Sunday 18 January 2015

ਇੱਕ ਸਰਕਾਰ ਬਾਝੋਂ

ਸੱਥਾਂ ਦੇ ਵਿੱਚ ਪਾਈਆਂ ਧੂੰਈਆਂ , ਉੱਤੋਂ ਮਾਰੇ ਮੜਾਸੇ
ਵਿੱਚ ਦਿਲਾਂ ਦੇ ਨੱਪੀਆਂ ਪੀੜਾਂ, ਬੁੱਲ੍ਹਾਂ ਉੱਤੇ ਹਾਸੇ
ਅੱਗ ਲਾਉਣੀਆਂ ਕੱਢਦੇ ਗਾਲ੍ਹਾਂ, ਅੰਦਰੋਂ ਨਿਰੇ ਪਤਾਸੇ
ਬਾਹਾਂ ਕੱਢ ਕੱਢ ਗੱਲਾਂ ਕਰਦੇ ਹੌਂਸਲੇ ਜਿਮੇਂ ਗੰਡਾਸੇ
ਓਬਾਮੇ ਤੋਂ ਘੱਟ ਗੱਲ ਨੀਂ ਕਰਦੇ ਪੀਕੇ ਸੰਤਰੇ, ਖਾਸੇ
ਸਾਡੇ ਪਿੰਡਾਂ ਦੇ ਨਮੇਂ ਈ ਰੰਗ ਤਮਾਸ਼ੇ
ਸਾਡੇ ਪਿੰਡਾਂ ਦੇ.....


ਨਰਮੇ ਨੇ ਵੀ ਪਿੱਠ ਲਵਾਤੀ ਮੁੱਲ ਕਿਸੇ ਨਾ ਪਾਇਆ
ਚੰਨ ਈਦ ਦਾ ਬਣਗੀ ਯੂਰੀਆ ਗੱਟਾ ਨਾ ਕਿਤੋਂ ਥਿਆਇਆ
ਚੌਂਹ ਪਾਸਿਆਂ ਤੋਂ ਅੱਕੇ ਜੱਟ ਨੂੰ ਏਜੰਟਾਂ ਉਂਗਲੇ ਲਾਇਆ
ਚਾਰ ਕਨਾਲਾਂ ਬੈਅ ਕਰਾਕੇ ਪੁੱਤ ਨੂੰ ਵਲੈਤ ਘਲਾਇਆ
ਕਾਮਾਗਾਟਾਮਾਰੂ ਵੰਗੂ ਉਹ ਵੀ ਖਾਲੀ ਈ ਮੁੜ ਆਇਆ
ਦੇਸ ਪੰਜਾਬ ਤੇਰਾ ਲੁੱਟ ਚੱਲਿਐ ਸਰਮਾਇਆ
ਦੇਸ ਪੰਜਾਬ ਤੇਰਾ.......

ਗੱਭਰੂਆਂ ਦੇ ਹੁਣ ਆਗੇ ਧੌਹਲੇ ਜੇਲ੍ਹਾਂ ਅੰਦਰ ਤਾੜੇ
ਦੇਸ ਓਪਰਾ ਕੀਹਨੇ ਸੁਣਨੀ ਕੱਢੀ ਜਾਈਏ ਹਾੜ੍ਹੇ
ਦੋਸ਼ ਕਿਸੇ ਨੂੰ ਕਾਹਦਾ ਦੇਣਾ ਕੌਮ ਦੇ ਰਹਿਬਰ ਮਾੜੇ
'ਜੋ ਲੇਇ ਹੈਂ ਨਿੱਜ ਬਲ ਸੇ ਲੈ ਹੈਂ' ਭੰਨਣੇ ਪੈਣ ਜਬਾੜੇ
ਮਕਾਨਾਂ ਦਾ ਉਹਨਾਂ ਕੀ ਕਰਨਾ ਘਰ ਜਿਨ੍ਹਾਂ ਦੇ ਸਾੜੇ
ਇੱਕ ਸਰਕਾਰ ਬਾਝੋਂ ਅਸੀਂ ਪੈਰਾਂ ਹੇਠ ਲਿਤਾੜੇ
ਇੱਕ ਸਰਕਾਰ ਬਾਝੋਂ......ਘੁੱਦਾ

