Monday 29 July 2013

ਪਾਣੀਆਂ 'ਚ ਮਧਾਣੀਆਂ

ਤਖਤ ਦਮਦਮਾ ਸਾਬ੍ਹ ਤਲਵੰਡੀ ਸਾਬੋ ਘੁੱਦੇ ਤੋਂ ਬਵੰਜਾ ਕਿਲੋਮੀਟਰ ਦੂਰ ਆ। ਤਕਰੀਬਨ ਪੰਜ -ਛੇ ਸਾਲ ਪੁਰਾਣੀ ਗੱਲ ਹੋਣੀ ਆ। ਸਾਡੇ ਘਰਦੇਆਂ ਨੇ ਓਥੇ ਅਖੰਡ ਪਾਠ ਕਰਾਉਣ ਦੀ ਵਿਔਂਤ ਕਰਲੀ। ਮੈਨੂੰ ਛੱਡ ਬਾਕੀ ਸਾਡਾ ਪਰਿਵਾਰ ਤਖਤ ਸਾਹਬ ਚਲ ਗਿਆ। ਜਦੋਂ ਅਖੰਡ ਪਾਠ ਬਾਬਤ ਓਥੋਂ ਦੇ ਪਰਬੰਧਕਾਂ ਨਾਲ ਗੱਲ ਕਰੀ ਤਾਂ ਉਹਨ੍ਹਾਂ ਕਿਹਾ ਬਿਆਲੀ ਸੌ ਰੁਪਈਆ ਜਮਾਂ ਕਰਾਓ ਤੇ ਫਲਾਣੇ ਦਿਨ ਆਜੇਓ ਥੋਡੇ ਨਾਂ ਦੀ ਅਰਦਾਸ ਕਰਦਾਂਗੇ । ਏਮੇਂ ਜਿਮੇਂ ਈ ਕੀਤਾ ਗਿਆ। ਜਿੱਦੇਂ ਭੋਗ ਪਿਆ ਮਾਤਾ ਅਰਗੇ ਦੇਗ ਆਲ਼ਾ ਡੂਨਾ ਲਫਾਫੇ 'ਚ ਪਾਕੇ ਮੇਰੇ ਜੋਗਰੀ ਦੇਗ ਲਈ ਆਉਣ।

ਜਿੰਨੀ ਕ ਅਕਲ ਸੀਗੀ ਮੈਂ ਬੇਬੇ ਨਾਲ ਗੱਲ ਕੀਤੀ ਬੀ ਏਹਤਾ ਬਾਣੀ ਵੇਚਣ ਆਲਾ ਕੰਮ ਆ ਡਰੈਗਟ ਈ। ਘਰਦੇ ਕਹਿੰਦੇ ਨਿੱਕਿਆ ਚਾਰ ਜਮਾਤਾਂ ਪੜ੍ਹਕੇ ਹੰਕਾਰ ਗਿਆ ਤੂੰ। ਮਰਦਬਾਨ ਅਰਗਾ ਮੂੰਹ ਕਰਕੇ ਮੈਂ ਪਿਛਾਂਹ ਦੌਣ ਤੇ ਹੋਕੇ ਬਹਿ ਗਿਆ ਜਕ ਨਾਲ । ਗੱਲ ਹੋਈ ਨਿੱਬੜੀ।

ਐਂਰਕੀ ਫੇਰ ਓਹੀ ਕੁਸ ਵੇਖਿਆ। ਅਕਾਲ ਤਖਤ ਸਾਬ੍ਹ ਦੀ ਬੈਕ ਸੈੜ ਤੇ ਜਿੰਨੇ ਵੀ ਕਮਰੇ ਨੇ ਸਾਰੇ ਏਸੇ ਕੰਮ ਲਈ ਵਰਤੇ ਜਾਂਦੇ ਨੇ। ਹਰਿੱਕ ਕਮਰੇ 'ਚ ਅਖੰਡ ਪਾਠ ਚਲਦੇ ਨੇ। ਕੋਈ ਨੀਂ ਸੁਣਦਾ ਕੱਲੇ ਪਾਠੀ ਪੜ੍ਹਦੇ ਨੇ। ਡੱਕੇ ਲੋਕ ਪੈਸੇ ਜਮਾਂ ਕਰਾ ਜਾਂਦੇ ਨੇ ਤੇ ਭੋਗ ਆਲੇ ਦਿਨ ਅਰਦਾਸ 'ਚ ਨਾਂ ਪਵਾਕੇ , ਡੋਲੂ 'ਚ ਦੇਗ ਪਵਾਕੇ ਘਰੇ ਲੈ ਜਾਂਦੇ ਆ ਬੀ ਚਲੋ ਪੁੰਨ ਲਾਗਿਆ, ਪਾਪ ਲਹਿਗੇ । ਕਈ ਸੁੱਖੀ ਬੈਠੇ ਹੁੰਦੇ ਬੀ ਹੇ ਬਾਬਾ ਨਾਨਕਾ ਜੇ ਕਰਨੀ ਆਲਾ ਆਂ ਤਾਂ ਐਰਕੀ ਮੁੰਡਾ ਦੇਦੇ ਬਹੂ ਨੂੰ ਖੰਡ ਪਾਠ ਕਰਾਮਾਂਗੇ। ਮਲਬ ਬਾਬੇ ਨੂੰ ਰਿਸ਼ਵਤ ਦਿੱਤੀ ਜਾਂਦੀ ਆ ਇੱਕ ਤਰ੍ਹਾਂ । ਲੋਕ ਤਾਂ ਪਹਿਲਾਂ ਈ ਲੱਸੀ 'ਚ ਸੰਦ ਘੋਲਣ ਆਲੇ ਨੇ ਉੱਤੋਂ ਸਾਡੇ ਸਿੱਖ ਪਰਚਾਰਕ ਵੀ ਜੰਤਾ ਨੂੰ ਸਮਝਾਉਣਾ ਤਾਂ ਕੀ ਆ ਸਮਾਂ ਦੀ ਰਸੀਦ ਕੱਟਕੇ ਬਿਆਲੀ ਸੌ ਬੋਚ ਕ ਦਨੇ ਗੱਲੇ 'ਚ ਪਾ ਲੈਂਦੇ ਨੇ।

ਕੁੱਲ ਮਿਲਾਕੇ ਸਾਡੇ ਲੋਕਾਂ ਦਾ ਜ਼ੋਰ ਏਸੇ ਗੱਲ ਤੇ ਲੱਗਾ ਬਾ ਬੀ ਗੁਰੂ ਗ੍ਰੰਥ ਪੜ੍ਹਨਯੋਗ ਘੱਟ ਤੇ ਪੂਜਣਯੋਗ ਜ਼ਿਆਦਾ ਆ। ਸਿੱਖਾਂ ਦਾ ਮੱਕਾ ਸ੍ਰੀ ਹਰਮੰਦਰ ਸਾਬ੍ਹ, ਉੱਥੇ ਈ ਵਿਤਕਰਾ ਕੀਤਾ ਜਾਂਦਾ ਸੌ ਟੇਕਣ ਆਲ਼ੇ ਨੂੰ ਸਿਰੋਪਾ ਦੂਜੇ ਨੂੰ ਠਣ ਠਣ ਗਪਾਲ। ਕਿਹਾ ਜਾਂਦਾ ਗੋਇੰਦਵਾਲ ਸਾਬ੍ਹ ਦੀਆਂ ਚੌਰਾਸੀ ਪੌੜੀਆਂ ਤੇ ਬਹਿਕੇ ਚੌਰਾਸੀ ਆਰੀ ਜਪੁਜੀ ਸਾਬ੍ਹ ਦਾ ਪਾਠ ਕਰੋ ਜੀ ਚੌਰਾਸੀ ਕੱਟੀ ਜਾਊ। ਜਾਂ ਵੇਖਿਆ ਗੁਰੂ ਘਰਾਂ ਦਿਆਂ ਸਰੋਵਰਾਂ ਤੋਂ ਦਸਾਂ ਦਸਾਂ ਆਲੀਆਂ ਕੇਨੀਆਂ 'ਚ ਜਲ ਪਾਕੇ ਘਰੇ ਲਿਜਾਇਆ ਜਾਂਦਾ ਗੰਗਾ ਜਲਾਂ ਅੰਗੂ। ਹਰੇਬਾਈ ਆਕੇ ਕੇਨੀ 'ਚ ਜਿਲ੍ਹਬਾਂ ਜੰਮ ਜਾਂਦੀਆਂ ਆਪਣੀ ਜੰਤਾ ਤਿੰਨ ਤਿੰਨ ਉਹੀ ਪੀ ਜਾਂਦੇ ਨੇ। ਏਹਨਾਂ ਵੇਹਲੇ ਕੰਮਾਂ ਦਾ ਗੁਰੂ ਗ੍ਰੰਥ ਸਾਹਬ 'ਚ ਕਿਤੇ ਜ਼ਿਕਰ ਨਹੀਂ ਕਰਿਆ ਬਾ।

