Sunday 29 April 2012

ਭਾਖੜਾ

 ਭਾਖੜਾ ਕਿੱਥੋਂ ਨਿਕਲਦੀ ਆ ਕਦੇ ਵੇਖੀ ਨੀਂ,
ਬਸ 'ਖਬਾਰਾਂ 'ਚ ਪੜ੍ਹੀਦਾ ਬੀ 1680 ਫੁੱਟ ਪਾਣੀ ਸਾਂਭਦੀ ਆ
ਪਰ ਭਾਖੜਾ ਮੁੱਕਦੀ ਕਿੱਥੇ ਆ
ਇਹ ਜ਼ਰੂਰ ਪਤਾ
ਪੋਹ ਮਾਘ 'ਚ ਕਹੀਆਂ ਚੁੱਕੀ ਫਿਰਦੇ ਹਜ਼ਾਰਾਂ ਕਿਰਸਾਨ ਮੁਕਾਉਦੇ ਆ ਭਾਖੜਾ
ਸੁਣਿਆ ਯੂਰੀਆ ਵੀ ਗੁਜਰਾਤ 'ਚ ਬਣਦੀ ਆ
ਨਾਲੇ ਬਠਿੰਡੇ ਥਰਮਲ ਦੇ ਨੇੜੇ ਆ ਕਾਰਖਾਨਾ
ਕਦੇ ਬਣਦੀ ਨੀਂ ਵੇਖੀ
ਪਰ ਭਰੀਆਂ ਝੋਲੀਆਂ ਮੋਢੇ ਤੇ ਚੁੱਕ ਝੋਨੇ ਆਲੇ ਵਾਹਨ 'ਚ
ਖੁੱਭ ਖੁੱਭ ਤੁਰਦੇ ਕਿਰਸਾਨ ਜ਼ਰੂਰ ਦੇਖੇ ਨੇ
ਕਹਿੰਦੇ ਸੋਹਣੇ ਗੱਭਰੂ ਰੱਬ ਆਪ ਬਣਾਉਦਾ ਟੈਮ ਲਾਕੇ ਆਹੋ ਰੀਝਾਂ ਨਾਲ
ਹੁਣ ਮੈਂ ਐਂ ਨੀਂ ਕਹਿਣਾ ਬੀ ਬਣਦੇ ਵੇਖੇ ਨੇ
ਪਰ ਮੁੱਕਦੇ ਜ਼ਰੂਰ ਵੇਖੇ ਨੇ
ਮੋਟਰ ਸੂਤ ਕਰਨ ਖੂਹ 'ਚ ਉਤਰੇ ਗੱਭਰੂ ਨੂੰ ਗੈਸ ਚੜ੍ਹੇ
ਤੇ ਅਖਬਾਰ ਦੀ ਸੁਰਖੀ ਬਣ ਜਾਂਦਾ
ਤੇ ਬਾਕੀਆਂ ਨੂੰ ਮਾਰ ਜਾਂਦਾ ਅਣਵਿਆਹੀਆਂ ਭੈਣਾਂ ਦਾ ਫਿਕਰ
ਤੇ ਬੁਜ਼ਦਿਲੀ ਕਹਿਲੋ ਜਾਂ ਮਜ਼ਬੂਰੀ
ਸਪ੍ਰੇਅ ਦਾ ਲੀਟਰ ਤਕਦੀਰ ਹੋ ਨਿੱਬੜਦਾ
ਟੈਂਕੀ ਤੇ ਚੜ੍ਹਦੀ ਫਰੀਦਕੋਟ ਦੀ ਕਿਰਨਜੀਤ
ਆਪਾਂ ਨਹੀਂ ਵੇਖੀ
ਪਰ ਲਟ ਲਟ ਮੱਚਕੇ ਉੱਤਰਦੀ ਜ਼ਰੂਰ ਸਾਰੇ ਸੰਸਾਰ ਨੇ ਵੇਖੀ ਆ
"ਨੰਨੀ ਛਾਂ" ਆਲ਼ਿਆਂ ਨੇ ਵੀ ਵੇਖੀ ਹੋਊ ਜ਼ਰੂਰ
ਕਹਿੰਦੇ ਬੀ ਮੱਥੇ ਤੇ ਕਿਸਮਤ ਆਲ਼ੇ ਅੱਖਰ ਲਿਖੇ ਹੁੰਦੇ ਆ ਵਿਧਮਾਤਾ ਨੇ
ਆਪਾਂ ਤਾਂ ਕਦੇ ਪੜ੍ਹੇ ਨੀਂ
ਪਰ ਆਹੜ੍ਹੀਏ ਦੀ ਦੁਕਾਨ ਤੇ ਨੋਟਾਂ ਵੱਲ ਤਿਹਾਏ ਕਾਂ ਵੰਗੂ ਝਾਕਦਾ ਜੱਟ
ਉੱਠਣ ਲੱਗਿਆ ਏਨਾ ਕਹਿੰਦਾ ਜ਼ਰੂਰ ਸੁਣਿਆ
"ਕੋਈ ਨਾ ਸੇਠਾ ਅਗਲੀ ਆਰੀ ਨੂੰ ਨਬੇੜਦਾਂਗੇ ਹਸਾਬ"...........ਅੰਮ੍ਰਿਤ ਘੁੱਦਾ

No comments:

Post a Comment