Wednesday 7 September 2016

ਸਾਹਿਤਕਾਰ ਬਾਬਾ ਗੁਰਦਿਆਲ ਸਿੰਘ

ਲਿਖਣ ਦੇ ਕਈ ਤਰੀਕੇ ਹੁੰਦੇ ਨੇ। ਨਵਾਂ ਉੱਠਿਆ ਲੇਖਕ ਪਹਿਲਾੰ ਭਰੂਣ ਹੱਤਿਆ, ਦਾਜ ਦੱਪਾ, ਨਸ਼ਿਆੰ ਆਦਿ ਬਾਰੇ ਲਿਖਦਾ। ਏਹੇ ਜਾ ਮਟੀਰੀਅਲ ਅਖਬਾਰਾੰ 'ਚ ਛਪਦਾ ਹੁੰਦਾ। ਡੂੰਘਾ ਪ੍ਰਭਾਵ ਨਹੀੰ ਛੱਡ ਸਕਦਾ।
ਹੱਛਾ ਓਦੂੰ ਬਾਅਦ ਆਉੰਦੀ ਆ ਮੇਰੇ ਤੇਰੇ ਅਰਗੀ ਲਗੜ ਦੁਗੜ ਜੰਤਾ। ਫੀਲਿੰਗ ਛਕੀ, ਸਟੇਟਸ ਪਾਇਆ। ਸੈੰਕੜੇ ਲਾਇਕ, ਪੰਜਾਹ ਕਮਿੰਟ, ਵੀਹ ਸ਼ੇਅਰ, ਬੱਲਾ ਬੱਲਾ ਬੱਲਾ ਫਲਾਣਾ ਬੜਾ ਸਿਰਾ ਲਿਖਦਾ। ਦੂਏ ਦਿਨ ਹੋਰ ਸਟੇਟਸ। ਏਹ ਚੀਜ਼ਾੰ ਵੀ ਮੌਸਮੀ ਹੁੰਦੀਆੰ। ਥੋੜ੍ਹੇ ਸਮੇੰ ਬਾਅਦ ਚੇਤਿਓੰ ਨਿਕਲ ਸਕਦੀਆੰ। 
ਅਸਲੀ ਲਿਖਣਾ ਹੁੰਦਾ ਕਿਸੇ ਚੀਜ਼ ਬਾਰੇ ਡੂੰਘੀ ਜਾੰਚ ਕਰਨੀ। ਪੜ੍ਹਨਾ, ਮੱਥਾ ਮਾਰਨਾ, ਥਾਵਾੰ ਤੇ ਜਾਣਾ, ਕਈ ਸਾਲ ਮਿਹਨਤ ਕਰਕੇ ਨਾਵਲ ਲਿਖਣਾ, ਫੇਰ ਛਾਪਣਾ। ਫੇਰ ਲੋਕਾੰ ਦੇ ਦਿਲਾੰ 'ਚ ਵੱਸਿਆ ਜਾ ਸਕਦਾ। 
ਅਸਲ ਗੱਲ ਤੇ ਆਉਣਾ ਹੁਣ। ਸਿਰਮੌਰ ਸਾਹਿਤਕਾਰ ਬਾਬਾ ਗੁਰਦਿਆਲ ਸਿੰਘ। 
ਜਿਹੜੇ ਭੈਣ ਭਾਈ PSEB 'ਚੋੰ ਪੜ੍ਹੇ ਨੇ ਓਹ ਨੱਥੇ, ਜਗਨੇ, ਦੀਨੇ ਨੂੰ ਨਹੀੰ ਭੁੱਲ ਸਕਦੇ। ਗੁਰਦਿਆਲ ਸਿੰਘ ਹੋਣਾੰ ਨਾਲ ਆਪਣਾ ਵਾਹ ਓਦੋੰ ਪੈੰਦਾ ਜਦੋੰ ਦਸਵੀੰ ਜਮਾਤ 'ਚ ਪੰਜਾਬੀ ਵਿਸ਼ੇ ਦਾ ਨਾਵਲ 'ਪਹੁ ਫੁਟਾਲੇ ਤੋੰ ਪਹਿਲਾੰ' ਪੜ੍ਹਿਆ ਸੀ। ਨਰਮੇ, ਕਪਾਹਾੰ, ਕੱਚੇ ਪਹੇ, ਛਿੜਕੇ ਪਾਣੀ ਦੀ ਖੁਸ਼ਬੋ, ਅਜ਼ਾਦੀ ਦੀ ਚਿਣਗ, ਗੁਰਬਾਣੀ ਸਾਰਾ ਕੁਝ ਓਹ ਨਾਵਲ 'ਚ ਹੈਗਾ। ਮੜ੍ਹੀ ਦਾ ਦੀਵਾ, ਬਾਈ ਜਗਸੀਰ, ਆਹਣ । ਉੱਤਲੇ ਲੈਵਲ ਦੀਆੰ ਗੱਲਾੰ। ਕਾੰਟ ਐਕਸਪੇਨ ਜਰ।
ਕਿਤਾਬ ਓਹੀ ਹੁੰਦੀ ਆ ਜੀਹਨੂੰ ਪੜ੍ਹਦਿਆੰ ਬੰਦਾ ਐਨਾ ਖੁੱਭਜੇ ਬੀ ਕੋਲ ਪਈ ਚਾਹ ਤੇ ਮਲਾਈ ਆਜੇ। ਪਰ੍ਹੇ ਤੋੰ ਪਰ੍ਹੇ ਸਾਹਿਤ ਪਿਆ। 
ਬਾਬੇ ਗੁਰਦਿਆਲ ਹੋਣਾੰ ਦਾ ਘਾਟਾ ਬਹੁਤ ਵੱਡਾ। ਪਰ 'ਜੋ ਉਪਜਹਿ ਸੋ ਬਿਨਸਿ ਹੈ'। ਓਹਨ੍ਹਾੰ ਦੀ ਮੌਤ ਦੇ ਦਿਨ ਤੋੰ ਲਾਕੇ, ਉਹਨ੍ਹਾੰ ਬਾਰੇ  ਰੋਜ਼ ਅਖਬਾਰਾੰ 'ਚ ਦੋ ਤਿੰਨ ਲੇਖ ਛਪਦੇ ਨੇ। 
ਪੰਜਾਬੀ ਸਾਹਿਤ 'ਚ ਬਹੁਤ ਤਕੜਾ ਹਿੱਸਾ ਪਾਕੇ ਤੁਰ ਗਿਆ ਬਾਬਾ। ਲਿਖਤਾੰ ਜਿਓਦੀਆੰ ਰਹਿਣਗੀਆੰ॥ ਹੋਰ ਚਾਲੀ ਸਾਲਾੰ ਨੂੰ ਜਦੋੰ ਜਵਾਨ ਹੋਇਆ ਨਿਆਣਾ ਪੰਜਾਬੀ ਕਿਤਾਬ ਦੀ ਮੰਗ ਕਰੂ ਤਾੰ ਦਾਦਾ ਆਖੂ,"ਮਿੱਠਿਆ ਮੜ੍ਹੀ ਦਾ ਦੀਵਾ ਜ਼ਰੂਰ ਪੜ੍ਹੀੰ".....ਘੁੱਦਾ

ਕੁੜੀਆੰ

ਜਦੋੰ ਕੋਈ ਗੱਲ ਵਾਰ ਵਾਰ ਰਪੀਟ ਹੁੰਦੀ ਰਹੇ ਤਾੰ ਓਹ ਗੱਲ ਆਪਣਾ ਪ੍ਰਭਾਵ ਗਵਾ ਲੈੰਦੀ ਆ। ਧੀਆੰ, ਭੈਣਾੰ ਦੀ ਗੱਲ ਕਰਦੇ ਆੰ, ਤੇਰੀਆੰ ਕੀ ਤੇ ਸਾਡੀਆੰ ਕੀ।
ਪਿਛਲੇ ਵਾਹਵਾ ਸਮੇੰ ਤੋੰ ਮੁਲਖ ਨੇ ਇੱਕੋ ਰੱਟਾ ਲਾਇਆ ਬਾ, ਹਾਏ ਓਏ ਲੋਕੋ ਕੁੜੀਆੰ ਮਾਰਤੀਆੰ। ਗੀਤ, ਕਵਿਤਾ, ਗਜ਼ਲਾੰ, ਕਾਨਫਰੰਸਾੰ, ਸੈਮੀਨਾਰ, ਸੌ ਕੁਛ ਹੁੰਦਾ ਏਹਦੇ ਬਾਬਤ। 
