Saturday 20 July 2013

ਮੇਰੇ ਪਿੰਡ ਆਲੇ ਆੜੀ

ਜੂਨ ਮਹੀਨੇ ਸਕੂਲੋਂ ਛੁੱਟੀਆਂ ਹੋਇਆ ਕਰਨ। ਸਾਡੇ ਘਰਾਂ ਦੇ ਪਿਛਲੇ ਪਾਸੇ ਨੌਹਰਾ ਸੀ ਕਿਸੇ ਦਾ ,ਕੱਚੀਆਂ ਇੱਟਾਂ ਦਾ ਆਰਜੀ ਜਾ ਵਲਗਣ ਮਾਰਿਆ ਵਾ ਸੀ। ਓਸ ਬਾੜੇ 'ਚ ਗਰਮੀਆਂ ਦੀਆਂ ਦੁਪੈਹਰਾਂ ਨੂੰ ਅਸੀਂ ਨਿੰਮਾਂ ਤੇ ਗਾਲ੍ਹੜ ਟੁੱਕ ਖੇਡਿਆ ਕਰੀਏ। ਆਥਣੇ ਲੁਕਣ ਮਚੀਚੀਆਂ ਦਾ ਬਾਹਲਾ ਰਬਾਜ ਸੀ। ਹੱਦਾਂ ਬਗਲੀਆਂ ਬੀਆਂ ਸੀ। ਹੋਧਰ ਖੂਹਆਲਾ ਏਰੀਆ ਤੇ ਜੂਜੇ ਪਾਸੇ ਪੰਡਤਾਂ ਦੇ ਘਰ ਹੱਦ ਹੁੰਦੀ । ਜੇ ਕੋਈ ਏਹਤੋਂ ਬਾਹਰ ਜਾਕੇ ਲੁਕਦਾ ਤਾਂ ਉਹਦੇ ਸਿੱਕਰ ਸੱਤ ਦਾਵੀਆਂ ਹੁੰਦੀਆਂ। ਆਥਣੇ ਘੇਰਾ ਬਗਲਕੇ , ਚਪਲਾਂ ਕੱਠੀਆਂ ਕਰਕੇ ਬਾਂਦਰ ਕਿੱਲਾ ਖੇਡਦੇ। ਤਾੜ ਤਾੜ ਪੈਂਦੀਆਂ ਆਅਅ ਕੀ ਢੂਈਆਂ ਤੇ ਲੀਲ ਪੈ ਜਾਂਦੇ। ਫਲਾਫੇਆਂ ਨੂੰ ਬਲੇਟਾਂ ਨਾਲ ਕੱਟਕੇ ਬਹੁਕਰ ਦੀਆਂ ਤੀਲਾਂ ਪਾਕੇ ਘਰੇ ਪਤੰਗ ਬਣੌਂਦੇ ਫੇਰ ਨਿਆਈਆਂ 'ਚ ਤ੍ਰੇਲੀਆਂ ਕਣਕਾਂ ਆਲੇ ਵਾਹਣਾਂ 'ਚ ਜਾਕੇ ਚੜ੍ਹਾਉਂਦੇ। ਪੁਰਾਣੀਆਂ ਕੈਸ਼ਟਾਂ 'ਚੋਂ ਕੱਢੀਆਂ ਰੀਲਾਂ ਨੂੰ ਐਸ ਅ ਡੋਰ ਯੂਸ ਕਰਦੇ। ਨਿੰਮਾਂ ਦੀਆਂ ਨਮੋਲੀਆਂ ਗਲੇਲਾਂ 'ਚ ਵਰਤਦੇ। ਦੀਵਾਲੀ ਟੈਮ ਪੰਜਾਂ ਪੰਜਾਂ ਆਲੇ ਪਸਤੌਲਾਂ 'ਚ ਰੀਲ ਆਲੇ ਭੜਾਕੇ ਪਾਕੇ ਚੋਰ ਸ਼ਪਾਹੀ ਖੇਡਦੇ। ਹਰਿੱਕ ਐਤਬਾਰ ਚਾਰ ਆਲੀਆਂ ਫਿਲਮ ਦੇਂਹਦੇ ਰਲਕੇ। ਸਮਾਂ ਬਦਲ ਗਿਆ। ਘੋਨੀਆਂ ਜੀਆਂ ਸ਼ਕਲਾਂ ਤੇ ਦਾਹੜੀਆਂ ਉੱਗਰ ਆਈਆਂ। ਕੰਮ ਕਾਰ ਫਿਕਰ ਝੋਰੇਆਂ ਨੇ ਘੇਰ ਲਿਆ ਸਾਰਿਆਂ ਨੂੰ। ਫਿਰਵੀ ਜਿੰਦਾ ਦਿਲ ਨੇ ਸਾਰੇ ਈ। ਖੌਣੀ ਜਾਪੇ ਵੇਲੇ ਮਾਵਾਂ ਨੇ ਪੰਜੀਰੀ 'ਚ ਕੇਹੜੀ ਕਮਰਕੱਸ ਰਲਾਕੇ ਖਾਧੀ ਸੀ, ਅਖਰੋਟਾਂ ਅਰਗੇ ਕਲੇਜੇ ਨੇ ਪਤਿਓਰਿਆਂ ਦੇ। ਫਰਿੰਡ ਜਾਂ ਦੋਸਤ ਅਰਗੇ ਲਫਜ਼ ਨੀਂ ਲਾਗੂ ਹੁੰਦੇ ਏਹਨਾਂ ਤੇ। ਸਾਡੇ ਘਰੇ ਵਿਆਹ 'ਚ ਸਾਥੋਂ ਵੱਧ ਫਿਕਰ ਨਾ ਮੂਹਰੇ ਹੋ ਹੋ ਕੰਮ ਕਰਿਆ ਮੇਰੇ ਨਾਲ ਦਿਆਂ ਨੇ।
ਚੁੰਨੀ ਦੀ ਗੁੱਠ ਨਾ ਬੱਝੇ ਦਸਾਂ ਦੇ ਚੇਪੀ ਆਲੇ ਨੋਟ ਨੇ ਏਹੇ, ਕੱਚੇ ਪਹੇ ਦੇ ਬੰਨੇਆਂ ਤੇ ਉੱਗੇ ਅੱਕਾਂ ਕਰੀਰਾਂ ਅਰਗੇ,ਤੁੱਕੇ ਝਾੜ ਕੇ ਹਟੇ ਕਿੱਕਰ ਦੀ ਵਿਰਲੀ ਜੀ ਛਾਂ ਅਰਗੇ, ਬਸ ਪੂਛਲ ਤਾਰੇ ਅੰਗੂ ਚਮਕਦੇ ਰੈਹਣ, ਇੱਜੜ ਦੀ ਧੂੜ ਨਾ ਗਵਾਚਣ ਕਿਧਰੇ । ਬੇਬੇ ਦੀ ਅਸੀਸ ਅਸਰ ਕਰੇ ਤੇ ਜੁਗੋ ਜੁੱਗ ਜਿਓਂਦੇ ਰਹਿਣ ਖੂਹਆਲੇਆਂ ਦਾ ਬੀਤ, ਚੇਤਾ ਤੇ ਤਾਰੀ , ਢਿੱਲੋਆਂ ਦਾ ਬਲਕਾਰ ਤੇ ਜੱਗਾ, ਬਾਗਆਲੇਆਂ ਦਾ ਬਿੰਦਰ, ਮਲੂਕੇ ਆਲੇਆਂ ਦਾ ਪਿੰਦੂ, ਤਿਓਣੇ ਆਲਾ ਨਿੱਕਾ ਅਨਮੋਲ, ਚਹਿਲਾਂ ਦਾ ਮਾਣਕ, ਤੇ ਸਾਡੇ ਆਲ਼ਾਂ ਨਿੱਕਾ ਗਰਨੈਬ । ਧਨਵਾਦ ਸ਼ੁਕਰੀਆ ਅਰਗੇ ਲਫਜ਼ ਹੋਰਾਂ ਖਾਤਰ ਹੁੰਦੇ ਨੇ।...ਘੁੱਦਾ

No comments:

Post a Comment