Monday 23 April 2012

ਅਤੀਤ

ਚੜਦੇ ਸਿਆਲ ਕਸ਼ਮੀਰ ਵੰਨੀਉਂ ਤਿੱਖੇ ਨੈਣ ਨਕਸ਼ਾਂ ਤੇ ਖੁੱਲੇ ਕੱਪੜਿਆਂ ਆਲੇ ਰਾਸ਼ੇ ਆਉਣੇ
ਇੱਕ ਹੱਥ ਚ ਸੋਟੀ ਤੇ ਚਾਦਰ ਚ ਬੰਨੇ ਕਿੰਨੇ ਸਾਰੇ ਸ਼ੌਲ ਢੂਈ ਤੇ ਸਿੱਟੇ ਹੋਣੇ
ਭਾਰ ਨਾਲ ਲਿਫ ਲਿਫ ਕੇ ਤੁਰਦੇ
ਕਈ ਆਰੀ ਇਹਨਾਂ ਕੋਲ ਬਦਾਮ ਵੀ ਹੁੰਦੇ
ਡਲੇ ਮਾਰ ਮਾਰ ਕਾਟੋ ਮਾਰਨੀ
ਅਖੇ ਠਿਆਨੀ ਨਿਕਲੂ ਕਾਟੋ ਚੋਂ
ਟੋਕਰੇ ਨੂੰ ਦੁਸਾਂਗ ਜੇ ਡੰਡੇ ਨਾਲ ਸਹਾਰਾ ਦੇਕੇ ਐਂਡਾ ਜਾ ਕਰਕੇ ਖਲਾਹਰਨਾ
ਤੇ ਥੱਲੇ ਬੁਰਕੀਆਂ ਖਿਲਾਰਕੇ ਰੱਸੀ ਫੜਕੇ ਦੂਰ ਬਹਿ ਜਾਣਾ
ਝਟਕਾ ਮਾਰਨਾ ਤੇ ਚਿੜੀਆਂ ਕਿਡਨੈਪ
ਤੇ ਚਿੜੀਆਂ ਫੜਕੇ ਸਿਰ ਤੇ ਰੰਗ
ਲਾਉਂਦੇ
ਗਰਮੀ ਦੀ ਦੁਪਹਿਰ ਚ ਟੇਲਾਂ ਆਲੇ
ਖੇਤਾਂ ਵੰਨੀਂ ਵਾਹਣ ਵਾਹੁੰਦੇ
ਸਕੌਟ ਟੈਟਰ ਦੀ ਡੂੰਘੀ ਜੀ ਵਾਜ਼ ਸੁਨਣੀ
ਪੰਜਾਂ ਆਲੀ ਖਰਬੂਜਾ ਖਿੱਦੋ ਤੇ ਲੀੜੇ ਧੋਣ ਆਲੇ ਥਾਪੇ ਨਾਲ
ਕਿਰਕਿਟ ਖੇਡਦੇ ਨਾਲੇ ਜੰਗਲ ਪਾਣੀ ਆਲੀ
ਖੂਹੀ ਤੇ ਇੱਟ ਧਰਕੇ ਆਉਦੇ ਬੀ ਕਿਤੇ ਗੇਂਦ ਨਾ ਡਿੱਗਪੇ
ਮੇਲੇ ਤੋਂ ਰਬੜ ਦਾ ਮੱਝ ਕੱਟਾ ਵੀ ਜ਼ਰੂਰ ਲਿਆਉਂਦੇ
ਸੂਏ ਚ ਨਹਾਉਣ ਵੇਲੇ ਚੱਪਲਾਂ ਪਾਣੀ ਚ ਸਿੱਟਦੇ
ਤੇ ਮੁੜਕੇ ਤਾਰੀ ਮਾਰ ਤਰਦੀਆਂ ਚੱਪਲਾਂ ਕੱਢ ਲਿਆਉਦੇ
ਐਤਵਾਰ ਨੂੰ ਮਾਤਾ ਕੇਸੀ ਨਵਾਉਂਦੀ
ਤੇ ਜਦੋਂ ਫਿਰ ਉਲਝੇ ਵਾਲ ਮਾਤਾ ਵਾਹੁੰਦੀ ਤਾਂ ਅੱਧੇ ਪਿੰਡ ਚ ਲੇਰਾਂ ਸੁਣਦੀਆਂ
ਅੱਧੀ ਛੁੱਟੀ ਸਕੂਲੋਂ ਭੱਜ ਆਉਦੇ
ਤੇ ਨਾਲੇ ਗਾਣਾ ਗਾਉਦੇ
"ਅੱਧੀ ਛੁੱਟੀ ਸਾਰੀ ਘੋੜੇ ਦੀ ਸਵਾਰੀ"... ਘੁੱਦਾ

1 comment:

  1. ਬਹੁਤ ਵਧੀਆ ਲਿੱਖਿਆਂ ਹੈ।

    ReplyDelete