Monday 23 December 2013

ਦੁੱਲੇ ਦੇ ਪਿੰਡ 'ਪਿੰਡੀ' ਤੋਂ ਲੈਕੇ

ਦੁੱਲੇ ਦੇ ਪਿੰਡ 'ਪਿੰਡੀ' ਤੋਂ ਲੈਕੇ, ਨਾਨਕ ਦੇ ਨਨਕਾਣੇ ਤਾਂਈ
ਲਾਲੋ ਦੀ ਰੋਟੀ 'ਚੋਂ ਨੁੱਚੜੇ , ਖਰੇ ਦੁੱਧ ਜਹੀ ਗੱਲ ਸੁਣਾਈਂ
ਗੁਰ ਅੰਗਦ ਦੇ ਮੂੰਹੋਂ ਨਿਕਲੀ, 'ਪੈਂਤੀ ਅੱਖਰੀਂ' ਕੰਨੀਂ ਪਾਈਂ
ਸੰਗਤ ਪੰਗਤ ਸੀ ਗੱਲ ਤੋਰਕੇ, ਅਕਬਰ ਨੂੰ ਭੁੰਜੇ ਬਹਾਈਂ
ਹਾੜ੍ਹ ਮਹੀਨਾ ਉੱਠ ਤਵੀ ਤੋਂ ਰਾਵੀ ਵਿੱਚ ਚੁੱਭੀ ਲਾਈਂ
ਛਲਕੇ ਸਬਰ ਪਿਆਲਾ ਤਾਂ ਹੱਥ ਮੀਰੀ ਪੀਰੀ ਨੂੰ ਪਾਈਂ
ਫੇਰ ਗਊ ਜੰਝੂ ਦੀ ਰਾਖੀ ਕਰਦਾ ਦਿੱਲੀ ਵੱਲ ਨੂੰ ਜਾਈਂ
ਵਿਸਾਖੀ ਨੂੰ ਤੂੰ ਸਿੱਟ ਚੰਗਿਆੜੀ ਅਲੈਹਦੀ ਕੌਮ ਬਣਾਂਈ
ਪੰਜ ਤੀਰ ਪੰਜ ਸਿੰਘ ਬਖਸ਼ਕੇ ਸਾਧ ਨੂੰ ਬੰਦਾ ਬਣਾਂਈ
ਕੇਸੋਂ ਪਹਿਲਾਂ ਖੋਪੜ ਲਾਹਦੇ ਨਾ ਸਿਦਕਾਂ ਨੂੰ ਪਰਤਿਆਈਂ
ਪਿਓ ਪੁੱਤ ਭੱਜ ਚੜ੍ਹੇ ਚਰਖੜੀ ਰੂੰਆਂ ਵਾਂਗ ਪਿੰਜਾਈਂ
ਮੀਰ ਮਨੂੰ ਦੀ ਜੇ ਵੱਢੇ ਦਾਤਰੀ ਗਲਾਂ 'ਚ ਹਾਰ ਪੁਆਈਂ
ਪਿੱਠ ਜੋੜ ਬੋਤਾ-ਗਰਜਾ ਲੜਦੇ ਸਰਕਾਰੇ ਗੱਲ ਪੁਜਾਂਈ
ਸਦੀ ਅਠ੍ਹਾਰਵੀਂ ਦੋ ਘੱਲੂਘਾਰੇ, ਮੁੱਲ ਸਿਰਾਂ ਦੇ ਪਾਈਂ
ਬੁੱਢੇ ਜੌੜੋਂ ਦੇ ਚੋਬਰ ਨਿਕਲੇ, ਸਿਰ ਮੱਸੇ ਦਾ ਲਿਆਈਂ
ਲੱਦੀ ਚੱਲ ਤਵਾਰੀਖ ਦੇ ਪੰਨੇ, ਗੱਲ ਨਾ ਹਲੇ ਮੁਕਾਈਂ
ਫੇਰ ਆਵਦਿਆਂ ਟੈਂਕ ਚਾੜ੍ਹਤੇ, ਬਿਗਾਨੇ ਹੋਗੇ ਸਾਈਂ
ਸੀਖ ਮਾਰਦੋ ਸੀਖ ਮਾਰਦੋ, ਗਲ ਪਾਕੇ ਟੈਰ ਮਚਾਂਈ
ਮੁੱਛ ਫੁੱਟ ਸਾਰੇ ਸਿਆਸਤ ਚਰਗੀ, ਕੀ ਹੋਣੀ ਸੁਣਵਾਈਂ
ਕੁੱਤੀ ਸਾਡੀ ਚੋਰਾਂ ਨਾਲ ਰਲਗੀ, ਅਖੀਰੀ ਗੱਲ ਸੁਣਾਈਂ
ਭੁੱਖ ਹੜਤਾਲੀਆ ਮਰਨ ਨੀਂ ਦੇਣਾ ਦੁੱਧ ਪੈਪਾਂ ਰਾਹੀਂ ਪਾਈਂ.....ਘੁੱਦਾ

No comments:

Post a Comment