Saturday 7 March 2015

ਬਾਬਾ ਨਾਨਕ

ਰਾਤੀਂ ਸੁਪਨੇ ਦੇ ਵਿੱਚ ਬਾਬਾ ਆਇਆ
ਪੈਰੀਂ ਖੜਾਵਾਂ, ਸੀ ਗਲ ਚੋਲਾ ਪਾਇਆ
ਮਖਾ ਬਹਿਜਾ ਬਾਬਾ ਮੰਜੇ ਵਿਛਾਤੀ ਚਾਦਰ
ਨਾਏ ਚਾਹ ਧਰਲੀ ਮੈਂ ਬਾਬੇ ਖਾਤਰ
ਬਾਬਾ ਆਖੇ ਘੁੱਦੇ ਤੇਰਾ ਮੁਲਖ ਘੁਮਾਦੇ
ਮਖਾ ਨਾਹਲਾ ਬਾਬਾ ਮੈਲੇ ਲੀੜੇ ਲਾਹਦੇ
ਗੱਲ ਸੁਣਕੇ ਮੇਰੀ ਫਿਰ ਬਾਬਾ ਹੱਸਿਆ
ਦਾਹੜੀ ਵਿੱਚ ਪੁੱਤਰਾ ਮੱਕੇ ਦਾ ਘੱਟਾ ਫਸਿਆ

ਕੱਢ ਮੋਟਰਸੈਕਲ ਅਸੀਂ ਪਿੰਡ ਵਿੱਚ ਬਾਗੇ
ਕੱਠ ਵੇਖਿਆ ਵਾਹਵਾ ਗੁਰੂ ਘਰ ਦੇ ਲਾਗੇ
ਹੋਗੇ ਕਈ ਲਪੜੋ ਲਪੜੀ ,ਕੱਬੀ ਬੋਲਣ ਭਾਸ਼ਾ
ਬਾਬਾ ਮੁਸਕੜੀਏਂ ਹੱਸੇ ਰਿਹਾ ਵੇਖ ਤਮਾਸ਼ਾ
ਕਮੇਟੀ ਦੇ ਮੈੰਬਰ ਚੱਕੀ ਫਿਰਦੇ ਅਸਲੇ
ਮਖ ਬਾਬਾ ਜੀ ਏਹ ਗੋਲਕ ਦੇ ਨੇ ਮਸਲੇ

ਤੇਰੀ ਤੱਕੜੀ ਨੂੰ ਬਾਬਾ ਹੁਣ ਪੈੰਦੀਆਂ ਵੋਟਾਂ
ਨਾਂ ਵਰਤਕੇ ਤੇਰਾ ਲੁਕੋ ਲੈੰਦੇ ਨੇ ਖੋਟਾਂ
ਕੁੱਲ ਸੜਕਾਂ ਦੇ ਵੇਖਿਆ ਸੱਜੇ ਤੇ ਖੱਬੇ
ਲੀਡਰਾਂ ਦੇ ਬਾਹਲੇ ਸੀ ਬੈਨਰ ਲੱਗੇ
ਬਾਬਾ ਪੁੱਛੇ,"ਆਹ ਲੀਲੀ ਪੱਗ ਆਲਾ ਕੀ ਆ?"
ਮਖ ਬਾਬਾ ਜੀ ਏਹ ਸੱਜਣ ਠੱਗ ਦਾ ਬੀਅ ਆ

"ਜੇ ਤੂੰ ਪੁੱਤਰਾ, ਮੇਰੀ ਇੱਕ ਰੀਝ ਪੁਗਾਦੇ
ਮੇਰੀ ਜੰਮਣ ਭੋਇੰ ਮੈਨੂੰ ਨਨਕਾਣਾ ਵਿਖਾਦੇ"
"ਬਾਬਾ ਸੰਨ ਸੰਤਾਲੀ ਵਿੱਚ ਸੀ ਮਾਰੇ ਹਜ਼ਾਰਾਂ
ਕਿਵੇਂ ਜਾਈਏ ਨਨਕਾਣੇ ਹੁਣ ਲਾਤੀਆਂ ਤਾਰਾਂ"
"ਧਰਤੀ ਨੂੰ ਵੀ ਵੰਡਤਾ, ਥੋਡੀ ਖ਼ਲਕਤ ਕੈਸੀ?"
"ਪਾਸਪੋਰਟ ਤੇ ਬਾਬਾ, ਵੀਜ਼ਾ ਲਾਊ ਅੰਬੈਸੀ"

ਫਿਰ ਮੈਂ ਤੇ ਬਾਬਾ ਗਏ ਕੋਠੇ ਵੱਲ ਸ਼ਾਮੀਂ
ਵਿੱਚ ਵੱਜਦੀ ਫਿਰਦੀ ,ਕੁੱਲ ਜੰਤਾ ਕਾਮੀਂ
ਲਾ ਸੁਰਖੀ ਪੋਡਰ ਸੀ ਕੁੜੀਆਂ ਖੜ੍ਹੀਆਂ
ਸਿਰ ਪਲੋਸ ਕੁੜੀ ਦਾ ਬਾਬੇ ਅੱਖਾਂ ਭਰੀਆਂ
"ਦੁਨੀਆਂ ਮੇਰੀ ਦਾ ਤੁਸੀਂ ਹਾਲ ਕੀ ਕਰਤਾ?"
ਗੁੱਸੇ ਵਿੱਚ ਬਾਬੇ ਨੇ ਮੇਰੇ ਲਫੇੜਾ ਧਰਤਾ

ਰਜਾਈ ਲਹਿਗੀ ਮੂੰਹ ਤੋੰ ਮੇਰਾ ਸਿਰ ਚਕਰਾਇਆ
ਰਾਤੀਂ ਸੁਪਨੇ ਵਿੱਚ ਸੀ ਬਾਬਾ ਆਇਆ....ਘੁੱਦਾ

No comments:

Post a Comment