Sunday 29 April 2012

ਨਿੱਕੇ ਹੁੰਦਿਆਂ ਦੀ ਸੁਣੋ

"ਮੇਰਾ ਸ਼ੇਰ ਪੁੱਤ" ਕਹਿ ਕਹਿ ਤੜਕੇ ਬੇਬੇ ਉਠਾਉਦੀ ਸੀ,
ਫੇਰ ਘੇਸਲ ਮਾਰ ਸੌਂ ਜਾਂਦੇ ਸੀ,
ਉਦੋਂ ਸਾਲੀ ਨੀਂਦ ਵੀ ਬਾਹਲੀ ਆਉਦੀਂ ਸੀ,
ਹੱਥ ਗਿਲਾ ਕਰਕੇ ਬੇਬੇ
ਮੂੰਹ ਤੇ ਪੋਚਾ ਜਾ ਲਾਉਦੀਂ ਸੀ,
ਕੌਲੀ 'ਚ ਚਾਹ ਠਾਰਕੇ ਫਿਰ ਮੂੰਹ ਨੂੰ ਲਾਉਦੀਂ ਸੀ
ਧੱਕੇ ਨਾਲ ਨਵਾ ਕੇ ਬੇਬੇ ਲੀੜੇ ਪਾਉਦੀਂ ਸੀ,
ਫਿਰ ਅੱਧੇ ਪਿੰਡ 'ਚ ਲੇਰ ਸੁਣਦੀ ਸੀ ,
ਜਦੋਂ ਸੋਨੀ ਜਿੱਪ 'ਚ ਆਉਦੀਂ ਸੀ......
ਰੁਮਾਲ ਦਾ ਬਣਾਕੇ ਫੁੱਲ ਜੂੜੇ ਤੇ ਪਾਉਦੀਂ ਸੀ,
ਝੋਲੇ 'ਚ ਪਾਕੇ ਕੈਦੇ ,
ਮੈਨੂੰ ਚਾਚੇ ਨਾਲ ਸਕੂਲ ਘਲਾਉਦੀਂ ਸੀ,
ਸੋਹਣੀ ਸਾਡੀ ਮੈਡਮ ਹੱਥ ਫੜ੍ਹਕੇ ਮੇਰਾ ,
ਮੈਥੋਂ "ੳ, ਅ" ਲਿਖਾਉਦੀਂ ਸੀ,
ਦੂਣੀ ਦੇ ਪਹਾੜੇ ਪਿੱਛੇ ਮਾਸਟਰ ਕੁੱਟਦੇ ਸੀ,
ਰੋ-ਰੋ ਕੇ ਫਿਰ ਨਾਸਾਂ 'ਚੋਂ ਬੁਲਬੁਲੇ ਜੇ ਫੁੱਟਦੇ ਸੀ,
ਅਗਲੇ ਦਿਨ ਫਿਰ ਢਿੱਡ ਦੁਖਦੇ ਦਾ ਸੀ ਬਹਾਨਾ ਬਣਾਈਦਾ,
ਬੰਕ ਮਾਰ ਸਕੂਲੋਂ ਚੋਰੀ 'ਮਰੂਦ ਤੋੜਨ ਜਾਈਦਾ
ਬਸ ਨੱਥੇ ਮਾਸਟਰ ਤੋਂ ਮੈਨੂੰ ਡਰ ਜਾ ਲੱਗਦਾ ਸੀ,
ਹੋਰ ਕਿਸੇ ਦੇ ਨੀਂ ਸੀ ਆਪਾਂ ਹੱਥ ਆਈਦਾ.......ਅੰਮ੍ਰਿਤ ਪਾਲ (ਘੁੱਦਾ)

No comments:

Post a Comment