Monday 23 December 2013

ਆਹ ਲੱਛਣਾਂ ਤੋਂ ਜਾਣ ਪਛਾਣੇ ਸਾਡੇ ਲੋਕ ਕੁੜੇ

ਚੂਹੇ ਕੰਡੇ ਨਾਲ ਜ਼ੋਖ ਕੇ ਪੰਡ ਚੱਕਦੇ ਨਰਮੇ ਦੀ
ਪਾਣੀ ਉੱਚੀ ਪੈਲੀ ਨੂੰ ਲਾਉਣਾ ਕਰ ਵਰਤੋਂ ਵਰਮੇ ਦੀ
ਪਟਵਾਰੀ ਮਿਣਨ ਜ਼ਮੀਨਾਂ ਜੀ ਖਿੱਚ ਜ਼ਰੀਬ ਨੂੰ
ਅੱਖ ਮੀਚ ਕਾਣੀ ਵੱਟ ਦੇਖ ਜਰਾ ਹੋ ਕਰੀਬ ਨੂੰ
ਜਮਾਂ ਘਟਾਓ ਕਰ ਉਂਗਲਾਂ ਤੇ ਕਰਦੇ ਘੋਖ ਕੁੜੇ
ਆਹ ਲੱਛਣਾਂ ਤੋਂ ਜਾਣ ਪਛਾਣੇ ਸਾਡੇ ਲੋਕ ਕੁੁੜੇ

ਫੜ੍ਹ ਲੰਮੀ ਢਾਂਗੀ ਟੀਸੀ ਤੋਂ ਕਿੱਕਰਾਂ ਛਾਂਗੀਆਂ
ਇੱਜੜ ਲੁੰਗ ਚਰਦੇ ਮੁੱਢ ਤੇ ਲਾਕੇ ਟਾਂਗੀਆਂ
ਛੁਰੀ ਕਹੀ ਦੇ ਲਾਉਣੀ ਦੰਦੇ ਕੱਢਣੇ ਆਰੀ ਦੇ
'ਪਾਣੀ ਵੱਢਲਾ ਟੈਮ ਹੋ ਗਿਆ' ਕਹਿਣਾ ਵਾਰੀ ਤੇ
ਕਿੱਲੋਆਂ ਨਾਲ ਨਾ ਸਰਦਾ ਸੌਦਾ ਚੱਕਦੇ ਥੋਕ ਕੁੜੇ
ਆਹ ਲੱਛਣਾਂ ਤੋਂ ਜਾਣ ਪਛਾਣੇ ਸਾਡੇ ਲੋਕ ਕੁੜੇ

ਭਰਲੇ ਕੁੱਜੇ ਜਵਾਕਾਂ ਨੇ ਗੂੰਦ ਲਾਹਕੇ ਰੁੱਖਾਂ ਤੋਂ
ਚਿੱਬੜ ਚਟਣੀ ਧਰੀ ਰੋਟੀ ਤੇ ਲੱਗੀਆਂ ਭੁੱਖਾਂ ਤੋਂ
ਬਸ਼ੱਕ ਦੋ ਰੁਪਏ ਸੈਂਕੜਾ ਵਿਆਜ ਲਾਤਾ ਲਾਲੇ ਨੇ
ਚੜ੍ਹਦੀ ਕਲਾ 'ਚ ਰੈਹਣਾ ਕਿਹਾ ਬਾਜ਼ਾਂ ਆਲੇ ਨੇ
ਖੌਣੀ ਕੇਹੀ ਅਨਰਜ਼ੀ ਦੇਂਦੇ ਬਾਣੀ ਦੇ ਸਲੋਕ ਕੁੜੇ
ਆਹ ਲੱਛਣਾਂ ਤੋਂ ਜਾਣ ਪਛਾਣੇ ਸਾਡੇ ਲੋਕ ਕੁੜੇ

ਛਾਤੀ ਵੀ ਨਾ ਕੱਜਣ ਲੀੜੇ ਥੋਡੇ ਕੀ ਕਹਿਣੇ ਨੀਂ
ਬਸ ਸ਼ਰਮ ਹਯਾ ਤੇ ਅਣਖਾਂ ਸਾਡੇ ਗਹਿਣੇ ਨੀਂ
ਕਿਰਕਟ , ਟੈਨਿਸ ਥੋਡੀਆਂ ਹੋਰ ਈ ਖੇਡਾਂ ਨੇ
ਧਰਤੀ ਧੱਕਦੇ ਜਾਂਦੇ ਚੋਬਰ ਪਾਉਂਦੇ ਰੇਡਾਂ ਨੇ
ਬਾਂਦਰ ਕਿੱਲਾ ਈ ਨਾ ਛੱਡਦੇ ਸਾਡੇ ਬੋਕ ਕੁੜੇ
ਆਹ ਲੱਛਣਾਂ ਤੋਂ
ਜਾਣ ਪਛਾਣੇ ਸਾਡੇ ਲੋਕ ਕੁੜੇ

ਚੁੱਕ, ਧਰਨ ਤੇ ਮੋਚ ਕੱਢਣੀ ਖਾਸ ਤਜ਼ਰਬੇ ਨੇ
ਸਿਰ ਨੰਗਾ ਹੋਣ ਨਾ ਦੇਂਦੇ ਬਾਬੇ ਖਾਸੇ ਖਰ੍ਹਵੇ ਨੇ
ਅੜਬ ਢਾਂਡੀਆਂ ਚੋਂਦੇ ਪਾਕੇ ਨਿਆਣਾ ਲੱਤਾਂ ਨੂੰ
ਰੱਬ ਨੇ ਸੁਰਗ ਬਣਾਇਆ ਪਿੰਡਾਂ ਦੀਆਂ ਸੱਥਾਂ ਨੂੰ
ਭਰ ਤੌੜੇ 'ਚੋਂ ਡੋਹਰੀ ਪਾਣੀ ਪੀਂਦੇ ਲਾ ਓਕ ਕੁੜੇ
ਆਹ ਲੱਛਣਾਂ ਤੋਂ ਜਾਣ ਪਛਾਣੇ ਸਾਡੇ ਲੋਕ ਕੁੜੇ.....ਘੁੱਦਾ

No comments:

Post a Comment