Sunday 29 April 2012

ਮੈਂ ਤੇ ਨਾਨੀ

ਰੌਲੇ ਵੇਲੇ ਦੀ ਗੱਲ ਸੁਣਾਉਦੀਂ ਹੁੰਦੀ ਸੀ
ਮੇਰੀ ਨਾਨੀ,
ਗੱਲ ਸ਼ੁਰੂ ਕਰਨ ਤੋਂ ਪਹਿਲਾਂ
ਜਵਾਕਾਂ ਵਾਗੂੰ ਦੋਵੇਂ ਬਾਹਾਂ ਖੋਲ੍ਹ
ਦੱਸਦੀ ਸੀ
"ਓਦੋਂ ਮੇਰੇ ਦਵਾਲੇ ਛੱਜ ਹੁੰਦਾ ਸੀ ਸੋਨੇ ਦਾ"
ਝੁਰੜੀਆ ਭਰਿਆ ਚਿਹਰਾ ਸੀ ਨਾਨੀ ਦਾ,
ਕਦੇ ਕਿਸੇ ਤੇ ਗੁੱਸੇ ਨਾ ਹੋਣਾ ਤੇ ਨਾਹੀ
ਖਿੜ-ਖਿੜਾ ਕੇ ਹੱਸਣਾ,
ਬਸ ਹਲਕੀ ਜੀ ਮੁਸਕਰਾਹਟ
ਪਰ ਗੰਭੀਰ ਹੁੰਦੀ ਸੀ ਨਾਨੀ
ਰੌਲ਼ੇ ਵੇਲੇ ਦੀ ਗੱਲ ਸੁਣਾਉਣ ਵੇਲੇ,
ਛੱਤ ਵੱਲ ਝਾਕਕੇ,
ਦੱਸਦੀ ਸੀ ਪੁਰਾਣਾ ਪਿੰਡ "ਖਾਈ"
ਲਾਹੌਰ ਲਾਗੇ,
ਤੇ ਫਿਰ ਦੱਸਦੀ ਸੀ ਘਰ ਛੱਡਣ ਵੇਲੇ,
ਘਰ ਮੱਲ੍ਹਣ ਲਈ ਘਰ ਮੂਹਰੇ ਖਲੋਤਾ
ਮੁਸ਼ਕਰੀਏਂ ਹੱਸਦਾ ਮੁਸਲਮਾਨ ਗਵਾਂਢੀ,
ਤੇ ਫਿਰ ਸਾਡੀਆਂ ਮੱਝਾਂ ਵੱਲ
ਨਿਗਾਹ ਮਾਰ ਬੋਲਦੀ
"ਇਹ ਤਾਂ ਕੁਛ ਵੀ ਨੀਂ,
ਸਾਡਾ ਵੱਗ ਹੁੰਦਾ ਸੀ ਮੱਝਾਂ ਦਾ"
ਫਿਰ ਸਿਰ ਤੇ ਹੱਥ ਜਾ ਰੱਖ ਬੋਲਦੀ,
"ਉਹ ਵੀ ਓਥੇ ਈ ਰਹਿ ਗਿਆ"
ਗੱਲਾਂ ਕਰਦਿਆਂ ਮੰਮੀ ਚਾਹ
ਫੜ੍ਹਾ ਜਾਂਦੀ ਸੀ ਸਾਨੂੰ,
ਤੇ ਫਿਰ ਨਾਨੀ ਦੱਸਦੀ ਸੀ
ਉਹ ਪਿੰਡ, ਜਿੰਨਾਂ ਨਾਲ ਜਾ
ਲੱਗਦੀ ਸੀ ਜ਼ਮੀਨ ਦੀ ਹੱਦ,
ਤੇ ਫਿਰ ਅੱਖਾਂ ਭਰ ਚੇਤੇ ਕਰਦੀ ਸੀ
ਜ਼ੈਨਬ, ਰਜੀਆ ਵਰਗੀਆਂ ਸਹੇਲੀਆਂ ਨੂੰ,
ਤ੍ਰਿੰਝਣ, ਖੂਹ, ਪੀਘਾਂ, ਭੱਤਾ,
ਹੋਰ ਪਤਾ ਨੀਂ ਕੀ ਕੁਝ ਦੱਸਦੀ ਸੀ ਨਾਨੀ,
ਚਾਹ ਤੇ ਮਲਾਈ ਆ ਜਾਂਦੀ ਸੀ
ਤੇ ਠਰੀ ਚਾਹ ਤੋਂ ਅਣਗੌਲੇ
ਚਲਦੀ ਰਹਿੰਦੀ ਸੀ ਨਾਨੀ ਦੀ ਗੱਲਬਾਤ
ਸਾਡਾ ਪਮੇਰੀਅਨ ਕੁੱਤਾ ਵੀ ਆ ਬਹਿੰਦਾ ਸੀ
ਸਾਡੇ ਕੋਲ,
ਭੌਕਣਾਂ ਭੁੱਲਕੇ,
ਜਿਵੇਂ ਸਭ ਸਮਝ ਰਿਹਾ ਹੋਵੇ
ਫਿਰ ਨਾਨੀ ਗੱਲ ਤੋਰਦੀ ਜਲੰਧਰ ਵੱਲ
ਗੇੜੇ ਮਾਰ ਮਾਰ, ਭਾਰਤ 'ਚ
ਅਲਾਟ ਕਰਾਈ ਜ਼ਮੀਨ,
ਤੇ ਫਿਰ ਹੱਥ ਜੋੜ ਰੱਬ ਵੱਲ ਵੇਖ,
ਸ਼ੁਕਰਾਨਾ ਕਰਦੀ ,
ਤੇ ਕਹਿੰਦੀ
"ਸਾਡਾ ਜੀਆ ਜੰਤ ਬਚਾ ਲਿਆ ਸੀ ਵਾਗਰੂ ਨੇ"
ਤੇ ਫਿਰ ਬਾਹਰੋਂ ਮੈਨੂੰ ਵਾਜ਼ ਵੱਜਦੀ,
"ਪੁੱਤ ਭਾਂਡੇ ਫੜ੍ਹਾਜਾ ਚਾਹ ਆਲੇ , ਮਾਂਜ ਦੀਏ"
ਤੇ ਫਿਰ ਮੈਂ ਤੇ ਨਾਨੀ ਹੱਸਦੇ ,
ਠੰਡੀ ਚਾਹ ਦੇ ਗਲਾਸ ਵੇਖਕੇ....ਅੰਮ੍ਰਿਤ ਪਾਲ ਘੁੱਦਾ

No comments:

Post a Comment