Sunday 29 April 2012

ਨਾ ਫਿੱਟ ਨੀਂ

 ਮਾਈ ਭਾਗੋ ਤੇ ਝਾਂਸੀ ਦੀ ਰਾਣੀ ਹੁਣਾਂ ਦੀਆਂ ਗੱਲਾਂ ਸਾਨੂੰ ਫਿੱਟ ਨੀ
ਕਿਸੇ ਫਿਲਮ ਦੀ ਪ੍ਰਮੋਸ਼ਨ ਲਈ ਬਣਾਏ ਆਈਟਮ ਸੌਂਗ ਆਲੀ
ਮੁੰਨੀ, ਸ਼ੀਲਾ,ਜਲੇਬੀ ਬਾਈ ਅਰਗੀਆਂ ਕੁੜੀਆਂ ਸਾਨੂੰ ਸੂਤ ਆ
ਇਹ ਭਮਾਂ ਦੀ ਕਟਰੀਨਾ ਕੈਫ ਹੋਵੇ ਜਾਂ ਮੀਕੇ ਆਲੀ ਰਾਖੀ ਸਾਵੰਤ
"ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ"
ਜਾਂ "ਮੇਰੀ ਮੌਤ ਤੇ ਨਾਂ ਰੋਇਉ ਮੇਰੀ ਸੋਚ ਨੂੰ ਬਚਾਇਉ"
ਅਰਗੇ ਇਨਕਲਾਬੀ ਗੀਤ ਤਾਂ ਫੁੱਦੂ ਨੇ
ਅਸੀਂ ਪਤਾ ਕਿਹੜੇ ਗਾਣੇ ਸੁਣਦੇ ਆ
ਝੋਨਾ 1 , ਝੋਨਾ 2 ਪਟਰੋਲ 1, ਪਟਰੋਲ 2
ਮੋਟਰ 1, ਮੋਟਰ 2 ਚਾਹ ਦਾ ਕੱਪ 1 , ਚਾਹ ਦਾ ਕੱਪ 2
ਭੋਗ ਵੇਲੇ ਪਾਠੀ ਸਿੰਘ ਜਦੋਂ ਰਲਕੇ ਨੌਂਵੇ ਪਾਤਸ਼ਾਹ ਦੇ ਸਲੋਕ ਪੜ੍ਹਦੇ ਨੇ
"ਚਿੰਤਾ ਤਾਕੀ ਕੀਜੀਐ ਜੋ ਅਣਹੋਣੀ ਹੋਇ, ਇਸ ਮਾਰਗਿ ਸੰਸਾਰ ਮੇਂ ਨਾਨਕ ਥਿਰ ਨਹੀਂ ਕੋਇ"
ਤਾਂ ਓਦੋ ਅਸੀਂ ਭੋਗ ਆਲੇ ਘਰ ਦੇ ਗੇਟ ਤੇ ਖੜ੍ਹੇ ਕਹਿਣੇ ਹੁੰਨੇ ਆ
"ਸਾਲਿਆ ਤੇਰੀ ਆਲੀ ਤਾਂ ਆਗੀ,ਮੇਰੇ ਆਲੀ ਨੂੰ ਕੀ ਗੋਲਾ ਵੱਜਾ?"
ਆਥਣ ਵੇਲੇ ਸੁੰਨੀਆਂ ਕਚਿਹਰੀਆਂ 'ਚ ਵਕੀਲਾਂ ਤੇ ਟਾਈਪੈਸਟਾਂ ਦੀਆਂ ਮੇਜ਼
ਕੁਰਸੀਆਂ ਨੂੰ ਸੰਗਲੀ ਪਾ ਲਾਏ ਜਿੰਦੇ ਵੰਗੂ ਬੇਮਤਲਬ ਜੇ ਆ ਅਸੀਂ
ਜਾਂ ਰਿਸਦੇ ਰਹਿਣੇ ਆ ਸਰਹੱਦੀ ਪਿੰਡ ਦੀ ਵਾਟਰ ਵਕਸ ਆਲੀ ਟੈਂਕੀ ਅੰਨੂ
ਆਵਦੇ ਆਪ 'ਚ ਅਸੀਂ ਵੀ ਭਗਤ ਸਿਹੁੰ ਆ
ਫਾਂਸੀ ਤਾਂ ਦੂਰ ਸਾਡੀਆਂ ਤਾਂ ਪੇਪਰਾਂ ਦਾ ਰਿਜ਼ਲਟ ਆਓਣ ਤੋਂ ਪਹਿਲਾਂ
ਈ ਲੱਤਾਂ ਭੂਆ ਭੂਆ ਕਰਨ ਲੱਗ ਜਾਂਦੀਆਂ....ਘੁੱਦਾ

No comments:

Post a Comment