Wednesday 7 September 2016

ਵੋਟਾੰ 2016

ਓਹੀ ਕਹੀ ਤੇ ਓਹੀ ਕਵਾਹੜੀ। ਵੋਟਾੰ 'ਚ ਚਾਰ ਪੰਜ ਮਹੀਨੇ ਪਏ ਨੇ ਤੇ ਖਬਰਾੰ ਆਉਣ ਵੀ ਲੱਗਪੀਆੰ ਬੀ ਅੱਡੋ ਅੱਡੀ ਪਾਲਟੀਆੰ ਦੇ ਬੰਦੇ ਲੜਪੇ। ਕਾਪੇ ਚੱਲ, ਕੁਰਸੀਆੰ ਮਾਰ, ਪੱਗਾੰ ਲਾਹ ਬੁਰੇ ਹਾਲ। ਜੰਤਾ ਖਫੇਖੂਣ ਹੋਣ ਵੀ ਲੱਗਪੀ। ਪਿਛਲੀ ਆਰੀ ਵੀ ਆਹੀ ਕੁਛ ਸੀ। 
ਹੁਣ ਗੱਲ ਸੁਣ।
ਕਿਸੇ ਦੇ ਪਿਓ ਦਾਦੇ ਨੂੰ ਘਰੇ ਪਏ ਨੂੰ ਚਾਣਚੱਕ 'ਟੈਕ ਹੋਜੇ ਤਾੰ ਲੇਰਾੰ ਛੱਡਦੀ ਬੁੜ੍ਹੀ ਭੱਜਕੇ ਗਵਾੰਢੀਆੰ ਘਰੇ ਵੱਜਦੀ ਆ," ਵੇ ਜੱਗਿਆ ਤੇਰੇ ਤਾਏ ਨੂੰ ਵੇਖੀੰ ਵੇ ਕੀ ਹੋਗਿਆ, ਭੱਜੀੰ ਵੇ, ਮੈਨੂੰ ਤਾੰ ਲੱਗਦਾ ਹੈਨੀ.....ਹਾਏ..ਏ..ਏ।
ਜੱਗਾ ਢੋਲਾੰ ਆਲੇ ਅੰਦਰੋੰ 'ਛਾੜ ਲਾਹਕੇ ਜਿੱਨ ਦਾ ਸੈਲਫ ਮਾਰਕੇ, ਤਾਏ ਨੁੰ ਲੱਦਕੇ ਸ਼ਹਿਰ ਦੇ ਹਸਪਤਾਲ ਵੱਜਦਾ।
ਫੇਰ ਕੋਈ ਖੇਤੋੰ ,ਕੋਈ ਕਿਤੋੰ ,ਕੋਈ ਕਿਤੋੰ ਮੋਟਰਸੈਕਲਾੰ ਤੇ ਹਸਪਤਾਲ ਪਹੁੰਚਦੇ ਨੇ ਮਗਰੇ। ਖੌਰੂ ਪੈੰਦਾ ,"ਬਾਪੂ ਨੂ ਕੀ ਹੋਗਿਆ, ਤਾਏ ਨੂੰ ਕੀ ਹੋਗਿਆ, ਹੁਣ ਠੀਕ ਆ?
ਢਾਈ ਸੌ ਮੰਗੇ ਤੋੰ ਡੂਢ ਸੌ 'ਚ ਖਰੀਦੇ ਠਿੱਬੇ ਜੇ  ਛਿੱਤਰਾੰ ਨਾਲ ਪੇੰਡੂੰ ਜਟੌੜ੍ਹ ਹਸਪਤਾਲ ਦੀ ਫਰਸ਼ ਤੇ ਲੱਗੀਆੰ ਕਜਾਰੀਆ ਦੀਆੰ ਟਾਇਲਾੰ ਦੀ ਹਿੱਕ ਲਤੜਦੇ ਫਿਰਦੇ ਹੁੰਦੇ ਨੇ।
ਨਰਸਾੰ ਆਖਦੀਆੰ,"ਪਲੀਜ਼ ਰਸ਼ ਨਾ ਕਰੋ, ਪੇਸ਼ੈਟ ਨੂੰ ਸਫੋਕੇਸ਼ਨ ਹੁੰਦੀ ਆ"॥
ਕਰਦੇ ਤਾੰ ਠਿੱਠ ਈ ਆ, ਪਰ ਕਰਿਆ ਕੀ ਜਾਵੇ ਪਿਆਰ ਈ ਬਾਹਲਾ। ਡਾਕਟਰ ਆਖਦਾ ਐੰਮਰਜੈੰਸੀ ਅਪਰੇਸ਼ਨ ਹੋਊ, ਡੂਢ ਲੱਖ ਲੱਗੂ। ਦੋ ਲੱਖ ਅੱਸੀ ਹਜ਼ਾਰ ਦੀ ਨਵੀੰ ਬੰਨ੍ਹਾਈ ਲਿਮਟ ਦਾ ਧਿਆਨ ਧਰਕੇ ਕੋਈ ਫੇਰ ਬੋਲਦਾ," ਰਪਈਆ ਭਮਾੰ ਦੋ ਲੱਖ ਲੱਗਜੇ ਪਰ ਬੰਦਾ ਬਚਣਾ ਚਾਹੀਦਾ, ਐੰ ਸਮਝਲਾੰਗੇ ਨਰਮਾ ਫੇਰ ਮੱਚ ਗਿਆ।" 
ਗੱਲ ਕਹਿਣ ਦਾ ਮਤਲਬ ਏਹੀ ਆ ਥੋਡੇ ਦੁਖਦੇ ਸੁਖਦੇ ਥੋਡੇ ਭਰੱਪੇ ਭਾਈਚਾਰੇ, ਯਾਰਾੰ ਬੇਲੀਆੰ ਨੇ ਹੀ ਥੋਡੇ ਕੰਮ ਆਉਣਾ। ਕਦੇ ਬਾਦਲ, ਕੈਪਟਨ ਤੇ ਕੇਜਰੀਵਾਲ ਨੇ ਨਈੰ ਆਓਣਾ। ਨੱਕਾ ਯਾਹੁਣ ਵੋਟਾੰ ਜਰ, ਜਿੱਥੇ ਜੀਅ ਕਰਦਾ ਪਾਓ ਪਰ ਲੜਾ ਲੜਾਈਆੰ ਤੋੰ ਪਾਸੇ ਰਿਹੋ...ਨਾਏ ਬਾਕੀ ਤੁਸੀੰ ਮੇੇੇਰੇ ਤੋੰ ਸਿਆਣੇ ਓੰ, ਆਪਾੰ ਏਹੀ ਕੱਢਿਆ ਏ ਤੱਤ ਜੀ.....ਘੁੱਦਾ

No comments:

Post a Comment