Tuesday 22 May 2012

ਗੋਬਿੰਦ ਸਿੰਘ ਆ ਰਿਹੈ

ਬਿਹਾਰ  ਵਿੱਚ ਪਟਨਾ,ਵਾਪਰੀ ਘਟਨਾ
ਜੰਮਿਆ ਸੂਰਾ,ਗੱਲਾਂ ਦਾ ਪੂਰਾ
ਜਾਇਆ ਗੁਜ਼ਰੀ ਦੀ ਕੁੱਖੋਂ,
ਲਾਲੀ ਚਿਹਰੇ ਤੇ ਭਖਦੀ
ਵਾਹਿਗੁਰੂ ਆਖਿਆ ਸੀ ਮੁੱਖੋਂ
ਭੀਖਣ ਸ਼ਾਹ ਆਇਆ,ਦੋ ਕੁੱਜੇ ਲਿਆਇਆ
ਦੋਹਾਂ ਤੇ ਹੱਥ ਧਰਿਆ,ਭਰਮ ਦੂਰ ਕਰਿਆ
ਹਰਾਨ ਕਰਤਾ ਭੀਖਣ ਨੂੰ
ਪੀਰ ਅਸ਼ ਅਸ਼ ਕਰ ਉੱਠਿਆ
ਤੱਕਕੇ ਬੁੱਧੀ ਤੀਖਣ ਨੂੰ
ਮਾਸੂਮ ਜਾ ਮੁੱਖੜਾ ,ਜਿਓਂ ਚੰਨ ਦਾ ਟੁੱਕੜਾ
ਗੱਲਾਂ ਵੱਡੀਆਂ ਸੁਣਾ ਰਿਹੈ
ਦੱਸ ਦੇਣਾ ਦੁਨੀਆਂ ਨੂੰ ਬਈ ਗੋਬਿੰਦ ਸਿੰਘ ਆ ਰਿਹੈ

ਲਏ ਸ਼ਸ਼ਤਰ ਧਾਰ, ਤੇਜ਼ ਘੋੜ-ਸਵਾਰ
ਤਲਵਾਰ ਚਲਾਉਂਦਾ, ਆਹੂ ਲਾਹੁੰਦਾ
ਜੁਗਤਾਂ ਬਣਾਈਆਂ ਕਰੇ ਲੜਾਈਆਂ,
ਬਣਾ ਮਿੱਤਰਾਂ ਦੀ ਟੋਲੀ
ਤੋਤਲੀ ਜੁਬਾਨ ਬੋਲ ਰਹੀ
ਸੋਹਣੀ ਪੂਰਬ ਦੀ ਬੋਲੀ
ਪੰਜਾਬੀ ਸਿੱਖਦਾ, ਫਾਰਸੀ ਲਿਖਦਾ
ਸਿੱਖੇ ਹਰਫ ਉਠਾਉਣੇ, ਜੀ ਤੀਰ ਚਲਾਉਣੇ
ਨਿਸ਼ਾਨੇ ਸੇਧ ਕੇ ਲਾ ਰਿਹਾ
ਦੱਸ ਦੇਣਾ ਦੁਨੀਆਂ ਨੂੰ ਬਈ ਗੋਬਿੰਦ ਸਿੰਘ ਆ ਰਿਹੈ

ਪੰਜਾਬ ਨੂੰ ਆਇਆ, ਜੀ ਨਗਰ ਵਸਾਇਆ,
ਜੀਹਨੂੰ ਅਨੰਦਪੁਰ ਕਹਿੰਦੇ ਨੇ
ਜਿੱਥੇ ਮਾਘੀ, ਵਸਾਖੀ ਤੇ ,ਖਾਲਸੇ ਜੁੜਕੇ ਬਹਿੰਦੇ ਨੇ
ਜੀ ਗੱਲ ਅਖੀਰੀ ,ਪੰਡਤ ਕਸ਼ਮੀਰੀ
ਸੀ ਰਲਕੇ ਆਏ , ਚਿਹਰੇ ਕੁਮਲਾਏ,
ਭੀਖ ਸਾਹਾਂ ਦੀ ਮੰਗਦੇ ਸੀ
ਡਰ ਤਾਨਾਸ਼ਾਹਾਂ ਦਾ
ਜੀ ਸਿਰ ਸੂਲੀ ਟੰਗਦੇ ਸੀ
ਉਮਰ ਨਿਆਣੀ, ਜੀ ਸੋਚ ਸਿਆਣੀ
ਜੰਜੂ ਦੀ ਰਾਖੀ, ਸੱਚੀ ਗੱਲ ਆਖੀ
ਪਿਤਾ ਦਿੱਲੀ ਨੂੰ ਘਲਾ ਰਿਹੈ
ਦੱਸ ਦੇਣਾ ਦੁਨੀਆਂ ਨੂੰ ਬਈ ਗੋਬਿੰਦ ਸਿੰਘ ਆ ਰਿਹੈ

