Thursday 17 September 2015

ਤੇਰਾ ਵਿਰਸਾ

ਹੱਥੀੰ ਕੁਤਰਦੇ ਨੀਰਾ ਡੌਲੀੰ ਪੈਣ ਮੱਛੀਆੰ
ਜਵਾਕ ਛੱਪੜੀੰ ਨਹਾਉੰਦੇ ਤੇੜ ਨਾਲੇ ਕੱਛੀਆੰ
ਪਿੰਡੇ ਮਲਦੇ ਸੀ ਗਾਰਾ ਹੁਣ ਸੋਪ ਹੋ ਗਿਆ
ਤੇਰਾ ਵਿਰਸਾ ਵੇ ਬਾਪੂ ਕਿਓੰ ਅਲੋਪ ਹੋ ਗਿਆ

ਮਾਰ ਪੱਟ ਉੱਤੇ ਥਾਪੀ ਜਾ ਮੈਦਾਨੇ ਵੜਦੇ
ਧਾਵੀ ਹੰਦਿਆੰ ਤੇ ਸਿੱਟੇ ਖੁੱਚ ਕੋਲੋਂ ਫੜ੍ਹਕੇ
ਪੋਤਾ ਖੇਡਦਾ ਕਬੱਡੀ ਫੇਲ੍ਹ ਡੋਪ ਹੋ ਗਿਆ
ਤੇਰਾ ਵਿਰਸਾ ਕਿਓੰ ........

ਛੋਹਣ ਪਿੱਪਲਾੰ ਦੇ ਟੂਸੇ ਲੈਣ ਤੀਆਂ 'ਚ ਹੁਲਾਰੇ
ਨਾਗਵਲੀੰ ਗੰਢ ਪਾਕੇ ਪਾਲੈ ਪੀੰਘ ਮੁਟਿਆਰੇ
ਰੱਸਾ ਮਿਲਦਾ ਬਜ਼ਾਰੋੰ ਹੁਣ ਰੋਪ ਹੋ ਗਿਆ
ਤੇਰਾ ਵਿਰਸਾ .........

ਪਸੂ ਨਿੱਸਲ ਹੋ ਸੁੱਤੇ ਚੂਚੇ ਲਾਹੁਣ ਚਿੱਚੜੀ
ਸੰਗਰਾਦ ਮਾਘ ਦੀ ਨੂੰ ਖਾਧੀ ਪੋਹ ਰਿੱਧੀ ਖਿੱਚੜੀ
ਚਿੱਟਾ ਮੱਛਰ ਕਿਸਾਨੀ  ਕਿਓਂ ਕਰੋਪ ਹੋ ਗਿਆ
ਤੇਰਾ ਵਿਰਸਾ .........

ਮੀਢੀ ਤਿੰਨ ਪਾਸੇ ਕੀਤੀ ਜੂੜੇ ਬੰਨ੍ਹਿਆ ਰੁਮਾਲ
ਮੋਢੇ ਬਾਪੂ ਜੀ ਦੇ ਬੈਠ ਮੇਲੇ ਡਿੱਠੇ ਕਿੰਨੇ ਸਾਲ
ਜਵਾਨੀ ਚੜ੍ਹੀ ਪੱਗ ਲਾਹੀ ਸਿਰ ਟੋਪ ਹੋ ਗਿਆ
ਤੇਰਾ ਵਿਰਸਾ ਵੇ ਬਾਪੂ ਕਿਓੰ ਅਲੋਪ ਹੋ ਗਿਆ.....ਘੁੱਦਾ






No comments:

Post a Comment