ਖੁਆਰ ਹੋਏ ਸਭ ਮਿਲੈਂਗੇ

ਸਿਰਦਾਰ ਗੁਰਬਖ਼ਸ ਸਿੰਘ। ਮੰਗਾਂ ਮਸਲੇ ਓਹੀ ਨੇ।
ਪਰ ਐਰਕਾਂ ਕੌਮ ਦੋਫਾੜ ਜ਼ਰੂਰ ਆ। ਕਈ ਗੁਰਬਖਸ਼ ਸਿੰਘ ਦੇ ਸਮੱਰਥਕ ਨੇ, ਕਈ ਉਹਨ੍ਹਾਂ ਦੇ ਤਰੀਕੇ ਦੇ ਖਿਲਾਫ ਨੇ ਤੇ ਬਾਕੀ ਸਾਡੀ ਵੱਡੀ ਗਿਣਤੀ ਐਂਰਕੀ ਭੰਬਲਭੂਸੇ 'ਚ ਪਈ ਵਈ ਆ। ਕਈਆਂ ਨੂੰ ਜਾਪਦਾ ਗੁਰਬਖਸ਼ ਸਿੰਘ ਸਿਆਸਤ ਹੇਠ ਆ । ਆਪਣੇ ਪਿੰਡਾਂ ਬੰਨੀਂ ਜੇ ਕਿਸੇ ਕੋ ਗੁਰਬਖਸ਼ ਸਿੰਘ ਹੋਣਾਂ ਦੀ ਗੱਲ ਛੇੜੋ ਤਾਂ ਅਗਲਾ ਪੁੱਛਦਾ," ਉਹ ਕੌਣ ਆ"?
ਮੀਡੀਏ ਦੇ ਕੈਮਰੇ ਛੇ ਜੂਨ ਨੂੰ ਅਕਾਲ ਤਖਤ ਤੇ ਲੱਥੀਆਂ ਪੱਗਾਂ ਦੀ ਵੀਡਿਓ ਤਾਂ ਬਣਾ ਸਕਦੇ ਨੇ ਪਰ ਹੁਣ ਕਾਹਤੋਂ ਕੈਮਰਿਆਂ ਦੇ ਸਿੱਲ ਡੌਨ ਹੋਗੇ । ਸਾਡੇ ਬਹੁਤੇ ਮੋਹਤਬਰ ਬੰਦੇ ਏਸ ਮੁੱਦੇ ਤੇ ਚੁੱਪ ਰਹੇ ਨੇ। ਬਾਕੀ ਬਚੇ ਢਾਈ ਟੋਟਰੂ ਕਲੰਡਰ ਦੇ ਮੁੱਦੇ ਤੇ ਰੁੱਸਕੇ ਇੱਕ ਦੂਜੇ ਬੰਨੀਂ ਪਿੱਠਾਂ ਕਰੀ ਬੈਠੇ ਨੇ।
ਸਰਸਾ ਦੇ ਕੰਢੇ ਤੋਂ ਬਾਅਦ ਖਿਦਰਾਣਿਓਂ ਨਿੱਖੜਿਆ ਸਾਡਾ ਪੰਥ ਕਦੇ ਫੇਰ 'ਕੱਠਾ ਨਈਂ ਹੋਇਆ। ਗੁਰਦਾਸ ਨੰਗਲ ਦੀ ਗੜ੍ਹੀ 'ਚ ਬੰਦਾ ਸਿੰਘ ਤੇ ਬਿਨੋਦ ਸਿੰਘ ਝਗੜੇ ਤੇ ਫੇਰ ਸਾਡੀਆਂ ਮਿਸਲਾਂ ਇੱਕ ਦੂਜੇ ਦੀਆਂ ਲੱਤਾਂ ਖਿੱਚਦੀਆਂ ਰਹੀਆਂ। ਅਰਦਾਸ ਮਗਰੋਂ ਨਿੱਤ ਆਖਿਆ ਜਾਦਾਂ ,ਖੁਆਰ ਹੋਏ ਸਭ ਮਿਲੈਂਗੇ"। ਖੁਆਰ ਤਾਂ ਨਿੱਤ ਹੁੰਨੇ ਆ ਦੇਖਦੇ ਆ ਸ਼ਰਨ 'ਚ ਕਦੋਂ ਆਉਣੇ ਆ ਹੁਣ....ਘੁੱਦਾ

