Friday 15 June 2012

ਇਤਿਹਾਸ

ਪਹੁ ਫੁੱਟੇ ਤੇ ਛੱਡ ਬਰੋਟਿਆਂ ਨੂੰ ਸਭ ਉੱਡ ਗਏ ਨੇ ਝੁੰਡ ਜਨੌਰਾਂ ਦੇ
ਟੱਪ ਵਾਹਗਾ ਤੇ ਕੰਡਿਆਲੀਆਂ ਤਾਰਾਂ ਨੂੰ ਰਾਹ ਪੈਗੇ ਉਹੋ ਲਾਹੌਰਾਂ ਦੇ
ਪੀ ਪਾਣੀ ਹਰਮੰਦਰ ਦੇ ਸਰੋਵਰ 'ਚੋਂ ਨਨਕਾਣੇ ਜਾ ਕੇ ਟੁੱਕ ਖਾਂਦੇ ਨੇ
ਖਟਕੜ ਕਲਾਂ ਦੇ ਘਰ ਦੀ ਝਾਤ ਲੈਕੇ ਸੈਂਟਰਲ ਲਾਹੌਰ ਨੂੰ ਜਾਂਦੇ ਨੇ
ਫੱਟਾ ਖਿੱਚਦੇ ਦੇ ਹੱਥ ਤੇ ਵੱਢ ਦੰਦੀ ਰੱਸੇ ਟੁੱਕਦੇ ਨੇ ਫਾਂਸੀਆਂ ਦੇ
ਯੁੱਧ ਤੱਕਕੇ ਬਕਸਰ ਪਲਾਸੀਆਂ ਦੇ ਹਾਲ ਪੁੱਛਦੇ ਜਾਕੇ ਝਾਂਸੀਆਂ ਦੇ

ਪੰਜ ਤੀਰ ਤੇ ਪੱਚੀ ਸਿੰਘ ਲੈਕੇ ਬੰਦਾ ਸਿੰਘ ਪੰਜਾਬ ਦਾ ਰਾਹ ਮੱਲੇ
ਚੱਪੜਚਿੜੀ ਦਾ ਰੰਗ ਸ਼ਾਹ ਲਾਲ ਹੋਇਆ ਖਾਨ ਵਜ਼ੀਰ ਚਾਲੇ ਪਾ ਚੱਲੇ
ਸਿੱਕਾ ਘੜਿਆ ਗੁਰੂ ਦੀ ਮੋਹਰ ਆਲਾ ਡਾਹਢੀ ਸੂਰਮੇ ਧਾਂਕ ਜਮਾਲੀ ਸੀ
ਕਿੱਥੋਂ ਜਿੱਤ ਹੋਣੀ ਸੀ ਉਦੋਂ ਖਾਲਸੇ ਦੀ ਘਰ ਵਿੱਚੇ ਈ ਫੁੱਟ ਪਾਲੀ ਸੀ
ਕੈਦ ਕਰ ਬੰਦੇ ਤੇ ਬਾਕੀ ਸਿੰਘਾਂ ਨੂੰ ਪਾਣੀ ਫੌਜ ਨੇ ਦਿੱਲੀ ਜਾ ਪੀਤਾ
ਕੁਤਬ ਮੀਨਾਰ ਲਾਗੇ ਜੰਮੂਰ ਚੂੰਡੇ ਪਰ ਮੂੰਹੋ ਨਾ ਬੰਦੇ "ਆਹ" ਕੀਤਾ

ਪਿੱਛੋਂ ਬੰਦੇ ਦੇ ਹੋਏ ਘੱਲੂਘਾਰੇ ਵਾਹਵਾ ਸਿਰਾਂ ਦੇ ਸੀ ਓਦੋਂ ਮੁੱਲ ਪੈਂਦੇ
ਹਰਮੰਦਰ ਵਿੱਚ ਹੋਣ ਮੁਜ਼ਰੇ ਚੱਲੇ ਦਾਰੂ ਤੇ ਮਹਿਫਲੀਂ ਜੁੜ ਬਹਿੰਦੇ
ਗੁਰੀਲਾ ਯੁੱਧ ਸੀ ਓਦੋਂ ਖਾਲਸੇ ਦਾ ਦਿਨੇਂ ਲੁਕਦੇ ਤੇ ਰਾਤੀਂ ਵਾਰ ਕਰਦੇ
ਖਬਰ ਮਿਲੀ ਜਦੋਂ ਮੱਸੇ ਰੰਘੜ ਦੀ ਦੋ ਸਿੰਘਾਂ ਨੂੰ ਫੇਰ ਫਰਾਰ ਕਰਦੇ
ਝੱਟ ਲਾਹ ਗਾਟਾ ਗੁਰੂ ਦੇ ਦੋਖੀ ਦਾ ਅਗਲੇ ਨੇਜ਼ਿਆਂ ਉੱਤੇ ਟਿਕਾਉਂਦੇ ਨੇ
ਰਾਹ ਪੈਕੇ ਬੁੱਢੇ ਜੌੜ ਵਾਲੇ ਘੋੜ-ਸਵਾਰ ਯੋਧੇ ਹਵਾ ਨੂੰ ਗੰਢਾਂ ਪਾਉਂਦੇ ਨੇ

