Saturday 29 December 2012

ਸਾਨੂੰ ਮਾਣ ਆ

ਬਾਬੇ ਨਾਨਕ ਨੇ ਸਾਨੂੰ ਕਿਹਾ ਸੀ
"ਰੱਬ ਕਰੇ ਤੁਸੀ ਉੱਜੜਜੋ"
ਤੇ ਸੱਚ ਜਾਣਿਓਂ ਉੱਜੜਕੇ, ਧਰਤੀ ਦੇ ਚਹੁੰ ਪਾਸੀਂ ਖਿੱਲਰਗੇ
ਮੁੱਠੀ 'ਚੋਂ ਛੱਡੀ ਯੂਰੀਆ ਰੇਹ ਵਾਗੂੰ
ਖਾਲ 'ਚ ਵਗਦੇ ਬੋਰ ਦੇ ਪਾਣੀ ਅਰਗੇ ਕੋਸੇ ਕੋਸੇ
ਵੱਧਦੇ ਗਏ ਮੁਰਕ ਜਾਂ ਖੱਬਲ ਦੀਆਂ ਜੜ੍ਹਾਂ ਪੱਟਦੇ
ਪਾਰਲੇ-ਜੀ , ਸਨਫੀਸਟ ਬਿਸਕੁਟਾਂ 'ਚ ਪੈਂਦੀ ਸਾਡੀ ਕਣਕ
"ਅਖੇ ਗੇਹੂੰ ਕੀ ਸ਼ਕਤੀ ,ਦੂਧ ਕੀ ਤਾਕਤ"
ਵੁਡਲੈਂਡ, ਨਮੈਰੋ ਕੁਸ ਮਰਜ਼ੀ ਬਰੈਂਡ
ਬਣਦੇ ਨੇ ਮਾਲਵੇ ਦੀ ਧਰਤੀ 'ਚੋਂ ਪੈਦਾ ਹੁੰਦੇ ਨਰਮੇ ਨਾ
ਗਿਆਰਾਂ ਰੁਪੈ ਕਿਲੋ ਖ੍ਰੀਦ ਕੇ
ਸੱਤਰ ਰੁਪੈ ਕਿਲੋ ਪੈਕਟਾਂ 'ਚ ਵਿਕਦੇ ਸਾਡੇ ਚੌਲ
ਬਰਸੀਮ ਦੀਆਂ ਵੱਟਾਂ ਤੇ ਉੱਗੀਆਂ ਮੂਲੀਆਂ ਗਾਜਰਾਂ
ਸ਼ੈਹਰ ਜਾਕੇ ਸੱਜ ਵਿਆਹੀ ਨਾਰ ਅੰਗੂ ਨਾਹ ਧੋ ਕੇ
ਕੈਰਿਟ ਜਾਂ ਰੈਡਿਸ਼ ਕਹਾਉਂਦੀਆਂ
ਭੂਕਾਂ ਆਲੇ ਸਾਡੇ ਗੰਢੇ ਮੂੰਹ ਸਿਰ ਮੁਨਾਕੇ
ਕਿਸੇ ਸ਼ਾਪਿੰਗ ਮਾਲ ਦੀ ਟੋਕਰੀ ਦਾ ਸ਼ਿੰਗਾਰ ਬਣਦੇ ਨੇ
ਪਰ ਉਹੋ ਰਿਹਾ ਸਾਡਾ ਹਾਲ
ਧੂੰਈਂ ਦੇ ਸੇਕ ਨਾਲ ਲੋਈ 'ਚ ਨਿਕਲਿਆ ਮਘੋਰਾ
ਆੜ੍ਹਤ ਦੀ ਦੁਕਾਨ 'ਚੋਂ ਨਿਕਲੇ ਬਾਪੂ ਦਾ ਸ਼ਾਹੀ ਨਾ ਲਿੱਬੜਿਆ
ਖੱਬੇ ਹੱਥ ਦਾ ਅੰਗੂਠਾ
ਤਕਸੀਮ ਖਾਤਰ ਪਟਵਾਰਖਾਨੇ ਵੱਜਦੇ ਗੇੜੇ
ਸੰਗ ਨਾ ਪਾਣੀ ਪਾਣੀ ਹੋਕੇ
ਚੁੰਨੀਆਂ ਦੀਆਂ ਦੰਦਾਂ ਨਾਲ ਕੰਨੀਆਂ ਟੁੱਕਦੀ ਮੁਟਿਆਰ
ਸਾਨੂੰ ਮਾਣ ਆ ਸਾਡੇ ਈ ਬਾਰ੍ਹਾਂ ਵੱਜੇ ਸੀ
ਬਾਜ਼ਾਂ ਆਲੇ ਦੀ ਓਟ ਲੈ
ਬਿਗਾਨੀ ਇੱਜ਼ਤ ਆਪਣੀ ਸਮਝ ਬਚਾਉਦੇਂ ਰਹੇ
ਸਾਡੀ ਗੱਲ ਇਤਿਹਾਸ ਮੁੜ ਮੁੜ ਦੁਹਰਾਉਗਾ
ਸਾਨੂੰ ਮਾਣ ਆਂ ਅਸੀਂ ਬਲਾਤਕਾਰੀ ਨਹੀਂ....ਘੁੱਦਾ

