Monday 30 April 2012

ਇਹਨ੍ਹਾਂ ਦਾ ਹਸਾਬ ਕਤਾਬ

ਇਹਨ੍ਹਾਂ ਦਾ ਹਸਾਬ ਕਤਾਬ ਹੋਰ ਹੁੰਦਾ
ਜੇ ਮੀਂਹ ਵਰ੍ਹਦੇ 'ਚ ਧੁੱਪ ਨਿਕਲ ਆਏ
ਤਾਂ ਇਹ ਕਹਿੰਦੇ ਨੇ ,"ਗਿੱਦੜ ਗਿੱਦੜੀ ਦਾ ਵਿਆਹ ਹੋਈ ਜਾਂਦਾ
ਜਵਾਕ ਦੇ ਹੱਥ ਦੀ ਤਲੀ 'ਤੇ ਘੋਰਕੰਡੇ ਜੇ ਕਰਕੇ
ਕਹਿੰਦੇ ਨੇ ,"ਇੱਥੇ ਮੇਰਾ ਪੁੱਤ ਛੱਪੜ ਤੇ ਮੱਝਾਂ ਲੈ ਕੇ ਆਇਆ ਸੀ,ਕਿੱਰ ਗਿਆ"
ਮੁੜਕੇ 'ਤਾਹਾਂ ਨੂੰ ਬਾਂਹ ਵੰਨੀਂ ਹੱਥ ਤੋਰਕੇ
ਕਹਿੰਦੇ ਨੇ, "ਆਹ ਜਾਂਦੀ ਪੈੜ, ਆਹ ਜਾਂਦੀ ਪੈੜ"
ਕੱਛ ਕੋਲ ਜਾਕੇ ਕੁਤਕਤਾੜੀ ਕਰਕੇ ਰੌਲਾ ਪਾਉਣਗੇ
"ਥਿਆਹ ਗਿਆ, ਥਿਆਹ ਗਿਆ"
ਕੰਨਾਂ ਤੇ ਸਟੈਥੋਸਕੋਪ ਲਾਈ ਬੈਠਾ ਡਾਕਟਰ
ਹੱਥ 'ਚ ਫੜ੍ਹਿਆ ਪੰਪ ਮਾਰਦਾ
ਬਲੱਡ ਚੈੱਕ ਕਰਦਾ ਕਿਸੇ ਬਾਬੇ ਦਾ
ਤੇ ਕਹਿੰਦਾ,"ਬਾਬਾ ਤੂੰ ਟੈਨਸ਼ੈੱਨ ਕਰਦਾਂ, ਬੀ.ਪੀ ਵਧਿਆ ਵਾ ਤੇਰਾ"
ਕਰੜ ਬਰੜੀ ਦਾਹੜੀ ਤੇ
ਸਾਲ ਕੁ ਪਹਿਲਾਂ ਬਨਵਾਈ ਅੱਖ ਮੋਟੀ ਦੀਂਹਦੀ ਆ ਬਾਬੇ ਦੀ
ਤੇ ਐਨਕ ਦੇ ਮੋਟਿਆਂ ਸ਼ੀਸ਼ਿਆਂ 'ਚੋਂ ਝਾਕਦਾ
ਬਾਬਾ ਬੋਲਦਾ,"ਟੇਸਨ ਤਾਂ ਪੁੱਤ ਮੱਲੋਜੋਰੀ ਆਉਦੀਂ ਆ"
ਨਿੱਕੀ ਕੁੜੀ ਦੇ ਵਿਆਹ ਵੇਲੇ ਸਮਾਏ ਕੁੜਤੇ ਦੀ ਲੁੱਪੀ ਲੱਗੀ
ਜੇਬ ਚੋਂ ਝਾਤੀ ਮਾਰਦਾ ਬੀਹਾਂ ਦਾ ਨੋਟ
ਇਹ ਭਾਰ ਨੂੰ ਕਵਾਂਟਲਾਂ 'ਚ ਨਹੀਂ,
ਮਣਾਂ 'ਚ ਤੋਲਦੇ ਨੇ
ਢਾਈ ਮਣ ਦਾ ਇੱਕ ਕਵਾਂਟਲ, ਸਿੱਧਾ ਸਾਬ੍ਹ
ਕਿਸੇ ਨੀਲਾਮੀ ਵੇਲੇ ਖ੍ਰੀਦੀ ਪੇਂਟਿੰਗ ਨਾਲ ਡੈਕੋਰੇਟ ਨਹੀਂ ਕੀਤੇ ਹੁੰਦੇ
ਇਹਨ੍ਹਾਂ ਦੇ ਕਮਰੇ
ਟੀਪ ਕੀਤੀ ਕੰਧ ਤੇ ਸ਼ੀਸ਼ੇ 'ਚ ਜੜ੍ਹਿਆ ਵੱਡੇ ਪੁੱਤ ਦਾ ਸਿਹਰਾ ਲੱਗਾ ਵਾ ਹੁੰਦਾ
ਜਾਂ ਅਖੰਡ ਪਾਠ ਵੇਲੇ ਚੰਦੋਆ ਬੰਨ੍ਹਣ ਲਈ
ਚਾਰੇ ਖੂੰਜਿਆਂ 'ਚ ਕੁੰਡੇ ਲੱਗੇ ਹੁੰਦੇ ਨੇ
ਪਰ ਗੱਲ ਸੁਣਲੀਂ ਆੜੀਆ
ਐਮੇਂ ਨਾ ਜਾਣੀ, ਬਾਰ ਉਹਲੇ ਰੇਤ ਲਾਕੇ ਰੱਖਿਆ ਗੰਡਾਸਾ ਵੀ ਹੁੰਦਾ.....ਘੁੱਦਾ

No comments:

Post a Comment