ਸੀ ਜ਼ੁਲਮ ਦੇ ਘੇਰੇ ਜੀ ਚਾਰ ਚੁਫੇਰੇ
ਘਟਾ ਸੀ ਛਾਈ ਜੀ ਡਰੀ ਲੋਕਾਈ
ਮਾਮਲੇ ਭਰਦੇ ਡੰਡੇ ਤੋਂ ਡਰਦੇ
ਸਮਾਜ ਵੰਡਿਆ ਸੀ ਵਰਗਾਂ 'ਚ
ਛਾਇਆ ਸੀ ਮਾਤਮ
ਬਈ ਜਿਓਂ ਹੁੰਦਾ  ਮਰਗਾਂ 'ਚ
ਮੁਲ਼ਖ 'ਕੱਠਾ ਕਰਿਆ, ਖੰਡੇ ਤੇ ਹੱਥ ਧਰਿਆ
ਪੰਜ ਸੀਸ ਉੱਠੇ , ਜੀ ਲਾਲੇ ਗੁੱਠੇ
ਜੰਤਾ ਸੀ ਡਰਗੀ  ਕਨਾਤਾਂ ਪਾਰ ਕਰਗੀ
ਅੰਮ੍ਰਿਤ ਬਣਾਇਆ ਜੀ ਘੋਲ ਛਕਾਇਆ
ਪੰਜ ਪਿਆਰੇ ਜੀ ਰਾਜ ਦੁਲਾਰੇ
ਲਏ ਸ਼ਸ਼ਤਰਧਾਰ ਜੀ ਪੰਜ ਕਰਾਰ
ਨਵਾਂ ਪੰਥ ਸਜਾਕੇ ਜੀ
ਨਾਂ ਨਾਲ ਸਿੰਘ ਲਗਾ ਰਿਹੈ
ਦੱਸ ਦੇਣਾ ਦੁਨੀਆਂ ਨੂੰ ਬਈ ਗੋਬਿੰਦ ਸਿੰਘ ਆ ਰਿਹੈ

ਯੁੱਧ ਭੰਗਾਣੀ ਜੀ ਗੱਲ ਪੁਰਾਣੀ
ਸੰਤੋਂ ਬਣੇ  ਸਿਪਾਹੀ ਤੇਗ ਬੜੀ ਵਾਹੀ
ਅਨੰਦਪੁਰ ਛੱਡਿਆ ਕਾਲਜਾ ਵੱਢਿਆ
ਸਰਸਾ ਪਾਰ ਕੀਤੀ, ਸੱਚੀਂ ਹੱਡਬੀਤੀ
ਪਰਿਵਾਰ ਵਿਛੋੜਾ ਪੈ ਗਿਆ ਸੀ
ਹੋਗੇ ਤਿੰਨ ਹਿੱਸੇ, ਜੀ ਵੱਖਰੇ ਕਿੱਸੇ
ਸਮੇਂ ਦੀ ਚਾਲ ਬੁਰੇ ਸੀ ਹਾਲ
ਸਤਿਗੁਰਾਂ ਮੰਨਿਆ ਭਾਣੇ ਨੂੰ
ਹਿੱਕ ਜੋਰ ਨਾਲ ਡੱਕਰਿਆ
ਪਿੱਛੇ ਚੜ੍ਹੇ ਆਉਂਦੇ ਲਾਣੇ ਨੂੰ
ਠਾਹਰ ਨਵੀਂ ਫੜ੍ਹੀ, ਚਮਕੌਰ ਦੀ ਗੜ੍ਹੀ
ਗੱਲ ਨਿਰਾਲੀ , ਸਿੰਘ ਸੀ ਚਾਲੀ
ਸਵਾ ਲੱਖ ਨਾਲ ਇੱਕ ਲੜਾ ਰਿਹੈ
ਦੱਸ ਦੇਣਾ ਦੁਨੀਆਂ ਨੂੰ ਬਈ ਗੋਬਿੰਦ ਸਿੰਘ ਆ ਰਿਹੈ

