Saturday 28 April 2012

ਲਿਖਣ ਜੋਗੇ ਆਂ

ਨਿੱਕੇ ਹੱਥਾਂ ਨਾਲ ਖੇਤਾਂ 'ਚੋਂ ਚੁਗਕੇ
ਸੜਕਾਂ ਤੇ ਖਿਲਾਰੇ ਕਣਕ ਦੇ ਸਿੱਟੇ ਆ ਅਸੀਂ
ਕਾਰਾਂ ਗੱਡੀਆਂ ਓਤੋਂ ਦੀ ਟੱਪਣ ਗੀਆਂ
ਤਾਂ ਕਿਸੇ ਢਿੱਡ ਨੂੰ ਸਾਡੇ ਦਾਣੇ ਨਸੀਬ ਹੋਣਗੇ
ਦੀਵਾਲੀ ਪਿੱਛੋਂ ਮਹੀਨਿਆਂ ਤੱਕ ਕੋਠਿਆਂ ਤੇ ਪਏ
ਤੇਲ ਨਾਲ ਲਿੱਬੜੇ ਦੀਵੇ ਨੀਂ ਬਨਣਾ ਅਸੀਂ
ਤੇ ਨਹੀਂ ਬਨਣਾ ਉਹਨ੍ਹਾਂ ਢਿੱਡਲਾਂ ਵਰਗੇ
ਜਿਹੜੇ ਖਲੋ ਕੇ ਨਹਾਉਣ ਤਾਂ ਤੇੜ
ਪਾਇਆ ਕੱਛਾ ਵੀ ਨੀਂ ਭਿੱਜਦਾ
ਵਲੈਤ ਰਹਿੰਦੇ ਪੁੱਤ ਨੂੰ ਮਾਂ ਦੇ ਦਿਹਾਂਤ ਦੀ ਪੁੱਜੀ ਖਬਰ ਨੀਂ ਬਨਣਾ ਅਸੀਂ
ਸਰਕਾਰੀ ਮੇਜ਼ਾਂ ਥੱਲਿਓਂ ਦੀ ਨੋਟਾਂ
ਦੀ ਅਦਲਾ ਬਦਲੀ ਫੜ੍ਹੀ ਜਾਏਗੀ ਹੁਣ
ਤਿੰਨ ਘੰਟਿਆਂ ਦੀ ਫਿਲਮ 'ਚ ਵੀਹ ਸਾਲ ਦੀ ਕੈਦ ਕੱਟਕੇ ਮੁੜੇ ਕੈਦੀ ਨੀਂ ਵੇਖਣੇ ਅਸੀਂ
ਕਾਲੇਪਾਣੀ ਗਏ ਗੱਭਰੂ ਤੇ ਬਾਬੇ ਬਣੇ ਡਾ.ਦੀਵਾਨ ਸਿੰਘ ਹੁਣਾਂ ਨੂੰ ਪੜ੍ਹਨਾ ਅਸੀਂ
ਤੇ ਓਤੋਂ ਆਖਣਾ, "ਹੁਣ ਤੂੰ ਆਇਓ ਕਾਸ ਨੂੰ"
ਮੋਟੀ ਕਿਤਾਬ ਨੀਂ ਬਨਣਾ ਅਸੀਂ
ਜੀਹਨੂੰ ਪੜ੍ਹਨ ਦਾ ਕੋਈ ਹੀਆ ਨਾ ਕਰੇ
ਆਦਿਵਾਸੀ ਹੀ ਠੀਕ ਆ ਅਸੀਂ
ਆਹੋ ਨਕਸਲੀ
ਕਰੋ "ਅਪ੍ਰੇਸ਼ਨ ਗ੍ਰੀਨ ਹੰਟ"
ਐਂਤਕੀ ਪੇਟ ਦੀ ਜਗ੍ਹਾ ਛਾਤੀ ਹਾਜ਼ਿਰ ਆ ਸਾਡੀ
ਤੇ ਲਿਆਓ ਖੰਜਰ ਦੀ ਜਗ੍ਹਾ ਗੋਲੀ
ਦਾਤੀਆਂ ਤੋਂ ਕਿਰਚਾਂ ਨਹੀਂ ਬਣਾ ਸਕਦੇ ਅਸੀਂ ਹਲੇ
ਬਸ ਆਹ ਕੁਸ ਲਿਖਣ ਜੋਗੇ ਆਂ...ਘੁੱਦਾ

No comments:

Post a Comment