ਸਿਮੀਲਰਲੀ ਕਈ ਬੀਬੀਆਂ ਬਾਬੇਆਂ ਕੋਲ ਜਾਂਦੀਆਂ ਬੀ ਬਾਬਾ ਜੀ ਗਿੱਟੇ ਗੋਡੇ ਬਾਹਲੇ ਦੁੱਖਦੇ ਆ ਇਲਾਜ ਕਰੋ ਅੱਗੋਂ ਬਾਬੇ ਵੇਖੇ ਆ ਕੁੜੀ ਦੇ ਜਾਰ ਗੁਰਬਾਣੀ ਦੀਆਂ ਚਾਰ ਤੁਕਾਂ ਦਾ ਪ੍ਰਿੰਟ ਆਊਟ ਕੱਢਕੇ ਬੀਬੀਆਂ ਨੂੰ ਦੇ ਦੇਂਦੇ ਆ ਬੀ ਬੀਬਾ ਦੋਹੇਂ ਟੈਮ ਏਹੀ ਪੜ੍ਹੀ ਚੱਲੋ। ਬੀਬੀਆਂ ਬਚਾਰੀਆਂ ਰੱਟਾ ਲਾਈ ਜਾਂਦੀਆਂ। ਅਸਲ 'ਚ ਸਾਡੇ ਲੋਕ ਗੁਰਬਾਣੀ ਨੂੰ ਅਈਂ ਸਮਝਦੇ ਆ ਬੀ ਏਹੇ ਅੰਗਰੇਜ਼ੀ ਦਬਾਈ ਅੰਗੂ ਨਾਲ ਦੀ ਨਾ ਅਸਰ ਕਰਜੇ। ਜੇ ਸਿਰ ਦੁਖਦਾ ਚਲੋ ਕਰੋ ਪਾਠ, ਜਬਾਕ ਹਸਪਤਾਲ ਦਾਖਲ ਆ ਪਾਠ ਸੁਖਲੋ ਬਾਬੇ ਦਾ।ਪੰਜਾਬ ਦੇ ਮੋਸਟਲੀ ਪਿੰਡਾਂ 'ਚ ਤਿੰਨ ਤਿੰਨ ਚਾਰ ਚਾਰ ਗੁਰੂਦੁਆਰੇ ਬਣਾਏ ਵਏ ਨੇ। ਗੋਨੇਆਣੇ ਦੇ ਲਹਿੰਦੇ ਪਾਸੇ ਪਿੰਡ ਆ "ਨੇਹੀਆਂ ਵਾਲਾ" । ਓਥੇ ਨੌਂ ਦਸ ਗੁਰਦਆਰੇ ਵੇਖੇ ਨੇ। ਆਹ ਜੀ ਚਮਿਆਰਾਂ ਦਾ ਗੁਰਦਆਰਾ, ਆਹ ਜੱਟਾਂ ਦਾ, ਆਹ ਚੂੜ੍ਹਿਆਂ ਦਾ ਅੱਡ ਆ।

ਬਾਈ ਜਰ ਮੰਨਣਾ ਪਊ ਕਿੰਨੇ ਫੁੱਦੂ ਆ ਆਪਾਂ ਇੱਕ ਪਾਸੇ ਤਾਂ ਉਹਨੂੰ ਮੱਥਾ ਟੇਕਦੇ ਆ ਜੀਹਦੇ 'ਚ ਲਿਖਿਆ, "ਮਾਨਸੁ ਕੀ ਜਾਤ ਸਭੈ ਏਕੈ ਪਹਿਚਾਨਬੋ" । ਤੇ ਦੂਜੇ ਪਾਸੇ ਉਹਦੀ ਗੱਲ ਨੀਂ ਮੰਨਦੇ। ਫੇਰ ਮੱਥਾ ਛੁਣਛੁਣਾ ਫੜ੍ਹਨ ਨੂੰ ਟੇਕਦੇ ਆਂ ਜੇ ਆਪਾਂ ਗੱਲ ਈ ਨਹੀਂ ਮੰਨਣੀ। "ਸੋ ਕਿਓ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ"  ਦਾ ਹੋਕਾ ਦੇਣ ਵਾਲੇ ਬਾਬੇ ਨਾਨਕ ਤੋਂ ਨੂੰਹ ਕੋਲ ਮੁੰਡਾ ਹੋਣ ਦੀ ਉਮੀਦ ਰੱਖੀ ਜਾਂਦੀ ਆ। ਜੇਹੜੇ ਗੁਰੂਦੁਆਰੇ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਤੋਂ ਬਾਹਰ ਨੇ, ਓਥੇ ਕਿਸੇ ਨਾ ਕਿਸੇ ਨਿੱਜੀ ਬਾਬੇ ਦਾ ਕਬਜ਼ਾ ਹੁੰਦਾ । ਲੋਕਾਂ ਵੱਲੋਂ ਚੜ੍ਹਾਵੇ ਵਜੋਂ ਆਈਆਂ ਐੱਕਸ. ਯੂ. ਵੀ ਤੇ ਡਸਟਰਾਂ ਏਹਨਾਂ ਬਾਬੇਆਂ ਕੋਲ ਆਮ ਵੇਖਲਿਓ। ਅਗਲੇ ਰੇਤਾ ਝਾੜਕੇ ਉੱਤੇ ਕਬਰ ਵੀ ਨੀਂ ਪਾਉਂਦੇ।

ਲੋਕਾਂ 'ਚ ਧਾਰਨਾ ਬਣੀ ਵਈ ਵੀ ਆ ਏਹ ਬਾਬੇ ਬਚਨਾਂ ਨਾਲ ਸੰਗਤ ਦੇ ਦੁੱਖ ਦੂਰ ਕਰਦੇ ਨੇ। ਏਹਨਾਂ ਬਾਬੇਆਂ ਬਾਰੇ ਬੀਬੀਆਂ ਦੇ ਏਹ ਵਿਚਾਰ ਹੁੰਦੇ ਨੇ ਬੀ ਆਹ ਬਾਬਾ ਬੜਾ ਜ਼ਾਹਰਾ, ਬੜੀ ਕਰਨੀ ਆਲਾ, ਜਾਣੀ ਜਾਣ ਆ।  ਗੁੜ ਦੀਆਂ ਪਕੌੜੀਆਂ ਅਰਗੇ ਦੰਦਾਂ ਨਾ ਫੂਕ ਮਾਰਕੇ ਲਾਚੀਆਂ ਦੇਂਦੇ ਆ ਬੀਬੀਆਂ ਨੂੰ।ਜਵਾਕ ਦੇ ਕੁੜਤੇ ਪਜਾਮੇ ਜਿੰਨਾ ਲੀੜਾ ਏਹਨਾਂ ਬਾਬੇਆਂ ਦੇ ਕਛੈਹਰਿਆਂ ਤੇ ਲੱਗ ਜਾਂਦਾ ਫੇਰ ਏਹ ਕਛਿਹਰੇ ਧੋਣ ਖਾਤਰ ਵੀ ਕੁੜੀਆਂ ਆਉਂਦੀਆਂ। ਜਦੋਂ ਲੋਟ ਲੱਗਦਾ ਬਾਬੇ ਵਿੱਢ ਲਾਉਣ ਲੱਗੇ ਵੀ ਮਿੰਟ ਈ ਮਾਰਦੇ ਨੇ। ਫੇਰ ਅਖਬਾਰਾਂ ਆਲੇ ਛਾਪੀ ਜਾਣਗੇ ਆਹ ਬਲਾਤਕਾਰ ਹੋ ਗਿਆ ਜੀ। ਜੇ ਆਪਾਂ ਆਪਣੀਆਂ ਕੁੜੀਆਂ ਸਾਨ੍ਹਾਂ ਕੋਲ ਭੇਜਾਂਗੇ ਤਾਂ ਆਹੀ ਕੁਸ ਕਰਨਗੇ ਅਗਲੇ ਰੱਖੜੀਆਂ ਨੀਂ ਬੰਨ੍ਹਾਂਉਦੇ। ਨਿੱਕੇ ਜੇ ਪਿੰਡ ਦੇ ਗੁਰੂ ਘਰ 'ਚ ਗੁਰੂ ਗਰੰਥ ਸਾਬ੍ਹ ਦੀਆਂ ਪੰਜ ਪੰਜ ਬੀੜਾਂ ਪਈਆਂ ਹੁੰਦੀਆਂ ਨੇ। ਫੇਰ ਕੋਈ ਨਾ ਕੋਈ ਡੱਕੇਆ ਅੱਗ ਲਾ ਦੇਂਦਾ। ਗਲਤੀ ਤਾਂ ਆਵਦੀ ਆ ਪਹਿਲਾਂ ਈ ਗੁਰੂ ਗਰੰਥ ਸਾਬ੍ਹ ਨੂੰ ਐਨਾ ਆਮ ਕਿਓਂ ਕੀਤਾ। ਗੁਰੂ ਗ੍ਰੰਥ ਸਾਬ੍ਹ ਦੀਆਂ ਬੀੜਾਂ ਵੰਡਣ ਦੀ ਥਾਂ ਉਹਦਾ ਸੰਦੇਸ਼ ਵੰਡਿਆ ਜਾਵੇ ਤਾਂ ਸੌ ਗੁਣਾ ਬੇਹਤਰ ਆ ।

ਇੱਕ ਹੋਰ ਗੱਲ। ਸਿੱਖ ਧਰਮ ਦੀ ਹਰਿੱਕ ਗੱਲ ਤਰਕ ਤੇ ਅਧਾਰਤ ਹੁੰਦੀ ਆ । ਉਦਾਹਰਨ ਵਜੋਂ ਕੜਾਹ ਪ੍ਰਸ਼ਾਦਿ ਦੀ ਦੇਗ ਈ ਭਲਾ ਕਾਹਤੋਂ ਵਰਤਾਈ ਜਾਂਦੀ ਆ। ਕਿਓਕਿ ਜਦ ਬੁਰੇ ਹਾਲਾਤਾਂ 'ਚ ਸਿੱਖ ਜੰਗਲਾਂ ਰੋਹੀਆਂ 'ਚ ਰਹਿੰਦੇ ਸੀ ਤਾਂ ਦੇਗ ਢਿੱਡ ਭਰਨ ਦਾ ਵਧੀਆ ਸਾਧਨ ਸੀ। ਕਦੇ ਪਰਤਿਆਕੇ ਵੇਖਲੋ ਕਿੰਨੀ ਮਰਜ਼ੀ ਭੁੱਖ ਹੋਵੇ ਥੋੜ੍ਹੀ ਦੇਗ ਖਾਕੇ ਈ ਨੱਕ ਮੁੜ ਜਾਂਦਾਂ। ਅਗਲੀ ਗੱਲ। ਪੁਰਾਣੇ ਸਮੇਂ ਅਖੰਡ ਪਾਠ ਪੜ੍ਹਦੇ ਸਮੇਂ ਘਿਓ ਦੀ ਜੋਤ ਬਾਲੀ ਜਾਂਦੀ ਸੀ ਕੋਲ , ਰਾਤ ਬਰਾਤੇ ਚਾਨਣ ਕਰਨ ਲਈ। ਘਿਓ ਦੀ ਲਾਟ ਤੇ ਆਮ ਜੇ ਕੀਟ ਪਤੰਗੇ ਨਹੀਂ ਆਉਂਦੇ। ਏਹਵੀ ਖਾਸ ਵਜ੍ਹਾ ਆ ਇੱਕ। ਅੱਜ ਕੱਲ੍ਹ ਅਨਬਰਟਰ, ਜਗਨੇਟਰ , ਬਲਬ ਟੂਪਾਂ ਸੌ ਕੁਸ ਆ ਚਾਨਣ ਖਾਤਰ। ਫੇਰ ਪਤਾ ਨੀਂ ਕਾਹਤੋਂ ਲੋਕ ਘਿਓ ਫੂਕੀ ਜਾਂਦੇ ਨੇ। ਏਹੀ ਘਿਓ ਜਵਾਕਾਂ ਨੂੰ ਖਵਾਓ ਮਾੜੀ ਮੋਟ ਤਰਿਔਤੀ ਹੋਵੇ ਆਦਰਾਂ ਖੁਸ਼ਕ ਹੋਈਆਂ ਪਈਆਂ।
