Sunday 29 April 2012

ਤੋਤਾ ਦੋਧੀ

ਅੱਡੇ ਆਲੇ ਗੁਰੂ ਨਾਨਕ ਸਕੂਲ 'ਚ ਮੇਰੇ ਨਾਲ ਪੜ੍ਹਿਆ
ਦਲਿਓਆਂ ਦਾ ਮੁੰਡਾ ਤੋਤਾ, ਹੁਣ ਤੋਤਾ ਦੋਧੀ ਬਣ ਗਿਆ
ਘਰੇ ਬੈਠਿਆਂ ਮੂੰਹ ਨ੍ਹੇਰੇ ਈ ਸੁਣ ਜਾਂਦੀ ਆ ਉਹਦੀ ਗਲੀ 'ਚ
ਗਰੜ ਗਰੜ ਕਰਦੇ ਆਉਦੇਂ ਰਾਜਦੂਤ ਦੀ 'ਵਾਜ਼
ਸਿਆਲਾਂ 'ਚ ਮੋਟਰਸੈਕਲ ਮੂਹਰੇ ਤਰਪਾਲ ਜੀ ਲਾਈ ਹੁੰਦੀ ਆ
ਲੱਤਾਂ ਠੰਢ ਤੋਂ ਬਚਾਉਣ ਖਾਤਰ
ਮਖ ਆਜਾ ਬਾਈ ਤੋਤੇ ਚਾਹ ਪਿਆਈਏ
ਕਾਪੀ ਦਾ ਜੜੁੱਤ ਪੇਜ ਪੱਟਕੇ ਚਾਰ ਪੇਜ ਭਰ ਦਿੰਦਾ ਸੀ ਤੋਤਾ
ਨਸ਼ਿਆਂ ਵਿੱਰੁਧ ਲੇਖ ਲਿਖਕੇ
ਹੁਣ ਉਂਗਲ ਨਾਲ ਬੁੱਲ੍ਹਾਂ ਚੋ ਜਰਦਾ ਕੱਢਕੇ ਤੋਤੇ ਨੇ ਕੰਧ ਨਾਲ ਮਾਰਿਆ
ਤੇ ਮੈਨੂੰ ਕਹਿੰਦਾ ਚਲ ਬਾਈ ਪੀ ਲੈਣੇ ਆ
ਕਾਰਗਿਲ ਦੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਧੱਕਾ ਹੋਇਆ ਕਹਿੰਦੇ
ਆਦਰਸ਼ ਘੁਟਾਲੇ ਆਲਾ
ਸ਼ਹੀਦਾਂ ਦੇ ਟੱਬਰਾਂ ਖਾਤਰ ਘਰ ਬਣਾਕੇ ਹੋਰਾਂ ਨੂੰ ਈ ਦੇਤੇ
ਇਹਨ੍ਹਾਂ ਨਾਲੋਂ ਤਾਂ ਘੁੱਦੇ ਦੇ ਈ ਲੋਕ ਵਧੀਆ ਨਿਕਲੇ
ਸਿਵਿਆਂ 'ਚ ਤਿਲ ਸਿੱਟਣ ਨੂੰ ਥਾਂ ਨੀਂ ਸੀ
ਜਿਦ੍ਹੇਂ ਜੰਮੂ ਵੰਨੀਂ 7-8 ਅੱਤਵਾਦੀਆਂ ਨੂੰ ਮਾਰ
ਡੱਬੇ 'ਚ ਬੰਦ ਹੋ ਪਿੰਡ ਆਇਆ ਸੀ ਕਾਲਾ ਫੌਜੀ
ਫੌਜੀਆਂ ਨੇ ਵੀ ਕੱਠਿਆਂ ਈ ਫੈਰ ਕੱਢੇ ਸੀ
ਠਾਹ ਠਾਹ , ਜਨ-ਗਨ-ਮਨ ਵੀ ਕੀਤਾ ਸੀ
ਪਿੰਡ ਦੇ ਐਂਟਰੀ ਗੇਟ ਤੇ ਫੋਟੋ ਲੱਗੀ ਆ ਕਾਲੇ ਹੁਣਾਂ ਦੀ
ਟਾਈਟੈਨਿਕ ਤੇ ਈ ਬਣੀ ਜਾਂਦੀਆਂ ਫਿਲਮਾਂ
ਸਾਲੀ ਕਾਮਾਗਾਟਾਮਾਰੂ ਤੇ ਨੀਂ ਬਣਦੀ ਜਿਹੜਾ ਅਗਲਿਆਂ ਨੇ
ਬੇਰੰਗ ਚਿੱਠੀ ਅੰਗੂ ਮੋੜਤਾ ਸੀ
ਤੇ ਜਦੋਂ ਮੁੜਿਆ , ਪੱਟੂਆਂ ਨੇ ਇੱਕ ਅੱਖ ਮੀਚ ਮੀਚ ਨਿਸ਼ਾਨੇ ਲਾਏ
ਗੋਲੀਆਂ ਖੇਡਦੇ ਜਵਾਕਾਂ ਵੰਗੂ.......ਘੁੱਦਾ

No comments:

Post a Comment