Sunday 18 January 2015

ਗੁਰੂ ਸਾਹਿਬਾਨ ਤੇ ਪੰਜਾਬ

ਪੰਜਾਬ 'ਚ ਜੰਮਿਆ ਜਵਾਕ ਜਦੋਂ ਦੁੱਧ ਚੁੰਘਕੇ ਮਾਂ ਦਾ ਮੰਮਾ ਛੱਡਕੇ ਅੱਖਾਂ ਗੇੜ੍ਹਦਾ ਤਾਂ ਬੀਬੀਆਂ ਸਾਹਮਣੀ ਕੰਧ ਤੇ ਟੰਗੀ ਬਾਬੇ ਨਾਨਕ ਦੀ ਫੋਟੋ ਵੱਲ ਉਂਗਲ ਕਰਕੇ ਜਵਾਕ ਨੂੰ ਦੱਸਦੀਆਂ,"ਪੁੱਤ ਹੋਅਅ ਵੇਖ ਬਾਬਾ"।
ਤੇ ਜਦੋਂ ਜਵਾਕ 'ਡਾਰ ਹੁੰਦਾ ਓਦੋਂ ਸਕੂਲੀ ਸਿਲੇਬਸ ਦੇ ਪੰਜਾਬੀ ਤੇ ਇਤਿਹਾਸ ਵਿਸ਼ੇ 'ਚ ਗੁਰੂਆਂ ਬਾਰੇ ਡੂੰਘਿਆਈ ਨਾਲ ਪੜ੍ਹਿਆ ਜਾਂਦਾ। ਪੰਜਾਬ ਦਾ ਕਿਰਸਾਨ ਫਸਲ ਵੱਢਣ ਬੀਜਣ ਲੱਗਾ ਆਖਦਾ ,"ਸੱਚਿਆ ਪਾ'ਸ਼ਾ ਖਾਣਾਂ ਪੀਣਾਂ ਦਈਂ"।
ਪਿੰਡਾਂ 'ਚ ਫਿਰਦੀਆਂ ਟਰੈਲੀਆਂ ਦੀਆਂ ਸੈਡਾਂ ਆਲੀ ਚਾਦਰ ਤੇ ਇੱਕੋ ਜਿੰਨੀ ਵਿੱਥ ਪਾਕੇ ਲਿਖਿਆ ਹੁੰਦਾ," ਧੰਨ ਗੁਰ ਨਾਨਕ ਤੇਰੀ ਵੱਡੀ ਕਮਾਈ"। ਕੋਈ ਪੰਜਾਬੀ ਬੰਦਾਂ ਭਮਾਂ ਵੀਹ ਪੱਚੀ ਲੱਖ ਲਾਕੇ ਟਰਾਲਾ ਪਾਵੇ ਭਮਾਂ ਡੂਢ ਲੱਖ ਲਾਕੇ ਗਾਡਰਾਂ ਤੇ ਤਖਤਪੋਸ਼ ਧਰਕੇ ਘੜੁੱਕਾ ਬਣਾਵੇ ਪਰ ਵੱਡੀ ਮੇਦ ਮੂਹਰਲੇ ਸ਼ੀਸ਼ੇ ਤੇ "ਧੰਨ ਗੁਰ ਨਾਨਕ" ਜ਼ਰੂਰ ਲਿਖਾਉਂਦਾ।
ਕਿਸੇ ਸਮੇਂ ਸਾਨੂੰ ਕੋਈ ਗਾਲ੍ਹ ਕੱਢਜੇ ਅਸੀਂ ਚੁੱਪ ਰਹਿ ਸਕਦੇ ਆਂ, ਤੇ ਜੇ ਸਾਡੇ ਏਹਨਾਂ ਬਾਬਿਆਂ ਨੂੰ ਮਾੜਾ ਬੋਲਜੇ ਫੇਰ ਕਲੇਸ ਜ਼ਰੂਰ ਪੈਂਦਾ।
ਵਿਆਹ ਦੇ ਕਾਡਾਂ ਤੋਂ ਲੈਕੇ ਮਰਗ ਦੇ ਕਾਡਾਂ ਤੀਕ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਜਾਂਦੀਆਂ। ਸਾਡਾ ਜਿਓਣਾ ਮਰਨਾ ਗੁਰੂ ਸਾਹਬਾਂ ਨਾਲ ਈ ਚੱਲਦਾ । ਤੇ ਗੁਰੂ ਸਾਹਬ ਦੀਆਂ ਨਕਲਾਂ ਕਰਨ ਆਲੇ ਨਿੱਕੇ ਨੂੰ ਕੀਹਨੇ ਵਹਿਮ ਪਾਤਾ ਬੀ ਤੇਰੀ ਫਿਲਮ ਪੰਜਾਬ ਦੇ ਲੋਕ ਦੇਖਣਗੇ। ਸ਼ੇਰ ਘਾਹ ਨਈਂ ਚਰਦੇ ਹੁੰਦੇ। ਤੀਹ ਜਨਵਰੀ ਨੂੰ ਸਾਡੇ ਸਤਿਕਾਰਯੋਗ ਭਗਤ ਪੂਰਨ ਸਿੰਘ ਤੇ ਬਣੀ ਫਿਲਮ ਲੱਗੂ ਸਿਲਮਿਆਂ 'ਚ..ਉਹ ਲਾਜ਼ਮੀ ਦੇਖਾਂਗੇ......ਘੁੱਦਾ

No comments:

Post a Comment