ਗੁਰੂ ਸਾਹਿਬਾਨ ਤੇ ਪੰਜਾਬ

ਪੰਜਾਬ 'ਚ ਜੰਮਿਆ ਜਵਾਕ ਜਦੋਂ ਦੁੱਧ ਚੁੰਘਕੇ ਮਾਂ ਦਾ ਮੰਮਾ ਛੱਡਕੇ ਅੱਖਾਂ ਗੇੜ੍ਹਦਾ ਤਾਂ ਬੀਬੀਆਂ ਸਾਹਮਣੀ ਕੰਧ ਤੇ ਟੰਗੀ ਬਾਬੇ ਨਾਨਕ ਦੀ ਫੋਟੋ ਵੱਲ ਉਂਗਲ ਕਰਕੇ ਜਵਾਕ ਨੂੰ ਦੱਸਦੀਆਂ,"ਪੁੱਤ ਹੋਅਅ ਵੇਖ ਬਾਬਾ"।
ਤੇ ਜਦੋਂ ਜਵਾਕ 'ਡਾਰ ਹੁੰਦਾ ਓਦੋਂ ਸਕੂਲੀ ਸਿਲੇਬਸ ਦੇ ਪੰਜਾਬੀ ਤੇ ਇਤਿਹਾਸ ਵਿਸ਼ੇ 'ਚ ਗੁਰੂਆਂ ਬਾਰੇ ਡੂੰਘਿਆਈ ਨਾਲ ਪੜ੍ਹਿਆ ਜਾਂਦਾ। ਪੰਜਾਬ ਦਾ ਕਿਰਸਾਨ ਫਸਲ ਵੱਢਣ ਬੀਜਣ ਲੱਗਾ ਆਖਦਾ ,"ਸੱਚਿਆ ਪਾ'ਸ਼ਾ ਖਾਣਾਂ ਪੀਣਾਂ ਦਈਂ"।
ਪਿੰਡਾਂ 'ਚ ਫਿਰਦੀਆਂ ਟਰੈਲੀਆਂ ਦੀਆਂ ਸੈਡਾਂ ਆਲੀ ਚਾਦਰ ਤੇ ਇੱਕੋ ਜਿੰਨੀ ਵਿੱਥ ਪਾਕੇ ਲਿਖਿਆ ਹੁੰਦਾ," ਧੰਨ ਗੁਰ ਨਾਨਕ ਤੇਰੀ ਵੱਡੀ ਕਮਾਈ"। ਕੋਈ ਪੰਜਾਬੀ ਬੰਦਾਂ ਭਮਾਂ ਵੀਹ ਪੱਚੀ ਲੱਖ ਲਾਕੇ ਟਰਾਲਾ ਪਾਵੇ ਭਮਾਂ ਡੂਢ ਲੱਖ ਲਾਕੇ ਗਾਡਰਾਂ ਤੇ ਤਖਤਪੋਸ਼ ਧਰਕੇ ਘੜੁੱਕਾ ਬਣਾਵੇ ਪਰ ਵੱਡੀ ਮੇਦ ਮੂਹਰਲੇ ਸ਼ੀਸ਼ੇ ਤੇ "ਧੰਨ ਗੁਰ ਨਾਨਕ" ਜ਼ਰੂਰ ਲਿਖਾਉਂਦਾ।
ਕਿਸੇ ਸਮੇਂ ਸਾਨੂੰ ਕੋਈ ਗਾਲ੍ਹ ਕੱਢਜੇ ਅਸੀਂ ਚੁੱਪ ਰਹਿ ਸਕਦੇ ਆਂ, ਤੇ ਜੇ ਸਾਡੇ ਏਹਨਾਂ ਬਾਬਿਆਂ ਨੂੰ ਮਾੜਾ ਬੋਲਜੇ ਫੇਰ ਕਲੇਸ ਜ਼ਰੂਰ ਪੈਂਦਾ।
ਵਿਆਹ ਦੇ ਕਾਡਾਂ ਤੋਂ ਲੈਕੇ ਮਰਗ ਦੇ ਕਾਡਾਂ ਤੀਕ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਜਾਂਦੀਆਂ। ਸਾਡਾ ਜਿਓਣਾ ਮਰਨਾ ਗੁਰੂ ਸਾਹਬਾਂ ਨਾਲ ਈ ਚੱਲਦਾ । ਤੇ ਗੁਰੂ ਸਾਹਬ ਦੀਆਂ ਨਕਲਾਂ ਕਰਨ ਆਲੇ ਨਿੱਕੇ ਨੂੰ ਕੀਹਨੇ ਵਹਿਮ ਪਾਤਾ ਬੀ ਤੇਰੀ ਫਿਲਮ ਪੰਜਾਬ ਦੇ ਲੋਕ ਦੇਖਣਗੇ। ਸ਼ੇਰ ਘਾਹ ਨਈਂ ਚਰਦੇ ਹੁੰਦੇ। ਤੀਹ ਜਨਵਰੀ ਨੂੰ ਸਾਡੇ ਸਤਿਕਾਰਯੋਗ ਭਗਤ ਪੂਰਨ ਸਿੰਘ ਤੇ ਬਣੀ ਫਿਲਮ ਲੱਗੂ ਸਿਲਮਿਆਂ 'ਚ..ਉਹ ਲਾਜ਼ਮੀ ਦੇਖਾਂਗੇ......ਘੁੱਦਾ

