Wednesday 17 October 2018

ਖੇਤੀ ਕਿੱਤੇ

ਖੇਤੀ ਜਾਂ ਖੇਤੀ ਨਾਲ ਜੁੜੇ ਕਿੱਤਿਆਂ ਨੂੰ ਸਰਕਾਰ ਕਦੇ ਉੱਤੇ ਨਹੀਂ ਲਿਅਓਣਾ ਚਾਹੁੰਦੀ। ਕਿਸਾਨ ਨੂੰ ਭੁੰਜੇ ਕਿਵੇਂ ਲਾਹੁਣਾ ਅਗਲੇ ਏਹੀ ਵਿਓਂਤਾਂ ਘੜਦੇ ਨੇ। ਹਾੜ੍ਹੀ ਸਾਓਣੀ ਦੇ ਨਾਲ ਨਾਲ ਮਾਲ ਡੰਗਰ ਪੇਡੂੰ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੁੰਦੀ ਆ। ਪੇਂਡੂ ਬੀਬੀਆਂ ਦੁੱਧ ਦੀ ਦਸੀ ਜਾਂ ਪੰਦਰੀਂ ਤੋਂ ਜਵਾਕਾਂ ਦੀ ਫੀਸ, ਸੌਦਾ ਪੱਤਾ ਜਾਂ ਹੋਰ ਲੋੜਾਂ ਪੂਰਦੀਆਂ। ਐਂਤਕੀ ਸਿਆਲਾਂ ‘ਚ ਦੁੱਧ ਦੀ ਕਿੰਨੀ ਦੁਰਦਸ਼ਾ ਹੋਈ ਆ ਬੱਸ ਪੁੱਛ ਨਾ। ‘ਬਾਣੀ ਮਿਲਕ’ ਕੰਪਨੀ ਦਾ ਫੈਟ ਰੇਟ 5.10 ਆ ਹੁਣ ਤੇ ਵੇਰਕਾ ਸਣੇ ਹੋਰ ਰੇਟ ਏਦੂੰ ਵੀ ਡੌਨ ਆ। ਮੋਟੀ ਜੀ ਗੱਲ ਹੁਣ ਪਿੰਡਾਂ ‘ਚ ਗਾਵਾਂ ਦਾ ਦੁੱਧ 18-20 ਤੇ ਮੱਝਾਂ ਦਾ ਦੁੱਧ ਤੀਹ ਬੱਤੀ ਰੁਪਏ ਕਿੱਲੋ ਝਬਕਦਾ ਫਿਰਦਾ। ਉੱਤੋਂ ਵੇਰਕਾ ਦਾ ਹਜੇ ਫਰਵਰੀ ਮਹੀਨੇ ਦਾ ਬਕਾਇਆ ਵੀ ਬਾਕੀ ਖੜ੍ਹਾ। ਦੀਵਾਲੀ ਵੇਲੇ ਦੁੱਧ ਦੇ ਰੇਟ ਟੁੱਟਦੇ ਹੁੰਦੇ ਨੇ। ਗਰਮੀ ਆਗੀ, ਹਜੇ ਤੀਕ ਰੇਟ ਨਹੀਂ ਵਧੇ। ਫੀਡ ਪੱਚੀ ਰੁਪੈ ਕਿੱਲੋ ਪੈਂਦੀ ਆ। ਬਹੁਤ ਫੇਰੇਦੇਣੀਆਂ ਸਰਕਾਰਾਂ। ਆਖਣਗੇ ਕਿਸਾਨੋਂ ਕੋ ਸਬਸਿਡੀ ਦੀ ਹੈ, ਸਬਸਿਡੀਆਂ ਦੇਂਗੇ। ਗੇੜੇ ਮਰਾ ਮਰਾ ਕੋਡਾ ਕਰਾ ਲੈਂਦੇ ਆ ਬੰਦੇ ਨੂੰ ਦਵਾਨੀ ਨੀਂ ਦਿੰਦੇ।
ਨਕਲੀ ਦੁੱਧ ਅਸਲੀ ਦੁੱਧ ਦੀ ਕੀਮਤ ਮਾਰਦਾ। ਜਿਹੜੀ ਸਰਕਾਰ ਤੋਂ ਨਕਲੀ ਦੁੱਧ ਨਹੀੰ ਰੁਕਦਾ, ਓਹਨੇ ਨਸ਼ਾ ਬੈਂਗਣ ਰੋਕਣਾ ਜਰ।  
