Tuesday 24 April 2012

ਜੇ ਕਦੇ ਆਉਣਾ ਹੋਇਆ



ਕਦੇ ਮੇਰੇ ਪਿੰਡ ਨੂੰ ਆਉਣਾ ਹੋਇਆ ਤਾਂ ਘੋੜੇ ਆਲੀ
ਸਰਕਾਰੀ ਬੱਸ ਦੀ ਮੂਹਰਲੀ ਸੀਟ ਤੇ ਬਹਿਕੇ ਕਨੈਟਰ ਨੂੰ ਕਹਿੰਦੀ ,"ਘੁੱਦੇ ਜਾਣਾ"
ਦੂਏ ਅੱਡੇ ਤੇ ਉਤਰਕੇ ਕਿਸੇ ਨੂੰ ਵੀਂ ਘਰ ਪੁੱਛਲੀਂ
ਸ਼ਹਿਰਾਂ ਵਾਗੂੰ ਕੈਪਰੀ ਪਾਈ ਪੱਗਡੌਗ ਦੀ ਸੰਗਲੀ ਫੜ੍ਹੀ ਕੋਈ ਲੇਡੀਜ਼ ਨੀਂ ਘੁੰਮਦੀ ਹੋਣੀ
ਪਰ ਬਾਜ਼ੀਗਰਾਂ ਦਾ ਸ਼ੰਭੂ ਮਿਲੂ ਜੀਹਦੀ ਸਕੂਟਰੀ ਦੀ ਪਿਛਲ਼ੀ ਕਾਠੀ ਤੇ
ਵੱਡੇ ਟੋਕਰੇ 'ਚ ਦੋ ਕੁ ਮੇਮਣੇ ਕੱਸ ਕੇ ਬੰਨ੍ਹੇ ਹੋਣਗੇ
ਜਾਂ ਹੱਥ 'ਚ ਨਿੱਕੀ ਸੋਟੀ ਤੇ ਮੂੰਹ 'ਚ ਡੱਕਾ ਜਾ ਚੱਬਦਾ
ਕੱਲੀ ਨਿੱਕਰ ਪਾਈ ਭਲਾਮਾਣਸ ਬੰਦਾ ਲੁੱਡਣ ਮਿਲ ਸਕਦਾ
ਤੇ ਤੈਨੂੰ ਇੰਮਪ੍ਰੈਸ ਕਰਨ ਲਈ ਉਹ ਛੱਪੜ 'ਚ ਤਾਰੀ ਵੀ ਲਾ ਸਕਦਾ
ਥੋੜ੍ਹਾ ਗੌਰ ਨਾਲ ਆਈਂ
ਛਿੱਟੀਆਂ ਦੇ ਛੌਰਾਂ ਉਹਲੇ ਸ਼ਹਿ ਕੇ ਬੈਠੇ ਕੁੱਤੇ ਤੇਰਾ ਗਿੱਟਾ ਫੜ੍ਹ ਸਕਦੇ ਆ
ਤੇ ਇਹਨ੍ਹਾਂ ਨੂੰ ਜਿੰਮੀਂ ਜਾਂ ਟਾਈਗਰ ਕਹਿ ਕੇ ਨਾ ਪੁਚਕਾਰੀਂ
ਇਹਨ੍ਹਾਂ ਨੂੰ ਬਸ "ਤੋਏ" "ਤੋਏ" ਦੀ ਈ ਸਮਝ ਆਉਦੀਂ ਆ
ਜੇ ਕੋਈ ਧੁੱਪ ਤੋਂ ਬਚਦਾ ਮੱਥੇ ਤੇ ਹੱਥ ਰੱਖਦਾ ਮੋਟੇ ਸ਼ੀਸ਼ਿਆ ਆਲ਼ੀ ਐਨਕ ਆਲ਼ਾ ਬਾਬਾ ਮਿਲਿਆ
ਤਾਂ ਸਸਰੀਕਾਲ ਜ਼ਰੂਰ ਬੁਲਾਂਦੀ
ਮੈਲੇ ਲੀੜੇ ਤੇ ਘਸ ਘਸ ਕੇ 'ਗੂਠੇ ਤੇ ਅੱਡੀ ਥੱਲਿਓਂ ਨੀਲੀ ਨਿਕਲੀ ਚੱਪਲ ਆਲ਼ੀ
ਪੱਠਿਆਂ ਦੀ ਪੰਡ ਚੁੱਕੀ ਆਉਦੀਂ ਵਿਹੜੇ ਆਲ਼ਿਆਂ ਦੀ ਪਾਸ਼ੋ ਦੀ ਫੋਟੋ ਨਾ ਖਿੱਚੀਂ
ਸਾਨੂੰ ਚੁੱਕ ਚੁੱਕ ਖਿਡਾਉਦੀਂ ਰਹੀ ਆ ਉਹ
ਛੱਪੜ ਵੱਲ ਨੂੰ ਮਹੀਆਂ ਲਈ ਆਉਦੇਂ ਹੋਣਗੇ ਟਿਵਾਣਿਆਂ ਤੇ ਢਿੱਲੋਆਂ ਦੀ ਪੱਤੀ ਦੇ ਬੁੜੇ
ਪਾਸੇ ਹੋਜੀਂ ਇਹਨ੍ਹਾਂ ਮੱਝਾਂ ਤੋਂ ਨਹੀਂ ਤਾਂ ਮੱਝ ਦੀ ਲਿੱਬੜੀ ਵੀ
ਵੱਜੀ ਪੂਛ ਦਾ ਮੁਸ਼ਕ
"Santoor" ਸੋਪ ਨਾਲ ਦਸ ਵਾਰੀ ਧੋਣ ਤੇ ਵੀਂ ਨਹੀਂ ਜਾਣਾ
ਸਾਡੇ ਘਰੇ ਆਕੇ ਸਿੱਧਾ ਨਾ ਦੱਸੀਂ ਬੀ ਮੈਂ ਥੋਡੇ ਮੁੰਡੇ ਦੀ ਫਰੈਂਡ ਆ
ਨਹੀਂ ਤਾਂ ਮੈਨੂੰ ਦਸ ਦਿਨ ਰੋਟੀ ਘਰੋਂ ਬਾਹਰ ਈ ਖਾਣੀ ਪੈਣੀ ਆ...........ਅੰਮ੍ਰਿਤ ਪਾਲ ਘੁੱਦਾ


No comments:

Post a Comment