ਅਕਾਲੀ ਤਾਇਆ

ਤਾਇਆ ਸੌਸਰੀਕਾਲ
"ਆ ਭਤੀਜ ਕਿਮੇਂ ਆਇਆਂ"
"ਤਾਇਆ ਜਰ ਕਾਲੀ ਦਲ ਨੇ ਨਸ਼ਾ ਬਰੋਧੀ ਮਿੰਮ ਛੇੜੀ ਆ, ਬੱਸਾਂ ਜਾਣਗੀਆਂ ਪਿੰਡੋਂ, ਤੈਨੂੰ ਰੇਲੀ ਤੇ ਲਿਜਾਣਾ ਨਾਲ"
ਮੰਜੇ ਦੀ ਹੀਂਅ ਨੂੰ ਹੱਥ ਪਾਕੇ ਤਾਇਆ ਬੈਠਾ ਹੋਇਆ
"ਬਗ ਤਾਂ ਜਾਈਏ ਸ਼ੇਰਾ, ਹਜੇ ਤਾਂ ਲੋਈ ਨੀਂ ਲਹਿੰਦੀ, ਸਰੀਰ ਈ ਨੀਂ ਆਖਿਆ ਕਰਦਾ"
ਭਤੀਜ ਨੇ ਗੀਝੇ 'ਚੋਂ ਭੁੱਕੀ ਦਾ ਲਿਫਾਫਾ ਕੱਢਕੇ ਬੋਰੀ ਅੰਗੂ ਲਿਫਾਫੇ ਦਾ ਮੂੰਹ ਮੋੜਕੇ ਤਾਏ ਮੂਹਰੇ ਧਰਿਆ
"ਚੱਕ ਤਾਇਆ ਖਰਾਕ, ਸਰਪੈਂਚ ਤੋਂ ਲਿਆਇਆਂ ਤੇਰੇ ਖਾਤਰ"
ਕੌਲੇ 'ਚ ਨਸ਼ਾ ਘੋਲਕੇ ਤਾਇਆ ਇੱਕੋ ਡੀਕੇ ਸੂਤ ਗਿਆ,
ਨਾਏ ਬੋਲਣ ਲੱਗਾ
"ਸੌਜਾਂ ਏਹਨਾਂ ਦੀ ਨਿੱਕੀ ਨਾ, ਨਸ਼ਾ ਕੇਹੜਾ ਸਹੀ ਦੇਦੇਂ ਆ, ਫੇਰੇ ਦੇਣੇ ਬੂਰਾ ਪਾ ਪਾ ਬੇਚੀ ਜਾਂਦੇ ਆ"
ਤਾਇਆ ਕੋਈ ਨਾ ਜਰ , ਸਰਪੈਂਚ ਨਾ ਕਰੀ ਸੀ ਗੱਲ, ਆਥਣੇ ਦਾ ਵੀ ਜਗਾਟ ਕਰਾਂਗੇ ਸਾਰਿਆਂ ਦਾ"
ਤਾਅ 'ਚ ਆਏ ਤਾਏ ਨੇ ਕੌਲੇ 'ਚ ਪਾਣੀ ਪਾਕੇ ਭੁੱਕੀ ਦਾ ਹੰਗਾਲ ਪੀਤਾ ਤੇ
ਨੀਲੀ ਪੱਗ ਦੇ ਮੜਾਸੇ ਮਾਰਦਾ ਤਾਇਆ ਰੇਲੀ ਆਲੀ ਬੱਸ ਬੰਨੀਂ ਤੁਰਿਆ ਜਾਂਦਾ ਸੀ
ਬੱਸ ਦੇ ਮੂਹਰਲੇ ਦੋਹੇਂ ਸ਼ੀਸ਼ੇਆਂ ਤੇ ਰੱਸੀ ਬੰਨ੍ਹਕੇ
ਮੂਹਰੇ ਲਮਕਾਏ ਫਲੈਕਸ ਤੇ ਮੋਟੇ ਅੱਖਰਾਂ 'ਚ ਲਿਖਿਆ ਬਾ ਸੀ
"ਨਸ਼ੇ ਛੱਡੋ ਕੋਹੜ ਵੱਢੋ"....ਘੁੱਦਾ

