Wednesday 16 May 2012

ਉਂਗਲਾਂ

ਓਦੋਂ ਹੋਰ ਕੰਮ ਸੀ ਉਗਲਾਂ ਦਾ
ਜਦੋਂ ਟਰਾਲੀ 'ਚ ਸਿੱਟੀ ਪਰਾਲੀ ਤੇ ਬਹਿ
ਦਮਦਮਾ ਸੈਹਬ ਜਾਂਦੇ ਸੀ , ਤੇ ਲਿਖਣਸਰ ਗੁਰਦਆਰੇ
ਰੇਤੇ ਤੇ ਉਗਲਾਂ ਵਾਹ ਫੱਟੀ ਤੋਂ ਵੇਖ ਪੈਂਤੀ ਅੱਖਰੀ ਲਿਖਦੇ ਸੀ
ਆਹੋ ਉਹੀ ਗੁਰਦਆਰਾ ਜਿੱਥੇ ਗ੍ਰੰਥ ਪੂਰਾ ਕੀਤਾ ਸੀ
ਨਹੀਂ ਓਏ ਸੰਪੂਰਨ ਹੁੰਦਾ
ਮੈਡਮਾਂ ਉਗਲਾਂ 'ਚ ਪੈੱਨ ਪਾਕੇ ਘੁੱਟ ਦੇਂਦੀਆਂ
ਪੱਬਾਂ ਭਾਰ ਹੋਕੇ ਲੇਰਾਂ ਛੱਡ ਦੇਂਦੇ, ਹਾਏ ਬੀਬੀਏ ਮਾਰਤਾ
ਕਈ ਆਰੀ ਘਰੇ ਮੁੜਦੇ ਤਾਂ ਘਰਦੇ ਪੁੱਛਦੇ ,
"ਆਹ ਗੱਲ੍ਹ ਤੇ ਉਂਗਲਾਂ ਕੀਹਨੇ ਛਾਪਤੀਆਂ ਓਏ"
ਸਾਈਨ ਥੀਟੇ ਦੇ ਸਵਾਲ ਕੱਢਦੀਆਂ ਸੀ ਉਂਗਲਾਂ
ਬਾਈ ਬਟਾ ਸੱਤ ਬਰਾਬਰੇ ਪਾਈ ਆਰ ਦੀ ਦੋ
ਸ਼ਾਬਾਸ਼ੇ ਹਸ਼ਿਆਰ ਆ ਮੁੰਡਾ
ਹੁਣ ਹੋਰ ਕੰਮ ਕਰਦੀਆਂ ਉਂਗਲਾਂ
ਊੜੇ ਤੋਂ ਲੈ ਪੈਰੀਂ ਬਿੰਦੀ ਆਲ਼ੇ ਅੱਖਰਾਂ ਤੱਕ ਦੀਆਂ
ਸਿਹਾਰੀਆਂ ਬਿਹਾਰੀਆਂ ਨਾਲ ਜੱਫੀਆਂ ਪਵਾਉਦੀਆਂ ਨੇ
ਆਹੋ ਸ਼ੈਦ ਕਵਿਤਾ ਲਿਖਦੀਆਂ ਹੁਣ ਉਂਗਲਾਂ
ਪਰ ਮਸ਼ੂਕ ਦੇ ਮੱਥੇ ਤੋਂ ਜੁਲਫ ਹਟਾਉਣ ਦੇ
ਕੰਮ ਨੀਂ ਆਈਆਂ ਕਦੇ ਉਂਗਲਾਂ
ਨੇਤਾ ਵੀ ਵਰਤਦੇ ਨੇ ਉਂਗਲਾਂ,
ਕਦੇ ਲਾਉਣ ਲਈ
ਤੇ ਕਦੇ ਜਿੱਤ ਪਿਛੋਂ ਜੇਤੂ ਚਿੰਨ੍ਹ ਬਣਾਉਣ ਲਈ
ਵਾਰਦਾਤ ਪਿੱਛੋਂ ਸਬੂਤ ਛੱਡਣ ਲਈ ਵੀ ਕਾਫੀ ਹੁੰਦੀਆਂ ਉਗਲਾਂ
ਯਾਰ ਦੀ ਮੁੰਦਰੀ ਹੰਢਾਉਣ ਲਈ
ਜਾਂ ਉਗਲਾਂ ਮਹਿਬੂਬ ਦੇ ਬਦਨ ਤੇ ਸਹਿਲਾਉਣ ਲਈ ਈ ਨਹੀਂ ਹੁੰਦੀਆਂ
ਜੁੜਕੇ ਮੁੱਠੀ ਬਨਣ ਲਈ ਵੀ ਹੁੰਦੀਆਂ
ਬੰਦੂਕ ਦਾ ਘੋੜਾ ਦੱਬਣ ਲਈ ਵੀ ਹੁੰਦੀਆਂ ਨੇ ਉਂਗਲਾਂ...ਘੁੱਦਾ

No comments:

Post a Comment