Monday 10 August 2015

ਨਿੱਕੇ ਦੀ ਪੰਦਰਾਂ ਗਸਤ

ਤੇਰੀ ਗੱਲ 'ਚੋਂ ਗੱਲ ਆਗੀ, ਕੇਰਾਂ ਏਮੇਂ ਜਿਮੇਂ ਸਾਉਣ ਦੇ ਆਹੀ ਅੱਧ ਪੱਖ ਜੇ ਦੇ ਦਿਨ ਸੀਗੇ। ਤਾਇਆ ਘਰੇ ਸੀ ਓਦੇਂ ਨਾਏ ਕੁਜਰਤੀਏਂ ਕੰਦੂਖੇੜੇ ਆਲਾ ਫੌਜੀ ਰਟੈਰ ਫੁੱਫੜ ਆਇਆ ਬਾ । ਸਾਡੇਆਲੇ ਨਿੱਕੇ ਗਰਨੈਬ ਨੇ ਸਕੂਲੋੰ ਆਕੇ ਅਲਾਨ ਕਰਤਾ ਕਹਿੰਦਾ,"ਤਾਇਆ ਸਕੂਲ 'ਚ ਪੰਦਰਾਂ ਗਸਤ ਦਾ ਫੰਗਸ਼ਨ ਆ ਤੇ ਜਾਰ ਹੋਣੀਂ ਭੰਗੜਾ ਪਾਓਣਗੇ"। ਪੰਦਰਾਂ ਗਸਤ ਸੁਣਕੇ ਫੌਜੀ ਫੁੱਫੜ ਤੋੰ ਮੱਲੋ ਮੱਲੀ ਸਲੂਟ ਬੱਜ ਗਿਆ। ਤਾਇਆ ਗਰਮੈਸ਼ 'ਚ ਆਗਿਆ ਬੀ ਹੁਣ ਨਿੱਕਾ ਭੈਣਦੇਣਾ ਸ਼ਟੇਜਾਂ ਤੇ ਨੱਚੂ। ਫੁੱਫੜ ਬੋਲ ਪਿਆ,"ਅੱਛੀ ਬਾਤ ਹੈ , ਕਲਚਰਲ ਅੈਕਟੀਵਿਟਿਜ਼ ਮੇਂ ਪਾਰਟੀਸਪੇਟ ਕਰਨਾ ਚਾਹੀਏ"।  ਫੁੱਫੜ ਮੂੰਹੋਂ ਦੋ ਤਿੰਨ ਭਾਰੇ ਜੇ ਲਪਜ਼ ਸੁਣਕੇ  ਤਾਇਆ ਟਿਕ ਗਿਆ ਬੀ ਖੌਣੀ ਪ੍ਰਾਹੁਣੇ ਨੇ ਬੱਡੀ ਗੱਲ ਕਰੀ ਆ ਕੋਈ।
ਨਿੱਕੇ ਨੂੰ ਤਾੰ ਸ਼ਹਿ ਮਿਲਗੀ, ਟਹਿਕ 'ਚ ਹੋਗਿਆ ।ਓਹੀ ਗੱਲ ਤੇ ਦੂਏ ਦਿਨ ਸਕੂਲ 'ਚ ਜਦੋਂ ਰੈਹਸਲ ਰੂਹਸਲ ਕਰਕੇ ਸਾਰੇ ਬਾਗੇ , ਤਾਂ ਨਿੱਕੇ ਨੇ ਤਾਂ ਭਰਾਵਾ ਢੋਲ ਕਿਓਂ ਨਾ ਚੱਕ ਲਿਆ। ਪਿਛਲੀ ਕਾਠੀ ਤੇ ਟੂਪ ਨਾਲ ਢੋਲ ਬੰਨ੍ਹਕੇ  ਨਿੱਕੇ ਨੇ ਸ਼ੈਂਕਲ ਰਾਗਟ ਬਣਾਤਾ।ਘਰੇ ਜਾਕੇ ਲੀੜੇ ਲੂੜੇ ਲਾਹਕੇ ਕੱਲੀ ਨਿੱਕਰ 'ਚ ਹੋ ਗਿਆ ਤੇ ਢੋਲ ਗਲ 'ਚ ਪਾ ਲਿਆ।
ਹਾੰ ਕੀ, ਦੇ ਤੇਰੇ ਦੀ ਲੈ ਤੇਰੇ ਦੀ, ਖੜਕਾਟ ਪਿਆ ਪਬੇ ਢੋਲ ਦਾ। ਪਸੂ ਅੱਡ ਖੁਲਣੀਆਂ ਤੇ ਚੜ੍ਹੇ ਫਿਰਣ। ਤਾਈ ਅਰਗੀਆਂ ਨਾਏ ਤਾੰ ਡਰਨ ਨਾਏ ਦੂਰੋੰ ਖੜ੍ਹਕੇ ਜਲ ਦੇ ਛੱਟੇ ਮਾਰਨ ਅਕੇ ਨਿੱਕੇ 'ਚ ਪੌਣ ਆਗੀ। ਵਿੱਚੇ ਨਿੱਕੇ ਨੇ ਕੰਨ ਤੇ ਹੱਥ ਧਰਕੇ ਬੋਲੀਆਂ ਚੱਕਤੀਆਂ। ਬੋਲੀ ਘੱਟ ਪਾਵੇ ਤੇ ਪੰਮੀ ਬਾਈ ਅੰਗੂ ਸ਼ੀ ਸ਼ੀ ਵੱਧ ਕਰੇ।
ਤਾਇਆ ਕਹਿੰਦਾ ਨਿੱਕਿਆ ਉੱਤੇ ਥੁੱਕ ਨਾ ਸਿੱਟ ,ਪੈਲੇ ਪਾਸੇ ਮੂੰਹ ਕਰਕੇ ਬੋਲੀ ਪਾਲਾ।  ਫੌਜੀ ਫੁੱਫੜ ਨਿੱਕੇ ਉੱਤੋਂ ਦੀ ਨੋਟ ਸਿੱਟੇ ਅਖੇ ਪੰਦਰਾੰ 'ਗਸਤ ਦੀ ਤਿਆਰੀ ਕਰਦਾ। ਨਿੱਕਾ ਬੀਚਰ੍ਹ ਗਿਆ , ਹਟੇ ਈ ਨਾ। ਹਾਨੀਸਾਰ ਨੂੰ ਤਾਏ ਨੇ ਹੇਕ ਆਲਾ ਹੱਥ ਫੜ੍ਹਕੇ ਨਿੱਕੇ ਦੀ ਬਾਂਹ ਨੂੰ ਬਟਾ ਦੇਲਿਆ ਤੇ ਜੋੜਾ ਚੱਕ ਲਿਆ ਹਾਰਕੇ। ਸਾਡੇਆਲਾ ਸਣੇ ਢੋਲ ਮੰਜੀਆਂ ਥੱਲੇ ਵੜਿਆ ਫਿਰੇ.......ਘੁੱਦਾ

1 comment:

  1. ਬਾਈ ਜੀ ਫੌਂਟ ਦਾ ਰੰਗ ਬਦਲੋ ਕਿਰਪਾ ਕਰਕੇ ਪਡ਼ਿਆ ਨਹੀਂ ਜਾਂਦਾ

    ReplyDelete