ਲੇਖਕ ਲੂਖਕ ਜੇ ਫੀਲਿੰਗ ਬਾਹਲੀ ਛਕਦੇ ਆ। ਆਵਦੇ ਲੇਖਾੰ ਨੂੰ ਭਾਰਾ ਕਰਨ ਖਾਤਰ "ਪੈਰ ਦੀ ਜੁੱਤੀ" ਮਰਦ ਪ੍ਰਧਾਨ ਸਮਾਜ'  ਅਰਗੀਆੰ ਜ਼ਦਖਦੀਆੰ ਜੀਆੰ ਗੱਲਾੰ ਦਾ ਸਹਾਰਾ ਲੈੰਦੇ ਨੇ। 
ਅਸਲ 'ਚ ਐਹੇ ਜਾ ਕੁਛ ਨਹੀੰ। ਹਰੇਕ ਘਰੇ, ਘਰ ਦਿਆੰ ਕੰਮਾੰ 'ਚ ਸਾਰੀਆੰ ਬੁੜ੍ਹੀਆੰ ਕੁੜੀਆੰ ਦੀ ਸਲਾਹ ਲਈ ਜਾੰਦੀ ਆ। ਸਵਾ ਅਰਬ ਮੁਲਖ ਦਾ ਨੱਕ ਰੱਖਆ ਕੁੜੀਆੰ ਨੇ, ਦੋ ਮੈਡਲ ਸਿੱਟਲੇ।
ਕੋਈ ਕੁੜੀ ਚੰਗੀ ਮੱਲ ਮਾਰਜੇ ਤਾੰ ਗੱਲਾੰ ਹੁੰਦੀਆੰ," ਦੇਖ ਫਲਾਣੀ ਕੁੜੀ ਵੀ ਮੈਡਲ ਜਿੱਤਗੀ, ਫਲਾਣੀ ਕੁੜੀ ਹੁੰਦੇ ਹੋਏ ਵੀ ਸਾਰਿਆੰ ਤੋੰ ਵੱਧ ਨੰਬਰ ਲੈਗੀ। 'ਵੀ' ਸ਼ਬਦ ਇਓੰ ਵਰਤਣਗੇ ਜਿਮੇੰ ਕੁੜੀ ਹੋਣਾੰ ਅਪਾਹਜ ਪੁਣਾ ਹੁੰਦਾ।
ਦਮ ਸੀਗਾ ਅਗਲੀ 'ਚ ਤਾੰਹੀ ਜਿੱਤੀ ਆ।
ਓਹ ਸਮੇੰ ਲੱਦਗੇ ਜਦੋੰ ਬੇਬੇ ਅਰਗੀਆੰ ਮੁੁੰਡਿਆੰ ਨੂੰ ਚੁੱਲ੍ਹੇ ਕੋਲ ਬਹਾ ਕੇ, ਫੁੱਲੀ ਰੋਟੀ ਦੀ ਤਹਿ ਪਾੜਕੇ ਵਿੱਚ ਮਖਣੀ ਭਰਕੇ ਖਵਾਉੰਦੀਆੰ ਸੀ ਤੇ ਦੂਏ ਪਾਸੇ ਕੁੜੀਆੰ ਤੋੰ ਕੱਲਾ ਗੋਹਾ ਈ ਸਿਟਾਈ ਜਾੰਦੀਆੰ ਸੀ। ਹੁਣ ਹਰਿੱਕ ਮਾੰ ਪਿਓ ਕੁੜੀਆੰ ਨੂੰ ਪੂਰੀ ਤਵੱਜੋੰ ਦਿੰਦਾ। ਸਾਡੇ ਦੇਖਣ ਦੀ ਗੱਲ ਆ, ਸਾਡੀ ਕੁੜੀ ਨੂੰ ਚੀਜ਼ ਪਹਿਲਾੰ ਮਿਲਦੀ ਸੀ ਤੇ ਸਾਨੂੰ ਬਾਅਦ 'ਚ । ਸਾਡੇਆਲੇ ਨਿੱਕੇ ਦੇ ਤਾੰ ਤੜਕੇ ਨਰਣੇ ਕਾਲਜੇ ਈ ਦੋ ਤਿੰਨ ਲਫੇੜੇ ਧਰ ਦਿੰਦੇ ਸੀ ਬੀ ਚੱਲ ਆਥਣ ਤੀਕ ਊੰ ਵੀ ਏਹਨੂੰ ਲੋੜ ਤਾੰ ਪਊ ਪਊ ।
