਲ ਕੰਮ ਕਰਦੇ। ਆਥਣੇ ਚੂਹੇ ਕੰਡੇ ਨਾ ਪੰਡਾੰ ਜੋਖ਼ਕੇ ਅੱਡੋ ਅੱਡੀ ਲਿਖ ਲਿਆ ਜਾੰਦਾ। 
ਨਰਮਾ ਚੁਗਕੇ ਟੀੰਡੇ ਤੋੜਕੇ ਦੀਵਾਲੀ ਤੋੰ ਬਾਅਦ ਚੋਣੇ ਆਵਦੇ ਘਰਾੰ ਨੂੰ ਮੁੜ ਜਾੰਦੇ ਸੀ। ਲੋਕਾਂ ਦੇ ਕੋਠੇ ਟੀਡੇਆੰ ਨਾਲ ਭਰੇ ਜਾੰਦੇ ਤੇ ਚੜ੍ਹਦੇ ਸਿਆਲ ਦੀ ਕੋਸੀ ਧੁੱਪ ਟੀਡਿਆੰ ਨੂੰ ਨਰਮਾ ਬਣਾ ਦਿੰਦੀ।
ਟੋਕਿਆੰ ਨਾਲ ਛਿਟੀਆੰ ਪੱਟਕੇ ਜੱਫੇ ਭਰ ਭਰ ਟਰੈਲੀਆੰ ਭਰੀਆੰ ਜਾੰਦੀਆੰ। ਲੋਕਾੰ ਦੇ ਬਾਰਾੰ ਮੂਹਰੇ ਬਾਲਣ ਖਾਤਰ ਛੌਰ੍ਹ ਲਾਹੇ ਜਾੰਦੇ। ਵਿਹੜੇ ਆਲਿਆੰ ਦੇ ਨਿਆਣੇ ਲਿਫਾਫੇ ਫੜ੍ਹਕੇ ਛੌਰਾੰ 'ਚੋੰ ਨਰਮਾ ਚੁਗਦੇ ਤੇ ਹੱਟੀ ਤੇ ਵੇਚਕੇ ਰੂੰਗਾ ਖਾ ਲੈੰਦੇ। 
ਸਿਆਲ ਦੀਆੰ ਧੂੰਈਆੰ ਤੇ ਬੈਠੇ ਬਾਬੇ ਟੀੰਡੇ ਕੱਢੀ ਜਾੰਦੇ। ਨਰਮਾ ਇੱਕ ਪਾਸੇ ਰੱਖਦੇ ਤੇ ਸਿੱਕਰੀਆੰ ਸੁੰਭਰਕੇ ਧੂੰਈ ਤੇ ਸਿੱਟ ਦੇਦੇਂ। ਮਾਘ ਫੱਗਣ ਤੀਕ ਲੋਕ ਨਰਮੇ ਦੇ ਆਹਰੇ ਲੱਗੇ ਰਹਿੰਦੇ। ਮਿਹਨਤ ਸਗਾਰ ਤੇ ਲੱਗ ਜਾੰਦੀ।
ਕੁਦਰਤ ਦੇ ਕਹਿਰ ਨੇ ਨਰਮੇ ਈ ਨਹੀੰ ਸਗਮਾੰ ਲੋਕਾੰ ਦੇ ਕਾਲਜੇ ਵੀ ਫੂਕੇ ਨੇ। ਜਾਅਲੀ ਬੀਅ ਤੇ ਸਰਪੇਹਾੰ ਆਲਿਆੰ ਨੇ ਕਿਰਸਾਨਾੰ ਨੂੰ ਮੱਲੋਜੋਰੀ ਨਿੱਕੀ ਦਾ ਰੁਪਈਆ ਫੜ੍ਹਾਤਾ ਤੇ ਹੁਣ ਪ੍ਰਾਹੁਣੇ ਬਠਿੰਡੇ ਬੈਠੇ ਨੇ। ਸੱਚਾ ਪਾ'ਸ਼ਾ ਫਤਹਿ ਬਖ਼ਸ਼ੇ....ਘੁੱਦਾ

No comments:

Post a Comment