Monday 23 April 2012

ਬਖ਼ਸ਼ੀਂ ਕਲਗੀਆਂ ਆਲਿਆ

ਬਖ਼ਸ਼ੀਂ ਕਲਗੀਆਂ ਆਲਿਆ
ਸਾਡੇ 'ਚ ਤੇਰੇ ਪੁੱਤਰਾਂ ਆਲੇ ਗੁਣ ਹੈਨੀ
ਨਾ ਅਸੀਂ ਨੀਹਾਂ ਜੋਗੇ ਆ ਤੇ ਨਾ ਤਲਵਾਰਾਂ ਜੋਗੇ
ਪਰ ਏਨੇ ਡਰਪੋਕ ਵੀ ਨਹੀਂ ਹੈਗੇ ਅਸੀਂ
ਮਸ਼ੂਕ ਦੇ ਆਸ਼ਕ ਵਰਕਿਆਂ ਅੰਗੂ ਪਾੜਨਾ ਜ਼ਰੂਰ ਜਾਣਦੇ ਆ ਅਸੀਂ
ਸਾਡੇ ਤੋਂ ਤੇਰੇ ਤਾਰੂ ਸਿੰਘ ਜਿੰਨਾ ਸਬਰ ਨੀਂ ਹੁੰਦਾ
ਵਾਲ ਈ ਨੇ , ਮਹੀਨੇ ਤੱਕ ਫਿਰ ਆ ਜਾਣਗੇ
ਅਸੀਂ ਤਾਂ ਨਾਈ ਦੀ ਕੁਰਸੀ ਤੇ ਬੈਠੇ ਕਹਿਣੇ ਹੁੰਨੇ ਆ
"ਕਲਮਾਂ ਮੋਟੀਆਂ ਰੱਖਦੀ ਜਰ ਸੈਡਾਂ ਤੋਂ" ਨਾਲੇ ਵਿਚਾਲੇ ਜੇ ਮੱਖੀ ਰੱਖਦੀਂ
ਆਹੋ ਪਿੱਛੇ ਗੁੱਤ ਜੀ ਵੀ ਰਖੀਦੀ ਆ
ਤੇਰੇ ਸਿੱਖ ਆਂ ਤਾਂ ਕਰਕੇ
ਸਾਡੇ ਤੋਂ ਕਿਸੇ ਕੁੜੀ ਬੁੜੀ ਦੀ ਇੱਜ਼ਤ ਦੀ ਆਸ ਨਾ ਰੱਖੀਂ
ਅਸੀਂ ਤਾਂ ਬਸ 'ਚ ਬੈਠੀ ਕੁੜੀ ਦੀ ਝੋਲੀ 'ਚ ਨੰਬਰ ਸਿੱਟ ਆਓਣੇਂ ਆ
ਟਿਕਟ ਤੇ ਲਿਖਕੇ
ਤੇ ਲੱਗਦੀ ਵਾਹ ਕਮਰੇ ਦਾ ਵੀ ਜਗਾੜ ਕਰੀਦਾ
ਨਾਲੇ ਜਾਤਾਂ ਪਾਤਾਂ ਇਕ ਨੀਂ ਹੋ ਸਕਦੀਆਂ
ਜੱਟ ,ਜੱਟ ਈ ਹੁੰਦੇ ਆ
ਤੇ ਚੂਹੜੇ , ਚੂ੍ਹੜੇ ਈ ਰਹਿਣਗੇ
ਸਾਡੇ ਤੋਂ ਨੀਂ ਜੂਠ ਛਕੀਦੀ ਤੇਰੇ ਇਹਨਾਂ ਰੰਘਰੇਟਿਆਂ ਦੀ
ਊਂ ਅਸੀਂ ਤੇਰੇ ਸਿੱਖ ਈ ਆਂ
ਅਸੀਂ ਤਾਂ ਖੇਤਪਾਲ ਆਲ਼ੇ ਬਾਬੇ ਦਾ ਬੱਕਰਾ ਵੀ ਛੱਡਾਂਗੇ
ਕੜਾਹੀ ਵੀ ਕਰਾਂਗੇ
ਕਲਯੁਗ ਆ ਬਾਬਾ , ਸਾਰਾ ਕੁਸ ਈ ਚੱਲਦਾ
ਪਰ ਅਸੀਂ ਤੇਰੇ ਸਿੱਖ ਜ਼ਰੂਰ ਆਂ
ਸਾਡੇ ਤੋਂ ਨੀਂ ਦੇਗਾਂ 'ਚ ਉਬਲਿਆ ਜਾਂਦਾ
ਛਾਲੇ , ਧੱਫੜ ਸੌ ਕੁਸ ਹੋਜੂ
ਚਰਖੜੀਆਂ ਤੇ ਨੀਂ ਪਿੰਜਣਾ ਅਸੀਂ
ਆਰਿਆਂ ਦੇ ਦੰਦੇ ਨੀਂ ਵੇਖੀਦੇ ਸਾਥੋਂ
ਹਾਂ ਊਂ ਸਾਨੂੰ ਨਿੱਤ ਨਮਾਂ ਹਥਿਆਰ ਰੱਖਣ ਦਾ ਸ਼ੌਕ ਜ਼ਰੂਰ ਹੈਗਾ
ਉਂ ਤਾਂ ਕਿਉਂਕਿ ਅਸੀਂ ਤੇਰੇ ਸਿੱਖ ਆਂ
ਬਖ਼ਸੀ ਕਲਗੀਆਂ ਆਲ਼ਿਆ .....ਅੰਮ੍ਰਿਤ ਘੁੱਦਾ

No comments:

Post a Comment