ਦਿਲ ਕਦੋਂ ਟੁੱਟਦਾ?

ਪਰਧਾਨ ਦਿਲ ਪਤਾ ਕਦੋਂ ਟੁੱਟਦਾ? ਜਾਂ ਕਹਿਲੋ ਬੀ ਦੁੱਖ ਜਾ ਕਦੋਂ ਹੁੰਦਾ
1.ਜਦੋਂ ਕਿਤੇ ਜਾਣ ਦੀ ਕਾਹਲੀ ਹੋਵੇ ਤੇ ਉੱਤੋਂ ਪੱਗ ਬੰਨ੍ਹਦਿਆਂ ਆਖਰੀ ਟੈਮ ਤੇ ਲੜ ਘਟਜੇ
3.ਜਦੋਂ ਮੰਗਮੇਂ ਮੋਟਰਸੈਕਲ ਦਾ ਤੇਲ ਰਜ਼ਰਬ 'ਚ ਵੀ ਮੁੱਕਜੇ...ਤੇ ਕਿਸੇ ਨੂੰ ਪੁੱਛੀਏ "ਪਰਧਾਨ ਪਟਰੌਲ ਪੰਪ ਕਿੱਥੇ ਜੇ ਆ"?
ਤੇ ਅਗਲਾ ਕਹਿਦੇ ,"ਤੁਰੇ ਚੱਲੋ ਪੰਜ ਕ ਕੈਲੋਮੀਟਰ ਦੂਰ ਈ ਆ"
4.ਜਦੋਂ ਕੋਈ ਮਾਤੜ੍ਹ ਆਵਦੀ ਗੱਭਣ ਮਹਿੰ ਨੂੰ ਘਿਓ ਤੇਲ ਚਾਰੀ ਜਾਂਦਾ ਤੇ ਸੱਤਾਂ ਮਹੀਨੇਆਂ ਪਿੱਛੋਂ ਡਾਕਟਰ ਚੈੱਕ ਕਰਕੇ ਦੱਸਦਾ ਬੀ ਏਹਤਾ ਖਾਲੀ ਨਿਕਲਗੀ
5.ਜਦੋਂ ਕੱਠ ਵੱਠ 'ਚ ਬੰਦਾ ਜਾ ਆਵੇ ਤੇ ਘਰੇ ਆਕੇ ਪਤਾ ਲੱਗੇ ਬੀ ਪਰਧਾਨ ਜਿੱਪ ਤਾਂ ਖੁੱਲ੍ਹੀ ਰਹਿਗੀ ਸੀ
6.ਜਦੋਂ ਆਖਰੀ ਮੂੰਗਫਲੀ 'ਚੋਂ ਇੱਕ ਗਿਰੀ ਨਿਕਲੇ ਤੇ ਉਹਵੀ ਭੈਣਦਣੀ ਭੁੰਜੇ ਡਿੱਗਪੇ
7.ਜਦੋਂ ਨਾਨਕੇ ਗਏ ਹੋਈਏ ਤੇ ਤੁਰਨ ਵੇਲੇ ਮਾਮਾ ਸੌ ਦਾ ਨੋਟ ਦੇਣਾ ਭੁੱਲਜੇ
8.ਜਦੋਂ ਦਿਬਾਲੀ ਦੀ ਰਾਤ ਨੂ ਦੀਵੇਂ ਜਗੌਣ ਵੇਲੇ ਹਵਾ ਚੱਲਪੇ
9.ਜਦੋਂ ਨਮਾਂ ਪੈੱਨ ਨਮੀਂ ਸ਼ਲ਼ਟ ਦੀ ਜੇਬ 'ਚ ਲੀਕ ਕਰਜੇ
ਕਾਰਨ ਤਾਂ ਹੋਰ ਬੀ ਬਹੁਤ ਨੇ ਬਾਕੀ ਫੇਰ ਦੱਸਾਂਗੇ.....ਘੁੱਦਾ

Sunday 16 December 2012

ਪੱਟਿਆ ਆਪਣੇ ਵਰਗੀ ਦਾ

ਇੱਕ ਸੀ ਤਖਤ ਹਜ਼ਾਰੇ ਤੋਂ, ਤੇ ਇੱਕ ਦਾਨਾਬਾਦ ਦਾ ਜਾਇਆ
ਇੱਕ ਵੱਢਿਆ ਜੰਡ ਹੇਠਾਂ ਤੇ ਦੂਜਾ ਕੰਨ ਪੜਵਾਕੇ ਆਇਆ
ਕਿੱਸੇ ਹੋਰ ਸੁਣਾਵਾਂ ਨੀਂ ,ਜਰਾ ਕਰਨਾ ਗੌਰ ਰਕਾਨੋਂ
ਪੱਟਿਆ ਆਪਣੇ ਵਰਗੀ ਦਾ ਨੀਂ ਇੱਕ ਤੁਰ ਗਿਆ ਹੋਰ ਜਹਾਨੋ

ਕਮਲੀ ਸੀ ਸੱਸੀ ਨੀਂ , ਯਾਰੀ ਰਾਹੀਆਂ ਦੇ ਨਾਲ ਲਾਈ
ਮਾਰੂਥਲ ਵਿੱਚ ਲੱਭਦੀ ਰਹੀ ਦੇਵੇ 'ਡਾਰ ਨਾ ਕਿਤੇ ਦਿਖਾਈ
ਪੂਰੇ ਕਰਤੇ ਸੋਹਣੀ ਨੇ , ਜੋ ਸੀ ਕੀਤੇ ਕੌਲ ਜ਼ੁਬਾਨੋਂ
ਪੱਟਿਆ ਆਪਣੇ ਵਰਗੀ ਦਾ ........

ਮੱਤ ਮਾਰੀ ਹੁਸਨਾਂ ਨੇ, ਨੀਂ ਬਣਦੇ ਯਾਰ ਪਿਆਰੇ ਵੈਰੀ
ਫੇਰ ਮਸਲੇ ਸੁਲਝਾਉਦੇਂ ਨੇ ਨੀਂ ਜਾਕੇ ਥਾਣੇ ਕਦੇ ਕਚੈਹਰੀ
ਪਰ ਕਿੱਥੋਂ ਮੁੜਦੇ ਨੇ, ਨੀਂ ਜੋ ਨਿਕਲੇ ਤੀਰ ਕਮਾਨੋਂ
ਪੱਟਿਆ ਆਪਣੇ ਵਰਗੀ ਦਾ .................

ਹੋਕੇ ਬਾਗੀ ਦੁਨੀਆਂ ਤੋਂ ਨੀਂ ਸੁਣਿਆ ਪੈਂਦਾ ਇਸ਼ਕ ਪੁਗਾਉਣਾ
ਜੋਬਨ ਰੁੱਤ ਦੀਆਂ ਲੱਗੀਆਂ ਨੂੰ ਘੁੱਦਿਆ ਸੌਖਾ ਨਹੀਂ ਨਿਭਾਉਣਾ
ਹੱਥ ਰਹਿ ਗਈਆਂ ਡੋਰਾਂ ਨੇ ਗੁੱਡੀਆਂ ਟੁੱਟੀਆਂ ਨੀਂ ਅਸਮਾਨੋਂ
ਪੱਟਿਆ ਆਪਣੇ ਵਰਗੀ ਦਾ ..........

ਖਰਚੇ ਸੂਤ ਨੀਂ ਆਉਂਦੇ

ਹੁਣ ਦੂਣੇ ਖਰਚੇ ਹੋਗੇ ਸੁਣਿਆ ਨਰਮਾ ਚੁਗਾਈ ਦੇ
ਕਵਾਂਟਲ ਦਾ ਡੂਢ ਸੌ ਮੰਗਦੇ ਅਗਲੇ ਟੀਂਡੇ ਤੁੜਾਈ ਦੇ
ਕੰਪੈਨ ਫੇਰਤੀ ਇੱਕ ਦਿਨ 'ਚ ਝੋਨਾ ਮੰਡੀ ਲਾਹ ਦੇਣਾ
ਤੋਲ ਲਵਾਕੇ, ਗੱਟੇ ਭਰਾਕੇ , ਹਸਾਬ ਮੁਕਾ ਲੈਣਾ
ਦੋ ਰੁਪੈ ਪ੍ਰਤਿ ਬੋਰੀ ਤੇ ਆਏ ਖਰਚੇ ਪੱਲੇਦਾਰੀਆਂ ਦੇ
ਹੁਣ ਤਾਂ ਖਰਚੇ ਸੂਤ ਨੀਂ ਆਉਂਦੇ ਕਹਿੰਦਾ ਕਬੀਲਦਾਰੀਆਂ ਦੇ