ਪੱਗ

ਦਿੱਲੀ ਲੁੱਟਕੇ ਦੇਸ਼ ਨੂੰ ਵਾਪਸ ਮੁੜਦੇ ਅਬਦਾਲੀ ਤੇ ਸਿੱਖ ਗਭਰੂਟਾਂ ਨੇ ਹਮਲੇ ਕਰਕੇ ਬਾਈ ਕ ਸੌ ਬੀਬੀਆਂ ਨੂੰ ਰਿਹਾਅ ਕਰਾਇਆ ਸੀ।
ਓਦੋਂ ਤੋਂ ਸਿੱਖਾਂ ਦੀ ਪੱਗ ਇੱਜ਼ਤਾਂ ਆਬਰੂਆਂ ਦੀ ਰਾਖੀ ਦੀ ਪ੍ਰਤੀਕ ਮੰਨੀ ਜਾਣ ਲੱਗੀ।
ਪੱਗ ਸਾਢੇ ਕ ਸੱਤ ਮੀਟਰ ਦਾ ਲੀੜਾ ਈ ਨਈਂ ਹੁੰਦਾ ਸਗੋਂ ਬਹੁਤ ਵੱਡੀ ਜੁੰਮੇਆਰੀ ਹੁੰਦੀ ਆ। ਆਮ ਬੰਦਾ ਕਿਤੇ ਮਾੜੀ ਚੰਗੀ ਕਰਤੂਤ ਕਰਦੇ ਤਾਂ ਗੱਲ ਹਾਈਲਾਈਟ ਨਹੀਂ ਹੁੰਦੀ ਪਰ ਪੱਗ ਆਲਾ ਬੰਦਾ ਮਾੜਾ ਕੰਮ ਕਰੇ ਤਾਂ ਸਾਰੇ ਥੂ ਥੂ ਲਾਜ਼ਮੀ ਕਰਨਗੇ।
ਪੰਜਾਬ ਦਾ ਮੁੱਢਾਂ ਤੋਂ ਏਹ ਰਿਵਾਜ ਰਿਹਾ ਕਿ ਬੱਚੇ ਦੀ ਪਹਿਲੀ ਪੱਗ ਨਾਨਕਿਆਂ ਵੱਲੋਂ ਦਿੱਤੀ ਜਾਂਦੀ ਆ। ਪਿਓ ਦੇ ਭੋਗ ਤੇ ਪੁੱਤ ਦੇ ਸਿਰ ਪੱਗ ਰੱਖਕੇ ਕੋਈ ਆਖਦਾ," ਚੱਲ ਸ਼ੇਰਾ ਕਬੀਲਦਾਰੀਆਂ ਸਾਂਂਭ ਹੁਣ"।