ਜੇ ਕੋਈ ਬਾਹਲੀ ਈ ਗਰਕੀ ਸੋਚ ਦਾ ਬੰਦਾ ਆ ਫੇਰ ਤਾੰ ਕੀ ਕਹਿਣਾ, ਨਹੀੰ ਹਰੇਕ ਜੋੜੇ ਦੀ ਏਹੀ ਸੋਚ ਹੁੰਦੀ ਆ ਬੀ ਸਾਡੇ ਇੱਕ ਧੀ ਲਾਜ਼ਮੀ ਹੋਵੇ।
ਨਾਏ ਹੋਰ ਦੇਖ, ਕਦੇ ਕਿਸੇ ਕੋਲ ਕੁੜੀ ਜੰਮੇ ਤਾੰ ਬੰਦੇ ਕਦੇ ਮਾੜਾ ਨਈੰ ਕਹਿੰਦੇ ਸਗਮਾੰ ਬੁੜ੍ਹੀਆੰ ਕਰੀ ਜਾੰਦੀਆੰ ਹੁੰਦੀਆੰ," ਲੈ ਕੁੜੇ ਵੱਡਾ ਪਰੇਸ਼ਨ ਹੋਗਿਆ ਕੁੜੀ ਦਾ, ਚਲ ਮਹਾਰਾਜ ਚੰਗੀ ਚੀਜ਼ ਈ ਦੇ ਦੇਦਾੰ"। ਚੰਗੀ ਚੀਜ਼ ਪਤਾ ਨਹੀੰ ਕੀ ਰੌਕ ਜੰਮਣ ਨੂੰ ਫਿਰਦੀਆੰ।
ਗੱਲ ਮੁੱਕੀ ਰਾੰਦ ਗਈ, ਗੱਲ ਦਾ ਕਨਕਲੂਜ਼ਨ ਏਹੀ ਆ ਕਿ ਕੁੜੀਆੰ ਵਿਚਾਰੀਆੰ ਨਹੀੰ, ਏਹਨਾੰ ਨੂੰ ਤੇਰੀ ਮੇਰੀ ਹਮਦਰਦੀ ਦੀ ਲੋੜ ਨਹੀੰ। ਦੇਅ 
ਆਰ ਸੈਲਫ ਰਸਪੈਕਟੈੱਡ। ਬਾਕੀ 'ਸੋ ਕਿਓ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ' ।ਗੁਰੂ ਸਾਬ੍ਹ ਨੇ ਇੱਕੋ ਵਾਕ 'ਚ ਬਹੁਤ ਤਕੜੀ ਗੱਲ ਆਖਤੀ ਸੀ.....ਘੁੱਦਾ
 

ਵੋਟਾੰ 2016

ਓਹੀ ਕਹੀ ਤੇ ਓਹੀ ਕਵਾਹੜੀ। ਵੋਟਾੰ 'ਚ ਚਾਰ ਪੰਜ ਮਹੀਨੇ ਪਏ ਨੇ ਤੇ ਖਬਰਾੰ ਆਉਣ ਵੀ ਲੱਗਪੀਆੰ ਬੀ ਅੱਡੋ ਅੱਡੀ ਪਾਲਟੀਆੰ ਦੇ ਬੰਦੇ ਲੜਪੇ। ਕਾਪੇ ਚੱਲ, ਕੁਰਸੀਆੰ ਮਾਰ, ਪੱਗਾੰ ਲਾਹ ਬੁਰੇ ਹਾਲ। ਜੰਤਾ ਖਫੇਖੂਣ ਹੋਣ ਵੀ ਲੱਗਪੀ। ਪਿਛਲੀ ਆਰੀ ਵੀ ਆਹੀ ਕੁਛ ਸੀ। 