ਗੁਰੂ ਘਰਾਂ 'ਚ ਲੱਗੇ ਨਿਸ਼ਾਨ ਸਾਹਿਬਾਂ ਦਾ ਬੜਾ ਖਾਸ ਮਤਲਬ ਆ । ਓਦਾਹਰਨ ਵਜੋਂ ਜਦੋਂ ਕਿਤੇ ਬਗਾਨੇ ਸ਼ਹਿਰ ਪਿੰਡ ਗਏ ਹੋਈਏ ਕੋਈ ਰੈਹਣ ਦੀ ਠਾਹਰ ਨਾ ਹੋਵੇ ਤਾਂ ਦੂਰੋਂ ਨਿਸ਼ਾਨ ਸਾਹਬ ਵੇਖ ਏਹੋ ਸੋਚੀਦਾ ਬੀ ਚਲੋ ਪਰਧਾਨ ਗੁਰਦੁਆਰੇ, ਰੋਟੀ ਟੁੱਕ ਨਾਲੇ ਰਹਿਣ ਦਾ ਹੱਲ ਹੋਗਿਆ । ਮਤਲਬ ਨਿਸ਼ਾਨ ਸਾਬ੍ਹ ਸਾਂਝੀ ਤੇ ਸੁਰੱਖਿਅਤ ਜਗ੍ਹਾ ਦੀ ਨਿਸ਼ਾਨੀ ਨੇ।
ਨਮਾਂ ਰਬਾਜ ਚੱਲਿਆ ਬਾ ਪੰਜਾਬ 'ਚ ਲੋਕਾਂ ਦੇ ਹੱਕ ਹਲਾਲਾਂ ਦੀ ਕਮਾਈ ਕੱਠੀਆਂ ਕਰਕੇ ਨਿੱਤ ਨਮੇਂ ਗੁਰੂ ਘਰ ਬਣਾਏ ਜਾਂਦੇ ਨੇ। ਫੇਰ ਸਿਓਨੇ ਦੀਆਂ ਕਹੀਆਂ ਤੇ ਚਾਂਦੀ ਦੇ ਬੱਠਲਾਂ ਨਾਲ ਨਿਓਂ ਪੱਥਰ ਧਰੇ ਜਾਂਦੇ ਨੇ। ਫੇਰ ਲੋਕਾਂ ਤੋਂ ਪੈਸੇ ਕੱਠੇ ਕਰਕੇ ਉੱਤੇ ਸਿਓਨਾ ਲਾਇਆ ਜਾਂਦਾ । ਮੁੱਕਦੀ ਗੱਲ ਏਹ ਆ ਕਿ ਜੇਹੜਾ ਪੈਸਾ ਲੋਕਾਂ ਦੀ ਭਲਾਈ ਖਾਤਰ ਜਾਂ ਸਿੱਖੀ ਦੇ ਪਰਚਾਰ ਤੇ ਲਾਉਣਾ ਹੁੰਦਾ ਉਹ ਕੰਧਾਂ ਤੇ ਥੱਪ ਦਿੱਤਾ ਜਾਂਦਾ। ਗੁਰੂਦੁਆਰੇ ਬਣਾਉਣੇ ਮਾੜੀ ਗੱਲ ਨਹੀਂ। ਪਰ ਹਰਿੱਕ ਪਿੰਡ 'ਚ ਤਿੰਨ ਤਿੰਨ ਗੁਰੂ ਘਰ ਤਾਂ ਪਹਿਲਾਂ ਈ ਬਣੇ ਵਏ ਨੇ ਹੋਰ ਬਣਾਕੇ ਕੀ ਵਜ਼ੀਫਾ ਲੈਣਾ ।
ਜਾਂ ਚੇਲੇ ਚੱਪੜੇ ਸਿੱਖਾਂ ਦੀ ਭਾਵਨਾ ਨੂੰ ਕੈਸ਼ ਕਰਕੇ ਕਹਿਣਗੇ ਤੁਸੀਂ ਬੀਬਾ ਸਵਾ ਮੀਹਨਾ ਨੰਗੇ ਪੈਰੀਂ ਗੁਰਦਆਰੇ ਮੱਥਾ ਟੇਕਣ ਜਾਇਆ ਕਰੋ। ਸਾਡੀ ਗਾਤਰਿਆਂ ਆਲ਼ੀ ਜੰਤਾ ਉਹਨ੍ਹਾਂ ਦੇ ਆਖੇ ਲੱਗ ਵਹਿਮ ਪੂਰਾ ਕਰਨ ਗੁਰੂ ਘਰ ਨੰਗੇ ਪੈਂਰੀ ਈ ਜਾਂਦੀ ਆ ਭਮਾਂ ਸੂਲ ਬਹਿਜੇ ਪੱਬ 'ਚ।
