Monday 4 June 2012

ਪਾਸੇ ਰੱਖ ਨਿੱਕਿਆ

ਪਾਸੇ ਰੱਖ ਨਿੱਕਿਆ ਮੋਢੇ ਰੱਖੀ ਰਫਲ ਦੁਨਾਲੀ ਨੂੰ
ਰਾਂਤੀ ਅੱਬੜਵਾਹੇ ਉੱਠਦੀ ਆ ਪੁੱਛ ਮਾਂ ਕਰਮਾਂਆਲੀ ਨੂੰ
ਚੱਤੋਪੈਰ ਰੋਹੀਆਂ ਚੋਂ ਫੈਰਾਂ ਦੀਆਂ 'ਵਾਜ਼ਾ ਆਉਂਦੀਆਂ ਸੀ
ਮੋਟਰਾਂ ਆਲਿਆਂ ਕੋਠਿਆਂ 'ਚੋਂ ਓਦੋਂ ਲਾਸ਼ਾ ਥਿਆਉਂਦੀਆਂ ਸੀ
ਚਿੱਟੀਆਂ ਚੁੰਨੀਆਂ ਧਰੀਆਂ ਸੀ ਸਿਰ ਸੱਜ ਵਿਆਹੀਆਂ ਦੇ
ਬੱਬਰ ਸ਼ੇਰਾਂ ਤੋਂ ਵੱਡੇ ਜਿਗਰੇ ਸੀ ਪੰਜਾਬ ਦੀਆਂ ਜਾਈਆਂ ਦੇ

ਪੇਟੀਆਂ ਤਾਂਈ ਫਰੋਲਦੀਆਂ ਸੀ ਆ ਟੀਮਾਂ ਪੁਲਸਦੀਆਂ
ਲੱਗੇ ਕਰਫੂ ਫਸਲਾਂ ਸੀ ਬਿਨ੍ਹਾਂ ਪਾਣੀਓਂ ਝੁਲਸਦੀਆਂ
ਜੰਗ ਲੱਗਗੀ ਸੀ ਕਹੀਆਂ ਤੇ ਕੁਹਾੜਿਆਂ ਦੇ ਲੋਹੇ ਨੂ
ਅਦਾਲਤਾਂ ਚੋਂ ਲੱਭਦੀ ਮਾਤਾ ਹੁਣ ਵੀ ਪੁੱਤਰ ਖੋਹੇ ਨੂੰ
ਬਾਂ ਬਾਂ ਪਈ ਹੁੰਦੀ ਸੀ ਨਿੱਤ ਕੱਸੀਆਂ ਸੂਇਆਂ ਤੇ
ਬਲੈਕ ਲਿਸਟਾਂ 'ਚ ਨਾਂ ਚਾੜ੍ਹਤੇ ਜਿੰਦੇ ਲਾਗੇ ਬੂਹਿਆਂ ਤੇ

ਵਾਲ ਖੋਲ਼੍ਹਕੇ ਪਿੱਛੇ ਹੱਥ ਬੰਨ੍ਹਕੇ ਠੇਡੇ ਮਾਰੇ ਢੂਈਆਂ ਤੇ
ਬਿਨ ਚਾਰਿਓਂ ਲੇਵੇ ਸੁੱਕਗੇ ਸੀ ਓਦੋਂ ਸੱਜਰ ਸੂਈਆਂ ਦੇ
ਗਿੱਠ ਗਿੱਠ ਘਾਹ ਉੱਗ ਪਿਆ ਜਿੱਥੇ ਬਲਦੇ ਸੀ ਚੁੱਲ੍ਹੇ
ਵਾਇਰਲੈਸਾਂ ਨਾ ਦੂਸ਼ਤ ਹਵਾ ਤੱਤੇ ਵਗਦੇ ਸੀ ਬੁੱਲੇ
ਕਮਾਦਾਂ ਵਿੱਚ ਰੈਣ ਬਸੇਰੇ ਪੈਗੇ ਚੀਰ ਸੀ ਲੱਤਾਂ ਬਾਹਵਾਂ ਤੇ
ਮਰਨ ਮਾਰਨ ਆਲੇ ਸਭ ਪੁੱਤਰ ਸੀ ਪਰ ਇੱਕੋ ਮਾਵਾਂ ਦੇ

ਇੱਕ ਜਨੂੰਨ ਦੂਜਾ ਮੁੱਦਾ ਧਰਮਕੀ ਤੀਜਾ ਜੋਰ ਜਵਾਨੀ ਦਾ
ਫੜ੍ਹ ਸੰਤਾਲੀਆਂ ਰਾਖਾ ਤੁਰਿਆ ਪੱਤ ਧੀ ਭੈਣ ਬਿਗਾਨੀ ਦਾ
ਕਾਲਰ ਦੇ ਵਿੱਚ ਹਰ ਚੋਬਰ ਨੇ ਸਾਈਨੈਡ ਲੁਕਾਇਆ ਸੀ
ਹੱਥੀਂ ਮੌਤ ਸਹੇੜਨ ਗੱਭਰੂ ਏਹੇ ਜਾ ਟੈਮ ਵੀ ਆਇਆ ਸੀ
ਜੰਨ ਚੜ੍ਹਨੇ ਨੂੰ ਕਈ ਪਿੰਡਾਂ ਵਿੱਚ ਕੋਈ ਲਾੜਾ ਨਾ ਬਾਕੀ ਸੀ
ਬਸ ਘੂੰ ਘੂੰ ਕਰਦੀਆਂ ਜੀਪਾਂ ਜਾਂ ਦਿਸਦੀ ਵਰਦੀ ਖਾਕੀ ਸੀ

