Sunday 15 December 2013

ਨਿਸ਼ਾਨੀਆਂ ਪੰਜਾਬ ਦੀਆਂ

ਹਰ ਘਰ ਦੇ ਵਿੱਚ ਲੱਗੀ ਹੋਊ ਫੋਟੋ ਨਾਨਕ ਦੀ
ਹਾਲੀ ਪਾਲੀ ਫਿਰਦੇ ਗਾਉਂਦੇ ਕਲੀ ਕੋਈ ਮਾਣਕ ਦੀ
'ਹਜ਼ੂਰ ਸਾਹਬ' ਦਾ ਕੜਾ ਪਾਇਆ ਵਾ ਹਰਿੱਕ ਦੇ
ਸੰਤਾਲੀ ਨੇ ਲੀਕ ਖਿੱਚਤੀ ਸੀ ਜੇਹਦੀ ਹਿੱਕ ਤੇ
ਜਪੁਜੀ ਸਾਬ੍ਹ ਦੀ ਬਾਣੀ ਨਾਲੇ ਤਰਜ਼ਾਂ ਰਬਾਬ ਦੀਆਂ
ਆਹ ਨਿਸ਼ਾਨੀਆਂ ਨਿੱਕਿਆ ਹਨ ਖਾਸ ਪੰਜਾਬ ਦੀਆਂ

ਲੱਗੇ ਕਾਰਾਂ ਪਿੱਛੇ ਫਿਰਨੀ ਤਾਂਈ ਰੇਸ ਕਤੀੜ੍ਹਾਂ ਦੀ
ਵੈਦ ਕੱਕੜ ਬਾਰੇ ਲਾਉਂਦੇ ਹੱਡੀ ਹਿੱਲਗੀ ਰੀੜ੍ਹਾਂ ਦੀ
ਤਿੰਨ ਪਾਸੇ ਕਰਕੇ ਮੀਢੀਆਂ ਜੂੜੇ ਕਰੇ ਜਵਾਕਾਂ ਦੇ
ਲਾ ਕੰਨਾਂ ਪਿੱਛੇ ਕਾਲਸ਼ ਮਾਵਾਂ ਚੱਕੇ ਢਾਕਾਂ ਤੇ
ਹਾੜ੍ਹੀ ਸਾਉਣੀ ਸ਼ਾਹਾਂ ਕੋ ਵਹੀਆਂ ਹਨ ਹਿਸਾਬ ਦੀਆਂ
ਆਹ ਨਿਸ਼ਾਨੀਆਂ ਨਿੱਕਿਆ ਹਨ ਖਾਸ ਪੰਜਾਬ ਦੀਆਂ

ਹੱਥ 'ਚ ਤੇਸਾ ਕੰਨ ਤੇ ਪੈਂਸਲ ਟੰਗੀ ਤਰਖਾਣਾਂ ਦੇ
ਠਾਕਾ, ਰੋਕਾ, ਵਿਆਹ ,ਕੀਰਣੇ ਢੰਗ ਮਕਾਣਾਂ ਦੇ
ਅੰਬੋ ਭੁੰਨੇ ਭੱਠੀ ਤੇ ਦਾਣੇ ਦੰਦੇ ਭੁਰਗੇ ਦਾਤੀ ਦੇ
ਵੱਸੇ ਲਾਲ ਲੈਨ ਦੇ ਅੰਦਰੇ ਘਰ ਇੱਕੋ ਜਾਤੀ ਦੇ
ਗੱਲਾਂ ਭੰਡ, ਮਰਾਸੀ ਜੇਹੇ ਹਾਜ਼ਰ ਜਵਾਬ ਦੀਆਂ
ਆਹ ਨਿਸ਼ਾਨੀਆਂ ਨਿੱਕਿਆ ਹਨ ਖਾਸ ਪੰਜਾਬ ਦੀਆਂ

ਟੂਪ ਵੱਢਕੇ ਪਾਈ ਹੁੰਦੀ ਟਰੈਲੀ ਦਿਆਂ ਸੰਗਲਾਂ ਤੇ
ਮੁਲਖ ਨੇ ਮਾਰੇ ਮੜਾਸੇ ਮਿਲਣੀ ਆਲੇ ਕੰਬਲਾਂ ਦੇ
ਧੂੰਈਂ ਛਿਟੀਆਂ ਦੀ ਪਾਉਣੀ ਦਿਨ ਸਿਆਲਾਂ ਦੇ
ਡੀ.ਏ.ਪੀ ਦੇ ਖਾਲੀ ਗੱਟੇ ਜਾਕੇ ਧੋਣੇ ਖਾਲਾਂ ਤੇ
ਲਿਖਤ 'ਚ ਫਿੱਟ ਨਾ ਹੋਣ ਗੱਲਾਂ ਬੇਹਿਸਾਬ ਦੀਆਂ
ਆਹ ਨਿਸ਼ਾਨੀਆਂ ਨਿੱਕਿਆ ਹਨ ਖਾਸ ਪੰਜਾਬ ਦੀਆਂ

ਜਵਾਕ ਜੱਲੇ ਜੇ ਇੱਲਤੀਂ ਆਂਡੇ ਦੇਣ ਕਿੱਕਰੀ
ਜੱਟ ਬੂਟ ਝੋਰੇ ਦੇ ਮਾਰੇ ਬੁੱਲ੍ਹਾਂ ਉੱਤੇ ਸਿੱਕਰੀ
ਕੁੱਲ ਰਕਬੇ ਤੇ ਲਿਮਟਾਂ ਦਾਬੂ ਕਰਲੇ ਬੈਕਾਂ ਨੇ
ਚੌਰਾਸੀ ਵਿੱਚ ਸਾਹ ਸੂਤੇ ਕੁੱਲ ਕੌਮ ਦੇ ਟੈਕਾਂ ਨੇ
ਸਨ ਸਿਆਸਤਾਂ ਘੁੱਦਿਆ ਫੀਤੀ ਦੇ ਖਿਤਾਬ ਦੀਆਂ
ਆਹ ਨਿਸ਼ਾਨੀਆਂ ਨਿੱਕਿਆ ਹਨ ਖਾਸ ਪੰਜਾਬ ਦੀਆਂ....ਘੁੱਦਾ

No comments:

Post a Comment