ਸਰਕਾਰੀ ਸੀਮਨ ਆਓਂਦਾ HF ਢੱਠਿਆਂ ਦਾ। ਸਟ੍ਰਾਅ ਤੇ ਬਕਾਇਦਾ ਲਿਖਿਆ ਹੁੰਦਾ ਬੀ ਇਹ HF ਆ। ਨੌਂ ਮਹੀਨਿਆਂ ਮਗਰੋਂ ਗਾਂ ਫੁੱਦੂ ਜਾ ਵੱਛਾ ਦੇਕੇ ਸੈੜ ਤੇ ਹੋ ਜਾਂਦੀ ਆ। ਸਾਲਾ ਸੀਮਨ ਵੀ ਜਾਅਲੀ ਆਓਂਦਾ। ਨਕਲੀ ਸਿੰਥੈਟਿਕ ਦੁੱਧ ‘ਚੋਂ ਖੋਆ ਵੀ ਵੱਧ ਨਿਕਲਦਾ, ਪਨੀਰ ਵੀ। ਕੀ ਪਰਖ ਕਰਲੂ ਕੋਈ। ਨਿੱਤ ਟ੍ਰਿਬਿਊਨ ਦੇ ਪੰਜਵੇਂ ਸਫੇ ਦੀ ਉੱਤਲੀ ਕੰਨੀ ਤੇ ਮਸ਼ਹੂਰੀ ਛਪਦੀ ਆ,” ਅਮੂਲ ਦੂਧ ਪੀਤਾ ਹੈ ਇੰਡੀਆ”। ਅਮੁੱਲ ਆਲੇ ਪੰਜਾਹ ਰੁਪੈ ਕਿੱਲੋ ਦੁੱਧ ਵੇਚਦੇ ਆ। ਕਹਿੰਦੇ ਮਹੀਨਾ ਨਹੀਂ ਖ਼ਰਾਬ ਹੁੰਦਾ। ਹੁਣ ਸੋਚ ਦੁੱਧ ਤਾਂ ਤੜਕੇ ਦਾ ਚੋਇਆ ਦੁਪਹਿਰ ਨੂੰ ਵੱਟ ਖਾ ਜਾਂਦਾ। ਅਮੁੱਲ ਦਾ ਕੈਮੀਕਲ ਈ ਵਿਕੀ ਜਾੰਦਾ।
ਸਰਕਾਰਾਂ ਦੇ ਬਜਟ ਪੇਸ਼ ਹੁੰਦੇ ਆ। ਅਖਬਾਰ ‘ਚ ਖਬਰ ਛਪੂ, ਬੀੜੀ ਮਹਿੰਗੀ ਜਰਦਾ ਸਸਤਾ। ਦੁੱਧ ਬਾਧ ਤੇ ਹੋਰ ਖੁਰਾਕਾਂ ਦੇ ਨਾਂ ਈ ਨੀਂ। ਐਹੇ ਜੇ ਤਾਂ ਬਜਟ ਆ ਸਲੱਗਾਂ ਦੇ। ਨਿੱਤ ਖ਼ਬਰ ਛਪਦੀ ਆ ਕਿਤੇ ਤਿੰਨ ਕਿਸਾਨਾਂ ਖੁਦਕੁਸ਼ੀ ਕਰਲੀ ਕਿਤੇ ਦੋ ਨੇ। ਏਹਦੇ ਨਾੲੋਂ ਤਾਂ ਸਰਕਾਰ ਹੋਰੂੰ ਕਰੇ। ਐਕਟਾਰਾ ਘੋਲ ਲੈਣ ਕੱਠੀ ਵੱਡੇ ਢੋਲਾਂ ‘ਚ ਮੁੜਕੇ ਜੰਗਲਾਂ ਦੀ ਅੱਗ ਬੁਝਾਉਣ ਅਾਲੇ ਜ਼ਹਾਜ ਕਰਾ ਲੈਣ ਕਿਰਾੲੇ ਤੇ ਫੇਰ ਕੇਰਾਂ ੲੀ ਛਿੜਕ ਦੇਣ ਲੋਕਾਂ ਤੇ। ਤੇਲੇ ਅੰਗੂ ਲੱਦਕੇ ਮਾਰਨ ਲੋਕ। ਯਹਿਕ ਮੁੱਕੇ ਪਰ੍ਹੇ ।ਲਗੌੜ੍ਹ ਲੋਕਤੰਤਰ

No comments:

Post a Comment