ਅੱਖਾਂ ਦੇ ਤਾਰੇ, ਵੱਡੇ ਪੁੱਤ ਵਾਰੇ
ਆਪ ਫੜ੍ਹ ਹਥਿਆਰ ਹੋਏ ਜੰਗ ਨੂੰ ਤਿਆਰ
ਮੂਹਰੇ ਹੋ ਪੰਜ ਪਿਆਰੇ ਖੜ੍ਹਗੇ
ਥੋਡੀ ਲੋੜ ਪੰਥ ਨੂੰ ਜੀ
ਸੂਰਮੇ ਜਿੱਦ ਤੇ ਅੜਗੇ
ਸੰਗਤ ਸਿੰਘ ਨੂੰ ਕਲਗੀ ਲਾਤੀ, ਤਲਵਾਰ  ਫੜ੍ਹਾਤੀ
ਚਾਨਣੀ ਰਾਤ, ਦੂਰ ਪ੍ਰਭਾਤ
ਗੜ੍ਹੀ 'ਚੋਂ ਨਿਕਲੇ ਤਾੜੀ ਵਜਾਕੇ
ਮਾਛੀਵਾੜੇ ਪਹੁੰਚ ਗਏ ਕਈ ਵੈਰੀਆਂ ਦੇ ਸਿਰ ਲਾਹਕੇ
ਖਬਰ ਇੱਕ ਆਈ,  ਸ਼ਹੀਦੀ ਪਾਈ
ਛੋਟਿਆਂ ਪੁੱਤਰਾਂ ਇਤਿਹਾਸ ਰਚਾਇਆ
ਜੜ੍ਹ ਘਾਹ ਦੀ ਪੱਟ ਕਹਿੰਦੇ
ਤੇਰਾ ਅੰਤ ਔਰੰਗਿਆ ਆਇਆ
ਝੱਟ ਨੀਂਦਰ ਲੈਣੇ ਨੂੰ ਸਿਰ੍ਹਾਣਾ ਟਿੰਡ ਦਾ ਲਾ ਰਿਹੈ
ਦੱਸ ਦੇਣਾ ਦੁਨੀਆਂ ਨੂੰ ਬਈ ਗੋਬਿੰਦ ਸਿੰਘ ਆ ਰਿਹੈ

ਥਾਂ ਆਲਮਗੀਰ ,ਬਣ ਉੱਚ ਦਾ ਪੀਰ
ਕੇਸ ਸੀ ਖੁੱਲ੍ਹੇ ਮੰਜੇ ਤੇ ਬਹਿ ਗਿਆ
ਕੋਈ ਪੀਰ ਮੁਸਲਾਂ ਦਾ
ਫੌਜਾਂ ਨੂੰ ਭੁਲੇਖਾ ਪੈ ਗਿਆ
ਪੈਂਡੇ ਸੀ ਬਿਖੜੇ, ਗੁਰੂ ਦੇ ਸਿੱਖੜੇ
ਚੱਲੇ ਖਿਦਰਾਣੇ ,ਜੀ ਨਵੇਂ ਟਿਕਾਣੇ
ਜੰਗ ਹੋਇਆ ਜ਼ੋਰਾਂ ਦਾ
ਖੰਡਾ ਖੜਕਾਇਆ ਮਾਈ ਭਾਗੋ ਨੇ
ਇਹ ਇਤਿਹਾਸ ਨਹੀਂ ਚੋਰਾਂ ਦਾ
ਬੇਦਾਵਾ ਪਾੜ, ਲਡਾਏ ਲਾਡ
ਮੁਆਫ ਸੀ ਕਰਤਾ, ਨਵਾਂ ਨਾਂ ਧਰਤਾ
ਖਿਦਰਾਣੇ ਨੂੰ ਮੁਕਤਸਰ ਸਾਹਿਬ ਬਣਾ ਰਿਹੈ
 ਦੱਸ ਦੇਣਾ ਦੁਨੀਆਂ ਨੂੰ ਬਈ ਗੋਬਿੰਦ ਸਿੰਘ ਆ ਰਿਹੈ