ਸਰਪੇਅ, ਰੇਹ ਵੀ ਮਹਿੰਗੀ ਨਾਲੇ ਵਧਿਆ ਬਿਆਜ ਕੁੜੇ
ਤੜਕੇ ਤੋਂ ਲੈਕੇ ਆਥਣ ਤੀਕਰ ਮੁੱਕਦੀ ਨਾ ਭਾਜ ਕੁੜੇ
ਅੱਜ ਭਰਕੇ ਲਿਮਟ ਕੱਲ੍ਹ ਨੂੰ ਨਮੀਂ ਕਰਾਉਣੀ ਆ

ਕੁੜਮ ਜੁੜਮਾਂ ਆਲ਼ੇ ਹੋਗੇ ਬੈਠਕ ਨਮੀ ਪਾਉਣੀ ਆ
ਇੰਤਕਾਲ, ਗਰਦੌਰੀ ਕੰਮ ਵਧਗੇ ਪਟਵਾਰੀਆਂ ਦੇ
ਹੁਣ ਤਾਂ ਖਰਚੇ ਸੂਤ ਨੀਂ ਆਉਂਦੇ...................

ਫਸਲੀ-ਚੱਕਰ ਬਦਲੋ ਦਿੱਤਾ ਹੋਕਾ ਸਰਕਾਰਾਂ ਨੇ
ਬੰਦ ਸਬਸਿਡੀਆਂ, ਮੈਂਹਗਾ ਡੀਜ਼ਲ ਪੈਂਦੀਆਂ ਮਾਰਾਂ ਨੇ
ਸਲਫਾਸ, ਮੋਨੋ ਤਾਂ ਖਾਣ ਚੀਜ਼ੀ ਬਣਗੀ ਕਿਰਸਾਨਾਂ ਦੀ
ਪੱਗ ਸਿਰ ਦੀ ਗਲ ਇੱਚ ਪੈਗੀ ਕਹਾਣੀ ਦੇਸ਼ ਮਹਾਨਾਂ ਦੀ
ਗੀਤਾਂ ਆਲ਼ੇ ਸੁਣਾਉਂਦੇ ਕਿੱਸੇ ਕੇਹੜੀਆਂ ਸਰਦਾਰੀਆਂ ਦੇ
ਹੁਣ ਤਾਂ ਖਰਚੇ ਸੂਤ ਨੀਂ ਆਉਂਦੇ...................

ਮੱਛੀ ਛੱਡਗੀ ਪਾਣੀ ਬੋਰ ਕਰਾਉਣਾ ਪਊ ਡੂੰਘਾ ਨੀਂ
ਸੌ ਦੇ ਨੋਟ ਦਾ ਦੇਂਦੇ ਬਾਣੀਏ ਮਾੜਾ ਜਾ ਰੂੰਘਾ ਨੀਂ
ਸੋਲਾਂ ਸੌ ਨੂੰ ਕਵਾਂਟਲ ਹੁਣ ਪਸੂਆਂ ਦੀਆਂ ਖੁਰਾਕਾਂ ਨੇ
ਕੌਨਮੈਂਟੀ ਸਕੂਲਾਂ ਦੇ ਖਰਚੇ ਧੂੰਏਂ ਕੱਢਤੇ ਜਵਾਕਾ ਨੇ
ਗਲ ਪੰਜਾਲੀ ਜੂਨ ਬਲਦ ਦੀ, ਵੇਲੇ ਟੱਪਗੇ ਯਾਰੀਆਂ ਦੇ
ਹੁਣ ਤਾਂ ਖਰਚੇ ਸੂਤ ਨੀਂ ਆਉਂਦੇ...................

ਚੌਂਕੀਦਾਰਾ, ਨਹਿਰੀ ਮਾਮਲੇ ਖਰਚੇ ਹੋਰ ਗਿਣਾਈਏ
ਸਾਡੀ ਹੋਣੀ ਤੇ ਅਧਾਰਤ ਫਿਲਮਾਂ ਕੀ ਸਿਨਮੇ ਨੂੰ ਜਾਈਏ
ਵਿਆਹ, ਮਕਾਣਾਂ ਪੈੜ ਚੱਕਰ ਨਾ ਮੁੱਕੇ ਆਉਣਾ ਜਾਣਾ ਨੀਂ
ਤੁਰੇ ਜਾਂਦੇ ਪੱਗ ਵਲੇਟਣੀ, ਪੋਪਲਾ ਬਣਾ ਰੋਟੀ ਦਾ ਖਾਣਾ ਨੀਂ
ਅਰਥੀ ਤੀਕਰ ਜਾਣੇ ਧੰਦੇ ਘੁੱਦਿਆ ਖੱਜਲਖੁਆਰੀਆਂ ਦੇ
ਹੁਣ ਤਾਂ ਖਰਚੇ ਸੂਤ ਨੀਂ ਆਉਂਦੇ..............................
ਹੁਣ ਤਾਂ ਖਰਚੇ ਸੂਤ ਨੀਂ ਆਉਂਦੇ ਕਹਿੰਦਾ ਕਬੀਲਦਾਰੀਆਂ ਦੇ.....ਘੁੱਦਾ

Tuesday 11 December 2012

ਏਹੋ ਹਮਾਰਾ ਜੀਵਣਾ

ਲੋਟਣੀਆਂ ਖਾਂਦੀ ਧਰਤੀ ਜਦੋਂ ਜਣੇਪੇ
ਆਲੀ ਬੀਬੀ ਅੰਗੂ ਮਲਕੜੇ ਜੇ ਪਾਸਾ ਲੈਂਦੀ
ਓਦੋਂ ਗੁਰੂ ਘਰ ਦੇ ਗੁੰਬਦ ਕੋਲੋਂ ਨੀਮਾਂ ਹੁੰਦਾ ਸੂਰਜ
ਵਿਹੜੇ ਆਲਿਆਂ ਦੇ ਘਰਾਂ ਬੰਨੀਂ ਜਾ ਮੂੰਹ ਲੁਕਾਉਂਦਾ
ਜਿੱਥੇ ਕਿਸੇ ਕਿਰਤੀ ਦੇ ਗੀਝੇ 'ਚ ਪਿਆ
ਚੇਪੀ ਲੱਗਾ ਪੰਜਾਹਾਂ ਦਾ ਨੋਟ
ਟੱਬਰ ਖਾਤਰ ਕਿਲੋ ਖੰਡ ਜਾਂ ਪਊਏ ਵਿੱਚ
ਤਬਦੀਲ ਹੋਣ ਲਈ ਜੱਦੋ ਜਹਿਦ ਕਰਦਾ
ਜਿੱਥੇ ਮੀਂਹ ਦੀ ਰੁੱਤੇ
ਡੂੰਘੀ ਰਾਤ ਤਾਂਈ ਬੀਂਡਿਆਂ ਦੀ ਚਿਰਰ ਚਿਰਰਰ ਸੁਣਦੀ