ਅੱਖੋਂ ਕਾਣਾ ਪਰ ਨਜ਼ਰੋਂ ਪੂਰਾ ਸੀ ਫਿਰ ਸ਼ੇਰੇ ਪੰਜਾਬ ਦਾ ਰਾਜ ਆਇਆ
ਕਰ ਛਾਂ ਸਿੱਖੀ ਆਲੇ ਬੂਟੇ ਨੂੰ ਦਿੱਤੀ ਪੜਗਾਹ ਤੇ ਪਾਣੀ ਫੇਰ ਲਾਇਆ
ਕਸ਼ਮੀਰਾਂ ਤੱਕ ਫਿਰ ਰਾਜ ਕੀਤਾ ਰੋਕੀਆਂ ਅਫਗਾਨਾਂ ਦੀਆਂ ਰਾਹਵਾਂ ਨੇ
ਬਾਜ਼ਾਂ ਆਲ਼ੇ ਦੀ ਨਾਲ ਓਟ ਰੈਂਹਦੀ ਰਾਹ ਰੋਕੇ ਸੀ ਅਟਕ ਦਰਿਆਵਾਂ ਨੇ
ਕਿੱਥੇ ਮੁੱਕਣਾ ਸੀ ਰਾਜ ਖਾਲਸੇ ਦਾ ਤੇਜੇ ਲਾਲ ਕੀਤੀਆਂ ਗਦਾਰੀਆਂ ਸੀ
ਸਹੀ ਕਿਹਾ ਸੀ ਸ਼ਾਹ ਮੁਹੰਮਦ ਨੇ ਫੌਜਾ ਜਿੱਤ ਕੇ ਅੰਤ ਨੂ ਹਾਰੀਆਂ ਸੀ

ਗੁਲਾਮੀ ਦੀ ਜਦੋਂ ਬੋ ਆਈ ਫੇਰ ਗਦਰ ਮਚਾਤਾ ਸੀ ਗਦਰੀ ਬਾਬਿਆਂ ਨੇ
ਜੰਤਾ ਅਹਿੰਸਾ ਨੂੰ ਹਥਿਆਰ ਸਮਝੇ ਡਰਾਤਾ ਗੋਰਿਆਂ ਦੇ 'ਗਰੇਜ਼ੀ ਦਾਬਿਆਂ ਨੇ
ਇਨਕਲਾਬ ਨਿੱਕਲੂ ਬੰਦੂਕ ਦੀ ਨਾਲ ਵਿੱਚੋਂ ਕਹਿੰਦਾ ਯੋਧਾ ਸਰਾਭਿਆ ਦਾ
ਕਾਮਾਗਾਟਾਮਾਰੂ ਲੰਡਨੋਂ ਬਰੰਗ ਮੋੜਿਆ ਸੀ ਕੂਕਾ ਲਹਿਰ ਦੇ ਬਾਬਿਆਂ ਦਾ
ਬੰਨ੍ਹ ਤੋਪਾਂ ਮੂਹਰੇ ਅਗਲੇ 'ਫਾਇਰ' ਕਰਦੇ ਤੇ ਲੋਥੇ ਉੱਡਦੇ ਵੇਖੇ ਸਰੀਰਾਂ ਦੇ
ਆਉਦੀਂ ਨਾ ਕੋਈ ਪੈੜ ਦਿਸੀ ਸਦਕੇ ਕਾਲੇਪਾਣੀਆਂ ਵਾਲੇ ਰਾਹਗੀਰਾਂ ਦੇ

ਏਹੇ ਇਤਿਹਾਸ ਨੀਂ ਲੁੱਚਿਆਂ ਲੰਡਿਆਂ ਦਾ ਲਹੂ ਨਾ ਲਿੱਬੜੇ ਵਰਕੇ ਨੇ
ਕੱਲੇ ਚਰਖਿਆਂ ਨਾਲ ਨਾ ਝੁਕਣ ਅਗਲੇ ਸਦਾ ਲੈਣੇ ਪੈਂਦੇ ਹੱਕ ਲੜਕੇ ਨੇ
ਮਤਲਬ ਅਣਖ ਦਾ ਨਾ ਸਿਰਫ ਟੌਹਰ ਹੁੰਦਾ ਪੁੱਛਲੀਂ ਕੈਕਸਟਨ ਹਾਲਾਂ ਤੋਂ
ਪਤਨੀ ਵੀ ਨਾ ਪਛਾਣ ਹੋਈ ਜਦੋਂ ਮੁੜਿਆ ਅਜੀਤ ਸਿਹੁੰ ਚਾਲੀ ਸਾਲਾਂ ਤੋਂ
ਲੰਡੀਆਂ ਜੀਪਾਂ ਨਾਲ ਨਾ ਟੌਰ੍ਹ ਬਣੇ ਘੁੱਦਿਆ ਨਾਲ ਲੈਕੇ ਚਾਰ ਕ ਹਾਣੀਆਂ ਨੂੰ
ਅੱਧਸੜੀਆਂ ਲਾਸ਼ਾਂ ਲੈ ਰੁੜ੍ਹਿਆ ਟੌਰ੍ਹ ਪੁੱਛੀਂ ਸਤਲੁਜ ਦਿਆਂ ਪਾਣੀਆਂ ਨੂੰ....ਘੁੱਦਾ

No comments:

Post a Comment