Sunday 19 July 2015

ਫਰੀਦਕੋਟ ਆਾਲੀ ਬੇਬੇ

ਖਿੱਚ ਧੂਹ ਨਾਲ 2007 'ਚ ਦਸਮੀਂ ਕਰਕੇ ਅਸੀਂ ਫਰੀਦਕੋਟ ਬੱਗਗੇ ਪੜ੍ਹਨ। ਓਥੇ ਕਮਰਾ ਲਿਆ ਸੀ ਕਿਰਾਏ ਤੇ। ਕਿਰਾਇਆ ਮੈਂ ਤੇ ਬੁਰਜ ਆਲਾ ਬਲਵਿੰਦਰ ਦੇਦੇਂ ਸੀ ਪਰ ਊਂ ਸੱਤ ਅੱਠ ਜਣੇ ਜੁੜੇ ਰਹਿੰਦੇ ਕਮਰੇ 'ਚ। ਬਜ਼ੁਰਗ ਬੇਬੇ ਬਾਪੂ ਦਾ ਮਕਾਨ ਸੀ। ਬੇਬੇ ਦਾ ਪੁੱਤ ਕਨੇਡਾ ਰਹਿੰਦਾ ਸੀ। ਸਾਡੇ ਕਮਰੇ 'ਚ ਸਾਹਮਣੀ ਕੰਧ ਤੇ ਵਲੈਤ ਗਏ ਪੁੱਤ ਦੀਆਂ ਫੋਟਮਾਂ ਲੱਗੀਆਂ ਹੁੰਦੀਆਂ ਜੀਹਦੇ 'ਚ ਓਹ ਹੱਥ ਨਾ ਸੇਹਰਾ ਚੱਕੀ ਪੋਜ਼ ਦੇ ਰਿਹਾ ਹੁੰਦਾ। ਨਾਲ ਬੇਬੇ ਦੀ ਨੂੰਹ ਤੇ ਜਵਾਕਾਂ ਦੀਆਂ ਫੋਟੋਆਂ। 
ਤੜਕੇ ਬੇਬੇ ਚਾਹ ਦੇ ਗਲਾਸ ਨਾਭਕੇ ਸਾਡੇ ਕੋਲ ਆ ਬਹਿੰਦੀ ਤੇ ਪੁੱਤ ਦੀਆਂ ਗੱਲਾੰ ਕਰਦੀ।"ਹੁਣ ਤਾਂ ਮੇਰਾ ਪੋਤਾ ਸੁੱਖ ਨਾ ਥੋਡੇ ਅੰਗੂ ਗੱਭਰੂ ਆ"। ਅਹੀਂ ਪੁੱਛਦੇ ਬੇਬੇ ਬਾਹਰਲੇ ਕਦੋੰ ਆਉਣਗੇ ?
ਵਾਲ ਸਵਾਰਕੇ ਨਾਲੇ ਤਾਂ ਬੇਬੇ ਨੇ ਜੂੜਾ ਵਲੀ ਜਾਣਾ ਨਾਲੇ ਆਖਣਾ," ਆਂਹਦਾ ਸੀ ਥੋਡਾ ਬਾਈ, ਸ਼ੈਂਤ ਐਂਤਕੀ ਪੋਹ
ਪੂਹ 'ਚ ਆਓਣਗੇ"। ਹਰੇੇਕ ਸਾਲ ਬੇਬੇ ਆਸ ਰੱਖਦੀ ਪਰ ਬਾਹਰਲੇ ਨਾ ਮੁੜੇ। ਹਰੇਕ ਵਾਰੀ ਬੇਬੇ ਪੁੱਤ ਦੀ ਮਜ਼ਬੂਰੀ ਨੂੰ ਖਿੜੇ ਮੱਥੇ ਪ੍ਰਵਾਨ ਕਰਦੀ,"ਆਓਣਾ ਤਾਂ ਸੀਗਾ ਪੁੱਤ ਤੇਰੇ ਬਾਈ ਨੇ ਪਰ ਜਵਾਕਾਂ ਦੀ ਭੜਾਈ ਕਰਕੇ ਰਹਿਪੇ"।
ਪਿਛਲੇ ਸਾਲ ਮੈਂ ਫਰੀਦਕੋਟ ਵਿੱਚੋਂ ਨੰਘਦਾ ਬੇਬੇ ਕੋਲ ਜਾਵੜਿਆ। ਗੱਲਾਂਂ ਕਰਦਿਆਂ ਚਾਹ ਪੀਦਿਆੰ ਸੋਬਤ ਪੁੱਛਿਆ ਮਖਾ," ਬੇਬੇ ਬਾਹਰਲੇ ਨਹੀਂ ਆਏ?"
ਬਿਨ੍ਹਾਂ ਕਿਸੇ ਰੋਸੇ ਦੇ ਬੇਬੇ ਨੇ ਫੇਰ ਜਵਾਬ ਦਿੱਤਾ," ਕੰਮ ਬਾਹਲੇ ਆ ਪੁੱਤ ਤੇਰੇ ਬਾਈ ਨੂੰ, ਕਹਿੰਦਾ ਸੀ ਪੋਹ ਪੂਹ 'ਚ ਆਮਾਂਗੇ"। 
ਸਹੁਰੇ ਢਿੱਡਾਂ ਨੇ ਪੈਰ ਪੈਰ ਤੇ ਸਰਸਾ ਬਣਾਤੀ। ਮਾਵਾਂ ਪੁੱਤਾਂ ਨੂੰ ਤਰਸੀ ਜਾਂਦੀਆਂ ਤੇ ਪੁੱਤ ਮਾਵਾਂ ਖੁਣੋਂ ਓਦਰੇ ਪਏ ਨੇ। ਸੱਚਿਆ ਪਾ'ਸ਼ਾ ਚੜ੍ਹਦੀਆਂ ਕਲਾਂ 'ਚ ਰੱਖੇ ਸਾਰਿਆਂ ਨੂੰ......ਘੁੱਦਾ

1 comment: