Wednesday 26 August 2015

ਸਾਂਭਕੇ ਪੰਜਾਬ ਰੱਖਿਓ--3

ਅੱਕ, ਬੂੰਈਂ, ਮਲ੍ਹੇ ਤੇ ਕਰੀਰ ਦੱਸਿਓ
ਰੋਹਬ, ਤਾਅ ,ਅਣਖ, ਜ਼ਮੀਰ ਦੱਸਿਓ
ਧੌਣ, ਮੁਰਚਾ, ਖੁੱਚ ਨਾਲੇ ਮੌਰ ਦੱਸਿਓ
ਰੋਸਾ, ਗੁੱਸਾ, ਅਦਰੇਵਾਂ ਨਾਲੇ ਗੌਰ ਦੱਸਿਓ
ਆਸਾਂ, ਸਧਰਾਂ, ਜਾਗਦੇ ਖੁਆਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭਕੇ ਪੰਜਾਬ ਰੱਖਿਓ

ਮਿਆਣੀ, ਤੀਰਾ, ਕਫ ਨਾਲੇ ਕਾਜ ਦੱਸਿਓ
ਬਟੇਰੇ, ਤਿੱਤਰ, ਗਟਾਰ ਨਾਲੇ ਬਾਜ਼ ਦੱਸਿਓ
ਟੱਬਰ, ਸ਼ਰੀਕਾ, ਕੁੱਲ ਤੇ ਮਹੈਣ ਦੱਸਿਓ
ਪਸਾਰ, ਸੁੰਢ, ਮੁਸਲੀ, ਜਵੈਣ ਦੱਸਿਓ
ਚੇਤੇ ਜੇਹਲਮ, ਰਾਵੀ ਤੇ ਝਨਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭਕੇ ਪੰਜਾਬ ਰੱਖਿਓ

ਛਿੱਬੀ, ਮਿਹਣਾ, ਨਿਹੋਰਾ, ਅਹਿਸਾਨ ਦੱਸਿਓ
ਲਾਸ, ਸੁੱਬੀ, ਰੱਸਾ ,ਮੁੰਜ ਵਾਣ ਦੱਸਿਓ
ਮੌਜਾ, ਖੋਸਾ, ਜੁੱਤੀ, ਗੁਰਗਾਬੀ ਦੱਸਿਓ
ਸ਼ਰਦਈ, 'ਸਮਾਨੀ, ਜਾਮਣੀ ,ਗੁਲਾਬੀ ਦੱਸਿਓ
ਚੇਤੇ ਫਤਹਿ, ਸਤਿ ਸ੍ਰੀ ਅਕਾਲ ਤੇ ਅਦਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭਕੇ ਪੰਜਾਬ ਰੱਖਿਓ

ਕਿਆਰਾ, ਓੜਾ, ਵੱਟ ਤੇ ਸਿਆੜ ਦੱਸਿਓ
ਝੇਡ, ਮਸ਼ਕਰੀ, ਝਿੜਕ ਤੇ ਲਾਡ ਦੱਸਿਓ
ਕਲੀਹਰੇ, ਚੂੜਾ, ਵੰੰਗ ਨਾਲੇ ਕੜਾ ਦੱਸਿਓ
ਬਨੇਰਾ, ਚੌਂਤਰਾ, ਕੰਧੋਲੀ ਨਾਲੇ ਥੜ੍ਹਾ ਦੱਸਿਓ
ਡੇਰੇ, ਨਸ਼ਿਆਂ ਤੇ ਪਾਕੇ 'ਘੁੱਦੇ' ਦਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭਕੇ ਪੰਜਾਬ ਰੱਖਿਓ

ਜੌਂ, ਬਾਜਰਾ, ਨਰਮਾ, ਕਪਾਹ ਦੱਸਿਓ
ਭਾਨੀ, ਚੁਗਲੀ, ਰਾਇ ਤੇ ਸਲਾਹ ਦੱਸਿਓ
ਪਰੀਹੇ, ਮੇਲ, ਮੁਕਲਾਵਾ, ਮੁਕਾਣ ਦੱਸਿਓ
ਚਾਅ, ਹੌਂਸਲਾਂ, ਹੰਕਾਰ ਨਾਲੇ ਮਾਣ ਦੱਸਿਓ
ਇੱਕੋ ਗੁਰੂ ਉੁੱਤੇ ਟੇਕ ਗ੍ਰੰਥ ਸਾਬ੍ਹ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭਕੇ ਪੰਜਾਬ ਰੱਖਿਓ

No comments:

Post a Comment