Monday 9 April 2012

ਚੌਰਾਸੀ ਲੱਖ

ਪਿੰਡੋਂ ਦੂਰ ਪੁਰਾਣੀ ਕੱਸੀ ਕੋਲੇ ਬੱਕਰੀਆਂ ਚਾਰਦਾ ਬਾਜ਼ੀਗਰਾਂ ਦਾ ਮੁੰਡਾ
ਰੇਤੇ ਨਾਲ ਰਗੜ ਰਗੜ ਲਿਸ਼ਕਣ ਲਾ ਦਿੰਦਾ ਚਾਹ ਆਲ਼ੀ ਪਤੀਲੀ
ਸਾਲੀ ਏਨੀ ਚਮਕ ਤਾਂ VIM BAR ਨਾਲ ਵੀ ਨੀਂ ਆਉਦੀ
ਬੱਸ 'ਚ ਭੀਖ ਮੰਗਦੀ ਆ ਕੁੜੀ
ਲੋਕਾਂ ਦੀ ਝੋਲੀ 'ਚ ਕਾਰਡ ਜਾ ਰੱਖ ਦਿੰਦੀ ਆ
"ਗਰੀਬ ਦੀ ਫਰਿਆਦ ਸੁਣੋ, ਇਹ ਬੱਚੇ ਦਾ ਕੋਈ ਵਾਰਸ ਨਹੀਂ ਇਹਦੀ ਮਦਦ ਕਰੋ"
ਡਰੈਵਰ ਬੱਸ ਸਟਾਟ ਕਰਦਾ ਤਾਂ ਕੁੜੀ ਦਵਾ ਦਵ
ਕਾਰਡ ਕੱਠੇ ਕਰ ਅੱਡੇ 'ਚ ਵੜੀ ਹੋਰ ਬੱਸ ਵੱਲ ਭੱਜਦੀ ਆ
ਚੰਗੇ ਜੱਫੇ ਲਾਉਦਾ ਸੀ ਸ਼ੂਕਾ ਪਤੰਦਰ ਫਲੈਂਗ ਕੈਂਚੀ ਮਾਰਦਾ ਸ
ਬਾਪੂ ਦੇ ਛਿੱਤਰਾਂ ਤੋਂ ਡਰਦੇ ਸ਼ੂਕੇ ਨੇ ਖੇਡਣ ਦਾ ਖਿਆਲ ਛੱਡ
ਭੱਠੇ ਤੇ ਜਾ ਸੈਂਚੇ 'ਚ ਮਿੱਟੀ ਪਾਈ
ਤੇ ਇੱਟਾਂ ਤੇ ਸੇਠ ਦੇ ਮੁੰਡੇ ਦੇ ਦਾ ਨਾਂ ਉਕਾਰਨ "R M"ਲੱਗਾ
ਕਹਿੰਦੇ ਦੋ ਕਰੋੜ ਮਿਲਿਆ ਕਬੱਡੀ ਪਲੇਅਰਾਂ ਨੂੰ
ਪਰ ਹੁਣ ਸ਼ੂਕੇ ਨੂੰ ਕੋਈ ਫਰਕ ਨੀਂ ਪੈਂਦਾ
ਅੱਡੇ 'ਚ ਫਲ ਵੇਚਦਾ ਰੋਟੀ ਖਾਤਰ ਕਬੀਲਦਾਰ ਜਾ ਬੰਦਾ
ਆਵਦੇ ਜਵਾਕ ਦੇ ਕੰਨ ਤੇ ਮਾਰਦਾ
ਅਗਲਾ ਸਿਔ ਨੂੰ ਹੱਥ ਨੀਂ ਲਾਉਣ ਦਿੰਦਾ
ਆਹੋ ਬਈ ਜੇ ਆਵਦੇ ਜਵਾਕ ਈ ਫਲ ਖਾਗੇ ਲੋਕਾਂ ਨੂੰ ਕੀ ਵੇਚੂ
ਯੁਵਰਾਜ ਦਾ ਇਲਾਜ ਕਹਿੰਦੇ 'ਮਰੀਕਾ 'ਚ ਚੱਲਦਾ
ਆਹੋ ਸੱਚ ਸੁਖਬੀਰ ਦੀ ਮਾਤਾ ਦਾ ਵੀ ਵਲੈਤੋਂ ਈ ਇਲਾਜ ਹੋਇਆ ਸੀ
ਮਤਲਬ ਇਹਨ੍ਹਾਂ ਨੂੰ ਭਾਰਤ ਦੇ "ਏਮਜ਼" ਅਰਗੇ ਹਸਪਤਾਲਾਂ ਤੇ ਯਕੀਨ ਨੀਂ
ਪੰਜਾਬ ਦੇ ਹਜ਼ਾਰਾਂ ਪਿੰਡ
ਹਜ਼ਾਰਾਂ ਸਰਕਾਰੀ ਤੇ ਕੋਨਵੈਂਟ ਸਕੂਲ਼
ਪਰ ਭਗਤ ਸਿੰਘ ਦੀ ਸੋਚ ਆਲੇ ਮਨਪ੍ਰੀਤ ਦਾ ਮੁੰਡਾ ਵਲੈਤ ਪੜ੍ਹਦਾ ਕਹਿੰਦੇ
ਮਤਲਬ ਇਹਨ੍ਹਾਂ ਨੂੰ ਆਵਦੇ ਈ ਖੋਲ੍ਹੇ ਸਕੂਲਾਂ ਤੇ ਯਕੀਨ ਨੀਂ
ਇੱਕ ਬਾਬਾ ਕਹਿੰਦਾ ਅਖੇ ਚੌਰਾਸੀ ਲੱਖ ਜੂਨਾਂ ਭੋਗਕੇ ਮਿਲਿਆ ਮਨੁੱਖੀ ਜਾਮਾ
ਇਹਨੂੰ ਦੱਸ ਦਿਓ ਸਾਨੂੰ ਚੌਰਾਸੀ ਲੱਖ ਤੋਂ ਡਰ ਨੀਂ ਲੱਗਦਾ
ਥੋਡਾ ਆਹੀ ਮਨੁੱਖਾ ਜਨਮ ਕੱਟਣਾ ਔਖਾ..............ਅੰਮ੍ਰਿਤ ਪਾਲ ਘੁੱਦਾ

No comments:

Post a Comment