ਹੁਣ ਗੱਲ ਸੁਣ।
ਕਿਸੇ ਦੇ ਪਿਓ ਦਾਦੇ ਨੂੰ ਘਰੇ ਪਏ ਨੂੰ ਚਾਣਚੱਕ 'ਟੈਕ ਹੋਜੇ ਤਾੰ ਲੇਰਾੰ ਛੱਡਦੀ ਬੁੜ੍ਹੀ ਭੱਜਕੇ ਗਵਾੰਢੀਆੰ ਘਰੇ ਵੱਜਦੀ ਆ," ਵੇ ਜੱਗਿਆ ਤੇਰੇ ਤਾਏ ਨੂੰ ਵੇਖੀੰ ਵੇ ਕੀ ਹੋਗਿਆ, ਭੱਜੀੰ ਵੇ, ਮੈਨੂੰ ਤਾੰ ਲੱਗਦਾ ਹੈਨੀ.....ਹਾਏ..ਏ..ਏ।
ਜੱਗਾ ਢੋਲਾੰ ਆਲੇ ਅੰਦਰੋੰ 'ਛਾੜ ਲਾਹਕੇ ਜਿੱਨ ਦਾ ਸੈਲਫ ਮਾਰਕੇ, ਤਾਏ ਨੁੰ ਲੱਦਕੇ ਸ਼ਹਿਰ ਦੇ ਹਸਪਤਾਲ ਵੱਜਦਾ।
ਫੇਰ ਕੋਈ ਖੇਤੋੰ ,ਕੋਈ ਕਿਤੋੰ ,ਕੋਈ ਕਿਤੋੰ ਮੋਟਰਸੈਕਲਾੰ ਤੇ ਹਸਪਤਾਲ ਪਹੁੰਚਦੇ ਨੇ ਮਗਰੇ। ਖੌਰੂ ਪੈੰਦਾ ,"ਬਾਪੂ ਨੂ ਕੀ ਹੋਗਿਆ, ਤਾਏ ਨੂੰ ਕੀ ਹੋਗਿਆ, ਹੁਣ ਠੀਕ ਆ?
ਢਾਈ ਸੌ ਮੰਗੇ ਤੋੰ ਡੂਢ ਸੌ 'ਚ ਖਰੀਦੇ ਠਿੱਬੇ ਜੇ  ਛਿੱਤਰਾੰ ਨਾਲ ਪੇੰਡੂੰ ਜਟੌੜ੍ਹ ਹਸਪਤਾਲ ਦੀ ਫਰਸ਼ ਤੇ ਲੱਗੀਆੰ ਕਜਾਰੀਆ ਦੀਆੰ ਟਾਇਲਾੰ ਦੀ ਹਿੱਕ ਲਤੜਦੇ ਫਿਰਦੇ ਹੁੰਦੇ ਨੇ।
ਨਰਸਾੰ ਆਖਦੀਆੰ,"ਪਲੀਜ਼ ਰਸ਼ ਨਾ ਕਰੋ, ਪੇਸ਼ੈਟ ਨੂੰ ਸਫੋਕੇਸ਼ਨ ਹੁੰਦੀ ਆ"॥
ਕਰਦੇ ਤਾੰ ਠਿੱਠ ਈ ਆ, ਪਰ ਕਰਿਆ ਕੀ ਜਾਵੇ ਪਿਆਰ ਈ ਬਾਹਲਾ। ਡਾਕਟਰ ਆਖਦਾ ਐੰਮਰਜੈੰਸੀ ਅਪਰੇਸ਼ਨ ਹੋਊ, ਡੂਢ ਲੱਖ ਲੱਗੂ। ਦੋ ਲੱਖ ਅੱਸੀ ਹਜ਼ਾਰ ਦੀ ਨਵੀੰ ਬੰਨ੍ਹਾਈ ਲਿਮਟ ਦਾ ਧਿਆਨ ਧਰਕੇ ਕੋਈ ਫੇਰ ਬੋਲਦਾ," ਰਪਈਆ ਭਮਾੰ ਦੋ ਲੱਖ ਲੱਗਜੇ ਪਰ ਬੰਦਾ ਬਚਣਾ ਚਾਹੀਦਾ, ਐੰ ਸਮਝਲਾੰਗੇ ਨਰਮਾ ਫੇਰ ਮੱਚ ਗਿਆ।" 
