Wednesday 26 August 2015

ਪੇਂਡੂ ਬੀਬੀਆਂ

ਸਹਿਜਤਾ, ਸਾਦਗੀ, ਵਹਿਮ, ਡਰ,ਦਲੇਰੀ ਤੇ ਹੋਰ 'ਨੇਕਾਂ ਗੁਣਾਂ ਦਾ ਸੁਮੇਲ ਹੁੰਦੀਆਂ ਨੇ ਪੇਂਡੂ ਬੀਬੀਆਂ। ਨਿੱਕੀ ਬੂਟੀ ਦੇ ਸੀਤੇ ਕਫਾੰ ਆਲੇ ਕਮੀਜ਼, ਪੌਂਚਿਆਂ ਤੋਂ ਟੰਗੀ ਸਲਵਾਰ, ਗੁੱਛੂ ਕਰਕੇ ਸਿਰਤੇ ਧਰੀ ਚੁੰਨੀ, ਚੌਂਹ ਚੌਂਹ ਜਵਾਕਾਂ ਨੂੰ ਦੁੱਧ ਚੁੰਘਾ ਚੁੰਘਾ ਕੇ ਠਾਂਹ ਨੂੰ ਪਲਮੀਆਂ ਛਾਤੀਆਂ ਤੇ ਵੱਡੇ ਘੇਰੇ ਦੀਆਂ ਬਾਲੀਆਂ ਨਾਲ ਢਿਲਕੀ ਕੰਨ ਦੀ ਪੇਪੜੀ। ਏਹ ਰੂਪ ਰੇਖਾ ਹੁੰਦੀ ਆ।
ਜਵਾਕਾਂ ਨੂੰ 'ਬਿੱਲੋ' 'ਮਿੱਠੂ' ਜਾੰ 'ਰਾਜੇ' ਆਖ ਬੁਲਾਉਦੀਆਂ ਨੇ। ਘਰੇ ਜੰਮੀ ਧੀ ਨਾਲ ਈ ਏਹਨਾਂ ਦੇ ਫਿਕਰ ਜੰਮ ਪੈਂਦੇ ਨੇ। ਏਹਨਾਂ ਫਿਕਰਾਂ ਦਾ ਸੰਸਾ ਨਹੀਂ ਸਗਮਾਂ ਚਾਅ ਹੁੰਦਾ। ਨੇੜ ਨਿਗਾਹ ਦੀ ਐਨਕ ਲਾਕੇ ਖੇਸਾਂ ਦੇ ਬੰਬਲ ਵੱਟਣੇ, ਟਰੰਕਾਂ ਪੇਟੀਆਂ ਦੇ 'ਛਾੜਾੰ ਦੀ ਕੰਨੀਂ ਤੇ ਕਰੋਸ਼ੀਆ ਕਰਨਾ, ਪੁਰਾਣੇ ਸੂਟਾਂ ਨੂੰ ਦੇੜ੍ਹ ਕੇ ਪੱਖੀਆੰ ਦੀ ਝਾਲਰ ਲਾਓਣੀ, ਛੱਜ ਲਾਕੇ ਦਾਣਿਆਂ 'ਚੋਂ ਘੁੰਢੀਆਂ ਕੱਢਣੀਆਂ, ਛਾਣੀ ਤੂੜੀ ਦੀ ਰੀਣ ਗੋਹੇ 'ਚ ਮਲੋ ਕੇ ਪਾਥੀਆਂ ਪੱਥਣੀਆਂ, ਵਿਲ੍ਹੀਆੰ ਕੱਢਕੇ ਸਿਰੀਂ ਤੇਲ ਝੱਸਣੇ ,ਨਮੂਨਾ ਦੇਖਕੇ ਸਲਾਈਆਂ ਨਾਲ ਪੱਛਮ ਦੇ ਕੁੰਡੇ ਪਾਕੇ ਸਵੈਟਰ ਉਨਣੇ, ਵਾਣ ਦੇ ਸੂਤ ਦੇ ਡੱਬੀ ਪਾਕੇ ਮੰਜੇ ਬੁਨਣੇ ਏਹਨ੍ਹਾਂ ਬੀਬੀਆਂ ਦੇ ਨਿੱਕੇ ਨਿੱਕੇ ਸ਼ੌਂਕ ਹੁੰਦੇ ਨੇ।
ਪੰਜ਼ੀਰੀਆੰ,ਪਿੰਨੀਆੰ ਤੇ ਹੋਰ ਨਿੱਕ ਸਿੱਕ ਦੀਆਂ ਰੈਸਪੀਆਂ ਏਹਨਾਂ ਦੇ ਜ਼ਿਹਨ 'ਚ ਫਿੱਟ ਹੁੰਦੀਆੰ ਨੇ।  ਅੰਤ ਤੀਕ ਏਹਨਾੰ ਦੀ ਸੁਤਾ ਪੇਕਿਆਂ 'ਚ ਰਹਿੰਦੀ ਆ, ਸਾਹਵੀਂ ਸਾਹ ਲੈਂਦੀਆਂ। ਦੇਗ ਵੰਡਦੇ ਗ੍ਰੰਥੀ ਤੋਂ , ਕੁੱਛੜ ਚੁੱਕੇ ਪੋਤੇ ਦਾ ਵੰਡਾ ਮੰਗਣ ਆਲੀਆੰ ਏਹ ਬੀਬੀਆੰ ਸੱਭਿਆਚਾਰਕ ਰਹੁ ਰੀਤਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਂਦੀਆੰ ਨੇ। ਜਿਓਦੀਆੰ ਵੱਸਦੀਆੰ ਰਹਿਣ ਬੀਬੀਆੰ....ਘੁੱਦਾ

No comments:

Post a Comment