ਮੂੰਹ ਚਾਕੇ ਰੋਂਦੇ ਕੁੱਤਿਆਂ ਦੇ ਰੋਣ ਤੋਂ
ਕਿਸੇ ਬੱਡੀ ਅਣਹੋਣੀ ਦਾ ਨਤਾਜ਼ਾ ਲਾਇਆ ਜਾਂਦਾ
ਤੇ ਫੇਰ ਥ੍ਰੀ ਨਟ ਥ੍ਰੀ ਦੇ ਫੈਰ ਦੇ ਬਾਅਦ ਵਰਗੀ ਸੁੰਨ ਛਾ ਜਾਂਦੀ
ਸੀਤ ਹਵਾ ਦਾ ਬੁੱਲ੍ਹਾ ਸੁੱਕੇ ਪੱਤਿਆਂ ਨੂੰ ਧਰੀਕ ਲਿਜਾਂਦਾ
ਜਿੱਥੇ ਸ਼ਾਹਾਂ ਦੀ ਵਹੀ ਤੇ ਲਿਖੀ ਰਕਮ
ਕਿਸੇ ਨੀਂਦ ਲਿਆਊ ਗੋਲੀ ਦੇ ਅਸਰ ਨੂੰ ਫੇਲ੍ਹ ਕਰਦੀ
ਸਿਆਲ ਰੁੱਤੇ ਟੀਂਡੇ ਕੱਢਦੇ ਨਾਲੇ ਧੂੰਈ ਸੇਕਦੇ
ਬਾਬਿਆਂ ਦੇ ਬੁੱਲ੍ਹਾ ਤੇ ਜੰਮੀ ਸਿਕਰੀ
ਸਰਮਾਏਦਾਰਾਂ ਦੀ ਹਾਸੀ ਦੀ ਵਜ੍ਹਾ ਬਣਦੀ
ਜੇਹਨਾਂ ਦੀਆਂ ਔਰਤਾਂ ਨੂੰ "ਨੀਰੇ ਦੀ ਪੰਡ" ਦਾ ਲਾਲਚ ਦੇਕੇ
ਪੰਦਰਾਂ ਮਿੰਟਾਂ ਪਿੱਛੋਂ ਮੋਟਰ ਆਲੇ ਕੋਠੇ 'ਚੋਂ ਕੱਢਕੇ
"ਬਦਚਲਣ" ਦਾ ਪੱਕਾ ਠੱਪਾ ਲਾਇਆ ਜਾਂਦਾ
ਦੁੱਧ ਚਿੱਟੇ ਗੋਲ ਸਿਰਹਾਣਿਆਂ 'ਚ ਬੈਠਾ ਸ਼ਾਹੂਕਾਰ
ਹਾਲ ਪੁੱਛਣ ਤੇ ਇਹੋ ਕਹਿੰਦਾ ,"ਬਸ ਠੀਕ ਟੈਮ ਟੱਪੀ ਜਾਂਦਾ"
ਪਰ ਸਦਕੇ ਜਾਈਏ ਏਹਨਾਂ ਲੋਕਾਂ ਦੇ
ਸੀਰੀ ਪੁੱਤ ਦੀ ਅਰਥੀ ਨੂੰ ਮੋਢਾ ਦੇਣ ਵੇਲੇ ਵੀ ਏਹੀ ਕਹਿਕੇ
ਰੱਬ ਨੂੰ ਚਿੜ੍ਹਾਉਂਦੇ ਨੇ
"ਏਹੋ ਹਮਾਰਾ ਜੀਵਣਾ ਤੂੰ ਸਾਹਿਬ ਸਚੇ ਵੇਖ"....ਘੁੱਦਾ

Thursday 6 December 2012

ਛੰਦ

ਪਹਿਲੋਂ ਹੱਥ ਜੋੜ ਬਾਜ਼ਾਂ ਵਾਲੇ ਨੂੰ ਧਿਆਂਵਦਾ
ਲਿਖਣੇ ਦੀ ਕੋਸ਼ਿਸ਼ ਹੈ ਜੀ ਲਿਖਣਾ ਨਾ ਆਂਵਦਾ
ਨੌਂ ਜੀ ਅੰਮ੍ਰਿਤ ਪਾਲ ਜੋ ਮਾਲਵੇ ਦਾ ਵਸਨੀਕ ਹੈ
ਇੱਕੀ ਵਰ੍ਹੇ ਉਮਰ ਤੇ ਦਸ ਪੋਹ ਜਨਮ ਤਰੀਕ ਹੈ
ਬਾਬੇ ਘੁੱਦੇ ਦਾ ਵਸਾਇਆ ਜੀ ਜੋ ਨਗਰ ਪੁਰਾਣਾ ਹੈ
ਪਿੰਡ ਘੁੱਦਾ ਤਸੀਲ ਬਠਿੰਡਾ ਦਾਸ ਦਾ ਟਿਕਾਣਾ ਹੈ

ਸੰਗਤ ਮੰਡੀ ਨੇੜੇ ਪੈਂਦਾ ਹੈ ਜੀ ਟੇਸ਼ਨ ਰੇਲ ਦਾ
ਸੂਏ ਰਜਬਾਹੇ ਦਾ ਜੀ ਪਾਣੀ ਆਉਂਦਾ ਮੇਲ੍ਹਦਾ
ਬੀੜਾਂ, ਫੁੱਲੋ, ਰੋਹੀ, ਟੇਲਾਂ ਏਹੇ ਮੋਘੇ ਖਾਸ ਨੇ

ਖਸਰਾ, ਖਤੌਨੀ ਸਾਰੇ ਨੰਬਰ ਪਟਵਾਰੀ ਪਾਸ ਨੇ
ਬਲਾਕ ਹੈ ਸੰਗਤ ਤੇ ਜੀ ਨੰਦਗੜ੍ਹ ਪੈਂਦਾ ਠਾਣਾ ਹੈ
ਪਿੰਡ ਘੁੱਦਾ ਤਸੀਲ ਬਠਿੰਡਾ ਦਾਸ ਦਾ ਟਿਕਾਣਾ ਹੈ

