Saturday 14 March 2015

ਕਬੱਡੀ

ਮਾਘ ਫੱਗਣ ਦੇ ਠੰਡੇ ਨਿੱਘੇ ਜੇ ਦਿਨਾਂ 'ਚ ਪੰਜਾਬ ਦੇ ਪਿੰਡਾਂ 'ਚ ਕੌਡੀ ਦੇ ਟੂਰਨਾਮੈਂਟ ਹੁੰਦੇ ਨੇ। ਜਦੋਂ ਦੋ ਕ ਰੇਡਾਂ ਪਾਕੇ ਹਟੇ ਕਿਸੇ ਗੱਭਰੂ ਦਾ ਪਿੰਡਾ ਲਹਿੰਦੀ ਧੁੱਪ 'ਚ ਚਿਲਕਦਾ, ਓਦੋਂ ਬੈਠਾ ਕੋਈ ਜਣਾ ਆਵਦੇ ਨਾਲਦੇ ਨੂੰ ਕੂਹਣੀ ਮਾਰਕੇ ਆਂਹਦਾ," ਭੈਂ, ਸਰੀਰ ਦੇਖ ਓ ਬਾਈ ਦਾ"।
ਜਦੋਂ ਪਸੇਰੀ ਪੱਕੇ ਹੱਥ ਦੀ ਧੌਲ ਵੱਜਦੀ ਆ ਕਿਸੇ ਖਿਡਾਰੀ ਦੇ ,ਓਦੋਂ ਕਿਸੇ ਅਮਲੀ ਦੀ ਤਲੀ 'ਤੋਂ ਜਰਦਾ ਡਿੱਗਣ ਨੂੰ ਕਰਦਾ। 
ਗਰੌੰਡ ਤੋਂ ਬਾਹਰ ਬੈਠੇ ਬਜ਼ੁਰਗ ਕਿਸੇ ਕੋਚ ਅੰਗੂ ਦਾਅ ਦੱਸਦੇ ਨੇ," ਗਿੱਟਾ ਚੱਕ ਗਿੱਟਾ, ਹਾਂ ਹਾਂ ਹੈੰਅ ਕਰ ਹੈੰਅ"। ਜਾਤਾਂ ਪਾਤਾਂ ਦੀ ਧੌਣ ਤੇ ਓਦੋਂ ਗੋਡਾ ਧਰਦੀ ਆ ਕੌਡੀ, ਜਦੋਂ ਕੁੱਲ ਜਾਤਾਂ ਧਰਮਾਂ ਦੇ ਖਿਡਾਰੀ ਇੱਕੋ ਕੱਪ 'ਚੋਂ ਪਾਣੀ ਦਾ ਘੁੱਟ ਭਰਦੇ ਨੇ। ਦਰਸ਼ਕਾਂ 'ਚੋਂ ਉੱਠਣ ਲੱਗਾ ਕੋਈ ਜਣਾ ਆਵਦੇ ਨਾਲਦੇ ਨੂੰ ਆਖਦਾ," ਜਾਗਰਾ ਮੇਰੀ ਥਾਂ ਮਲੱਕੀ ਰੱਖੀਂ, ਮੈਂ ਹੁਣੇ ਆਉਣਾਂ ਧਾਰਾਂ ਕੱਢਕੇ। 
ਟਰੈਕਟਰਾਂ ਦੀਆਂ ਸ਼ੋਆਂ ਤੇ ਬੈਠਾ ਮੁਲਖ ਅੰਦਾਜ਼ੇ ਲਾਉਂਦਾ," ਲੈ ਬਈ ਨਿੱਕਿਆ ਅੱਜ ਨੀਂ ਛੱਡਦੇ ਜੋਧਪੁਰ ਚੀਮੇਆਂ ਆਲੇ, ਡੂਢ ਲੰਬਰ ਦਾ ਫਰਕ ਪਾਗੇ"।
ਕਬੱਡੀ ਟੀਕੇ ਟੱਲਿਆਂ ਤੋਂ ਨਾਲੇ ਸਟੇਜਾਂ ਤੇ ਬੈਠੇ ਸੋਫਿਆਂ ਆਲੇ ਪਤਵੰਤੇ ਸੱਜਣਾਂ ਤੋਂ ਬਚੀ ਰਹੇ, ਫੇਰ ਨੀਂ ਲਈਦੇ। ਕਬੱਡੀ ਕਰੋੜਾੰ 'ਚ ਨਹੀਂ, ਸੌਆਂ 'ਚ ਈ ਚੰਗੀ ਲੱਗਦੀ ਆ ਜਿੱਥੋਂ ਤੀਕ ਸਾਡੇ ਲੋਕਾਂ ਦੀ ਪਹੁੰਚ ਆ। ਸਰਬੰਸਦਾਨੀ ਚੜ੍ਹਦੀਆਂ ਕਲਾ 'ਚ ਰੱਖੀਂ ਲੋਕ ਖੇਡਾਂ ਨੂੰ.....ਘੁੱਦਾ

No comments:

Post a Comment