ਜੇ ਸਿੱਖ ਗੁਰੂਆਂ ਦੀਆਂ ਫੋਟਮਾਂ ਮੂਹਰੇ ਧੂਫਾਂ ਅਗਰਬੱਤੀਆਂ ਈ ਲਾਉਣੀਆਂ ਫੇਰ ਬਿਸ਼ਨੂੰ ਬਰਮੇ ਤੇ ਬਾਬੇ ਨਾਨਕ ਸਾਹਬ ਹੋਣਾਂ 'ਚ ਕੀ ਫਰਕ ਰਹਿ ਗਿਆ।
ਹਰਿੱਕ ਦੇ ਹਜ਼ਮ ਨਹੀਂ ਹੋਣਾ ਕਿਓਕੇਂ ਬਰਾਨੀ ਵਾਹਣ ਤੇ ਉੱਗਰੀ ਵੱਲ ਨਾ ਲੱਗਕੇ ਜੇਠ ਹਾੜ੍ਹ ਦੀਆਂ ਧੁੱਪਾਂ 'ਚ ਪੱਕੇ ਕੌੜਤੂੰਮੇ ਜਿੰਨਾ ਕੌੜਾ ਸੱਚ ਤਾਂ ਏਹੋ ਆ ਸਾਡੇ ਸਿੱਖ ਪੰਥ ਦਾ।
ਖੌਣੀ ਕਦੋਂ ਸਰਬੰਸਦਾਨੀ ਦੇ ਬੋਲ ਸਿੱਖਾਂ ਅੰਦਰ ਘਰ ਕਰਨਗੇ ਜਦ ਉਹਨ੍ਹਾਂ ਹੱਥ ਜੋੜ ਸਿੱਖਾਂ ਨੂੰ ਜਾਂਦੀ ਆਰੀ ਕਿਹਾ ਸੀ,
"ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ"

                                                                                                             ਅੰਮ੍ਰਿਤ ਪਾਲ ਸਿੰਘ
                                                                                                             ਪਿੰਡ ਤੇ ਡਾਕ- ਘੁੱਦਾ
                                                                                                             ਜਿਲ੍ਹਾ ਵਾ ਤਹਿ - ਬਠਿੰਡਾ

No comments:

Post a Comment