ਜੈ ਸਿੰਘ ਤੇ ਨਰੂਆਣਾ ਜੀ ਚੜ੍ਹਦੇ ਵੱਲ ਪੈ ਗਏ
ਚੱਕ, ਬਾਦਲ ,ਲੰਬੀ ਲਹਿੰਦੇ ਬੰਨੀਂ ਰਹਿ ਗਏ
ਨੌਂ ਕੁ ਮੀਲ ਡੱਬਆਲੀ ਤੇ ਗਿੱਦੜਬਾਹਾ ਦੂਰ ਨੇ
ਬਾਜਕ, ਜੱਸੀ ਜੀ ਇਤਿਹਾਸਕ ਨਗਰ ਮਸ਼ਹੂਰ ਨੇ
ਪਤਾ ਲਿਖੋ ਜੀ ਖਾਸ ਹੀ ਨਗਰ ਦਾ ਡਾਕਖਾਨਾ ਹੈ
ਪਿੰਡ ਘੁੱਦਾ ਤਸੀਲ ਬਠਿੰਡਾ ਦਾਸ ਦਾ ਟਿਕਾਣਾ ਹੈ

ਕਾਲਜ, ਹਸਪਤਾਲ ਤੇ ਅਦਾਰੇ ਨੇ ਹੋਰ ਗੌਰਮੈਂਟ ਦੇ
ਦੋ ਸਰਕਾਰੀ ਤੇ ਬਾਕੀ ਨੇ ਸਕੂਲ ਦੋ ਕੌਂਨਮੈਂਟ ਜੇ
ਪਿੰਡੋ ਬਾਹਰ ਠੇਕਾ ਹੈ ਜੀ ਤੇ ਨਾਲ ਹੀ ਢਾਬਾ ਹੈ
ਦੋ ਵੇਲੇ ਡਾਲੀ ਕਰਦਾ ਗੁਰਦੁਆਰੇ ਦਾ ਬਾਬਾ ਹੈ
ਦੋ ਗੁਰੂ ਘਰ, ਦੋ ਮੰਦਰ ਤੇ ਜੀ ਇੱਕ ਡੇਰਾ ਪੁਰਾਣਾ ਹੈ
ਪਿੰਡ ਘੁੱਦਾ ਤਸੀਲ ਬਠਿੰਡਾ ਦਾਸ ਦਾ ਟਿਕਾਣਾ ਹੈ

ਮੁਲਾਜ਼ਮ ਨੇ ਘੱਟ ਤਾਂਹੀ ਬਹੁਤੇ ਲੋਕ ਕਿਰਸਾਨ ਨੇ
ਸ਼ਹੀਦਾਂ ਵਿੱਚ ਆਉਂਦੇ ਕਾਲੇ ਅਰਗੇ ਨੌਜਵਾਨ ਨੇ
ਢਿੱਲੋਂ, ਟਿਵਾਣੇ, ਸਿੱਧੂ ਤੇ ਹੋਰ ਵੀ ਜੀ ਖਾਸੇ ਗੋਤ ਨੇ
ਜਾਤਾਂ ਪਾਤਾਂ ਸਾਰੀਆਂ ਜੀ ਪਰ ਲੋਕ ਇੱਕੋ ਜੋਤ ਨੇ
ਲਹਿੰਦੇ ਵੱਲ ਘਰ ਜੀ ਸਾਡਾ "ਬੁੱਟਰ" ਘਰਾਣਾ ਹੈ
ਪਿੰਡ ਘੁੱਦਾ ਤਸੀਲ ਬਠਿੰਡਾ ਦਾਸ ਦਾ ਟਿਕਾਣਾ ਹੈ.....ਘੂੱਦਾ