ਫਿਰ ਲੁੰਗ ਲਾਣਾ ਸੀ ਆ ਚੜ੍ਹਦਾ ਜੇ ਸ਼ੱਕ ਸੀ ਕਿਧਰੇ ਪੈ ਜਾਂਦਾ
ਬੁੱਢੇ ਪਿਓ ਨੂੰ ਟਾਰਚਰ ਕੀਤੇ ਪੁੱਤ ਦਾ ਈ ਝੋਰਾ ਲੈ ਜਾਂਦਾ
ਪੱਟ ਦੁਆਲੇ ਤਾਰ ਵਲ੍ਹੇਟ ਕੇ ਪਲਾਸਾਂ ਨਾ ਫਿਰ ਕੱਸਦੇ ਸੀ
ਭੁੱਕ ਕੇ ਉੱਤੇ ਮਿਰਚਾਂ ਵਾਰਸ ਮੀਰ ਮਨੂੰ ਦੇ ਹੱਸਦੇ ਸੀ
ਹੌਂਕੇ ਮਾਰ ਮਾਰ ਕੇ ਸੁਣਿਆ ਉਂਗਲਾਂ 'ਚੋਂ ਨਹੁੰ ਕੱਢੇ ਸੀ
ਪਲੀਤ ਕਰਨ ਨੂੰ ਸਿੰਘਾਂ ਦਾ ਬਾਣਾ ਪੁਲਸ ਕੈਟ ਵੀ ਛੱਡੇ ਸੀ

ਬੁਲਟ ਪਰੂਫ ਟਰੈਕਟਰਾਂ ਦਾ ਵੀ ਅਗਲੇ ਜ਼ੋਰ ਅਜ਼ਮਾਓਦੇ ਸੀ
ਸਿਰ੍ਹਾਣੇ ਰੱਖ ਰੇਡੀਏ ਵੀ ਬੜੀ ਅੱਗ ਵਰ੍ਹਾਉਂਦੇ ਸੀ
ਚੰਮ ਸੜਨੇ ਦਾ ਮੁਸ਼ਕ ਆਓਂਦਾ ਜਦੋਂ ਲਾਬੂੰ ਲੱਗਦੇ ਸੀ
ਟੁੱਕ ਨਾ ਪਕਾਉਣਾ ਸਾਰੇ ਪਿੰਡ ਨੇ ਤਵੇ ਮੂਧੇ ਵੱਜਦੇ ਸੀ
ਠੱਗਾਂ ਚੋਰਾਂ ਲੈ ਆੜ ਸਿੰਘਾਂ ਦੀ ਡੋਲੇ ਲੁੱਟਲੇ ਵਿੱਚ ਰਾਹਵਾਂ ਦੇ
ਵਾਰਨ ਲਈ ਫੜ੍ਹੇ ਈ ਰਹਿ ਗਏ ਪਾਣੀ ਹੱਥੀਂ ਕਈ ਮਾਵਾਂ ਦੇ

ਚੋਹਲ ਮੋਹਲ ਜੀ ਕਰਦੈਂ ਨਿੱਕਿਆ ਸ਼ੌਕ ਨਾ ਬਣਾ ਹਥਿਆਰਾਂ ਨੂੰ
ਕਾਹਨੂੰ ਫੈਰ ਫੂਰ ਜੇ ਕੱਢਦਾਂ ਮੁੜ ਕੇ ਆਉਣਦੇ ਬਹਾਰਾਂ ਨੂੰ
ਨਮਾਂ ਖੂਨ ਉਬਾਲੇ ਮਾਰਦਾ ਤੇਰਾ ਸੇਕ ਘਟਾ ਲੈ ਅੱਗਾਂ ਦੇ
ਘੁੱਦਿਆ ਅੱਗੇ ਈ ਰਗੜੇ ਤਾਅ ਨੀਂ ਆਏ ਪੱਟੇ ਲਾਈ ਲੱਗਾਂ ਦੇ
ਮੁੜ ਪਿਓ ਦੇਣ ਨਾ ਅੱਗਾਂ ਫੇਰ ਪੁੱਤਾਂ ਦੀਆਂ ਚਿਖਾਵਾਂ ਨੂੰ
ਦੂਰ ਰੱਖੀਂ ਬਾਜ਼ਾਂ ਆਲਿਆ ਕਾਲੀਆਂ ਘਨਘੋਰ ਘਟਾਵਾਂ ਨੂੰ....ਘੁੱਦਾ

No comments:

Post a Comment