Monday 9 April 2012

ਪੁਰਾਣੀ ਸ਼ਾਮ

ਸੋਮਵਾਰ ਦੀ ਸ਼ਾਮ
ਕਾਲੇ ਰੰਗ ਦੇ ਵੱਡੇ ਟੈਮਪੀਸ ਤੇ ਸੁਨਹਿਰੀ ਸੂਈਆਂ ਸੱਤ ਵਜਾ ਦਿੰਦੀਆਂ ਸ਼ੈਦ ਬੇਬੇ ਦੇ ਦਾਜ 'ਚ ਆਇਆ ਸੀ ਇਹ ਟੈਮਪੀਸ
ਤੇ ਟੀ.ਵੀ ਤੇ ਡਾਕਖਾਨੇ ਦੀ ਮਸ਼ੂਰੀ ਆਉਦੀਂ
"ਛੋਟੀ ਛੋਟੀ ਬਚਤ ਵੱਡੀ ਵੱਡੀ ਕਮਾਈ ਡਾਕਖਾਨਿਆਂ ਵਿੱਚ ਮਿਲੇ ਮੇਰੇ ਭਾਈ"
ਦੋ ਮੋਟੇ ਜੇ ਬੰਦੇ ਆਵਦੇ ਢਿੱਡ ਭੜਾਉਦੇਂ ਤੇ ਉੱਤੋਂ ਨੋਟਾਂ ਦਾ ਮੀਂਹ ਵਰ੍ਹਦਾ
ਫਿਰ ਲਿਖਿਆ ਜਾਂਦਾ
"ਖਬਰਾਂ ਥੋੜ੍ਹੀ ਦੇਰ ਬਾਅਦ"
ਦੂਰਦਰਸ਼ਨ ਦਾ ਚਿੰਨ੍ਹ ਡਿਸਪਲੇ ਹੁੰਦਾ
ਤੇ ਖੱਬਿਓਂ ਸੱਜੇ ਪਾਸੇ ਨੂੰ "ਖਬਰਾਂ" ਲਿਖਿਆ ਤੁਰਦਾ
ਤੇ ਸ਼ਪੈਸ਼ਲ ਟਿਉਨ ਵੱਜਦੀ ਤੇ ਟੀ.ਵੀ ਤੋਂ ਪਾਸੇ ਬੈਠੇ ਬਾਪੂ ਜੀ ਹੁਣਾਂ ਨੂੰ ਵੀ ਪਤਾ ਲੱਗ ਜਾਂਦਾ ਬੀ ਖਬਰਾਂ ਚੱਲਪੀਆਂ
ਤੀਰਥ ਸਿੰਘ ਢਿੱਲੋਂ ਬੋਲਦਾ
"ਖਬਰਾਂ ਦੇ ਏਸ ਬੁਲਿਟਨ ਵਿੱਚ ਤੁਹਾਡਾ ਸੁਆਗਤ ਹੈ, ਪੇਸ਼ ਨੇ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ"
"ਤੇ ਹੁਣ ਖਬਰਾਂ ਵਿਸਥਾਰ ਨਾਲ"
ਖਬਰਾਂ ਤੋਂ ਬਾਅਦ ਗੁੱਲੀ ਡੰਡੇ ਆਲੀ ਸਪਰੇਅ ਦੀ ਮਸ਼ੂਹਰੀ ਆਉਦੀਂ ਤੇ
ਲਿਖਿਆ ਆ ਜਾਂਦਾ
"ਅਗਲਾ ਪ੍ਰੋਗਰਾਮ ਲਿਸ਼ਕਾਰਾ"
ਬੇਬੇ ਹੁਣੀਂ ਵੇਲੇ ਨਾਲ ਰੋਟੀ ਟੁੱਕ ਕਰ ਲੈਂਦੀਆਂ ਤੇ ਚੁੱਲ੍ਹੇ ਦੀ ਮੱਠੀ ਜੀ ਅੱਗ ਤੇ ਦੁੱਧ ਕੜ੍ਹਨਾ ਰੱਖ ਦਿੰਦੀਆਂ
ਬਿੰਦਰਖੀਏ ਦੀ ਗੀਤ ਦੀ ਤਰਜ਼ ਵੱਜਦੀ ਤਾਂ ਪਤਾ ਲੱਗ ਜਾਂਦਾ ਲਿਸ਼ਕਾਰਾ ਚੱਲ ਪਿਆ
"ਜਲੰਧਰ ਦੂਰਦਰਸ਼ਨ ਵੇਖ ਰਿਹਾ ਸਾਰੇ ਦੋਸਤਾਂ ਦਾ ਹਾਰਦਿਕ ਸਵਾਗਤ, ਮੈਂ ਸਤਿੰਦਰ ਸੱਤੀ ਲੈਕੇ ਹਾਜ਼ਿਰ ਹਾਂ
ਤੁਹਾਡਾ ਪਸੰਦੀਦਾ ਪ੍ਰੋਗਰਾਮ ਲਿਸ਼ਕਾਰਾ".......ਅੰਮ੍ਰਿਤ ਘੁੱਦਾ

No comments:

Post a Comment