Sunday 15 December 2013

ਸਾਡੀ ਕਬੱਡੀ

P.T.C ਨਿਊਜ਼ ਆਲੇਆਂ ਤੱਕ ਆਪਣੀ ਤਾਂ ਪਹੁੰਚ ਹੈਨੀ, ਸੋਡੇ 'ਚੋਂ ਜੇ ਕੋਈ ਗਿਆ ਤਾਂ ਸਿਨਿਆਂ ਲਾਦਿਓ ਨਿੱਕਾ ਜਾ ਬੀ ਕਬੱਡੀ ਕੱਲੇ ਬਾਦਲ ਕੀ ਖੇਡ ਨੀ , ਸਗਮਾਂ ਦੀ ਏਹ ਸਾਡੇ ਨੰਗ ਲੋਕਾਂ ਦੀਆਂ ਖੇਡਾਂ ਨੇ। ਜਿੱਥੇ ਚੋਪੜਿਆਂ ਦੀ ਨਿੱਕੀ ਨਹੀਂ ਨੱਚਦੀ, ਕਬੱਡੀਆਂ ਓਥੇ ਵੀ ਪੈ ਜਾਂਦੀਆਂ ।
ਸਿਆਲ ਰੁੱਤੇ ਪਿੰਡਾਂ ਦੇ ਚਾਰ ਸਿਆਣੇ ਲਿਆਹਜ਼ਢਾਬ ਆਲੇ ਮੋਹਤਬਰ ਬੰਦੇ ਪਿੰਨ ਕਾਪੀ ਚਾਕੇ ਹਰਿੱਕ ਘਰੇ ਉਗਰਾਹੀ ਕਰਨ ਜਾਂਦੇ ਨੇ। ਆਵਦੇ ਬਿਤ ਮੁਤਾਬਕ ਹਰੇਕ ਸਰਦਾ ਬਣਦਾ ਚੰਦਾ ਦੇਂਦਾ। ਸੀਰੀ ਪਾਲੀ ਵੀ ਸੌ ਪੰਜਾਹ ਦੇਕੇ ਬਣਦਾ ਹਿੱਸਾ ਪਾਕੇ ਕੌਡੀ ਦੇ ਟੂਰਨਾਮੈਂਟ ਡੀਕਦੇ ਨੇ। ਮੁਲਖ ਤਿੰਨ ਤਿੰਨ ਦਿਨਾਂ ਦਾ ਅਗਾਊਂ ਨੀਰਾ ਵੱਢ ਕੇ ਰੱਖ ਲੈਂਦਾ ਬੀ ਫੇਰ ਕਬੱਡੀਆਂ ਦੇਖਾਂਗੇ। ਤਿੰਨ ਖੂੰਜੀਆਂ ਰੰਗ ਬਰੰਗੀਆਂ ਝੰਡੀਆਂ ਸੀਤ ਹਵਾ ਨਾ ਸ਼ਰਰਰ ਸ਼ਰਰ ਕਰਕੇ ਖਿਡਾਰੀਆਂ ਨੂੰ ਜਿਮੇਂ ਥਾਪੀਆਂ ਦੇਂਦੀਆਂ ਨੇ। ਵੱਡੇ ਸਾਰੇ ਗੋਲ ਘਤੇਰੇ ਦਾਲੇ ਮੁਲਖ ਟਰੈਟਰਾਂ, ਘੜੁੱਕਿਆਂ , ਟਰੱਕਾਂ ਤੇ ਲਟੋਪੀਂਘ ਹੋਇਆ ਕੌਡੀਆਂ ਵੇਖਦਾ। ਜਲਾਲ ਆਲੇ ਅਜਮੇਰ ਅਰਗੇ ਤਖਤਪੋਸ਼ਾਂ ਅਰਗੇ ਗਭਰੂ ਧਰਤੀਧੱਕਦੇ ਜਾਂਦੇ ਨੇ ਰੇਡਾਂ ਪਾਉਣ। ਹਠੂਰ ਆਲੇ ਏਕਮ ਅਰਗੇ ਕਣਕਬੰਨੇ ਜੇ ਰੰਗ ਦੇ ਚੋਬਰ ਇੱਲ ਦੇ ਪੌਂਚੇ ਅਰਗਾ ਲਫੇੜਾ ਮਾਰ ਚਲਾਂਮੀ ਕੈਂਚੀ ਮਾਰ ਰੋਪੜੀਆ ਜਿੰਦਾ ਲਾ ਦੇਂਦੇ ਨੇ। ਐਹੇ ਜੀ ਕਬੱਡੀ ਵੇਖਣ ਆਲਾ ਮੁਲਖ ਭੁੰਜੇ ਬੈਠਾ ਧਰਤੀ ਦੇ ਈ ਘਰੂਟ ਭਰੀ ਜਾਂਦਾ। ਸੈੜ ਤੇ ਗੰਨੇ, ਕਿੰਨੂੰ ਦੇ ਜੂਸ, ਪਕੌੜੇ ,ਜਲੇਬੀਆਂ ਵੇਚਕੇ ਟੱਬਰ ਦਾ ਢਿੱਡ ਭਰਨ ਆਲੇਆਂ ਮਾਤੜ੍ਹਾਂ ਨੂੰ ਚਾਰ ਦਿਨ ਚੰਗੇ ਪੈਸੇ ਬਣ ਜਾਂਦੇ ਨੇ ।
ਟੂਰਨਾਮੈਂਟਾਂ ਤੋਂ ਮੀਹਨਾ ਮੀਹਨਾ ਬਾਅਦ ਸੱਥਾਂ 'ਚ ਆਹੀ ਕੌਡੀ ਦੀਆਂ ਈ ਗੱਲਾਂ ਹੁੰਦੀਆਂ ਰੈਂਹਦੀਆਂ । ਚੰਗਾ ਹੋਇਆ ਕੌਡੀ ਟੀਵੀ ਤੇ ਆਉਣ ਲਾਗੀ ਪਰ ਅੱਖੀਂ ਡਿੱਠਾ ਸ਼ੁੱਧ ਦੇਸੀ ਕੌਡੀ ਦਾ ਨਜ਼ਾਰਾ ਗਵਾਚ ਗਿਆ । ਕਬੱਡੀ ਕਰੋੜਾਂ ਦੀ ਨਹੀਂ ਜਰ ਲੋਕਾਂ ਦੀ ਖੇਡ ਈ ਰਹਿਣੀ ਚਾਹੀਦੀ ਆ। ਸਰਬੰਸਦਾਨੀ ਠੰਢ ਵਰਤਾਂਈ....ਘੁੱਦਾ

No comments:

Post a Comment