ਸੋ ਕਿਉ ਮੰਦਾ ਆਖੀਐ

ਜੇਹੜੀਆਂ ਤੜਕੇ ਸੰਦੇਹਾਂ ਬਾਬਾ ਬੋਲਣ ਤੋਂ ਪਹਿਲਾਂ ਉੱਠਦੀਆਂ ਨੇ
ਵਰੀ ਆਲ਼ੇ ਘਸੇ ਜੇ ਸ਼ੌਲ ਦੀ ਬੁੱਕਲ ਮਾਰ
ਪੈਰ ਧਰਕੇ ਛਟੀਆਂ ਦਾ ਵਿਚਾਲਿਓ ਲੱਕ ਤੋੜ ਚੁੱਲ੍ਹੇ ਡਾਹੁੰਦੀਆਂ ਨੇ
ਚਾਹ ਦਾ ਪਤੀਲਾ ਕਾੜ੍ਹ,
ਮੈਸ੍ਹਾਂ ਦੇ ਛੱਤੜੇ ਤੋਂ ਲੈ ਕੌਲਿਆਂ ਤਾਂਈ ਵੇਹੜਾ ਸੁੰਭਰ ਸਾਹ ਲੈਂਦੀਆਂ
ਫਟਦੇ ਸਟੋਵਾਂ ਤੇ ਗੈਸ ਸਲੰਡਰਾਂ ਦਾ ਸ਼ਿਕਾਰ ਬਣਦੀਆਂ ਜੇਹੜੀਆਂ
ਯਮਲੇ ਦੇ ਗੀਤਾਂ ਤੇ
ਚਰਖੇ ਦੀ ਤੰਦ ਅਰਗੀਆਂ ਸਿੱਧ ਪੱਧਰੀਆਂ
ਸ਼ੀਸ਼ੇ ਦੀ ਘੂਰ ਤੋਂ ਡਰਦੀਆਂ
ਮੰਡੀ ਝੋਨਾ ਵੇਚਣ ਗਏ ਪ੍ਰਾਹੁਣੇ ਤੋਂ ਨਮੇਂ ਸੂਟ ਦੀ ਆਸ ਲਾਕੇ

ਮੂੰਹ ਨੇਹਰੇ ਤਾਂਈ ਬੂਹੇ ਖੜ੍ਹੀਆਂ ਉਡੀਕਦੀਆਂ
ਅੱਡੇ ਤੇ ਰੁਕੀ ਰੋਡਵੇਜ਼ ਦੀ ਪੁਰਾਣੀ ਲੇਲੈਂਡ ਦੀ ਗੂੰਜ ਸੁਣ
ਪੇਕਿਆਂ ਤੋਂ ਕਿਸੇ ਦੇ ਆਉਣ ਦੀ ਆਸ ਰੱਖਣ ਆਲੀਆਂ
ਮਾਘ ਮਹੀਨੇ ਠੰਡਿਆਂ ਹੱਡਾਂ ਨੂੰ ਤਾਅ ਦੇਂਦੀ
ਲੋਹੜੀ ਦੀ ਅੱਗ ਵਰਗੀਆਂ ਨਗਾਸ੍ਹ ਭਰੀਆਂ
ਫਿਲਮਾਂ ਦੀ ਕਾਲਪਨਿਕ ਦੁਨੀਆਂ ਤੋਂ ਦੂਰ
ਜਸਵੰਤ ਕੰਵਲ ਦੇ ਨਾਵਲ ਦੇ ਸਰਵਰਕ ਵਰਗੀਆਂ
ਢਿੱਡਾਂ 'ਚ ਸੰਤਾਲੀ ਤੇ ਚੌਰਾਸੀ ਦਾ ਦਰਦ ਲੁਕਾਉਣ ਆਲੀਆਂ
ਜੇਹਨਾਂ ਲਈ ਇਸ਼ਕ ਦਾ ਇਕੋ ਮਤਲਬ ਹੁੰਦਾ
"ਇਕੋ ਥਾਂ ਲਾਉਣੀ ਤੇ ਨਿਭਾਉਣੀ"
ਵੱਡਿਆਂ ਤੋਂ ਜ਼ਰਾ ਕੁ ਚੁੰਨੀ ਦਾ ਪਰਦਾ ਜਾਂ
ਬਜ਼ੁਰਗਾਂ ਤੋਂ ਅੱਖ ਦੀ ਝੇਪ ਮੰਨਣ ਆਲੀਆਂ
ਸਕਲਟਾਂ, ਫਲਿਰਟਾਂ, ਫਰੈਡਸ਼ਿਪਾਂ, ਤੋਂ ਦੂਰ
ਬਸ ਸ਼ਾਇਦ ਕੁੜੀਆਂ ਦੀ ਏਸੇ ਜਾਤ ਤੋਂ ਪ੍ਰਭਾਵਿਤ ਹੋ
ਬਾਬੇ ਨਾਨਕ ਨੇ ਲਿਖਿਆ ਸੀ
"ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨੁ"....ਘੁੱਦਾ