ਓਥੋਂ ਚਾਲੇ ਸੀ ਪਾਏ, ਪਿੰਡ ਬਾਜਕ ਨੂੰ ਆਏ
ਘੁੱਦੇ ਦੇ ਨੇੜੇ, ਜੱਸੀ ਲਾਏ ਡੇਰੇ
ਪੁੱਜੇ ਤਲਵੰਡੀ, ਜਿੱਥੇ ਅੰਬਾਂ ਦੀ ਛਾਂ ਠੰਡੀ
ਜਗ੍ਹਾਂ ਇਕਾਂਤ, ਹੋਇਆ ਮਨ ਸ਼ਾਤ
ਮਨੀ ਸਿੰਘ ਬੁਲਾਇਆ , ਕੋਲ ਬਿਠਾਇਆ
ਕਲਮ ਫੜ੍ਹਾਈ, ਬਾਣੀ ਰਚਾਈ
ਗ੍ਰੰਥ ਨਵਾਂ ਰਚਤਾ
ਹੁਣ ਕੁੱਲ ਲੋਕਾਈ ਜਿਸਨੂੰ
ਝੁੱਕ ਝੁੱਕ ਕੇ ਕਰਦੀ ਸਜਦਾ
ਸਿੰਘ ਇੱਕ ਆਇਆ, ਬੰਦੂਕ ਲਿਆਇਆ
ਸੱਦ ਡੱਲੇ ਨੂੰ ਕੀਤੀ ਫਿਰ ਪਰਖ ਹਥਿਆਰ ਦੀ
ਪਾਣੀ ਹੋ ਗਿਆ ਡੱਲਾ
ਗੰਢ ਖੁਲ੍ਹਗੀ ਹੰਕਾਰ ਦੀ
ਦਮਦਮੇ ਸਿੰਘਾਂ ਦੀ ਇੱਕ ਛਾਉਣੀ ਬਣਾ ਰਿਹੈ
ਦੱਸ ਦੇਣਾ ਦੁਨੀਆਂ ਨੂੰ ਬਈ ਗੋਬਿੰਦ ਸਿੰਘ ਆ ਰਿਹੈ

ਦੱਖਣ ਨੂੰ ਚੱਲੇ , ਨਵੇਂ ਰਾਹ ਮੱਲੇ
ਗੋਦਾਵਰੀ ਕਿਨਾਰਾ ਜੀ ਅਜ਼ਬ ਨਜ਼ਾਰਾ
ਜਗ੍ਹਾ ਰਮਣੀਕ ਨਾ ਕੋਈ ਸ਼ਰੀਕ
ਦੀਵਾਨ ਨਿੱਤ ਸਜਦੇ, ਨਗਾਰੇ ਵੱਜਦੇ
ਦੱਖਣੀ ਸਿੱਖ ਪੜ੍ਹਨ ਗੁਰੂ ਦੀ ਬਾਣੀ
ਕੁਦਰਤ ਦੀ ਗੋਦ ਅੰਦਰ
 ਗੁਰਾਂ ਨੇ ਮੌਜ ਬਥੇਰੀ ਮਾਣੀ
ਗਿਆਰਵਾ ਗੁਰੂ ਥਾਪਿਆ ਜੀ ਫਿਰ ਗੁਰੂ ਗ੍ਰੰਥ ਨੂੰ
"ਗੁਰੂ ਮਾਨਿਓ ਗ੍ਰੰਥ" ਦਾ ਹੋਕਾ ਦਿੱਤਾ ਮਹਾਨ ਪੰਥ ਨੂੰ
ਓਥੇ ਇੱਕ ਡੇਰਾ, ਸਾਧ ਦਾ ਬਸੇਰਾ
ਮੰਜੇ ਤੇ ਬਿਠਾਉਦਾਂ, ਫੇਰ ਉਲਟਾਉਂਦਾ
ਪੂਰੇ ਕੌਤਕ ਦਿਖਾਉਦਾਂ ਸੀ
ਬਣੇ ਪੂਰਾ ਸਾਧੂ ਜੀ ਮਾਧੋ ਦਾਸ ਕਹਾਉਂਦਾ ਸੀ
ਗੁਰੂ ਫਿਰ ਆਇਆ, ਜੀ ਬੰਦਾ ਬਣਾਇਆ
ਉਹਨੂੰ ਸਿੰਘ ਸਜਾਕੇ ਜੀ ਪੰਜਾਬ ਨੂੰ ਘਲਾ ਰਿਹੈ
ਦੱਸ ਦੇਣਾ ਦੁਨੀਆਂ ਨੂੰ ਬਈ ਗੋਬਿੰਦ ਸਿੰਘ ਆ ਰਿਹੈ
ਦੱਸ ਦੇਣਾ ਦੁਨੀਆਂ ਨੂੰ ਬਈ ਗੋਬਿੰਦ ਸਿੰਘ ਆ ਰਿਹੈ........ ਘੁੱਦਾ

No comments:

Post a Comment