Monday 9 April 2012

ਫੂਲ ਸਿਓਂ

ਕੱਲ੍ਹ ਆਥਣੇ ਘਰੇ ਆਇਆ ਤਾਂ ਪਤਾ ਲੱਗਿਆ ਸਾਡਾ ਗਵਾਂਢੀ ਫੂਲਾ ਸੁਨਿਆਰਾ ਚੱਲ ਵਸਿਆ।
ਜਾਤ ਦਾ ਸੁਨਿਆਰਾ ਸੀ ਪਰ ਉਂ ਵਿਚਾਰਾ ਸੈਕਲਾਂ ਨੂੰ ਪੈਂਚਰ ਲਾਉਦਾ ਸੀ ਜਵਾਨੀ ਵੇਲੇ ਭੁੱਕੀ ਵੇਚਕੇ ਗੁਜ਼ਾਰਾ ਕਰਦਾ ਰਿਹਾ
ਘਰ ਮੂਹਰੇ ਥੜ੍ਹੇ ਤੇ ਬੈਠਾ ਰਹਿੰਦਾ
ਲੰਘਦੇ ਟੱਪਦੇ ਉਹਨੂੰ ਪੁੱਛੀਦਾ
ਹੋਰ ਬਾਈ ਕੀ ਹਾਲ ਆ
ਠੀਕ ਆ ਸ਼ੇਰਾ, ਸਾਲਾ ਦਮਾ ਜਾ ਨੀਂ ਹਟਦਾ ਖੰਘ ਖੁੰਘ ਜੀ ਵੀ ਲੱਗੀ ਰਹਿੰਦੀ ਆ
ਫੂਲ਼ ਸਿਓ ਇਕ ਵਾਰੀ "ਠੀਕ ਆ" ਕਹਿਕੇ ਸਾਰੀਆਂ ਬਿਮਾਰੀਆਂ ਗਿਣਾਂ ਦਿੰਦਾ।
ਅੱਜ ਸਸਕਾਰ ਸੀ ਫੂਲ਼ ਸਿਉਂ ਦਾ। ਗਰੀਬ ਸੀ ਫੂਲਾ , ਜ਼ਮੀਨ ਜ਼ਮੂਨ ਜਮ੍ਹਾਂ ਈ ਹੈਨੀ ਤੇ ਉਹਦਾ ਮੁੰਡਾ ਮੰਦਰ ਦਿਹਾੜੀਦਾਰ ਬੰਦਾ।
ਸ਼ੈਦ ਤਾਂ ਕਰਕੇ ਬਾਈ ਫੂਲੇ ਦੇ ਸਸਕਾਰ ਤੇ ਮਸਾਂ ਤੀਹ ਕੁ ਬੰਦੇ ਗਏ ਸੀ।
ਸਿਵਿਆਂ 'ਚ ਫੂਲੇ ਨੂੰ ਲਾਂਬੂ ਲਾਤਾ ਪਰ ਕਿਸੇ ਰਿਸ਼ਤੇਦਾਰ ਮੂੰਹੋਂ ਫੂਲ਼ੇ ਦੀ ਗੱਲ ਨੀਂ ਸੁਣੀ। ਸਿਵਿਆਂ 'ਚ ਮੀਂਹ ਕਣੀ ਤੋਂ ਸ਼ੈੱਡ ਹੈਗਾ, ਵੱਡਾ ਬਰਾਂਡਾ, ਚਾਰਦੀਵਾਰੀ ਕੀਤੀ ਵਈ, ਤੇ ਛਾਂਦਾਰ ਦਰੱਖਤ ਵੀ ਹੈਗੇ ਨੇ ।ਇਕ ਗੰਜਾ ਜਾ , ਵਧੇ ਜੇ ਢਿੱਡ ਆਲਾ ਫੂਲੇ ਦਾ ਰਿਸ਼ਤੇਦਾਰ ਸਾਨੂੰ ਬੋਲਦਾ ਕਹਿੰਦਾ ਥੋਡਾ ਵਾਹਵਾ ਵੱਡਾ ਪਿੰਡ ਆ, ਸਿਵਿਆਂ ਦੀ ਸਫਾਈ ਕਰੋ । ਦੂਜਾ ਬੋਲਦਾ ਟਰੈਲੀਆਂ ਲਾਕੇ ਭਰਤ ਵੀ ਪਾਉਣ ਆਲੀ ਆ। ਇੱਕ ਕਹਿੰਦਾ ਪਾਣੀ ਦਾ ਇੰਤਜ਼ਾਮ ਹੈਨੀ ਇੱਥੇ। ਵਿਹਲਾ ਮੁਲਖ ਟੀਕਾ ਟਿੱਪਣੀ ਕਰੀ ਜਾਏ। ਅਸੀਂ ਦੱਸਿਆ ਬੀ ਪਾਣੀ ਆਲੀ ਟੈਂਕੀ ਹੈਗੀ ਆ ਜੀ ਪਰ ਕੋਈ ਟੂਟੀਆਂ ਲਾਹ ਕੇ ਲੈ ਗਿਆ।
ਓਹੀ ਗੰਜਾ ਜਾ ਬੰਦਾ ਫਿਰ ਬੋਲਦਾ ਕਹਿੰਦਾ ਚੌਂਕੀਦਾਰ ਵੀ ਚਾਹੀਦਾ ਸਿਵਿਆਂ 'ਚ। ਅਸੀਂ ਨਾਲੇ ਤਾਂ ਪਾਣੀ ਪਿਆਈ ਜਾਈਏ ਓਹਨ੍ਹਾਂ ਨੂੰ ਨਾਲੇ ਉਹਨ੍ਹਾਂ ਦੀ ਟੀਕਾ ਟਿੱਪਣੀ ਸੁਣੀਏ। ਫਿਰ ਕਹਿੰਦੇ ਜੀ ਫੁੱਲ ਸ਼ਨੀਵਾਰ ਨੂੰ ਚੁਗੀਏ ਕੋਈ ਆਖੇ ਕੱਲ੍ਹ ਨੂੰ। ਫੇਰ ਭੋਗ ਦੀ ਚਰਚਾ। ਕੋਈ ਮਬੈਲ ਤੇ ਬਿਜ਼ੀ। ਮੁੱਕਦੀ ਗੱਲ ਫੂਲ਼ੇ ਦੀ ਤਾਂ ਕਿਸੇ ਨੇ ਗੱਲ ਈ ਨੀਂ ਕੀਤੀ।
ਮੁੜਨ ਲੱਗਿਆਂ ਅੱਖਾਂ ਪੂੰਝ ਫੂਲੇ ਦੇ ਮੁੰਡੇ ਨੇ ਕੁੜਤੇ ਦੀ ਉੱਤਲੀ ਜੇਬ ਚੋਂ ਬੀੜੀਆਂ ਦਾ ਮੰਡਲ ਕੱਢਿਆ ਤੇ ਸੀਖ ਬਾਲਕੇ ਦੋਨਾਂ ਹੱਥਾਂ ਨਾਲ ਹਵਾ ਤੋਂ ਓਟ ਕਰਕੇ ਬੀੜੀ ਲਾਕੇ ਸੜਕ ਤੇ ਜ਼ੋਰ ਦੀ ਪੈਰ ਮਾਰਕੇ ਚੱਪਲਾਂ ਝਾੜੀਆਂ ਤੇ ਸਾਰੇ ਜਣੇ ਗੁਰਦੁਆਰੇ ਆਗੇ....ਘੁੱਦਾ

No comments:

Post a Comment