Monday 9 February 2015

ਪੱਗ

ਦਿੱਲੀ ਲੁੱਟਕੇ ਦੇਸ਼ ਨੂੰ ਵਾਪਸ ਮੁੜਦੇ ਅਬਦਾਲੀ ਤੇ ਸਿੱਖ ਗਭਰੂਟਾਂ ਨੇ ਹਮਲੇ ਕਰਕੇ ਬਾਈ ਕ ਸੌ ਬੀਬੀਆਂ ਨੂੰ ਰਿਹਾਅ ਕਰਾਇਆ ਸੀ।
ਓਦੋਂ ਤੋਂ ਸਿੱਖਾਂ ਦੀ ਪੱਗ ਇੱਜ਼ਤਾਂ ਆਬਰੂਆਂ ਦੀ ਰਾਖੀ ਦੀ ਪ੍ਰਤੀਕ ਮੰਨੀ ਜਾਣ ਲੱਗੀ।
ਪੱਗ ਸਾਢੇ ਕ ਸੱਤ ਮੀਟਰ ਦਾ ਲੀੜਾ ਈ ਨਈਂ ਹੁੰਦਾ ਸਗੋਂ ਬਹੁਤ ਵੱਡੀ ਜੁੰਮੇਆਰੀ ਹੁੰਦੀ ਆ। ਆਮ ਬੰਦਾ ਕਿਤੇ ਮਾੜੀ ਚੰਗੀ ਕਰਤੂਤ ਕਰਦੇ ਤਾਂ ਗੱਲ ਹਾਈਲਾਈਟ ਨਹੀਂ ਹੁੰਦੀ ਪਰ ਪੱਗ ਆਲਾ ਬੰਦਾ ਮਾੜਾ ਕੰਮ ਕਰੇ ਤਾਂ ਸਾਰੇ ਥੂ ਥੂ ਲਾਜ਼ਮੀ ਕਰਨਗੇ।
ਪੰਜਾਬ ਦਾ ਮੁੱਢਾਂ ਤੋਂ ਏਹ ਰਿਵਾਜ ਰਿਹਾ ਕਿ ਬੱਚੇ ਦੀ ਪਹਿਲੀ ਪੱਗ ਨਾਨਕਿਆਂ ਵੱਲੋਂ ਦਿੱਤੀ ਜਾਂਦੀ ਆ। ਪਿਓ ਦੇ ਭੋਗ ਤੇ ਪੁੱਤ ਦੇ ਸਿਰ ਪੱਗ ਰੱਖਕੇ ਕੋਈ ਆਖਦਾ," ਚੱਲ ਸ਼ੇਰਾ ਕਬੀਲਦਾਰੀਆਂ ਸਾਂਂਭ ਹੁਣ"।
"ਸੂਹੇ ਵੇ ਚੀਰੇ ਵਾਲਿਆ" ਜਾਂ 'ਟੇਢੀੀ ਪੱਗ' ਤੋਂ ਬਿਨ੍ਹਾਂ ਲੋਕ ਗੀਤਾਂ ਜਾਂ ਬੋਲੀਆਂ 'ਚ ਪੱਗ ਦਾ ਜ਼ਿਕਰ ਕਰਿਆ ਜਾਦਾਂ।
ਪੱਗ ਜਾਂ ਦੁਮਾਲਾ ਬੰਨ੍ਹਣ ਆਲ਼ਾ ਬੰਦਾ ਜਦੋਂ ਕਿਤੇ ਸ਼ੀਸ਼ਾ ਦੇਖਦਾ ਤਾਂ ਪਹਿਲਾਂ ਪੱਗ ਤੇ ਨਿਗਾਹ ਮਾਰਦਾ, ਚੇਹਰਾ ਬਾਅ'ਚ ਦੇਖਦਾ।
ਵਿਆਹਦੜਾਂ ਦੀ ਪੱਗ ਦੀ ਪੂਣੀ ਬਹੁਟੀ, ਤੇ ਛੜਿਆਂ ਦੀ ਪੂਣੀ ਬਾਰ ਦਾ ਕੁੰਡਾ ਕਰਾਉਂਦਾ।
ਨੱਬੇਵਿਆਂ ਤੋਂ ਬਾਅਦ ਪੰਜਾਬ 'ਚ ਮੁੰਡੇ ਬੋਦੀਆਂ ਵਾਹੁਣ ਲੱਗਪੇ ਸੀ ਪਰ ਹੁਣ ਫੇਰ ਚੋਬਰ ਪੱਗਾਂ ਅੱਲ ਨੂੰ ਮੁੜੇ ਨੇ। ਜਦੋਂ ਵੀ ਕੋਈ ਨਵਾਂ ਸਿਖਾਂਦਰੂ ਪੱਗ ਬੰਨ੍ਹਦਾ ਤਾਂ ਲੱਗਦੀ ਵਾਹ ਫੋਟੋ ਖਿੱਚਕੇ ਫੇਸਬੁੱਕ ਤੇ ਲਾਜ਼ਮੀ ਪਾਉਂਦਾ। ਪੱਗ ਸਾਡੇ ਕਰਕੇ ਨਹੀਂ ਸਗਮਾਂ ਅਸੀਂ ਪੱਗ ਕਰਕੇ ਸੋਹਣੇ ਲੱਗਦੇ ਆਂ। ਸਰਬੰਸਦਾਨੀ ਦੀਆਂ ਬਖਸ਼ੀਆਂ ਕੁੱਲ ਨੇਹਮਤਾਂ 'ਚੋਂ ਸਾਡੇ ਲਈ ਖਾਸ ਆ...ਪੱਗ.....ਘੁੱਦਾ

No comments:

Post a Comment