Wednesday 4 April 2012

ਖਾੜਕੂ

ਸੁਣਿਆ ਦਰਸ਼ਨ ਕਰਨ ਜਾਂਦੇ ਸੀ ਮੁੰਡੇ
ਟੁੱਟੇ ਭੱਜੇ ਢਹਿ ਢੇਰੀ ਕੀਤੇ ਅਕਾਲ ਤਖਤ ਦੇ
ਝਬਾਲ ਆਲੀ ਸੜਕ ਤੇ ਘੇਰਲੇ ਬਾਬੇ ਬੁੱਢੇ ਨੇੜੇ
ਟੋਪੀਆਂ ਆਲੇ ਸੀ.ਆਰ.ਪੀ.ਐੱਫ ਦੇ ਜਵਾਨਾਂ ਨੇ
"ਸਾਲੇ ਦਰਸ਼ਨ ਕਰਨੇ ਕੇ, ਰੋਕੋ ਇਨ ਸਰਦਾਰੋਂ ਕੋ"
ਮੂਧੇ ਪਾਲੇ ਸੜਕ ਤੇ, ਚੰਗੀ ਪਰੇਡ ਕੀਤੀ
ਪੱਗਾਂ ਨਾਲ ਹੱਥ ਬੰਨ੍ਹਤੇ ਪਿੱਛੇ ਨੂੰ ਕਰਕੇ
ਫੇਰ ਬਾਈ
ਫੇਰ ਕੀ ਹੋਣਾ ਸੀ ਮੁੰਡਿਆਂ ਨੇ ਸੋਚਿਆ ਏਹੋ ਜੀ ਕੁੱਤੇਖਾਣੀ ਨੀਂ ਕਰਾਈਦੀ ਸਾਥੋਂ
ਸੰਤਾਲੀਆਂ ਚੱਕਲੀਆਂ ਅਗਲਿਆ ਨੇ
ਹਥਿਆਰ ਕੀਹਨੇ ਚਕਾਏ ਮੁੰਡਿਆਂ ਨੂੰ?
ਸ਼ੈਦ ਸਰਕਾਰ ਨੇ ਈ ਚਕਾਏ ਸੀ
ਕਹਿੰਦੇ ਨੌਂ ਮਹੀਨੇ ਢਿੱਡ 'ਚ ਪਲਦਾ ਜਵਾਕ
ਉੱਚੇ ਨੀਵੇਂ ਚੜ੍ਹਨ ਉੱਤਰਨ ਦਾ ਖਿਆਲ ਰੱਖੀਦਾ ਬਹੂ ਦਾ
ਫਿਰ ਖਾਣ ਪੀਣ ਦਾ ਪ੍ਰਹੇਜ਼, ਠੰਢੇ ਤੱਤੇ ਦਾ
ਤੇ ਪੀੜਾਂ ਝੱਲ ਝੱਲ ਜੰਮੇ ਹਜ਼ਾਰਾਂ ਮੁੰਡੇ ਮਾਰਤੇ
ਤੇ ਫਿਰ ,"ਜਲਾਦੋ ਸਾਲੋਂ ਕੋ ਲਾਵਾਰਿਸ ਹੈ ਸਭੀਂ ਲਾਸ਼ੇ"
ਸੱਜ ਵਿਆਹੀਆਂ ਨੇ ਚੂੜ੍ਹੇ ਭੰਨੇ ਕਹਿੰਦੇ
ਪ੍ਰਾਹੁਣਿਆਂ ਦੀਆਂ ਅਰਥੀਆਂ ਨਾਲ ਮਾਰ ਮਾਰ
ਮੰਜਿਆਂ ਦੀਆਂ ਬਾਹੀਆਂ ਨਾਲ ਚਾਦਰ ਬੰਨ੍ਹ ਬਣਾਈ ਝੱਲੀ 'ਚ ਪਏ ਜਵਾਕ
ਚੀਕਾਂ ਈ ਮਾਰਦੇ ਰਹਿਗੇ, ਮਾਰਦੋ ਸਾਲਿਆ ਖਾੜਕੂਆਂ ਨੂੰ
ਤੇ ਜਿਹੜੇ ਬਾਕੀ ਬਚਗੇ ਉਹ ਵਾਰਦਾਤਾਂ ਕਰਦੇ ਰਹੇ
ਦਿਨੇਂ ਕਮਾਦਾਂ 'ਚ , ਰਾਂਤੀ ਐਕਸ਼ਨ
ਸ਼ਲਟ ਦੇ ਕਾਲਰ ਜਾਂ ਜੇਬ 'ਚ ਸਾਇਆਨਾਈਡ ਦਾ ਕੈਪਸੂਲ਼ ਪਾਕੇ
ਸਰਕਾਰ ਨੇ ਫਿਰ ਡਮਾਕ ਲੜਾਇਆ
"ਸਭ ਤੋਂ ਖਤਰਨਾਕ ਹੁੰਦਾ ਸਾਡੇ ਸੁਪਨਿਆਂ ਦਾ ਮਰ ਜਾਣਾ"
ਤੇ "ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ"
ਲਿਖਣ ਤੇ ਗਾਉਣ ਆਲਾ ਠੋਕਤਾ
ਪੁਲਿਸ ਆਲੇ ਈ ਖਾੜਕੂ ਬਣਾਤੇ
ਘਰਾਂ 'ਚ ਲੁੱਟਾਂ ਖੋਹਾਂ, ਚੁੰਨੀਆਂ ਪਾੜਤੀਆਂ, ਰੇਲ ਬਣਾਤੀ ਜਨਤਾ ਦੀ
ਤੇ ਨਾਂ ਲਾਤਾ ਖਾੜਕੂਆਂ ਦਾ
ਲੋਕਾਂ ਦੀ ਹਮੈਤ ਤੋੜਤੀ , ਜਿੱਤਗੀ ਸਰਕਾਰ
ਸਕੂਲ਼ ਦੀ ਪ੍ਰੇਅਰ 'ਚ ਮੁਕਾਬਲਿਆਂ 'ਚ ਠੋਕੇ ਖਾੜਕੂਆਂ ਦੇ ਜਵਾਕ
ਇਹੀ ਗਾਉਦੇ ਨੇ ਕਹਿੰਦੇ
"ਭਾਰਤ ਭਾਗ ਵਿਧਾਤਾ,
ਜਯ ਹੇ ਜਯ ਹੇ ਜਯ ਹੇ
ਜਯ ਜਯ ਜਯ ਜਯ ਹੇ".......ਅੰਮ੍ਰਿਤ ਪਾਲ ਘੁੱਦਾ

No comments:

Post a Comment