Tuesday 8 October 2013

ਚਾਰ ਇੱਟਾਂ ਵਿੱਚ ਬਾਬਾ ਫਿੱਟ ਕਰਤਾ

ਯਾਤਰਾ ਤੇ ਜਾਣ ਦੀ ਵਿਓਂਤ ਕਰਲੀ
ਸਾਰੇ ਜੀਆ ਜੰਤ ਨਾਲ ਗੱਡੀ ਭਰਲੀ
ਜੀ.ਟੀ ਰੋੜ ਪਾਕੇ ਫੁੱਲ ਰੇਸ਼ ਖਿੱਚਤੀ
ਤੇਜ਼ ਗੱਡੀ ਕੱਢਤੀ ਟਰੱਕਾਂ ਵਿੱਚਦੀ
ਮੂਤਣ ਬਹਾਨੇ ਜਾਕੇ ਪੈੱਗ ਲਾਲਿਆ
ਸੀਟ ਉੱਤੇ ਬਹਿ ਟਾਪ ਗੇਰ ਪਾਲਿਆ
ਵਿੱਚ ਵੱਜੀ ਗੱਡੀ ਸੀ ਟਰਾਲਾ ਭਰਿਆ
ਫੇਰ ਕਹਿੰਦੇ ਆਹ ਮਾੜਾ ਰੱਬ ਕਰਿਆ

ਘਰਾਂ ਵਿੱਚ ਕਈ ਜਮਾਂ ਰਹਿਣ ਵੇਹਲੀਆਂ
ਸਾਧਾਂ ਕੋਲੇ ਜਾਣ ਹੋ ਕੱਠੀਆਂ ਸਹੇਲੀਆਂ
ਲੈ ਕੇ ਇੱਕ ਅੱਧੀ ਬਾਬੇ ਅੰਦਰ ਵੜਦੇ
ਡੱਕੇ ਸਾਧ ਫੇਰ ਬਾਹਲੀ ਖਰੀ ਕਰਦੇ
ਫੇਰ ਵੀ ਨਾ ਲੋਕਾਂ ਦੇ ਯਕੀਨ ਟੁੱਟਦੇ
ਤਾਂ ਹੀ ਜਾਕੇ ਸਾਧਾਂ ਦੀਆਂ ਲੱਤਾਂ ਘੁੱਟਦੇ
ਦੁੱਧ ਪੀਕੇ ਬਾਬਾ ਕਾਜੂਆਂ ਨਾ ਲੇੜ੍ਹਦਾ
ਫੇਰ ਕੈਂਹਦੇ ਸਾਧ ਸਾਡੀ ਕੁੜੀ ਛੇੜਦਾ

ਰਿਹਾ ਵਿਲਕਦਾ ਬੁੱਢਾ ਪਾਣੀ ਦੀ ਆਸ ਨੂੰ
ਭੋਗ ਤੇ ਜਲੇਬ ਪੁੱਤ ਪਕਾਉਣ ਕਾਸ ਨੂੰ
ਬਾਪੂ ਬਣਜੇ ਨਾ ਭੂਤ ਹੁਣ ਨੂੰਹ ਡਰਦੀ
ਦੇ ਪੰਡਤਾਂ ਨੂੰ ਪੈਸੇ ਰੂਹ ਦੀ ਗਤੀ ਕਰਤੀ
ਖੇਤ ਬਣਾਤੀ ਮੜੀ ਸੱਦ ਕਾਰੀਗਰ ਨੂੰ
ਉੱਤੇ ਕਲੀ ਮਾਰ ਮੁੜੇ ਆਉਣ ਘਰ ਨੂੰ
ਦੇਸੀ ਘਿਓ ਦਾ ਦੀਵਾ ਬਾਲ ਵਿੱਚ ਧਰਤਾ
ਚਾਰ ਇੱਟਾਂ ਵਿੱਚ ਬਾਬਾ ਫਿੱਟ ਕਰਤਾ.......ਘੁੱਦਾ

No comments:

Post a Comment