Wednesday 17 October 2018

ਸ਼ੇਅਰ

ਖਾਕੇ ਬਾਣੀ ਦੀਆਂ ਸੌਂਹਾਂ ਸੀਗੇ ਕੁਰਸੀ ਤੇ ਬੈਠੇ
ਹੋਗੇ ਤੀਵੀਆਂ ਦੇ ਵਿੱਚ ਗਲਤਾਨ ਨੀਂ
ਪਹਿਲਾਂ ਉੱਡਿਆ ਪਤੰਗ, ਫੇਰ ਝਾੜੂ ਪਿੱਛੇ ਪਏ
ਹੁਣ ਲੱਭਣਗੇ ਤੀਜਾ ਕੋਈ ਨਿਸ਼ਾਨ ਨੀਂ
ਅੱਜ ਸਿਰ ਤੇ ਬਿਠਾਇਆ, ਕੱਲ੍ਹ ਏਹਵੀ ਭੁੰਜੇ ਲਾਹੁਣਾ
ਜਿਵੇਂ ਸਿੱਟਿਆ ਸਤੌਜ ਆਲਾ ਮਾਨ ਨੀਂ
ਛੇ ਕੁੱਟਕੇ ਸਕੋਰ ਮੁੰਡੇ ਚੜ੍ਹਗੇ ਵਲੈਤ
ਹੋਗੀ ਕਾਲਜਾਂ ਦੇ ਵਿੱਚ ਸੁੰਨ ਸਾਨ ਨੀਂ
ਪਾ ਲੇ ਘਰ ਘਰਕੀਣਾਂ ਨਾਲੇ ਬੋਲਦੇ ਆ ਗੋਲੇ
ਜਿਵੇਂ ਹਾੜ੍ਹ ਦੇ ਦੁਪਹਿਰੇ ਸਮਸ਼ਾਨ ਨੀਂ
ਬਾਲਪੁਣੇ ਵਿੱਚ ਚਾਵਾਂ ਨਾਲ ਲਾਏ ਜਿਹੜੇ ਰੁੱਖ
ਹੁਣ ਉਹਨ੍ਹਾਂ ਨਾਲ ਈ ਝੂਟਗੇ ਕਿਸਾਨ ਨੀਂ
ਪੈਲੀ ਟੋਟਿਆਂ ਦੇ ਵਿੱਚ ਬੈਅ ਲੈ ਗਿਆ ਕਰਾੜ੍ਹ
ਉੱਚੀ ਹੋਗੀ ਹੋਰ ਲਾਲੇ ਦੀ ਦੁਕਾਨ ਨੀਂ
ਹੱਡਾਂ ਵਿੱਚ ਬਹਿਗੀਆਂ ਨੀਂ ਹਰੀਆਂ ਕ੍ਰਾਂਤੀਆਂ
ਹੋਗੇ ਗੰਧਲੇ ਜ਼ਮੀਨ ਅਸਮਾਨ ਨੀਂ
ਤਿੰਨ ਗੱਟਿਆਂ ਤੋਂ ਘੱਟ ਕਹਿੰਦੇ ਉੱਠਦਾ ਨੀਂ ਝੋਨਾ
ਨਾਲੇ ਅੰਨ੍ਹੇਵਾਹ ਡਿੱਗਦੀ ਪਦਾਨ ਨੀਂ
ਸਾਡੇ ਮੁੰਡਿਆਂ ਨੂੰ ਘੁੱਦਿਆ ੳਏ ਮਿਲੀਬੱਗ ਪੈਗੀ
ਫਿਰੇ ਚਿੱਟਾ ਚਿੱਟਾ ਕਰਦਾ ਜਹਾਨ ਨੀਂ
ਕਿਵੇਂ ਬਚਜੂ ਡਰੱਗ ਤੋਂ ਪੰਜਾਬ ਦੀ ਜਵਾਨੀ
ਐਥੇ ਨਸ਼ਿਆਂ ਤੇ ਲੱਗੇ ਵਏ ਆ ਵਾਹਣ ਨੀਂ
 ~ ਘੁੱਦਾ ਸਿੰਘ

No comments:

Post a Comment