"ਸੂਹੇ ਵੇ ਚੀਰੇ ਵਾਲਿਆ" ਜਾਂ 'ਟੇਢੀੀ ਪੱਗ' ਤੋਂ ਬਿਨ੍ਹਾਂ ਲੋਕ ਗੀਤਾਂ ਜਾਂ ਬੋਲੀਆਂ 'ਚ ਪੱਗ ਦਾ ਜ਼ਿਕਰ ਕਰਿਆ ਜਾਦਾਂ।
ਪੱਗ ਜਾਂ ਦੁਮਾਲਾ ਬੰਨ੍ਹਣ ਆਲ਼ਾ ਬੰਦਾ ਜਦੋਂ ਕਿਤੇ ਸ਼ੀਸ਼ਾ ਦੇਖਦਾ ਤਾਂ ਪਹਿਲਾਂ ਪੱਗ ਤੇ ਨਿਗਾਹ ਮਾਰਦਾ, ਚੇਹਰਾ ਬਾਅ'ਚ ਦੇਖਦਾ।
ਵਿਆਹਦੜਾਂ ਦੀ ਪੱਗ ਦੀ ਪੂਣੀ ਬਹੁਟੀ, ਤੇ ਛੜਿਆਂ ਦੀ ਪੂਣੀ ਬਾਰ ਦਾ ਕੁੰਡਾ ਕਰਾਉਂਦਾ।
ਨੱਬੇਵਿਆਂ ਤੋਂ ਬਾਅਦ ਪੰਜਾਬ 'ਚ ਮੁੰਡੇ ਬੋਦੀਆਂ ਵਾਹੁਣ ਲੱਗਪੇ ਸੀ ਪਰ ਹੁਣ ਫੇਰ ਚੋਬਰ ਪੱਗਾਂ ਅੱਲ ਨੂੰ ਮੁੜੇ ਨੇ। ਜਦੋਂ ਵੀ ਕੋਈ ਨਵਾਂ ਸਿਖਾਂਦਰੂ ਪੱਗ ਬੰਨ੍ਹਦਾ ਤਾਂ ਲੱਗਦੀ ਵਾਹ ਫੋਟੋ ਖਿੱਚਕੇ ਫੇਸਬੁੱਕ ਤੇ ਲਾਜ਼ਮੀ ਪਾਉਂਦਾ। ਪੱਗ ਸਾਡੇ ਕਰਕੇ ਨਹੀਂ ਸਗਮਾਂ ਅਸੀਂ ਪੱਗ ਕਰਕੇ ਸੋਹਣੇ ਲੱਗਦੇ ਆਂ। ਸਰਬੰਸਦਾਨੀ ਦੀਆਂ ਬਖਸ਼ੀਆਂ ਕੁੱਲ ਨੇਹਮਤਾਂ 'ਚੋਂ ਸਾਡੇ ਲਈ ਖਾਸ ਆ...ਪੱਗ.....ਘੁੱਦਾ