ਗੱਲ ਕਹਿਣ ਦਾ ਮਤਲਬ ਏਹੀ ਆ ਥੋਡੇ ਦੁਖਦੇ ਸੁਖਦੇ ਥੋਡੇ ਭਰੱਪੇ ਭਾਈਚਾਰੇ, ਯਾਰਾੰ ਬੇਲੀਆੰ ਨੇ ਹੀ ਥੋਡੇ ਕੰਮ ਆਉਣਾ। ਕਦੇ ਬਾਦਲ, ਕੈਪਟਨ ਤੇ ਕੇਜਰੀਵਾਲ ਨੇ ਨਈੰ ਆਓਣਾ। ਨੱਕਾ ਯਾਹੁਣ ਵੋਟਾੰ ਜਰ, ਜਿੱਥੇ ਜੀਅ ਕਰਦਾ ਪਾਓ ਪਰ ਲੜਾ ਲੜਾਈਆੰ ਤੋੰ ਪਾਸੇ ਰਿਹੋ...ਨਾਏ ਬਾਕੀ ਤੁਸੀੰ ਮੇੇੇਰੇ ਤੋੰ ਸਿਆਣੇ ਓੰ, ਆਪਾੰ ਏਹੀ ਕੱਢਿਆ ਏ ਤੱਤ ਜੀ.....ਘੁੱਦਾ

ਮਾਂ ਨੂੰ

ਮੈਂ ਮਾਂ ਨੂੰ ਪੁੱਛਿਆ ,
ਕਿ ਮੈਂ ਕਦ ਜਨਮਿਆ ਸੀ,
ਉਸ ਨੇ ਕਿਹਾ 10 ਪੋਹ ਨੂੰ,
ਤੇ ਮੈਂ ਕੈਲੰਡਰ ਤੇ ਅੰਗਰੇਜ਼ੀ
ਤਾਰੀਕ ਲੱਭਣ ਲੱਗ ਪਿਆ,
ਮੈਂ ਪੁੱਛਿਆ ਕਿ ਪਹਿਲੀ ਵਾਰ
ਮੇਰੇ ਕਿਹੜੇ ਰੰਗ ਦੇ ਕੱਪੜੇ ਪਾਏ ਸੀ,
ਉਸਨੇ ਕਿਹਾ 'ਸੁਰਮੇ ਰੰਗੇ'
ਤੇ ਮੈਂ 'ਕਲਰ ਚਾਟ' ਵੇਖਣ ਲੱਗ ਪਿਆ,
ਮੈਂ ਪੁਛਿਆ ਮੇਰਾ ਪਹਿਲਾ ਜਨਮ ਦਿਨ ਮਨਾਇਆ ਸੀ,
ਉਸਨੇ ਕਿਹਾ ਹਾਂ ਪੁੱਤ "ਛਟੀ (ਧਮਾਨ) ਕੀਤੀ ਸੀ",
ਮੈਂ ਪੁੱਛਿਆ ਕਿੰਨੇ ਕੁ ਲੋਕ ਆਏ ਸੀ,
ਉਸਨੇ ਕਿਹਾ ਪਤਿਓਰਿਆਂ ਪਤੀਸਾਂ ਤੱਕ ਸਭ ਆਏ ਸੀ,
ਤੇ ਮੈਂ ਰਿਸ਼ਤੇਦਾਰੀਆਂ ਦੀ ਗੁੰਝਲ 'ਚ ਉਲਝ ਗਿਆ
ਮੈਂ ਮੁੜ ਕੋਈ ਸਵਾਲ ਨਾ ਕਰ ਸਕਿਆ,
ਤੇ ਮੈਨੂੰ ਲੱਗਾ ਕਿ
ਮਾਂ ਨਹੀਂ, ਮੈਂ ਅਨਪੜ੍ਹ ਹਾਂ......ਘੁੱਦਾ