Sunday 18 January 2015

ਇੱਕ ਸਰਕਾਰ ਬਾਝੋਂ

ਸੱਥਾਂ ਦੇ ਵਿੱਚ ਪਾਈਆਂ ਧੂੰਈਆਂ , ਉੱਤੋਂ ਮਾਰੇ ਮੜਾਸੇ
ਵਿੱਚ ਦਿਲਾਂ ਦੇ ਨੱਪੀਆਂ ਪੀੜਾਂ, ਬੁੱਲ੍ਹਾਂ ਉੱਤੇ ਹਾਸੇ
ਅੱਗ ਲਾਉਣੀਆਂ ਕੱਢਦੇ ਗਾਲ੍ਹਾਂ, ਅੰਦਰੋਂ ਨਿਰੇ ਪਤਾਸੇ
ਬਾਹਾਂ ਕੱਢ ਕੱਢ ਗੱਲਾਂ ਕਰਦੇ ਹੌਂਸਲੇ ਜਿਮੇਂ ਗੰਡਾਸੇ
ਓਬਾਮੇ ਤੋਂ ਘੱਟ ਗੱਲ ਨੀਂ ਕਰਦੇ ਪੀਕੇ ਸੰਤਰੇ, ਖਾਸੇ
ਸਾਡੇ ਪਿੰਡਾਂ ਦੇ ਨਮੇਂ ਈ ਰੰਗ ਤਮਾਸ਼ੇ
ਸਾਡੇ ਪਿੰਡਾਂ ਦੇ.....


ਨਰਮੇ ਨੇ ਵੀ ਪਿੱਠ ਲਵਾਤੀ ਮੁੱਲ ਕਿਸੇ ਨਾ ਪਾਇਆ
ਚੰਨ ਈਦ ਦਾ ਬਣਗੀ ਯੂਰੀਆ ਗੱਟਾ ਨਾ ਕਿਤੋਂ ਥਿਆਇਆ
ਚੌਂਹ ਪਾਸਿਆਂ ਤੋਂ ਅੱਕੇ ਜੱਟ ਨੂੰ ਏਜੰਟਾਂ ਉਂਗਲੇ ਲਾਇਆ
ਚਾਰ ਕਨਾਲਾਂ ਬੈਅ ਕਰਾਕੇ ਪੁੱਤ ਨੂੰ ਵਲੈਤ ਘਲਾਇਆ
ਕਾਮਾਗਾਟਾਮਾਰੂ ਵੰਗੂ ਉਹ ਵੀ ਖਾਲੀ ਈ ਮੁੜ ਆਇਆ
ਦੇਸ ਪੰਜਾਬ ਤੇਰਾ ਲੁੱਟ ਚੱਲਿਐ ਸਰਮਾਇਆ
ਦੇਸ ਪੰਜਾਬ ਤੇਰਾ.......

ਗੱਭਰੂਆਂ ਦੇ ਹੁਣ ਆਗੇ ਧੌਹਲੇ ਜੇਲ੍ਹਾਂ ਅੰਦਰ ਤਾੜੇ
ਦੇਸ ਓਪਰਾ ਕੀਹਨੇ ਸੁਣਨੀ ਕੱਢੀ ਜਾਈਏ ਹਾੜ੍ਹੇ
ਦੋਸ਼ ਕਿਸੇ ਨੂੰ ਕਾਹਦਾ ਦੇਣਾ ਕੌਮ ਦੇ ਰਹਿਬਰ ਮਾੜੇ
'ਜੋ ਲੇਇ ਹੈਂ ਨਿੱਜ ਬਲ ਸੇ ਲੈ ਹੈਂ' ਭੰਨਣੇ ਪੈਣ ਜਬਾੜੇ
ਮਕਾਨਾਂ ਦਾ ਉਹਨਾਂ ਕੀ ਕਰਨਾ ਘਰ ਜਿਨ੍ਹਾਂ ਦੇ ਸਾੜੇ
ਇੱਕ ਸਰਕਾਰ ਬਾਝੋਂ ਅਸੀਂ ਪੈਰਾਂ ਹੇਠ ਲਿਤਾੜੇ
ਇੱਕ ਸਰਕਾਰ ਬਾਝੋਂ......ਘੁੱਦਾ

No comments:

Post a Comment